ਸੰਨ ਸੰਤਾਲੀ ਦੀ ਵੰਡ ਅਤੇ ਮੇਰਾ ਪਰਿਵਾਰ
ਮੇਰੇ ਦਾਦਾ ਜੀ ਅਤੇ ਵੱਡੇ ਵਡੇਰੇ ਪਿੰਡ ਜੌਕਾਲੀਆਂ, ਜ਼ਿਲ੍ਹਾ ਗੁਜਰਾਤ, ਪੰਜਾਬ, ਪਾਕਿਸਤਾਨ ਦੇ ਰਹਿਣ ਵਾਲੇ ਸਨ। ਦੇਸ਼ ਵੰਡ ਮਗਰੋਂ ਉਹ ਚੜ੍ਹਦੇ ਪੰਜਾਬ ’ਚ ਆ ਵੱਸੇ ਸਨ। ਮੇਰੇ ਦਾਦਾ ਜੀ ਅਤੇ ਪਿਤਾ ਜੀ ਆਪਣੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ।...
ਮੇਰੇ ਦਾਦਾ ਜੀ ਅਤੇ ਵੱਡੇ ਵਡੇਰੇ ਪਿੰਡ ਜੌਕਾਲੀਆਂ, ਜ਼ਿਲ੍ਹਾ ਗੁਜਰਾਤ, ਪੰਜਾਬ, ਪਾਕਿਸਤਾਨ ਦੇ ਰਹਿਣ ਵਾਲੇ ਸਨ। ਦੇਸ਼ ਵੰਡ ਮਗਰੋਂ ਉਹ ਚੜ੍ਹਦੇ ਪੰਜਾਬ ’ਚ ਆ ਵੱਸੇ ਸਨ। ਮੇਰੇ ਦਾਦਾ ਜੀ ਅਤੇ ਪਿਤਾ ਜੀ ਆਪਣੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ। ਮੇਰੇ ਦਾਦਾ ਜੀ ਉੱਥੇ ਵਪਾਰ ਕਰਦੇ ਸਨ। 1947 ਵਿੱਚ ਮੇਰੇ ਪਿਤਾ ਜੀ ਛੇਵੀਂ ਕਲਾਸ ਵਿੱਚ ਪੜ੍ਹਦੇ ਸਨ। ਉਹ ਦੱਸਦੇ ਸਨ ਕਿ ਮੰਡੀ ਬਹਾਉਦੀਨ ਨੇੜੇ ਸੀ, ਜਿੱਥੋਂ ਸਾਮਾਨ ਵਗੈਰਾ ਲੈ ਕੇ ਆਉਂਦੇ ਸਨ। ਬੜੀ ਸੁੱਖ ਸ਼ਾਂਤੀ ਅਤੇ ਅਮਨ ਅਮਾਨ ਦੀ ਜ਼ਿੰਦਗੀ ਜਿਊਂਦੇ ਸੀ, ਪਰ ਦਿਲਾਂ ਵਿੱਚ ਹਮੇਸ਼ਾ ਹੀ ਰਹਿੰਦਾ ਕਿ ਅਸੀਂ ਗ਼ੁਲਾਮ ਹਾਂ ਕਿਉਂਕਿ ਅੰਗਰੇਜ਼ਾਂ ਦੀ ਹਕੂਮਤ ਸੀ।
ਦੇਸ਼ ਨੂੰ ਆਜ਼ਾਦ ਕਰਾਉਣ ਦੀਆਂ ਕੋਸ਼ਿਸ਼ਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ। ਪਿੰਡ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਲਸੇ, ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਕਈ ਵਾਰ ਲੋਕ ਵੱਡੇ ਜਲਸਿਆਂ ਵਿੱਚ ਭਾਗ ਲੈਣ ਲਈ ਨੇੜੇ ਦੇ ਕਸਬੇ ਅਤੇ ਸ਼ਹਿਰਾਂ ਵਿੱਚ ਵੀ ਜਾਂਦੇ ਸੀ। ਫਿਰ ਖ਼ਬਰਾਂ ਆਉਣ ਲੱਗੀਆਂ ਕਿ ਜਲਦੀ ਹੀ ਦੇਸ਼ ਆਜ਼ਾਦ ਹੋ ਜਾਵੇਗਾ। ਜਦੋਂ ਵੀ ਆਜ਼ਾਦ ਹੋਣ ਦੀ ਖ਼ਬਰ ਆਉਂਦੀ ਤਾਂ ਪਿੰਡ ਅਤੇ ਘਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਜਾਂਦੀ ਕਿ ਅੰਗਰੇਜ਼ ਚਲੇ ਜਾਣਗੇ, ਸਾਡਾ ਆਪਣਾ ਰਾਜ ਹੋਵੇਗਾ ਤਾਂ ਖੁਸ਼ਹਾਲੀ ਹੋਵੇਗੀ।
ਫਿਰ ਖ਼ਬਰਾਂ ਆਉਣ ਲੱਗੀਆਂ ਕਿ ਅੰਗਰੇਜ਼ ਹਕੂਮਤ ਆਜ਼ਾਦੀ ਦੇਣ ਲਈ ਤਿਆਰ ਹੋ ਗਈ ਹੈ। ਨਾਲ ਨਾਲ ਇਹ ਖ਼ਬਰਾਂ ਵੀ ਆਉਣ ਲੱਗੀਆਂ ਕਿ ਦੇਸ਼ ਤਾਂ ਆਜ਼ਾਦ ਹੋਵੇਗਾ, ਪਰ ਦੇਸ਼ ਵਿੱਚ ਵੰਡ ਹੋਵੇਗੀ। ਵੰਡ ਦੀ ਸੁਣ ਕੇ ਫਿਰ ਸੋਚ ਵਿਚਾਰਾਂ ਸ਼ੁਰੂ ਹੋ ਗਈਆਂ। ਇਹ ਕੀ ਮੁੱਦਾ ਹੈ, ਅੱਜ ਤੱਕ ਸਰਕਾਰਾਂ, ਹਕੂਮਤਾਂ, ਬਾਦਸ਼ਾਹ, ਰਾਜੇ ਬਦਲਦੇ ਦੇਖੇ ਹਨ। ਅੰਗਰੇਜ਼ ਇੱਕ ਦੇਸ਼ ਨੂੰ ਦੋ ਭਾਗਾਂ ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ ਬਦਲ ਰਿਹਾ ਹੈ। ਨਾਗਰਿਕਾਂ ਨੇ ਆਪਣੇ ਦੇਸ਼ ਚੁਣਨੇ ਹੋਣਗੇ ਅਤੇ ਇਧਰ ਤੋਂ ਉਧਰ ਜਾਣਾ ਹੋਵੇਗਾ। ਸਾਡੇ ਪਿੰਡ ਦੇ ਹਿੰਦੂ ਅਤੇ ਸਿੱਖ ਲੋਕਾਂ ਨੇ ਹਿੰਦੋਸਤਾਨ ਵਿੱਚ ਵਸਣ ਦਾ ਫ਼ੈਸਲਾ ਕੀਤਾ। ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ। ਇਸ ਦੇ ਨਾਲ ਹੀ ਲੁੱਟ-ਮਾਰ ਸ਼ੁਰੂ ਹੋ ਗਈ। ਸਭ ਪਾਸੇ ਲੋਕ ਘਰਾਂ ਨੂੰ ਲੁੱਟ ਰਹੇ ਸਨ। ਬੰਦਿਆਂ ਨੂੰ ਮਾਰ ਰਹੇ ਸਨ। ਦੰਗੇ ਹੋ ਰਹੇ ਸਨ।
ਸਾਡੇ ਪਿੰਡ ਦੇ ਹਿੰਦੂ ਅਤੇ ਸਿੱਖ ਲੋਕ ਗੁਰਦੁਆਰੇ ਵਿੱਚ ਇਕੱਠੇ ਹੋ ਗਏ। ਇਹ ਫ਼ੈਸਲਾ ਹੋਇਆ ਕਿ ਦੰਗਾ ਕਰਨ ਵਾਲਿਆਂ ਨਾਲ ਦੋ-ਦੋ ਹੱਥ ਕਰਕੇ ਮੁਕਾਬਲਾ ਕੀਤਾ ਜਾਵੇ। ਉੱਥੇ ਉਨ੍ਹਾਂ ਲੋਕਾਂ ਨੇ ਸਾਮਾਨ ਇਕੱਠਾ ਕਰਕੇ ਪਾਈਪਾਂ ਆਦਿ ਜੋੜ ਕੇ ਇੱਕ ਬੰਦੂਕ ਬਣਾਈ। ਉਸ ਵਿੱਚ ਬਾਰੂਦ ਪਾ ਕੇ ਜਦੋਂ ਚਲਾਈ ਤਾਂ ਉਹ ਪੁੱਠੀ ਚੱਲ ਗਈ ਤੇ ਆਪਣੇ ਬੰਦਿਆਂ ਨੂੰ ਹੀ ਨੁਕਸਾਨ ਪਹੁੰਚਾ ਦਿੱਤਾ। ਆਦਮੀ ਗੁਰਦੁਆਰੇ ਵਿੱਚ ਬਣੀ ਇੱਕ ਛੋਟੀ ਨੀਵੀਂ ਛੱਤ ’ਤੇ ਚੜ੍ਹ ਗਏ। ਔਰਤਾਂ ਤੇ ਬੱਚੇ ਥੱਲੇ ਰਹਿ ਗਏ। ਦੰਗਾ ਕਰਨ ਵਾਲੇ ਗੁਰਦੁਆਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਗਏ। ਉਨ੍ਹਾਂ ਨੇ ਔਰਤਾਂ ਕੋਲੋਂ ਲੁੱਟਮਾਰ ਕੀਤੀ। ਬੱਚਿਆਂ ਨੂੰ ਮਾਰਨ ਲੱਗ ਗਏ। ਮੇਰੀ ਛੋਟੀ ਜਿਹੀ ਭੂਆ ਨੂੰ ਉਨ੍ਹਾਂ ਚੁੱਕ ਕੇ ਦੀਵਾਰ ਨਾਲ ਮਾਰਿਆ। ਉਹ ਉੱਥੇ ਹੀ ਮਰ ਗਈ। ਮੇਰੇ ਪਿਤਾ ਨੂੰ ਕਿਰਪਾਨਾਂ ਅਤੇ ਬਰਛਿਆਂ ਨਾਲ ਮਾਰ ਕੇ ਸੁੱਟ ਗਏ। ਦੰਗਈ ਬੰਦਿਆਂ ਨੂੰ ਲੱਭਣ ਲੱਗੇ। ਉਨ੍ਹਾਂ ਵਿੱਚੋਂ ਇੱਕ ਨੇ ਨੀਵੀਂ ਛੱਤ ’ਤੇ ਚੜ੍ਹ ਕੇ ਬੰਦੇ ਲੱਭ ਲਏ। ਫਿਰ ਉਹ ਦੰਗਈ ਉੱਥੇ ਚੜ੍ਹ ਕੇ ਬੰਦਿਆਂ ਨੂੰ ਮਾਰ ਮਾਰ ਕੇ ਥੱਲੇ ਸੁੱਟਣ ਲੱਗ ਗਏ। ਮੇਰੇ ਦਾਦਾ ਜੀ ਘਰੋਂ ਗੁਰਦੁਆਰੇ ਆਉਣ ਲੱਗਿਆਂ ਸੋਨੇ ਨੂੰ ਰੁਮਾਲ ਵਿੱਚ ਬੰਨ੍ਹ ਕੇ ਆਪਣੀ ਜੇਬ ਵਿੱਚ ਲੈ ਆਏ ਸੀ। ਜਦੋਂ ਦੰਗਾ ਕਰਨ ਵਾਲੇ ਨੇ ਦਾਦਾ ਜੀ ਨੂੰ ਫੜਿਆ ਤੇ ਮਾਰਨ ਲੱਗਾ ਤਾਂ ਦਾਦਾ ਜੀ ਨੇ ਉਸ ਨੂੰ ਉਹ ਸੋਨੇ ਵਾਲਾ ਰੁਮਾਲ ਦਿੱਤਾ ਤਾਂ ਉਸ ਨੇ ਦਾਦਾ ਜੀ ਨੂੰ ਬਿਨਾਂ ਜਾਨ ਤੋਂ ਮਾਰੇ ਹੀ ਥੱਲੇ ਸੁੱਟ ਦਿੱਤਾ। ਸਾਰੇ ਬੱਚਿਆਂ ਅਤੇ ਆਦਮੀਆਂ ਨੂੰ ਮਾਰ ਕੇ ਦੰਗਈ ਭੱਜ ਗਏ। ਉਨ੍ਹਾਂ ਵੱਲੋਂ ਮਰੇ ਸਮਝ ਕੇ ਸੁੱਟੇ ਬੱਚਿਆਂ ਵਿੱਚ ਅਜੇ ਕੋਈ ਜਿਊਂਦਾ ਸੀ ਅਤੇ ਦਰਦ ਦੇ ਮਾਰੇ ਚੀਕਾਂ ਮਾਰ ਰਿਹਾ ਸੀ। ਔਰਤਾਂ ਨੇ ਬੱਚਿਆਂ ਵਿੱਚੋਂ ਦੇਖਿਆ ਤਾਂ ਮੇਰੇ ਪਿਤਾ ਦਾ ਕੱਟਿਆ ਹੋਇਆ ਅੱਧਾ ਸਿਰ ਨਾਲ ਲਟਕ ਰਿਹਾ ਸੀ ਅਤੇ ਅੱਧੀ ਕੱਟੀ ਹੋਈ ਬਾਂਹ ਵੀ ਲਟਕ ਰਹੀ ਸੀ। ਉਨ੍ਹਾਂ ਦੇ ਸਾਹ ਅਜੇ ਚੱਲ ਰਹੇ ਸਨ। ਮੇਰੀ ਦਾਦੀ ਨੇ ਮੇਰੇ ਪਿਤਾ ਨੂੰ ਚੁੱਕ ਲਿਆ। ਜਿਊਂਦੀਆਂ ਬਚ ਗਈਆਂ ਔਰਤਾਂ ਰੋਂਦੀਆਂ ਕੁਰਲਾਉਂਦੀਆਂ ਗੁਰਦੁਆਰੇ ਵਿੱਚੋਂ ਨਿਕਲ ਕੇ ਸੜਕਾਂ ਵੱਲ ਚੱਲ ਪਈਆਂ ਅਤੇ ਪੈਦਲ ਹੀ ਸਟੇਸ਼ਨ ’ਤੇ ਪਹੁੰਚ ਗਈਆਂ। ਮੇਰੇ ਦਾਦਾ ਅੱਧੀ ਰਾਤ ਹੋਈ ਤਾਂ ਲਾਸ਼ਾਂ ਵਿੱਚੋਂ ਨਿਕਲ ਕੇ ਘਰਾਂ ਦੀਆਂ ਛੱਤਾਂ ਪਾਰ ਕਰਦੇ ਹੋਏ ਬਾਹਰਲੀ ਸੜਕ ’ਤੇ ਜਾਨ ਬਚਾਉਂਦੇ ਨਿਕਲ ਪਏ। ਸਟੇਸ਼ਨ ਤੋਂ ਗੱਡੀਆਂ ਲੋਕਾਂ ਨੂੰ ਭਾਰਤ ਵਿੱਚ ਪਹੁੰਚਾ ਰਹੀਆਂ ਸਨ। ਸਾਡੀ ਦਾਦੀ ਵੀ ਆਪਣੇ ਪੁੱਤਰ (ਮੇਰੇ ਪਿਤਾ ਜੀ) ਨੂੰ ਨਾਲ ਲੈ ਕੇ ਗੱਡੀ ’ਤੇ ਚੜ੍ਹ ਗਈ। ਮੇਰੇ ਪਿਤਾ ਦਰਦ ਦੇ ਮਾਰੇ ਚੀਕਾਂ ਮਾਰ ਰਹੇ ਸਨ। ਦੂਸਰੇ ਸਾਥੀ ਯਾਤਰੀਆਂ ਦੇ ਕਹਿਣ ’ਤੇ ਮੇਰੀ ਦਾਦੀ ਆਪਣੇ ਪੁੱਤਰ ਨੂੰ ਲੈ ਕੇ ਥੱਲੇ ਉਤਰ ਗਈ। ਜਿਹੜੀ ਗੱਡੀ ਤੋਂ ਦਾਦੀ ਥੱਲੇ ਉਤਰੀ ਸੀ, ਅਗਲੇ ਸਟੇਸ਼ਨ ’ਤੇ ਦੰਗਈਆਂ ਨੇ ਉਸ ਗੱਡੀ ਦੇ ਸਾਰੇ ਹੀ ਯਾਤਰੀਆਂ ਨੂੰ ਮਾਰ ਦਿੱਤਾ। ਅਗਲੇ ਦਿਨ ਭਾਰਤੀ ਫ਼ੌਜ ਉੱਥੇ ਗੱਡੀ ਨਾਲ ਪਹੁੰਚ ਗਈ ਅਤੇ ਦਾਦੀ ਉਹ ਗੱਡੀ ਚੜ੍ਹ ਕੇ ਅੰਮ੍ਰਿਤਸਰ ਪਹੁੰਚ ਗਈ। ਦਾਦਾ ਜੀ ਵੀ ਕਿਸੇ ਹੋਰ ਗੱਡੀ ’ਤੇ ਅੰਮ੍ਰਿਤਸਰ ਪਹੁੰਚ ਗਏ।
ਦਾਦਾ ਜੀ ਨੂੰ ਇਹ ਲੱਗਦਾ ਸੀ ਕਿ ਉਨ੍ਹਾਂ ਦੇ ਦੋਵੇਂ ਬੱਚੇ ਮਾਰ ਦਿੱਤੇ ਗਏ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਅੱਖੀਂ ਦੇਖਿਆ ਸੀ ਕਿ ਦੰਗਾ ਕਰਨ ਵਾਲਿਆਂ ਨੇ ਮਾਰ ਦਿੱਤੇ ਹਨ। ਪਰ ਦਾਦੀ ਦੇ ਜਿਊਂਦੀ ਹੋਣ ਬਾਰੇ ਕੁਝ ਨਹੀਂ ਪਤਾ ਸੀ। ਦਾਦੀ ਨੇ ਸਾਰੇ ਆਦਮੀਆਂ ਨੂੰ ਮਾਰ ਕੇ ਥੱਲੇ ਸੁੱਟਦਿਆਂ ਦੇਖਿਆ ਸੀ ਅਤੇ ਇਸ ਲਈ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਪਤੀ ਨੂੰ ਵੀ ਮਾਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਕੈਂਪ ਲੱਗੇ ਹੋਏ ਸਨ। ਉੱਜੜ ਕੇ ਆਏ ਹੋਏ ਲੋਕ ਦਰਬਾਰ ਸਾਹਿਬ ਵਿੱਚ ਹਾਜ਼ਰੀਆਂ ਭਰਦੇ ਅਤੇ ਅਰਦਾਸਾਂ ਕਰਦੇ ਸਨ। ਇੱਕ ਦਿਨ ਪਰਿਕਰਮਾ ਵਿੱਚ ਮੇਰੇ ਦਾਦਾ ਤੇ ਦਾਦੀ ਜੀ ਆਹਮੋ-ਸਾਹਮਣੇ ਮਿਲ ਗਏ। ਦੋਵੇਂ ਰੋਣ ਲੱਗ ਗਏ ਅਤੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ।
ਸੰਪਰਕ: 99966-50048

