ਮਾਨਵਤਾ ਦੀ ਸੇਵਾ ਦੇ ਰਾਹ-ਰਸਤੇ

ਮਾਨਵਤਾ ਦੀ ਸੇਵਾ ਦੇ ਰਾਹ-ਰਸਤੇ

ਜਸਵੀਰ ਸਿੰਘ

ਜਸਵੀਰ ਸਿੰਘ

ਡੂਰ ਸਾਹਿਬ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਬਹੁਤ ਸਾਰੇ ਗੁਰਧਾਮਾਂ ਦੀ ਕਾਰਸੇਵਾ ਕਰਵਾਈ। ਸਿੱਖ ਰਾਜਕਾਲ ਦੇ ਜਾਣ ਤੋਂ ਬਾਅਦ ਇਤਿਹਾਸਕ ਧਾਰਮਿਕ ਸਥਾਨਾਂ ਦੀ ਹਾਲਤ ਇਕ ਵਾਰ ਫਿਰ ਮੰਦੀ ਹੋ ਗਈ। ਇਸ ਨੂੰ ਸੁਧਾਰਨ ਲਈ ਸੇਵਾ ਪੰਥੀ ਮਹਾਂਪੁਰਖਾਂ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਨੇ ਬੀੜਾ ਚੁੱਕਿਆ। ਦੋਵਾਂ ਮਹਾਂਪੁਰਖਾਂ ਨੇ ਸ੍ਰੀ ਸੰਤੋਖਸਰ ਸਰੋਵਰ ਦੀ ਕਾਰਸੇਵਾ ਤੋਂ ਆਧੁਨਿਕ ਕਾਰਸੇਵਾ ਦਾ ਆਰੰਭ ਕੀਤਾ ਅਤੇ ਬਾਅਦ ਵਿਚ ਕਾਰਸੇਵਾ ਦਾ ਇਹ ਕਾਰਜ ਸਮੁੱਚੇ ਇਤਿਹਾਸਕ ਗੁਰਧਾਮਾਂ ਤੱਕ ਫੈਲ ਗਿਆ। 

ਖਡੂਰ ਸਾਹਿਬ ਦੀ ਸੰਗਤ ਦੀ ਬੇਨਤੀ ’ਤੇ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਜੀ ਵੱਲੋਂ ਇੱਥੋਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਕਾਰਸੇਵਾ ਦਾ ਆਰੰਭ 1932-33 ਵਿਚ ਕੀਤਾ ਗਿਆ। ਬਾਬਾ ਗੁਰਮੁਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਝੰਡਾ ਸਿੰਘ, ਬਾਬਾ ਉਤਮ ਸਿੰਘ ਅਤੇ ਫਿਰ ਬਾਬਾ ਸੇਵਾ ਸਿੰਘ ਜੀ ਨੇ ਕਾਰਸੇਵਾ ਦਾ ਕਾਰਜ ਅੱਗੇ ਤੋਰਿਆ। ਗੁਰਧਾਮਾਂ ਦੀ ਕਾਰਸੇਵਾ ਦੇ ਇਸ ਕਾਰਜ ਦੇ ਨਾਲ-ਨਾਲ ਬਾਬਾ ਉਤਮ ਸਿੰਘ ਜੀ ਵੇਲੇ 1969 ਵਿਚ ਵਿੱਦਿਅਕ ਸੰਸਥਾਵਾਂ ਦੇ ਨਿਰਮਾਣ ਅਤੇ ਇਨ੍ਹਾਂ ਨੂੰ ਯੋਗ ਢੰਗ ਨਾਲ ਚਲਾਉਣ ਦਾ ਕਾਰਜ ਵੀ ਹੱਥ ਲਿਆ ਗਿਆ।

ਵਿੱਦਿਆ ਦੇ ਖੇਤਰ ਵਿਚ ਯੋਗਦਾਨ: ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ 1969 ਵਿਚ ਬਾਬਾ ਉੱਤਮ ਸਿੰਘ ਹੋਰਾਂ ਨੇ ਖਡੂਰ ਸਾਹਿਬ ਵਿਚ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਕੀਤੀ। ਇਸ ਪਿੱਛੋਂ ਬਾਬਾ ਉੱਤਮ ਸਿੰਘ ਨੇ ਇਸ ਇਤਿਹਾਸਕ ਕਸਬੇ ਵਿਚ 1984 ਵਿਚ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ ਜੋ ਹੁਣ ‘ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸਕੈਂਡਰੀ’ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1987 ਵਿਚ ਕਾਰਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਉਤਮ ਸਿੰਘ ਜੀ ਦੀ ਅਗਵਾਈ ਵਿਚ ਕਸਬਾ ਕਰਤਾਰਪੁਰ ਵਿਖੇ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਿਆ ਗਿਆ। ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਇੱਥੇ ਨਾਨ ਮੈਡੀਕਲ, ਮੈਡੀਕਲ, ਕਾਮਰਸ ਅਤੇ ਆਰਟਸ ਆਦਿ ਵਿਸ਼ਿਆਂ ਦੀ ਵਿੱਦਿਆ ਦਿੱਤੀ ਜਾਂਦੀ ਹੈ। ਧਾਰਮਿਕ, ਸਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਪ੍ਰਬੰਧ ਹੈ।

 ਸਾਲ 2004 ਵਿਚ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸ਼ਤਾਬਦੀ ਸਮਾਗਮ ਦੇ ਮੱਦੇਨਜ਼ਰ ਵਾਤਾਵਰਣ ਅਤੇ ਵਿੱਦਿਅਕ ਖੇਤਰ ਵਿਚ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਗਈਆਂ। ਇਨ੍ਹਾਂ ਯੋਜਨਾਵਾਂ ਤਹਿਤ ਬਣਨ ਵਾਲੀਆਂ ਸੰਸਥਾਵਾਂ ਨੂੰ ਸਹੀ ਤਰਤੀਬ ਦੇਣ ਲਈ ਨਿਸ਼ਾਨ-ਏ-ਸਿੱਖੀ ਟਰੱਸਟ ਦੀ ਸਥਾਪਨਾ ਕੀਤੀ ਗਈ। ਇਸੇ ਸਾਲ ਅੱਠ ਮੰਜ਼ਿਲਾ ਨਿਸ਼ਾਨ-ਏ-ਸਿੱਖੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ 2011 ਵਿਚ ਇਮਾਰਤ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ। ਇਸ ਇਮਾਰਤ ਦੀ ਬੇਸਮੈਂਟ ਵਿਚ ਮਲਟੀਮੀਡੀਆ ਔਡੀਟੋਰੀਅਮ ਬਣਾਇਆ ਗਿਆ ਹੈ ਅਤੇ ਪਹਿਲੀ ਮੰਜ਼ਿਲ ’ਤੇ ਪ੍ਰਸ਼ਾਸਕੀ ਵਿਭਾਗ ਦੇ ਦਫ਼ਤਰ ਹਨ। ਦੂਜੀ ਮੰਜ਼ਿਲ ’ਤੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਅਤੇ ਅਗਲੀਆਂ ਮੰਜ਼ਿਲਾਂ ’ਤੇ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼, ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਅਤੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟਰੇਨਿੰਗ (ਐਨ.ਡੀ.ਏ.) ਆਦਿ ਸਥਾਪਿਤ ਹਨ। ਇਹ ਸਾਰੀਆਂ ਸੰਸਥਾਵਾਂ ਹਨ। ਇਨ੍ਹਾਂ ਪ੍ਰਜੈਕਟਾਂ ਤਹਿਤ ਹੀ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ ਗਈ। ਇਹ ਸਕੂਲ ਵੀ ਮਿਆਰੀ ਸਿੱਖਿਆ ਦੇ ਮਾਮਲੇ ਵਿਚ ਨਵੇਂ ਦਿਸਹੱਦੇ ਸਥਾਪਤ ਕਰ ਰਿਹਾ ਹੈ। ਇਉਂ ਕੈਰੀਅਰ ਅਤੇ ਕੋਰਸਿਜ਼ ਵਿਭਾਗ ਅਤੇ ਐਨ.ਡੀ.ਏ. ਵਿੰਗ ਨੌਜਵਾਨ ਬੱਚਿਆਂ ਨੂੰ ਰੁਜ਼ਗਾਰ ਦਿਵਾਉਣ ਅਤੇ ਮਿਆਰੀ ਰੁਜ਼ਗਾਰਮੁਖੀ ਸਿੱਖਿਆ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਵਿਚ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ (ਬੀ.ਐੱਡ) ਦੀ ਸਥਾਪਨਾ ਕੀਤੀ ਗਈ। ਇਸ ਸੰਸਥਾ ਵੱਲੋਂ ਬੀ.ਐੱਡ. ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਡੀ.ਐਲ.ਡੀ. ਦੀ ਡਿਗਰੀ ਨੈਸ਼ਨਲ ਕੌਂਸਲ ਆਫ ਟੀਚਰ ਐਜੂਕੇਸ਼ਨ ਜੈਪੁਰ ਤੋਂ ਕਰਵਾਈ ਜਾ ਰਹੀ ਹੈ। ਦੋਵਾਂ ਕੋਰਸਾਂ ਵਿਚ ਹਰ ਸਾਲ 100-150 ਸੀਟਾਂ ਹੁੰਦੀਆਂ ਹਨ।

ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਪਿੰਡ ਗੁਰਸੌਂਹਦੀ ਵਿਖੇ ਸਾਲ 2000 ਵਿਚ ਇੱਥੇ ਵਸਦੇ ਸਿੱਖ ਬੱਚਿਆਂ ਦੇ ਪਰਿਵਾਰਾਂ ਨੂੰ ਧਿਆਨ ਵਿਚ ਰੱਖ ਕੇ ਅਕੈਡਮੀ ਖੋਲ੍ਹੀ ਗਈ। ਢਾਈ ਏਕੜ ਵਿਚ ਫੈਲੀ ਇਹ ਅਕੈਡਮੀ ਦਸਵੀਂ ਕਲਾਸ ਤੱਕ ਵਿਦਿਆ ਪ੍ਰਦਾਨ ਕਰਦੀ ਹੈ ਅਤੇ ਚੰਗੇ ਬੁਨਿਆਦੀ ਢਾਂਚੇ ਤੇ ਸਹੂਲਤਾਂ ਨਾਲ ਲੈਸ ਹੈ। ਮੱਧ ਪ੍ਰਦੇਸ਼ ਦੇ ਹੀ ਜ਼ਿਲ੍ਹਾ ਭਿੰਡ ਵਿਚ ਬੂਟੀ ਕੂਹੀਆਂ ਵਿਖੇ ਵੀ ਕਾਰਸੇਵਾ ਖਡੂਰ ਸਾਹਿਬ ਵੱਲੋਂ ਇਕ ਸਕੂਲ ਖੋਲ੍ਹਿਆ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਸ਼ੋਅਪੁਰ ਵਿਚ ਇਕ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ ਗਈ। 2004 ਵਿਚ ਪਿੰਡ ਮੋਹਣਾ ਜ਼ਿਲ੍ਹਾ ਗਵਾਲੀਅਰ ਵਿਚ ਕਾਰਸੇਵਾ ਖਡੂਰ ਸਾਹਿਬ ਨੇ ਵਿੱਦਿਅਕ ਅਕੈਡਮੀ ਦੀ ਸਥਾਪਨਾ ਕੀਤੀ। ਇਹ ਅਕੈਡਮੀ ਮੈਟਰਿਕ ਤੱਕ ਹੈ। ਬੱਚਿਆਂ ਦੀ ਤੰਦਰੁਸਤੀ ਲਈ ਸਾਲ 2006 ਵਿਚ ਸੰਤ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੀ ਸਥਾਪਨਾ ਕੀਤੀ ਗਈ। ਇਸ ਅਕੈਡਮੀ ਵਿਚ ਅੰਡਰ 14 ਤੋਂ ਲੈ ਕੇ ਅੰਡਰ 19 ਤੱਕ ਚਾਰ ਟੀਮਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇੱਥੇ ਖਿਡਾਰੀਆਂ ਦੀ ਰਿਹਾਇਸ਼, ਪੜ੍ਹਾਈ, ਖਾਣਾ, ਖੇਡਣ ਦਾ ਸਮਾਂ, ਛੇ ਬਾਈ ਛੇ ਦੀ ਐਸਟਰੋਟਰਫ ਗਰਾਊਂਡ ਤੋਂ ਇਲਾਵਾ ਆਵਾਜਾਈ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਹਾਕੀ ਅਕੈਡਮੀ ਨੇ ਕੌਮੀ ਪੱਧਰ ’ਤੇ ਚੰਗੀਆਂ ਮੱਲਾਂ ਮਾਰੀਆਂ ਹਨ ਅਤੇ ਅਕੈਡਮੀ ਨਾਲ ਸਬੰਧਤ ਕਈ ਖਿਡਾਰੀ ਕੌਮਾਂਤਰੀ ਪੱਧਰ ’ਤੇ ਖੇਡ ਰਹੇ ਹਨ।

ਵਾਤਾਵਰਣ ਦੇ ਖੇਤਰ ਵਿਚ ਯੋਗਦਾਨ: ਸਾਲ 2004 ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਤਾਬਦੀ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਯੋਜਨਾਵਾਂ ਤਹਿਤ ਉਲੀਕੇ ਗਏ ਪੰਜ ਕਾਰਜਾਂ ਵਿਚ ਵਾਤਾਵਰਣ ਸੰਬੰਧੀ ਯੋਜਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਪ੍ਰਜੈਕਟ ਤਹਿਤ ਖਡੂਰ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ- ਤਰਨ ਤਾਰਨ ਸਾਹਿਬ, ਖਿਲਚੀਆਂ, ਗੋਇੰਦਵਾਲ ਸਾਹਿਬ, ਵੈਰੋਵਾਲ, ਜੰਡਿਆਲਾ, ਰਈਆ ਅਤੇ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ (ਵਾਇਆ ਵੇਈਂਪੂੰਈਂ) ਸੜਕਾਂ ਦੇ ਕਿਨਾਰਿਆਂ ’ਤੇ ਬੂਟੇ ਲਗਾਏ ਗਏ। ਪਿੰਡਾਂ ਦੀਆਂ ਜਨਤਕ ਥਾਵਾਂ ’ਤੇ ਬੂਟੇ ਲਗਾਏ ਗਏ।

ਬੂਟਿਆਂ ਨੂੰ ਤਿਆਰ ਕਰਨ ਵਾਸਤੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਦੋ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇੱਕ ਨਰਸਰੀ ਖਡੂਰ ਸਾਹਿਬ ਅਤੇ ਦੂਜੀ ਨਰਸਰੀ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਹੈ। ਇਨ੍ਹਾਂ ਨਰਸਰੀਆਂ ਵਿੱਚ ਕਈ ਤਰ੍ਹਾਂ ਦੇ ਛਾਂਦਾਰ, ਫੁੱਲਦਾਰ, ਫਲਦਾਰ ਬੂਟੇ ਤਿਆਰ ਹੁੰਦੇ ਹਨ।

ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਗ ਬਾਬਾ ਸਾਧੂ ਸਿੰਘ ਜੀ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ ਹੈ ਜਿਸ ਵਿੱਚ 36 ਪ੍ਰਕਾਰ ਦੇ ਫ਼ਲ ਤਿਆਰ ਹੁੰਦੇ ਹਨ। ਇਸ ਬਾਗ ਦੇ ਫ਼ਲ ਲੰਗਰ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਏ ਜਾਂਦੇ ਹਨ। ਇਸ ਮਿਸਾਲ ਨੇ ਇਲਾਕੇ ਦੇ ਲੋਕਾਂ ਨੂੰ ਵੀ ਬਾਗ ਲਾਉਣ ਲਈ ਉਤਸ਼ਾਹਿਤ ਕੀਤਾ ਹੈ।

ਪਿੰਡ ਮੰਡਾਲਾ ਵਿਖੇ ਜੈਵਿਕ (ਔਰਗੈਨਿਕ) ਖੇਤੀ ਆਰੰਭ ਕੀਤੀ ਗਈ ਹੈ। ਕਾਰ ਸੇਵਾ ਖਡੂਰ ਸਾਹਿਬ ਹਰ ਕਿਸਾਨ ਨੂੰ ਅਜਿਹੀ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੀ ਹੈ।

ਗੁਰੂ ਸਾਹਿਬਾਨ ਦੇ ਨਾਂ ’ਤੇ 10 ਪਾਰਕਾਂ ਦੀ ਸਥਾਪਨਾ:ਗਵਾਲੀਅਰ ਵਿਖੇ ਸਪੈਸ਼ਲ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸ਼ਹਿਰ ‘ਨਿਊ ਗਵਾਲੀਅਰ’ ਵਸਾਇਆ ਜਾ ਰਿਹਾ ਹੈ। ਇਸ ਵਿੱਚ ਦਸ ਪਾਰਕਾਂ ਦੀ ਤਿਆਰੀ ਅਤੇ ਸਾਂਭ-ਸੰਭਾਲ ਦਾ ਕਾਰਜ ਕਾਰ ਸੇਵਾ ਖਡੂਰ ਸਾਹਿਬ ਨੂੰ ਸੌਂਪਿਆ ਗਿਆ ਹੈ। ਪਾਰਕਾਂ ਵਿੱਚ ਪੰਜਾਬ ਦੇ ਰਵਾਇਤੀ ਬੂਟੇ ਜਿਵੇਂ ਪਿੱਪਲ, ਨਿੰਮ, ਬੇਰੀ, ਪਿਲਕਣ, ਆਂਵਲਾ, ਜਾਮਣ ਅਤੇ ਟਾਹਲੀ ਆਦਿ ਲਗਾਏ ਜਾ ਰਹੇ ਹਨ। ਇਨ੍ਹਾਂ ਦਸਾਂ ਪਾਰਕਾਂ ਦਾ ਨਾਮ ਦਸ ਗੁਰੂ ਸਾਹਿਬਾਨ ਦੇ ਨਾਮ ’ਤੇ ਰੱਖਿਆ ਗਿਆ ਹੈ। 

ਕਾਰ ਸੇਵਾ ਖਡੂਰ ਸਾਹਿਬ ਵੱਲੋਂ ਘਰ-ਘਰ ਬੂਟਾ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਇਸ ਤਹਿਤ ਇਲਾਕੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਇਉਂ ਹਰ ਘਰ ਵਿੱਚ ਹਰਿਆਲੀ ਪਹੁੰਚ ਗਈ। ਹੁਣ ਵੀ ਇਹ ਯਤਨ ਜਾਰੀ ਹਨ ਅਤੇ ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਇੱਕ ਬੂਟਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਸੰਭਾਲ ਮੁਹਿੰਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕੇ। ਹੁਣ ਤੱਕ ਤਕਰੀਬਨ 500 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ।

ਕੁਝ ਹੋਰ ਨਵੇਂ ਪ੍ਰੋਜੈਕਟ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਾਧੂ ਪਈ ਜ਼ਮੀਨ ਨੂੰ ਜੰਗਲ ਲਗਾ ਕੇ ਹਰਿਆ-ਭਰਿਆ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਕੁਝ ਮਰਲੇ ਜ਼ਮੀਨ ਦਾ ਯੋਗਦਾਨ ਪਾਉਂਦਿਆਂ ਆਪਣੀ ਜ਼ਮੀਨ ਵਿੱਚ 550 ਰੁੱਖਾਂ ਦਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਜੰਗਲ ਲਗਾਉਣ। ਬਾਬਾ ਸੇਵਾ ਸਿੰਘ ਜੀ ਇਸ ਸੰਬੰਧੀ ਅਪੀਲ ਕਰਦੇ ਹਨ ਕਿ ਇਸ ਜੰਗਲ ਵਿੱਚ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ ਜਾਣਗੇ। ਹੁਣ ਤੱਕ ਇਸ ਮੁਹਿੰਮ ਤਹਿਤ 74 ਜੰਗਲ ਲਗਾਏ ਜਾ ਚੁੱਕੇ ਹਨ ਅਤੇ ਆਉਂਦੇ ਸਮੇਂ ਵਿਚ 550 ਜੰਗਲ ਪੂਰੇ ਕੀਤੇ ਜਾਣੇ ਹਨ।

2019 ਵਿਚ ਨਵੇਂ ਬਣੇ ਅੰਮ੍ਰਿਤਸਰ-ਹਰੀਕੇ ਹਾਈਵੇ ’ਤੇ ਸੜਕ ਦੇ ਦੋਹੀਂ ਪਾਸੀਂ ਬੂਟੇ ਲਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਸੜਕ ਦੇ ਦੋਵੇਂ ਪਾਸੇ ਮਾਨਾਂਵਾਲਾ ਮੋੜ ਤੋਂ ਲੈ ਕੇ ਨੌਸ਼ਹਿਰਾ ਪੰਨੂਆਂ ਤੱਕ ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਝਬਾਲ-ਖੇਮਕਰਨ ਰੋਡ ’ਤੇ 15 ਕਿਲੋਮੀਟਰ ਸੜਕ ਦੁਆਲੇ ਬੂਟੇ ਲਗਾਏ ਗਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਗਏ ਇਕ ਮਤੇ ਤਹਿਤ ਇਤਿਹਾਸਕ ਗੁਰਦੁਆਰਿਆਂ ਦੀ ਪਰਿਕਰਮਾ ਵਿਚ ਬੂਟੇ ਲਗਾਏ ਜਾਣੇ ਹਨ। ਇਸ ਪ੍ਰੋਜੈਕਟ ਤਹਿਤ ਵੀ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸਰੋਵਰਾਂ ਦੀ ਪਰਿਕਰਮਾ ਵਿਚ ਬੂਟੇ ਲਗਾਏ ਜਾ ਚੁੱਕੇ ਹਨ।  ਵਾਤਾਵਰਣ ਦੀ ਸਾਂਭ ਸੰਭਾਲ ਦੇ ਕਾਰਜ ਨੂੰ ਹੱਥ ਲੈਣ ਕਾਰਨ ਬਾਬਾ ਸੇਵਾ ਸਿੰਘ ਨੂੰ ਭਾਰਤ ਸਰਕਾਰ, ਸੰਯੁਕਤ ਰਾਸ਼ਟਰ ਦੇ ਮੁਖੀ ਸਮੇਤ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਗਿਆ ਹੈ।­

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All