ਹਟਕੋਰੇ ਦਾ ਭੇਤ
ਉਮਰ ਦੇ 78 ਮੀਲ ਪੱਥਰਾਂ ਦਾ ਸਫ਼ਰ ਤੈਅ ਕਰਕੇ ਜਦੋਂ ਪਿਛਾਂਹ ਵਿਦਿਆਰਥੀ ਜੀਵਨ ਉੱਤੇ ਝਾਤ ਮਾਰੀਦੀ ਹੈ, ਤਾਂ ਉਦੋਂ ਜਿਹੜੀ ਘਟਨਾ ਅਣਸੁਖਾਵੀਂ ਲਗਦੀ ਸੀ ਅੱਜ ਪਿਆਰੀ ਅਤੇ ਵਾਰ-ਵਾਰ ਕਲਪਨਾ ਦੇ ਪਰਦੇ ਉੱਤੇ ਵਾਪਰਦੀ ਦੇਖਣ ਨੂੰ ਸੁਖਦਾਈ ਲਗਦੀ ਹੈ। ਘਟਨਾ 1960-61...
ਉਮਰ ਦੇ 78 ਮੀਲ ਪੱਥਰਾਂ ਦਾ ਸਫ਼ਰ ਤੈਅ ਕਰਕੇ ਜਦੋਂ ਪਿਛਾਂਹ ਵਿਦਿਆਰਥੀ ਜੀਵਨ ਉੱਤੇ ਝਾਤ ਮਾਰੀਦੀ ਹੈ, ਤਾਂ ਉਦੋਂ ਜਿਹੜੀ ਘਟਨਾ ਅਣਸੁਖਾਵੀਂ ਲਗਦੀ ਸੀ ਅੱਜ ਪਿਆਰੀ ਅਤੇ ਵਾਰ-ਵਾਰ ਕਲਪਨਾ ਦੇ ਪਰਦੇ ਉੱਤੇ ਵਾਪਰਦੀ ਦੇਖਣ ਨੂੰ ਸੁਖਦਾਈ ਲਗਦੀ ਹੈ। ਘਟਨਾ 1960-61 ਦੀ ਹੋਵੇਗੀ। ਸੱਤਵੀਂ ਜਮਾਤ ’ਚ ਮੈਨੂੰ ਇਤਿਹਾਸ-ਭੂਗੋਲ ਮਾਸਟਰ ਮਹਿੰਦਰ ਸਿੰਘ ਪੜ੍ਹਾਉਂਦੇ ਸਨ। ਬੋਰਡ ਉੱਤੇ ਪੰਜਾਬ, ਭਾਰਤ, ਏਸ਼ੀਆ ਅਤੇ ਸੰਸਾਰ ਦੇ ਖਾਕੇ ਮਹਿੰਦਰ ਸਿੰਘ ਸਹਿਜ ਹੀ ਬਣਾ ਦਿੰਦੇ ਸਨ। ਮੇਰੀ ਇਸ ਕੰਮ ਵਿੱਚ ਰੁਚੀ ਦੂਜੇ ਵਿਦਿਆਰਥੀਆਂ ਤੋਂ ਵਧੇਰੇ ਸੀ। ਇਕ ਦਿਨ ਉਨ੍ਹਾਂ ਨੇ ਬੋਰਡ ਉੱਤੇ ਭਾਰਤ ਦਾ ਨਕਸ਼ਾ ਬਣਾ ਕੇ ਕਪਾਹ ਪੈਦਾ ਕਰਨ ਦੇ ਖੇਤਰ ਭਰ ਕੇ ਸਾਨੂੰ ਨਕਸ਼ਾਕਸ਼ੀ ਦੀ ਕਾਪੀ ਵਿੱਚ ਭਰਨ ਦਾ ਕੰਮ ਦੇ ਦਿੱਤਾ। ਦਸ ਕੁ ਮਿੰਟਾਂ ਬਾਅਦ ਉਨ੍ਹਾਂ ਨੇ ਬੋਰਡ ਉੱਤੇ ਬਣੇ ਨਕਸ਼ੇ ਵਿੱਚੋਂ ਕਪਾਹ ਪੈਦਾ ਕਰਨ ਵਾਲੇ ਖੇਤਰ ਮਿਟਾ ਕੇ ਕਿਸੇ ਹੋਰ ਪੈਦਾਵਾਰ ਦੇ ਖੇਤਰ ਭਰ ਦਿੱਤੇ। ਮੈਂ ਸਭ ਤੋਂ ਪਹਿਲਾਂ ਕਾਪੀ ਦਿਖਾਉਣ ਦਾ ਆਨੰਦ ਲੈਣ ਤੋਂ ਘੱਟ ਹੀ ਖੁੰਝਦਾ ਸੀ। ਮੈਂ ਦੋਵੇਂ ਨਕਸ਼ੇ ਮੁਕੰਮਲ ਕਰ ਕੇ ਆਪਣੀ ਨਕਸ਼ਾਕਸ਼ੀ ਦੀ ਕਾਪੀ ਸਭ ਤੋਂ ਪਹਿਲਾਂ ਉਨ੍ਹਾਂ ਸਾਹਮਣੇ ਮੇਜ਼ ਉੱਤੇ ਜਾ ਟਿਕਾਈ। ਹਰ ਵਾਰ ਦੀ ਤਰ੍ਹਾਂ ਅਧਿਆਪਕ ਦੇ ਚਿਹਰੇ ਤੋਂ ਸਾਬਾਸ਼ ਪੜ੍ਹਨ ਦੀ ਥਾਂ ਮੇਰੇ ਮੂੰਹ ’ਤੇ ਹਲਕਾ ਜਿਹਾ ਥੱਪੜ ਪੈ ਗਿਆ। ਅਧਿਆਪਕ ਵੱਲੋਂ ਸਹੀ ਕੀਤੀ ਗ਼ਲਤੀ ਵਾਲੀ ਕਾਪੀ ਲੈ ਕੇ ਮੈਂ ਵਾਪਸ ਆਪਣੀ ਸੀਟ ਉੱਤੇ ਆ ਬੈਠਾ। ਨਾਲ ਦੇ ਸਾਥੀ ਦੀ ਕਾਪੀ ਦੇਖੀ, ਮੇਰੇ ਵਾਂਗ ਹੀ ਸੀ। ‘ਗ਼ਲਤੀ ਤਾਂ ਨਾਲ ਵਾਲਾ ਵੀ ਕਰ ਸਕਦਾ ਹੈ’, ਸੋਚ ਕੇ ਭਾਣਾ ਮੰਨ ਚੁੱਪ ਕਰ ਕੇ ਆਮ ਦੀ ਤਰ੍ਹਾਂ ਬੈਠ ਗਿਆ। ਅਧਿਆਪਕ ਨੇ ਮੇਰੇ ਤੋਂ ਬਾਅਦ ਦੂਜੀ, ਤੀਜੀ, ਚੌਥੀ ਕਾਪੀ ਦੇਖੀ ਸਭ ਵਿੱਚ ਉਹੀ ਗ਼ਲਤੀ ਸੀ। ਬੋਰਡ ਉੱਤੇ ਦੁਬਾਰਾ ਨਕਸ਼ਾ ਬਣਾ ਕੇ ਗ਼ਲਤੀ ਠੀਕ ਕਰ ਦਿੱਤੀ। ਗੁਰੂ ਚੇਲੇ ਦੇ ਰਿਸ਼ਤੇ ਦੀ ਤੰਦ ਦਾ ਸੰਗੀਤ ਬਕਾਇਦਾ ਕਾਇਮ ਰੱਖਣ ਲਈ ਅਧਿਆਪਕ ਨੇ ਮੈਨੂੰ ਆਪਣੇ ਕੋਲ ਬੁਲਾਇਆ। ਮੇਰੇ ਮੋਢੇ ਉੱਤੇ ਹੱਥ ਰੱਖ ਕੇ ਮੈਨੂੰ ਆਪਣੇ ਨਾਲ ਲਾ ਲਿਆ। ‘ਕੋਈ ਨਾ, ਕਈ ਵਾਰ ਏਦਾਂ ਹੋ ਜਾਂਦਾ ਏ।’ ਕਹਿਣ ਦੀ ਦੇਰ ਸੀ ਕਿ ਮੈਂ ਰੋਣ ਲੱਗ ਪਿਆ। ਜਿਵੇਂ ਜਿਵੇਂ ਉਹ ਮੈਨੂੰ ਚੁੱਪ ਕਰਵਾਉਣ, ਮੇਰਾ ਰੋਣਾ ਵਧਦਾ ਜਾਏ। ਉਨ੍ਹਾਂ ਆਪਣੇ ਵੱਲੋਂ ਚੁੱਪ ਕਰਾ ਕੇ ਮੈਨੂੰ ਸੀਟ ਉੱਤੇ ਭੇਜ ਦਿੱਤਾ। ਮੇਰਾ ਰੋਸਾ ਹਟਕੋਰਿਆਂ ਵਿੱਚ ਬਦਲ ਗਿਆ। ਮਨ ਦਾ ਮਾਹੌਲ ਸ਼ਾਂਤ ਹੋਣ ਉੱਤੇ ਮੁੰਡੇ ਆਪੋ ਆਪਣੀ ਭਾਸ਼ਾ ਬੋਲਣ। ਕੋਈ ਕਹੇ ਪੋਲਾ ਜਿਹਾ ਤਾਂ ਥੱਪੜ ਸੀ, ਕੋਈ ਕਹੇ ਥੱਪੜ ਖਾ ਕੇ ਚੁੱਪ ਬੈਠਾ ਰਿਹਾ ਤੇ ਪਤਿਆਉਣ ਉੱਤੇ ਹਟਕੋਰਾ ਲਾ ਲਿਆ।
ਉਦੋਂ ਹਟਕੋਰੇ ਦੀ ਵਿਆਖਿਆ ਨੂੰ ਸ਼ਬਦ ਤਾਂ ਅੱਜ ਤਕ ਨਾ ਮਿਲੇ, ਪਰ ਅਧਿਆਪਕ ਬਣ ਕੇ ਅਜਿਹੀ ਸਥਿਤੀ ਦੇ ਉਦੋਂ ਅਰਥ ਮਹਿਸੂਸ ਹੋਏ ਜਦੋਂ ਮੇਰਾ ਇੱਕ ਵਿਦਿਆਰਥਣ ਬੱਚੀ ਨਾਲ ਵਾਹ ਪਿਆ। ਅੰਗਰੇਜ਼ੀ ਵਿਸ਼ੇ ਵਿੱਚ ਉਨ੍ਹਾਂ ਸਮਿਆਂ (20-22 ਸਾਲ ਪਹਿਲਾਂ) 100 ਵਿੱਚੋਂ 100 ਅੰਕ ਪ੍ਰਾਪਤ ਕਰਨ ਵਾਲੇ ਮੇਰੀ ਉਸ ਜਮਾਤ ਦੇ ਚਾਰ ਬੱਚਿਆਂ ਵਿੱਚੋਂ ਉਸ ਦੀ ਅੰਗਰੇਜ਼ੀ ਵਿਸ਼ੇ ਉੱਤੇ ਪਕੜ ਸਭ ਤੋਂ ਦਮਦਾਰ ਸੀ। ਅੰਗਰੇਜ਼ੀ ਦੀ ਸ਼ਬਦ ਰਚਨਾ, ਵਾਕ ਬਣਤਰ ਅਤੇ ਵਾਕ ਵਿਸ਼ਲੇਸ਼ਣ ਜਾਂ ਗਰਾਮਰ ਨਾਲ ਸਬੰਧਤ ਕਿਸੇ ਔਖੇ ਪ੍ਰਸ਼ਨ ਦਾ ਉਸ ਤੋਂ ਪੁੱਛਿਆ ਉੱਤਰ, ਜੇ ਕਿਸੇ ਹੋਰ ਨੇ ਦੇ ਦਿੱਤਾ ਤਾਂ ਉਸ ਦੀਆਂ ਅੱਖਾਂ ’ਚੋਂ ਛਮ-ਛਮ ਅੱਥਰੂ ਵਹਿ ਤੁਰਨੇ। ਉਸ ਦਾ ਚਾਅ ਇਹੋ ਸੀ ਕਿ ਮੇਰੇ ਵੱਲੋਂ ਪੁੱਛੇ ਔਖੇ ਪ੍ਰਸ਼ਨ ਦਾ ਉੱਤਰ ਉਸ ਵੱਲੋਂ ਹੀ ਦਿੱਤਾ ਜਾਣਾ ਚਾਹੀਦਾ ਹੈ। ਮੈਂ ਨਿਯਮ ਹੀ ਬਣਾ ਲਿਆ ਕਿ ਜਿਹੜੇ ਪ੍ਰਸ਼ਨ ਦਾ ਉੱਤਰ ਉਸ ਤੋਂ ਨਾ ਮਿਲੇ, ਮੈਂ ਕਿਸੇ ਹੋਰ ਬੱਚੇ ਤੋਂ ਪੁੱਛਣ ਦੀ ਥਾਂ ਆਪ ਹੀ ਉੱਤਰ ਦੇ ਦੇਣਾ। ਮੇਰੀ ਵੱਲੋਂ ਉੱਤਰ ਸਮਝਾਉਣ ਨਾਲ ਉਹ ਬੱਚੀ ਉਸ ਸਥਿਤੀ ਤੋਂ ਬਚ ਜਾਂਦੀ। ਇਹ ਅਤਿ ਸੰਵੇਦਨਸ਼ੀਲ ਬੱਚੀ ਡਾਕਟਰ ਬਣੀ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਨਾਜ਼ਕ ਹੁੰਦਾ ਹੈ। ਜੇਕਰ ਅਧਿਆਪਕ ਇਸ ਬਾਰੀਕੀ ਨੂੰ ਸਮਝ ਲਵੇ ਤਾਂ ਅਧਿਆਪਨ ਦਾ ਕਿੱਤਾ ਬੇਹੱਦ ਰੌਚਕ ਹੋ ਨਿਬੜਦਾ ਹੈ।
ਉਂਝ ਅੱਜ ਦੇ ਅਧਿਆਪਨ ਤੋਂ ਇਹ ਸਥਿਤੀਆਂ ਖੋਹ ਲਈਆਂ ਗਈਆਂ ਹਨ। ਅੱਜ ਦਾ ਅਧਿਆਪਕ ਬੱਚੇ ਨੂੰ ਝਿੜਕ ਵੀ ਨਹੀਂ ਸਕਦਾ। ਸਕੂਲ ਦੀਆਂ ਕੰਧਾਂ ਉੱਤੇ ਵਿਦਿਆਰਥੀ ਨੂੰ ਝਿੜਕਣ ਨਾਲ ਅਧਿਆਪਕ ਉੱਤੇ ਲੱਗਣ ਵਾਲੀਆਂ ਕਾਨੂੰਨ ਦੀਆਂ ਧਾਰਾਵਾਂ ਲਿਖ ਦਿੱਤੀਆਂ ਗਈਆਂ ਹਨ। ਚੰਗਾ ਹੁੰਦਾ ਜੇਕਰ ਕੰਧਾਂ ਉੱਤੇ ਲਿਖਣ ਦੀ ਬਜਾਏ, ਅਧਿਆਪਕਾਂ ਦੀਆਂ ਵਰਕਸ਼ਾਪਾਂ ਲਾ ਕੇ ਸਮੇਂ ਪਾ ਕੇ ਵਿਦਿਆਰਥੀਆਂ ਦੇ ਮਨੋਵਿਗਿਆਨ ਵਿੱਚ ਆਈ ਤਬਦੀਲੀ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਇਆ ਜਾਂਦਾ। ਕੰਧਾਂ ਉੱਤੇ ਇਹ ਕੁਝ ਲਿਖਣ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਦੂਰੀ ਵਧੀ ਹੈ। ਦੋਹਾਂ ਦੇ ਕੋਮਲ ਰਿਸ਼ਤੇ ਵਿੱਚ ਬੇਗ਼ਾਨਗੀ ਵਧੀ ਹੈ ਅਤੇ ਅਧਿਆਪਕਾਂ ਵਿੱਚ ‘ਸਾਨੂੰ ਕੀ’ ਦੀ ਪਹੁੰਚ ਨਾਲ ਮੰਤਵ ਭਾਵ ਪੜ੍ਹਾਈ ਦੀ ਗੁਣਵੱਤਾ ਦਾ ਘਾਣ ਹੋ ਗਿਆ ਹੈ। ਅਧਿਆਪਕ ਅਤੇ ਵਿਦਿਆਰਥੀ ਦੇ ਇਸ ਬਦਲੇ ਰਿਸ਼ਤੇ ਵਿੱਚ ਹੁਣ ਕਿਸੇ ਵਿਦਿਆਰਥੀ ਨੂੰ ਨਾ ਹੀ ਮੇਰੇ ਵਾਲਾ ਹਟਕੋਰਾ ਲਗੇਗਾ ਅਤੇ ਨਾ ਹੀ ਕਿਸੇ ਦੀਆਂ ਅੱਖਾਂ ਵਿਚੋਂ ਮੇਰੀ ਵਿਦਿਆਰਥਣ ਵਰਗੇ ਛਮ-ਛਮ ਅੱਥਰੂ ਵਹਿਣਗੇ।
ਸੰਪਰਕ: 94176-52947

