ਡਾ. ਅਰਵਿੰਦਰ ਸਿੰਘ ਨਾਗਪਾਲ
ਅੱਜਕੱਲ੍ਹ ਦੇ ਪਦਾਰਥਵਾਦੀ ਯੁੱਗ ਵਿਚ ਜਦੋਂ ਅਸੀਂ ਆਪਣੇ ਸੁਆਰਥੀ ਹਿੱਤਾਂ ਲਈ ਦਿਨ ਰਾਤ ਇਕ ਦੌੜ ਵਿਚ ਲੱਗੇ ਹੋਏ ਹਾਂ ਤਾਂ ਉਹ ਜ਼ਮਾਨਾ ਬਹੁਤ ਯਾਦ ਆਉਂਦਾ ਹੈ ਜਦੋਂ ਲੋਕ ਬਿਨਾ ਕਿਸੇ ਸਵਾਰਥ ਦੇ ਇੱਕ ਦੂਸਰੇ ਦਾ ਫ਼ਿਕਰ ਕਰਦੇ ਸਨ ਅਤੇ ਮਿਲਜੁਲ ਕੇ ਸਾਂਝੇ ਰਾਹ ਤੇ ਚੱਲਦੇ ਹੁੰਦੇ ਸਨ!
ਮੈਨੂੰ ਅੱਜ ਤੋਂ ਕੁਝ ਦਹਾਕੇ ਪਹਿਲਾਂ ਦਾ ਆਪਣੇ ਬਚਪਨ ਦਾ ਸਮਾਂ ਅੱਜ ਤੱਕ ਯਾਦ ਹੈ ਜੋ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਬੋਦਲ ਗਰਨਾ ਸਾਹਿਬ ਵਿਚ ਗੁਜ਼ਾਰਿਆ ਸੀ। ਉਸ ਪਿੰਡ ਦੇ ਬਾਗ਼ਾਂ ਤੋਂ ਤੋੜੇ ਹੋਏ ਅੰਬਾਂ ਦੀ ਮਿਠਾਸ ਅਤੇ ਪਿੰਡ ਵਿਚ ਹੀ ਲੱਗੇ ਗੰਨੇ ਤੇ ਉਸ ਤੋਂ ਤਿਆਰ ਹੋਏ ਤਾਜ਼ੇ ਗੁੜ ਦੇ ਸਵਾਦ ਦੀ ਯਾਦ ਅੱਜ ਵੀ ਮੂੰਹ ਵਿਚ ਪਾਣੀ ਲਿਆ ਦਿੰਦੀ ਹੈ। ਮੇਰੇ ਮਾਤਾ ਜੀ 1958 ਵਿਚ ਬੋਦਲਾਂ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਵਜੋਂ ਨੌਕਰੀ ਕਰ ਰਹੇ ਸਨ। ਸਾਡਾ ਪਰਿਵਾਰ ਉਸ ਪਿੰਡ ਵਿਚ ਲਗਾਤਾਰ ਪੰਜ ਸਾਲ ਰਿਹਾ। ਉਹ ਇਲਾਕਾ ਅੰਬਾਂ ਦੇ ਬਾਗ ਅਤੇ ਗੰਨੇ ਦੀ ਫਸਲ ਲਈ ਮਸ਼ਹੂਰ ਸੀ। ਪਿੰਡ ਦਾ ਇਹ ਰਿਵਾਜ ਹੀ ਸੀ ਕਿ ਬਾਗ ਵਿਚੋਂ ਆਈ ਅੰਬਾਂ ਦੀ ਪਹਿਲੀ ਟੋਕਰੀ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀਆਂ ਨਾਲ ਵੰਡ ਕੇ ਸਾਂਝੀ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਤਾਜ਼ੇ ਗੁੜ ਦੀ ਪਹਿਲੀ ਖੇਪ ਵੀ ਸਾਰਿਆਂ ਵਿਚ ਵੰਡ ਕੇ ਖੁਸ਼ੀ ਮਨਾਈ ਜਾਂਦੀ ਸੀ।
ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਉਹ ਨਜ਼ਾਰਾ ਤਾਜ਼ਾ ਹੋ ਜਾਂਦਾ ਹੈ ਜਦੋਂ ਅੰਬਾਂ ਦੀ ਟੋਕਰੀ ਸਾਡੇ ਘਰ ਪਹੁੰਚਦੀ ਹੁੰਦੀ ਸੀ। ਮੇਰੇ ਮਾਤਾ ਜੀ ਅੰਬਾਂ ਨੂੰ ਠੰਢੇ ਪਾਣੀ ਵਾਲੀ ਬਾਲਟੀ ਵਿਚ ਪਾ ਦਿੰਦੇ ਸਨ। ਫਿਰ ਸਾਰੇ ਬੱਚਿਆਂ ਦੇ ਕੱਪੜੇ ਉਤਾਰ ਕੇ ਬਾਲਟੀ ਉਨ੍ਹਾਂ ਦੇ ਵਿਚਕਾਰ ਰੱਖ ਦਿੱਤੀ ਜਾਂਦੀ ਸੀ। ਅਸੀਂ ਬਾਲਟੀ ਵਿਚੋਂ ਇਕ ਇਕ ਕਰ ਕੇ ਅੰਬ ਕੱਢ ਕੇ ਉਸ ਨੂੰ ਚੂਪ ਕੇ ਉਸ ਦੇ ਰਸ ਦਾ ਸੁਆਦ ਲੈਂਦੇ ਹੁੰਦੇ ਸੀ ਅਤੇ ਗੁਟੀਆਂ ਅਤੇ ਛਿੱਲੜ ਇੱਕ ਪਾਸੇ ਸੁੱਟ ਦਿੰਦੇ ਸੀ। ਦਿਨ ਖਤਮ ਹੋਣ ਤੱਕ ਅੰਬ ਦਾ ਰਸ ਸਾਡੇ ਪਿੰਡੇ ਅਤੇ ਚਿਹਰੇ ‘ਤੇ ਹਰ ਜਗ੍ਹਾ ਚਿਪਕ ਜਾਂਦਾ। ਫਿਰ ਮਾਤਾ ਜੀ ਸਾਨੂੰ ਚੰਗੀ ਤਰ੍ਹਾਂ ਨੁਹਾਉਂਦੇ ਹੁੰਦੇ ਸਨ। ਮੈਂ ਅਤੇ ਮੇਰੀਆਂ ਭੈਣਾਂ ਹਰ ਸਾਲ ਅੰਬਾਂ ਦੇ ਸੀਜ਼ਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ।
ਇਹੀ ਹਾਲ ਗੁੜ ਦੇ ਸੀਜ਼ਨ ਦਾ ਸੀ। ਪਿੰਡਾਂ ਵਿਚ ਕਹਾਵਤ ਹੈ- ‘ਜੱਟ ਗੰਨਾ ਨਹੀਂ ਦਿੰਦਾ, ਗੁੜ ਦੀ ਰੋੜੀ ਦੇ ਦਿੰਦਾ ਹੈ’। ਇਸ ਦਾ ਮਤਲਬ ਹੈ ਕਿ ਕਿਸਾਨ ਨੂੰ ਆਪਣੀ ਗੰਨੇ ਦੀ ਫਸਲ ਬਹੁਤ ਪਿਆਰੀ ਹੁੰਦੀ ਹੈ, ਇਸ ਲਈ ਉਸ ਦੇ ਪੱਕਣ ਤੋਂ ਪਹਿਲਾਂ ਉਹ ਕਿਸੇ ਨੂੰ ਹੱਥ ਨਹੀਂ ਲਗਾਉਣ ਦਿੰਦਾ, ਪੱਕਣ ਤੋਂ ਬਾਅਦ ਉਸ ਦੇ ਰਸ ਤੋਂ ਤਿਆਰ ਹੋਏ ਗੁੜ ਦਾ ਸੁਆਦ ਉਹ ਸਾਰਿਆਂ ਨੂੰ ਚਖਾਉਂਦਾ ਹੈ। ਮੈਨੂੰ ਰਸ ਤੋਂ ਗੁੜ ਬਣਨ ਦੇ ਨਜ਼ਾਰੇ ਨੂੰ ਦੇਖਣ ਦਾ ਬਹੁਤ ਸ਼ੌਂਕ ਸੀ। ਕਿਸਾਨਾਂ ਨੇ ਖੇਤਾਂ ਵਿਚ ਹੀ ਗੰਨਾ ਪੀੜਨ ਵਾਲੀ ਕੁਲਾੜੇ ਲਗਾਏ ਹੁੰਦੇ ਸਨ। ਵੱਡੀ ਭੱਠੀ (ਚੁੱਭਾ) ਅਤੇ ਗੰਨੇ ਦੇ ਰਸ ਨੂੰ ਗੁੜ ਵਿਚ ਬਦਲਿਆ ਜਾਂਦਾ ਸੀ। ਉਸ ਦੀ ਉਪਰਲੀ ਤਹਿ ਦੀ ਚਮਕ ਸੂਰਜ ਦੀ ਰੌਸ਼ਨੀ ਨੂੰ ਵੀ ਮਾਤ ਕਰਦੀ ਸੀ! ਇਹ ਮਿਹਨਤਕਸ਼ ਲੋਕ ਤਾਜ਼ਾ ਗੁੜ ਦੀਆਂ ਭੇਲੀਆਂ ਨੂੰ ਕੱਪੜੇ ਵਿਚ ਬੰਨ੍ਹ ਕੇ ਸਾਡੇ ਘਰ ਪਹੁੰਚਾ ਜਾਂਦੇ ਸਨ। ਸਾਡੇ ਸ਼ਹਿਰਾਂ ਵਿਚ ਰਹਿੰਦੇ ਰਿਸ਼ਤੇਦਾਰ ਅੰਬ ਅਤੇ ਗੁੜ ਦੇ ਸੀਜ਼ਨ ਵਿਚ ਸਾਡੇ ਕੋਲ ਆਉਣ ਦਾ ਪ੍ਰੋਗਰਾਮ ਬਣਾਉਂਦੇ ਹੁੰਦੇ ਸਨ ਤਾਂ ਕਿ ਉਹ ਵੀ ਤਾਜ਼ਾ ਅੰਬ ਤੇ ਗੁੜ ਦਾ ਸੁਆਦ ਲੈ ਸਕਣ।
ਜਦੋਂ ਮੇਰੇ ਮਾਤਾ ਜੀ ਦੀ ਬਦਲੀ ਲੁਧਿਆਣੇ ਹੋ ਗਈ ਤਾਂ ਸਾਨੂੰ ਲੱਗਿਆ ਕਿ ਹੁਣ ਤਾਜ਼ਾ ਅੰਬ ਅਤੇ ਗੁੜ ਤੋਂ ਅਸੀਂ ਵਾਂਝੇ ਹੋ ਗਏ ਹਾਂ ਪਰ ਸਾਨੂੰ ਉਦੋਂ ਬੇਹੱਦ ਹੈਰਾਨੀ ਹੋਈ, ਜਦੋਂ ਅੰਬਾਂ ਦੇ ਸੀਜ਼ਨ ਵਿਚ ਬੋਦਲਾਂ ਦਾ ਇੱਕ ਕਿਸਾਨ ਅੰਬਾਂ ਦੀ ਟੋਕਰੀ ਲੈ ਕੇ ਸਾਡੇ ਘਰ ਆ ਗਿਆ। ਉਸ ਨੇ ਕਿਹਾ, “ਭੈਣ ਜੀ, ਇਹ ਮੇਰੇ ਅੰਬਾਂ ਦੀ ਪਹਿਲੀ ਟੋਕਰੀ ਹੈ; ਤਾਂ ਕੀ ਹੋਇਆ, ਜੇ ਤੁਸੀਂ ਹੁਣ ਸਾਡੇ ਪਿੰਡ ਨਹੀਂ ਪੜ੍ਹਾਉਂਦੇ, ਸਾਡੇ ਦਿਲ ਵਿਚ ਤੁਹਾਡੇ ਲਈ ਸਤਿਕਾਰ ਨਹੀਂ ਘਟਿਆ। ਜਦੋਂ ਤੱਕ ਮੈਂ ਜਿਊਂਦਾ ਹਾਂ, ਤੁਹਾਡੇ ਹਿੱਸੇ ਦੇ ਅੰਬ ਪਹੁੰਚਾਉਣ ਜ਼ਰੂਰ ਆਇਆ ਕਰਾਂਗਾ।” ਇਹ ਸੁਣ ਕੇ ਮੇਰੇ ਮਾਤਾ ਜੀ ਦੀਆਂ ਅੱਖਾਂ ਵਿਚ ਹੰਝੂ ਭਰ ਆਏ। ਫਿਰ ਗੁੜ ਦੇ ਸੀਜ਼ਨ ਵੇਲੇ ਵੀ ਇੰਝ ਹੀ ਹੋਇਆ। ਕਈ ਜਾਣਕਾਰ ਤਾਜ਼ਾ ਗੁੜ ਸਾਡੇ ਘਰ ਆ ਕੇ ਦੇ ਗਏ।
ਕੀ ਅੱਜਕੱਲ੍ਹ ਦੇ ਜ਼ਮਾਨੇ ’ਚ ਅਸੀਂ ਸੋਚ ਸਕਦੇ ਹਾਂ ਕਿ ਇਸ ਤਰ੍ਹਾਂ ਬਿਨਾ ਸਵਾਰਥ ਕੋਈ ਆਪਣੀਆਂ ਚੀਜ਼ਾਂ ਦੂਸਰਿਆਂ ਨਾਲ ਵੰਡਦਾ ਹੋਵੇ! ਅਸੀਂ ਸ਼ਾਇਦ ਗੁਰੂ ਨਾਨਕ ਜੀ ਦੀ ਸਿੱਖਿਆ ਭੁੱਲ ਗਏ ਹਾਂ ਜਿਨ੍ਹਾਂ ਨੇ ਕਿਹਾ ਸੀ: ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। … ਮੈਂ ਅੱਜ ਵੀ ਲੋਚਦਾ ਹਾਂ ਕਿ ਕਦੇ ਬੋਦਲਾਂ ਦੇ ਬਾਗ਼ਾਂ ਦੇ ਤਾਜ਼ੇ ਅੰਬ ਚੂਪਣ ਨੂੰ ਮਿਲ ਜਾਣ ਜਾਂ ਖੇਤ ਵਿਚ ਬਣਦੇ ਤਾਜ਼ੇ ਗੁੜ ਦਾ ਸੁਆਦ ਮਾਣ ਸਕਾਂ ਪਰ ਜ਼ਿੰਦਗੀ ਦੀ ਦੌੜ ਨੇ ਇਹ ਸਾਰਾ ਕੁਝ ਬਹੁਤ ਪਿੱਛੇ ਛੱਡ ਦਿੱਤਾ ਹੈ।
ਸੰਪਰਕ: 98151-77324