ਉਨ੍ਹੀਂ ਦਿਨੀਂ ਸਰਕਾਰੀ ਕਾਲਜ ਰੋਪੜ ਦਾ ਵਿਦਿਆਰਥੀ ਸਾਂ। ਕਾਲਜ ਵਿਚ ਕਾਲਜ ਦੇ ਸੱਦੇ ਤੇ ਭਾਅ ਜੀ ਗੁਰਸ਼ਰਨ ਸਿੰਘ ਆਪਣੇ ਨਾਟਕ ਕਰਨ ਆਏ। ਉਨ੍ਹਾਂ ਦੇ ਨਾਟਕ ਤਾਂ ਪ੍ਰਭਾਵਸ਼ਾਲੀ ਸਨ ਹੀ, ਭਾਸ਼ਣ ਵੀ ਵੱਡਾ ਪ੍ਰਭਾਵ ਛੱਡ ਗਿਆ। ਉਨ੍ਹਾਂ ਨੇ ਕਿਹਾ, “ਦੁਨੀਆ ਵਿਚ ਦੋ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ; ਪਹਿਲੀ ਤਰ੍ਹਾਂ ਦੀ ਸਿੱਖਿਆ ਇਹ ਸਿਖਾਉਂਦੀ ਹੈ ਕਿ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੂਜਿਆਂ ਨੂੰ ਪਿੱਛੇ ਛੱਡਣਾ/ਸੁੱਟਣਾ ਪਵੇਗਾ। ਇਸ ਕਿਸਮ ਦੀ ਸਿੱਖਿਆ ਅਮਰੀਕਾ ਵਰਗੇ ਮੁਲਕਾਂ ਵਿਚ ਦਿੱਤੀ ਜਾਂਦੀ ਹੈ। ਦੂਜੀ ਤਰ੍ਹਾਂ ਦੀ ਸਿੱਖਿਆ ਇਹ ਸਿਖਾਉਂਦੀ ਹੈ ਕਿ ਜੇ ਤੁਸੀਂ ਅੱਗੇ ਵਧਣਾ ਹੈ ਤਾਂ ਦੂਜਿਆਂ ਨੂੰ ਵੀ ਨਾਲ਼ ਲੈ ਕੇ ਚੱਲੋ। ਇਸ ਕਿਸਮ ਦੀ ਸਿੱਖਿਆ ਕਿਊਬਾ ਵਰਗੇ ਥੋੜ੍ਹੇ ਜਿਹੇ ਮੁਲਕਾਂ ਵਿਚ ਦਿੱਤੀ ਜਾਂਦੀ ਹੈ। ਮੈਂ ਦੂਜੀ ਤਰ੍ਹਾਂ ਦੀ ਸਿੱਖਿਆ ਦੇ ਹੱਕ ਵਿਚ ਹਾਂ।”
ਸਿੱਖਿਆ ਬਾਰੇ ਗੁਰਸ਼ਰਨ ਸਿੰਘ ਦੀ ਇਹ ਵਿਆਖਿਆ ਜ਼ਿਹਨ ਵਿਚ ਸਹਿਜੇ ਹੀ ਸਾਂਭੀ ਗਈ। ਦਿਮਾਗ ਵਿਚ ਅਮਰੀਕਾ ਦਾ ਨਕਾਰਾਤਮਿਕ ਅਤੇ ਕਿਊਬਾ ਦਾ ਸਕਾਰਾਤਮਿਕ ਬਿੰਬ ਬਣ ਗਿਆ। ਬਾਅਦ ਵਿਚ ਜਦੋਂ ਪੂੰਜੀਵਾਦੀ ਪ੍ਰਬੰਧ ਵਾਲੇ ਅਮਰੀਕਾ ਦੇ ਇਤਿਹਾਸ ਵਿਚ ਕੀਤੇ ਕਾਰਨਾਮੇ ਪੜ੍ਹਨੇ ਜਾਂ ਅਮਰੀਕੀ ਨੀਤੀਆਂ ਬਾਰੇ ਪੜ੍ਹਨਾ ਤਾਂ ਭਾਅ ਜੀ ਨੇ ਯਾਦ ਆਉਣਾ। ਕਿਸੇ ਮੁਲਕ ਤੇ ਕੋਈ ਵੀ ਬਹਾਨਾ ਬਣਾ ਕੇ ਹਮਲਾ ਕਰ ਦੇਣਾ, ਕਿਸੇ ਨੂੰ ਧਮਕੀ ਦੇ ਦੇਣੀ ਅਮਰੀਕਾ ਲਈ ਆਮ ਗੱਲ ਰਹੀ ਹੈ। ਦੂਜੇ ਪਾਸੇ ਫੀਦਲ ਕਾਸਤਰੋ ਦੀ ਅਗਵਾਈ ’ਚ ਕਿਊਬਾ ਦੀਆਂ ਪ੍ਰਾਪਤੀਆ ਵੀ ਪੜ੍ਹਦੇ ਰਹੇ। ਕਿਊਬਾ ਵਿਚ ਬਿਹਤਰ ਸਾਖਰਤਾ ਦਰ, ਸਿਹਤ ਸਹੂਲਤਾਂ, ਔਸਤ ਉਮਰ ਆਦਿ ਬਾਰੇ ਪੜ੍ਹਦਿਆਂ ਭਾਅ ਜੀ ਦਾ ਭਾਸ਼ਣ ਯਾਦ ਆਉਂਦਾ ਰਿਹਾ।
ਅਮਰੀਕਾ ਦੇ ਮੁਕਾਬਲੇ ਕਿਊਬਾ ਛੋਟਾ ਜਿਹਾ ਦੇਸ਼ ਹੈ। ਅਮਰੀਕਾ ਦੀ ਧੌਂਸ ਵਾਲੀ ਨੀਤੀ ਕਾਰਨ ਇਸ ਨੇ ਲੰਮਾ ਸਮਾਂ ਪਾਬੰਦੀਆਂ ਦਾ ਸਾਹਮਣਾ ਕਰਕੇ ਵੀ ਤਰੱਕੀ ਰੁਕਣ ਨਹੀਂ ਦਿੱਤੀ। ਇਨ੍ਹੀਂ ਦਿਨੀਂ ਜਦੋਂ ਬਹੁਤੀ ਦੁਨੀਆਂ ਕਰੋਨਾ ਦੀ ਲਪੇਟ ਵਿਚ ਹੈ ਤਾਂ ਇਨ੍ਹਾਂ ਦੋਵਾਂ ਮੁਲਕਾਂ ਦਾ ਵਿਹਾਰ ਦੇਖਣ ਨੂੰ ਮਿਲਿਆ ਹੈ। ਅਮਰੀਕਾ ਕਰੋਨਾ ਨੂੰ ਸਮੇਂ ਸਿਰ ਰੋਕਣ ਵਿਚ ਨਾਕਾਮ ਰਿਹਾ ਹੈ। ਹੁਣ ਤੱਕ ਅਮਰੀਕਾ ’ਚ ਇਕ ਲੱਖ ਤੋਂ ਉਪਰ ਮੌਤਾਂ ਹੋ ਚੁੱਕੀਆਂ ਨੇ। ਆਪਣੀ ਨਾਕਾਮੀ ਸਵੀਕਾਰ ਕਰਨ ਅਤੇ ਸਬਕ ਸਿੱਖਣ ਦੀ ਬਜਾਇ ਅਮਰੀਕਾ ਦੂਜਿਆਂ ਨਾਲ ਅਸੱਭਿਆ ਵਿਹਾਰ ਕਰਨ ਤੋਂ ਬਾਜ ਨਹੀਂ ਆ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾ ਨੂੰ ਚੀਨੀ ਵਾਇਰਸ ਕਹਿ ਕੇ ਚੀਨ ਨੂੰ ਭੰਡਿਆ। ਫਿਰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਆਪਣੇ ‘ਮਿੱਤਰ’ ਨਰਿੰਦਰ ਮੋਦੀ ਤੋਂ ਮਲੇਰੀਆ-ਰੋਕੂ ਦਵਾਈ ਲੈਣ ਲਈ ਧਮਕੀ ਦੇ ਮਾਰੀ। ਟਰੰਪ ਦਾ ਗੁੱਸਾ ਇੱਥੇ ਹੀ ਨਹੀਂ ਰੁਕਿਆ, ਉਸ ਨੇ ਸੰਸਾਰ ਸਿਹਤ ਸੰਸਥਾ ਨੂੰ ਸਾਲਾਨਾ ਦਿੱਤੀ ਜਾਣ ਵਾਲੀ ਆਪਣੀ ਪੰਜਾਹ ਕਰੋੜ ਡਾਲਰ ਦੀ ਆਰਥਿਕ ਸਹਾਇਤਾ ਰੋਕਣ ਦਾ ਵੀ ਐਲਾਨ ਕਰ ਦਿੱਤਾ ਹੈ। ਉਸ ਨੇ ਸੰਸਥਾ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਮਹਾਮਾਰੀ ਦੇ ਇਸ ਦੌਰ ਵਿਚ ਸਹੀ ਰੋਲ ਨਹੀਂ ਨਿਭਾਇਆ, ਦੂਜਾ ਇਸ ਨੇ ਚੀਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕਾ ਦੀ ਕੋਸ਼ਿਸ਼ ਹਰ ਇਕ ਨੂੰ ਡੇਗ ਕੇ ਅੱਗੇ ਲੰਘਣ ਦੀ ਹੈ। ਸਰਮਾਏਦਾਰੀ ਦਾ ਇਹ ਖ਼ਾਸਾ ਹੁੰਦਾ ਹੈ ਕਿ ਉਹ ਸਦਮਿਆਂ ਨੂੰ ਵੀ ਆਪਣੇ ਵਪਾਰਕ ਹਿੱਤਾਂ ਲਈ ਵਰਤ ਲੈਂਦੀ ਹੈ। ਕਈ ਵਾਰ ਤਾਂ ਸਦਮੇ ਆਪ ਹੀ ਈਜਾਦ ਕੀਤੇ ਹੁੰਦੇ ਹਨ। ਇਸ ਵੇਲੇ ਅਮਰੀਕਾ ਜਲਦੀ ਤੋਂ ਜਲਦੀ ਕਰੋਨਾਵਾਇਰਸ ਦੀ ਕੋਈ ਵੈਕਸੀਨ ਬਣਾ ਕੇ ਆਪਣੇ ਭਵਿੱਖੀ ਵਪਾਰ ਦੀਆਂ ਸੰਭਾਵਨਾਵਾਂ ਤਲਾਸ਼ਦਾ ਵੀ ਨਜ਼ਰ ਆ ਰਿਹਾ ਹੈ।
ਮਹਾਮਾਰੀ ਦੇ ਇਸ ਦੌਰ ਵਿਚ ਕਿਊਬਾ ਕਰੋਨਾ ਖ਼ਿਲਾਫ਼ ਜੰਗ ਦੇ ਹੀਰੋ ਵਜੋਂ ਸਾਹਮਣੇ ਆਇਆ ਹੈ। ਸਵਾ ਕਰੋੜ ਤੋਂ ਵੀ ਘੱਟ ਆਬਾਦੀ ਵਾਲੇ ਕਿਊਬਾ ਨੇ ਆਪਣੇ ਮੁਲਕ ਨੂੰ ਤਾਂ ਕਰੋਨਾ ਤੋਂ ਬਚਾਇਆ ਹੀ ਹੈ, ਹੋਰ ਦੇਸ਼ਾਂ ਵਿਚ ਵੀ ਆਪਣੇ ਡਾਕਟਰਾਂ ਦੀਆਂ ਟੀਮਾਂ ਭੇਜ ਕੇ ਆਪਣੀ ਮਾਨਵਪੱਖੀ ਪਹੁੰਚ ਦਾ ਸਬੂਤ ਦਿੱਤਾ। ਜਿਨ੍ਹਾਂ ਦੇਸ਼ਾਂ ਦੀ ਕਿਊਬਾ ਨੇ ਮਦਦ ਕੀਤੀ ਹੈ, ਉਨ੍ਹਾਂ ਵਿਚੋਂ ਕੁਝ ਕਿਊਬਾ ਦੇ ਕੱਟੜ ਵਿਰੋਧੀ ਵੀ ਰਹੇ ਹਨ।
ਅਸਲ ਵਿਚ ਇਕ ਦੇਸ਼ ਦੇ ਅੰਦਰ ਵੀ ਦੋ ਤਰ੍ਹਾਂ ਦੀ ਸਿੱਖਿਆ ਤੇ ਚੱਲਣ ਵਾਲ਼ੇ ਲੋਕ ਹੁੰਦੇ ਹਨ। ਆਮ ਕਰਕੇ ਉਹ ਸੋਚ ਜ਼ਿਆਦਾ ਮੌਲ਼ਦੀ-ਵਿਗਸਦੀ ਹੈ ਜਿਹੜੀ ਉੱਥੋਂ ਦੀ ਸੱਤਾ ਦੀ ਹੁੰਦੀ ਹੈ। ਦੂਜੀ ਤਰ੍ਹਾਂ ਦੀ ਸੋਚ ਵਾਲ਼ਿਆਂ ਨੂੰ ਔਖੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਸਰਬੱਤ ਦੇ ਭਲੇ ਵਾਲੀ ਸਿੱਖਿਆ, ਜਿਸ ਨੂੰ ਭਾਅ ਜੀ ਕਿਊਬਾ ਮਾਡਲ ਕਹਿੰਦੇ ਸਨ, ਦੀ ਬੜੀ ਲੋੜ ਹੈ। ਦੂਜੀ ਤਰ੍ਹਾਂ ਦੀ ਸਿੱਖਿਆ ਪਹਿਲੇ ਨੰਬਰ ਉੱਤੇ ਹੋਣੀ ਚਾਹੀਦੀ ਹੈ। ਦੂਜੀ ਤਰ੍ਹਾਂ ਦੀ ਸਿੱਖਿਆ ਦੇ ਹਮਾਇਤੀ ਭਾਅ ਜੀ ਗੁਰਸ਼ਰਨ ਸਿੰਘ ਗ਼ੈਰ-ਹਾਜ਼ਰ ਰਹਿ ਕੇ ਵੀ ਸਾਡੀ ਅਗਵਾਈ ਕਰਦੇ ਰਹਿੰਦੇ ਹਨ।
ਸੰਪਰਕ: 94171-42415