ਦਰਦਮੰਦਾਂ ਦੀ ਦਰਦੀ
ਜਿਸ ਘਰ ਵੀ ਦੁੱਖ-ਸੁੱਖ ਹੁੰਦਾ ਉਹ ਝੱਟ ਉਥੇ ਅੱਪੜ ਜਾਂਦੀ ਦਰਦ ਵੰਡਾਉਣ ਲਈ। ਜੇ ਕਿਸੇ ਘਰ ਕੋਈ ਮਰਗ ਹੁੰਦੀ ਤਾਂ ਉਹ ਉਸ ਘਰ ਆਸਣ ਲਾ ਬਹਿੰਦੀ ਸੋਗ ਦੀ ਸਾਂਝੀਦਾਰ ਬਣਨ ਲਈ। ਉਹ ਦੁਖੀਏ ਲਈ ਦਿਲਾਸਾ, ਰੋਂਦੇ ਲਈ ਮੋਢਾ, ਗ਼ਰੀਬ-ਗੁਰਬੇ ਲਈ...
ਜਿਸ ਘਰ ਵੀ ਦੁੱਖ-ਸੁੱਖ ਹੁੰਦਾ ਉਹ ਝੱਟ ਉਥੇ ਅੱਪੜ ਜਾਂਦੀ ਦਰਦ ਵੰਡਾਉਣ ਲਈ। ਜੇ ਕਿਸੇ ਘਰ ਕੋਈ ਮਰਗ ਹੁੰਦੀ ਤਾਂ ਉਹ ਉਸ ਘਰ ਆਸਣ ਲਾ ਬਹਿੰਦੀ ਸੋਗ ਦੀ ਸਾਂਝੀਦਾਰ ਬਣਨ ਲਈ। ਉਹ ਦੁਖੀਏ ਲਈ ਦਿਲਾਸਾ, ਰੋਂਦੇ ਲਈ ਮੋਢਾ, ਗ਼ਰੀਬ-ਗੁਰਬੇ ਲਈ ਢੋਈ ਸੀ। ਅਸਲੋਂ ਹੀ ਰੱਬ ਦੇ ਰੰਗ ’ਚ ਰੱਤੀ ਹੋਈ ਰੂਹ, ਨਾਮ ਤਾਂ ਉਹਦਾ ਪ੍ਰਕਾਸ਼ ਕੌਰ ਸੀ ਪਰ ਸਾਰੇ ਉਸ ਨੂੰ ‘ਚਾਚੀ ਪਰਗਾਸੋ’ ਹੀ ਸੱਦਦੇ ਸਨ। ਦਰਅਸਲ ਉਹ ‘ਜਗਤ ਚਾਚੀ’ ਸੀ ਤੇ ਕਈ ਤਾਂ ਉਸ ਨੂੰ ‘ਦਾਦੀ ਪਰਗਾਸੋ’ ਵੀ ਕਹਿੰਦੇ। ਉਹ ਕਿਸੇ ਸਿਆਣੀ-ਬਿਆਣੀ ਦਾਦੀ ਵਾਂਗ ਸਭ ਪੁਰਾਤਨ ਰਹੁੁ-ਰੀਤਾਂ ਦੀ ਭਰਪੂਰ ਜਾਣਕਾਰੀ ਰੱਖਦੀ ਸੀ, ਬਸ ਵਿਸ਼ਵਕੋਸ਼ ਹੀ ਸਮਝੋ। ਜੇ ਕਿਸੇ ਨੇ ਕੋਈ ਬਜ਼ੁਰਗ ‘ਵੱਡਾ’ ਕੀਤਾ ਤਾਂ ਉਸ ਨਾਲ ਸਬੰਧਤ ਕਿਹੜੀ-ਕਿਹੜੀ ਰਹੁੁ-ਰੀਤ ਕਰਨੀ ਐਂ, ਧੀਆਂ-ਧਿਆਣੀਆਂ ਦਾ ਮਾਣ-ਤਾਣ ਕਿਵੇਂ ਕਰਨੈ, ਮਕਾਣ ਜਾਣ ਅਤੇ ਮੋੜਵੀਂ ਮਕਾਣ ਆਉਣ ਵੇਲੇ ਕੀ-ਕੀ ਕਰਨਾ ਹੁੰਦੈ, ਬਾਰੇ ਜਾਣਕਾਰੀ ਚਾਚੀ ਪਰਗਾਸੋ ਦੀਆਂ ਉਂਗਲਾਂ ’ਤੇ ਹੁੰਦੀ ਸੀ। ਅਜਿਹੇ ਵੇਲੇ ਉਹ ਕਿਰਤ ਕਰਨ ਵਾਲੀਆਂ ਬੀਬੀਆਂ ਦਾ ਖ਼ਾਸ ਖ਼ਿਆਲ ਰੱਖਦੀ।
ਹੁਣ ਤਾਂ ਸਾਡੇ ਪਿੰਡਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਮਕਾਣਾਂ ਦਾ ਰਿਵਾਜ ਹਟ ਗਿਐ ਪਰ ਕੁਝ ਦਹਾਕੇ ਪਹਿਲਾਂ ਮਰਗ ’ਤੇ ਮਕਾਣਾਂ ‘ਹੁੰਮ-ਹੁਮਾ’ ਕੇ ਆਉਂਦੀਆਂ ਹੁੰਦੀਆਂ ਸਨ। ਮੋੜਵੀਆਂ ਮਕਾਣਾਂ ਵੀ ਵਧ ਚੜ੍ਹ ਕੇ ਜਾਂਦੀਆਂ ਸਨ। ਕਾਫੀ ਪਿੱਟ-ਸਿਆਪਾ ਹੁੰਦਾ। ਘਰ ਬਾਹਰ ਦੀਆਂ ਔਰਤਾਂ ਇੱਕ ਗੋਲ ਦਾਇਰਾ ਬਣਾ ਲੈਂਦੀਆਂ, ਵਿਚਕਾਰ ਇੱਕ ਲਾਗਣ ਬੈਠ ਜਾਂਦੀ ਜੋ ਵੈਣਾਂ/ਕੀਰਨਿਆਂ ਦੇ ਬੋਲ ਚੁੱਕਦੀ ਰਹਿੰਦੀ ਅਤੇ ਘੇਰੇ ’ਚ ਖੜ੍ਹੀਆਂ ਔਰਤਾਂ ਕੀਰਨਿਆਂ ਨੂੰ ਸੁਰਬੱਧ ਕਰਕੇ ਵੈਰਾਗਮਈ ਲਹਿਜੇ ’ਚ ਗਾਉਂਦੀਆਂ ਰਹਿੰਦੀਆਂ। ਗੱਲ੍ਹਾਂ ਤੇ ਪੱਟਾਂ ਉੱਪਰ ਜ਼ੋਰ-ਜ਼ੋਰ ਦੀ ਦੁਹੱਥੜ ਮਾਰ-ਮਾਰ ਪਿਟਦੀਆਂ ਤੇ ਨਾਲ ਨਾਲ ‘ਹੈ ਹਾ ਸ਼ੇਰਾ, ਹੈ ਹਾ ਸ਼ੇਰਾ’ ਦੀ ਮੁਹਾਰਨੀ ਪੜ੍ਹਦੀਆਂ, ਜ਼ੋਰ-ਜ਼ੋਰ ਦੀ ਠਾਹ-ਠਾਹ ਦਾ ਖੜਾਕ ਕਰਦੀਆਂ ਸਨ। ਚਾਚੀ ਪਰਗਾਸੋ ਕੀਰਨਿਆਂ ਦੀ ਇਸ ਕਲਾ ਦੀ ਉਸਤਾਦ ਸੀ। ਉਹ ’ਕੱਲੀ ਹੀ ਬਾਕੀ ਮੋੜਵੀਂ ਮਕਾਣ ਵਾਲੀਆਂ ਔਰਤਾਂ ’ਤੇ ਭਾਰੂ ਪੈਂਦੀ। ਮੇਰੀ ਸ਼ਹਿਰਨ ਤੇ ਪ੍ਰੋਫੈਸਰ ਪਤਨੀ ਦਿਲਜੀਤ ਅਜੇ ਨਵੀਂ-ਨਵੀਂ ਵਿਆਹੀ ਆਈ ਸੀ ਜਦੋਂ ਸਾਡੀ ਰਿਸ਼ਤੇਦਾਰੀ ’ਚ ਇੱਕ ਮਰਗ ਹੋ ਗਈ। ਮੋੜਵੀਂ ਮਕਾਣ ਵੇਲੇ ਦਿਲਜੀਤ ਵੀ ਬਾਕੀ ਔਰਤਾਂ ਨਾਲ ਗੋਲ ਦਾਇਰੇ ’ਚ ਖੜ੍ਹ ਗਈ ਪਰ ਚਾਚੀ ਨੇ ਉਸ ਨੂੰ ਬੜੇ ਪਿਆਰ ਨਾਲ ਦਾਇਰੇ ’ਚੋਂ ਇਹ ਕਹਿ ਕੇ ਬਾਹਰ ਰਹਿਣ ਲਈ ਕਿਹਾ ਕਿ ‘ਤੈਨੂੰ ਅਜੇ ਇਹ ਕਲਾ ਨਹੀਂ ਆਉਂਦੀ, ਇਸ ਵਿੱਚ ਖੜਾਕ ਵਧੇਰੇ ਕਰੀਦੈ, ਜੇ ਸੱਚੀਂ-ਮੁੱਚੀ ਹੱਥਾਂ ਨੂੰ ਜ਼ੋਰ-ਜ਼ੋਰ ਦੀ ਗੱਲ੍ਹਾਂ ਅਤੇ ਪੱਟਾਂ ਉਪਰ ਮਾਰੀ ਜਾਈਏ ਤਾਂ ਲਾਸਾਂ ਪੈ ਜਾਣ।’ ਚਾਚੀ ਪਰਗਾਸੋ ਦਾ ਆਪਣਾ ਜੀਵਨ ਬੜਾ ਹੀ ਸੰਘਰਸ਼ਮਈ ਸੀ। ਉਸ ਨੇ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਕਰੀਬ 60 ਸਾਲ ਦਾ ਵਿਧਵਾਪਣ ਹੰਢਾਇਆ ਸੀ। ਉਸ ਦਾ ਪਤੀ (ਚਾਚਾ) ਪਾਖਰ ਸਿੰਘ ਸੱਠਵਿਆਂ ’ਚ ਚੱਲ ਵਸਿਆ ਸੀ। ਉਸ ਵੇਲੇ ਚਾਚੀ ਦੀ ਕੁੱਛੜ ਇੱਕ 3 ਮਹੀਨਿਆਂ ਦੀ ਬੱਚੀ ਸਣੇ ਉਸ ਦੇ ਕੁੱਲ 5 ਨਿਆਣੇ ਸਨ। ਨਿਮਨ ਮੱਧ ਵਰਗੀ ਕਿਸਾਨ ਪਰਿਵਾਰਾਂ ਵਿੱਚ ਉਨ੍ਹੀਂ-ਦਿਨੀਂ ਖੇਤੀ ’ਚੋਂ ਮਸਾਂ ਖਾਣ ਜੋਗੇ ਦਾਣੇ ਨਿਕਲਦੇ ਸਨ। ਖੇਤੀ ਵੀ ਸਾਰੀ ਹੱਥੀਂ ਹੁੰਦੀ ਸੀ। ਹਲਟਾਂ ਨਾਲ ਸਿੰਜਾਈ, ਹਲਾਂ ਨਾਲ ਵਹਾਈ ਅਤੇ ਫਲਿਆਂ ਨਾਲ ਗਹਾਈ ਹੁੰਦੀ ਸੀ। ਇਸ ਲਈ ਬੰਦੇ ਦਰਕਾਰ ਸਨ। ਉਸਦਾ ਘਰਵਾਲਾ ਤਾਂ ਚੱਲ ਵਸਿਆ ਅਤੇ ਬੱਚੇ ਅਜੇ ਛੋਟੇ ਸਨ। ਜੇਠਾ ਪੁੱਤਰ ਵੀ ਅਜੇ ਬੱਚਾ ਹੀ ਸੀ ਪਰ ਆਪਣੇ ਪਿਓ ਮਰਨ ਮਗਰੋਂ ਉਹ ਰਾਤੋ-ਰਾਤ ਬਹੁਤ ਵੱਡਾ ਹੋ ਗਿਆ ਸੀ। ਅਚਾਨਕ ਉਸ ਦਾ ਬਚਪਨ ਗੁਆਚ ਗਿਆ ਸੀ ਤੇ ਉਹ ਮਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹ ਗਿਆ ਸੀ। ਚਾਚੀ ਨੇ ਮਾਂ ਤੇ ਪਿਓ ਦੋਵੇਂ ਬਣ ਕੇ ਘਰ ਚਲਾਇਆ। ਫਿਰ ਬਾਕੀ ਬੱਚੇ ਵੀ ਨਾਲ ਸ਼ਾਮਿਲ ਹੋ ਗਏ। ਹੋਰਨਾਂ ਦੇ ਦੁੱਖ-ਸੁੱਖ ਦੀ ਸਾਥਣ ਤਾਂ ਉਹ ਹੈ ਹੀ ਸੀ ਪਰ ਆਪਣੇ ਦੁੱਖ ਨੂੰ ਉਹ ਕਦੀ ਵੀ ਮੱਥੇ ’ਤੇ ਨਹੀਂ ਸੀ ਚਿਪਕਾਉਂਦੀ। ਚਾਚੀ ਦੇ ਘਰ ਦਾ ਵਿਹੜਾ ਬਹੁਤ ਖੁੱਲ੍ਹਾ ਸੀ ਤੇ ਉਸ ਦਾ ਦਿਲ ਉਸ ਤੋਂ ਵੀ ਖੁੱਲ਼੍ਹਾ। ਵਿਹੜਾ ਖੁੱਲ੍ਹਾ ਹੋਣ ਕਾਰਨ ਉਥੇ ਆਂਢ-ਗੁਆਂਢ ਦੇ ਬੱਚੇ ਖੇਡਦੇ ਤੇ ਖੌਰੂ ਪਾਉਂਦੇ ਰਹਿੰਦੇ। ਵਿਹੜੇ ਵਿੱਚ ਇੱਕ ਬਹੁਤ ਵੱਡੀ ਬੇਰੀ ਹੁੰਦੀ ਸੀ, ਜਿਸ ਦੇ ਬੇਰ ਬੱਚਿਆਂ ਨੂੰ ਹੋਰ ਵੀ ਆਕਰਸ਼ਿਤ ਕਰਦੇ। ਚਾਚੀ ਨੇ ਕਦੀ ਮੱਥੇ ਵੱਟ ਨਹੀਂ ਸੀ ਪਾਇਆ। ਸਗੋਂ ਉਹ ਆਪ ਹੇਠਾਂ ਡਿੱਗੇ ਹੋਏ ਬੇਰ ਸਾਂਭ ਲੈਂਦੀ ਤੇ ਆਏ ਬੱਚਿਆਂ ਨੂੁੰ ਵੰਡ ਦਿੰਦੀ। ਬੜੇ ਪਿਆਰ ਨਾਲ ਕਹਿੰਦੀ,‘‘ਆ ਜਾਓ ਪੁੱਤ, ਖਾ ਲਓ ਬੇਰ।’’ ਬੱਚੇ ਆਪ ਵੀ ਬੇਰੀ ਤੋਂ ਬੇਰ ਤੋੜ ਲੈਂਦੇ। ਕਰੀਬ 93 ਸਾਲ ਦੀ ਉਮਰ ਭੋਗ ਕੇ ਚਾਚੀ ਪਰਗਾਸੋ ਇਸ ਚੜ੍ਹਦੀ ਫਰਵਰੀ ਰੱਬ ਨੂੰ ਪਿਆਰੀ ਹੋ ਗਈ। ਇਸ ਰੱਬੀ ਰੂਹ ਦੀ ਰੁਖ਼ਸਤੀ ਵੇਲੇ ਸਾਰਾ ਪਿੰਡ ਢੁਕਿਆ। ਪਰ ਹੁਣ ਸਾਡਾ ਪਿੰਡ ਗੰਢਵਾਂ ਦਰਦਮੰਦਾਂ ਦੇ ਦਰਦੀ ਤੋਂ ਵਿਹੂਣਾ ਹੋ ਗਿਐ। ਚਾਚੀ ਪਰਗਾਸੋ ਵਰਗੇ ਪੂਜਨੀਕ ਬਜ਼ੁਰਗ ‘ਡੱਬੀ’ ਵਿੱਚ ਸਾਂਭ ਕੇ ਰੱਖਣ ਲਾਇਕ ਹੁੰਦੇ ਹਨ। ਪਰ ਜੀਵਨ ਨਾਸ਼ਮਾਨ ਹੈ, ਮੌਤ ਤਾਂ ਆਖ਼ਰ ਆਉਣੀ ਹੀ ਹੈ। ਇਸ ਆਪਾ-ਧਾਪੀ ਅਤੇ ਡਿਜੀਟਲ ਦੌਰ ਵਿੱਚ, ਜਦ ਲੋਕ ਆਪੋ-ਆਪਣੇ ਘੁਰਨਿਆਂ ’ਚ ਘੁਸੇ ਰਹਿੰਦੇ ਹਨ, ਚਾਚੀ ਵਰਗੇ ਦਰਦ ਵੰਡਣ ਵਾਲੇ ਭਲਾ ਹੁਣ ਕਿਥੋਂ ਲਭਣੇ ਐਂ। ਚਾਚੀ ਪਰਗਾਸੋ ਵਰਗੀਆਂ ਰੱਬੀ ਰੂਹਾਂ ਦੀ ਰੁਖ਼ਸਤੀ ਸਮੇਂ ਹਾਸ਼ਮ ਸ਼ਾਹ ਦੀ ਇਹ ਸਲਾਹ ਵਾਰ ਵਾਰ ਯਾਦ ਆ ਰਹੀ ਹੈ, ਜਿਸ ਨੂੰ ਜੇ ਅਪਣਾ ਲਈਏ ਤਾਂ ਇਹ ਉਸ ਸੱਚੀ-ਸੁੱਚੀ ਨੇਕ ਆਤਮਾ ਪ੍ਰਤੀ ਸੱਚੇ ਸਤਿਕਾਰ ਦੀ ਸੂਚਕ ਹੋਵੇਗੀ।
ਸੰਪਰਕ: 98776-55055

