DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਗੜ੍ਹ ਦਾ ਦੂਜਾ ਪਾਸਾ

ਸਾਲ 2015 ਵਿੱਚ ਸੰਗਰੂਰ ਜ਼ਿਲ੍ਹੇ ਦੇ ਸੰਤ ਲੌਂਗੋਵਾਲ ਇੰਸਟੀਚਿਊਟ ਔਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਚੰਡੀਗੜ੍ਹ ਜਾਣ ਦਾ ਫ਼ੈਸਲਾ ਕੀਤਾ। ਸਾਡੇ ਮਨ ਵਿੱਚ ਚੰਡੀਗੜ੍ਹ ਨੂੰ ਲੈ ਕੇ...

  • fb
  • twitter
  • whatsapp
  • whatsapp
Advertisement

ਸਾਲ 2015 ਵਿੱਚ ਸੰਗਰੂਰ ਜ਼ਿਲ੍ਹੇ ਦੇ ਸੰਤ ਲੌਂਗੋਵਾਲ ਇੰਸਟੀਚਿਊਟ ਔਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਚੰਡੀਗੜ੍ਹ ਜਾਣ ਦਾ ਫ਼ੈਸਲਾ ਕੀਤਾ। ਸਾਡੇ ਮਨ ਵਿੱਚ ਚੰਡੀਗੜ੍ਹ ਨੂੰ ਲੈ ਕੇ ਉਤਸ਼ਾਹ ਸੀ। ਅਸੀਂ ਸੁਣਿਆ ਸੀ ਕਿ ਚੰਡੀਗੜ੍ਹ ਦੀ ਜ਼ਿੰਦਗੀ ਪੰਜਾਬ ਦੇ ਹੋਰ ਸ਼ਹਿਰਾਂ ਨਾਲੋਂ ਕਾਫ਼ੀ ਰੰਗੀਨ ਅਤੇ ਵੱਖਰੀ ਹੈ। ਉਸ ਵੇਲੇ ਤੱਕ ਚੰਡੀਗੜ੍ਹ ਦੇ ਗੇੜੀ ਰੂਟ, ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ, ਸੁਖਨਾ ਝੀਲ ਅਤੇ ਪਿਕਾਡਲੀ ਸਿਨੇਮਾ ਬਾਰੇ ਹੀ ਵੱਧ ਸੁਣਿਆ ਸੀ। ਇਸ ਕਾਰਨ ਮਨ ਵਿੱਚ ਇੱਕ ਧਾਰਨਾ ਬਣ ਗਈ ਸੀ ਕਿ ਚੰਡੀਗੜ੍ਹ ਦੇ ਨੌਜਵਾਨਾਂ ਦੀ ਜ਼ਿੰਦਗੀ ਬਹੁਤ ਰੌਣਕਾਂ ਭਰੀ ਹੁੰਦੀ ਹੋਵੇਗੀ।

ਜਿਉਂ ਹੀ ਅਸੀਂ ਚੰਡੀਗੜ੍ਹ ਪਹੁੰਚੇ, ਸਭ ਤੋਂ ਪਹਿਲਾਂ ਸਖ਼ਤ ਟਰੈਫਿਕ ਨਿਯਮਾਂ ਨਾਲ ਸਾਡਾ ਸਾਹਮਣਾ ਹੋਇਆ। ਇਸ ਤੋਂ ਬਾਅਦ ਰਹਿਣ ਲਈ ਕਮਰਾ ਲੱਭਣਾ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਸੀ। ਇਸ ਤਰ੍ਹਾਂ ਕਈ ਦਿਨ ਤਾਂ ਸਿਰਫ਼ ਨਵੇਂ ਸ਼ਹਿਰ ਵਿੱਚ ਆਪਣੇ ਆਪ ਨੂੰ ਢਾਲਣ ਵਿੱਚ ਹੀ ਲੰਘ ਗਏ। ਬਾਅਦ ਵਿੱਚ ਅਸੀਂ ਇੱਕ ਪ੍ਰਾਈਵੇਟ ਇੰਸਟੀਚਿਊਟ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਦਾਖ਼ਲਾ ਲੈ ਲਿਆ। ਉਸ ਸਮੇਂ ਸਾਨੂੰ ਲੱਗਦਾ ਸੀ ਕਿ ਹੁਣ ਛੇ ਮਹੀਨੇ ਜਾਂ ਇੱਕ ਸਾਲ ਵਿੱਚ ਸਾਡਾ ਕੋਈ ਨਾ ਕੋਈ ਪੇਪਰ ਜ਼ਰੂਰ ਕਲੀਅਰ ਹੋ ਜਾਵੇਗਾ। ਸਾਡੀ ਪਹਿਲਾਂ ਤੋਂ ਆਦਤ ਸੀ ਕਿ ਸਿਰਫ਼ ਕਲਾਸਾਂ ਲਾ ਲੈਣ ਨੂੰ ਹੀ ਪੜ੍ਹਾਈ ਸਮਝ ਲੈਂਦੇ ਸੀ ਅਤੇ ਕਲਾਸ ਤੋਂ ਬਾਅਦ ਅਕਸਰ ਘੁੰਮਣ-ਫਿਰਨ ਨਿਕਲ ਜਾਂਦੇ ਸੀ।

Advertisement

ਇਸ ਦੌਰਾਨ ਮੇਰੇ ਮਿੱਤਰ ਵੀਰਦਵਿੰਦਰ ਸਿੰਘ, ਜੋ ਸਾਡੇ ਨਾਲ ਹੀ ਕਲਾਸ ਵਿੱਚ ਪੜ੍ਹਦਾ ਸੀ, ਦੇ ਕਹਿਣ ’ਤੇ ਮੈਂ ਸੈਕਟਰ-42 ਦੀ ਲਾਇਬਰੇਰੀ ਜਾਣਾ ਸ਼ੁਰੂ ਕੀਤਾ। ਪਹਿਲੇ ਹੀ ਦਿਨ ਉੱਥੇ ਦਾ ਮਾਹੌਲ ਦੇਖ ਕੇ ਮੈਂ ਹੈਰਾਨ ਰਹਿ ਗਿਆ। ਵਿਦਿਆਰਥੀ ਸਵੇਰੇ ਅੱਠ ਵਜੇ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਅਤੇ ਰਾਤ ਦੇ ਅੱਠ-ਦਸ ਵਜੇ ਤੱਕ ਲਗਾਤਾਰ ਪੜ੍ਹਦੇ ਰਹਿੰਦੇ ਸਨ। ਉਸ ਦਿਨ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੰਜ਼ਿਲ ਹਾਸਲ ਕਰਨ ਲਈ ਕਿੰਨੀ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਸਿਰਫ਼ ਗੇੜੀਆਂ ਅਤੇ ਮਨੋਰੰਜਨ ਦਾ ਸ਼ਹਿਰ ਨਹੀਂ, ਸਗੋਂ ਹਜ਼ਾਰਾਂ ਨੌਜਵਾਨਾਂ ਦੇ ਸੰਘਰਸ਼ ਅਤੇ ਸੁਪਨਿਆਂ ਦਾ ਸ਼ਹਿਰ ਵੀ ਹੈ।

Advertisement

ਲਾਇਬਰੇਰੀ ਸਵੇਰੇ ਅੱਠ ਵਜੇ ਖੁੱਲ੍ਹਦੀ ਸੀ, ਪਰ ਵਿਦਿਆਰਥੀ ਸਵੇਰੇ ਸੱਤ ਵਜੇ ਹੀ ਆਪਣੇ ਬੈਗ ਲਾਈਨ ਵਿੱਚ ਰੱਖ ਜਾਂਦੇ ਸਨ ਤਾਂ ਜੋ ਉਨ੍ਹਾਂ ਨੂੰ ਬੈਠਣ ਲਈ ਸੀਟ ਮਿਲ ਸਕੇ। ਜੇ ਕੋਈ ਵਿਦਿਆਰਥੀ ਅੱਠ-ਸਾਢੇ ਅੱਠ ਵਜੇ ਤੱਕ ਆਉਂਦਾ ਤਾਂ ਅਕਸਰ ਉਸ ਨੂੰ ਸੀਟ ਨਹੀਂ ਮਿਲਦੀ ਸੀ। ਹੌਲੀ-ਹੌਲੀ ਮੈਨੂੰ ਚੰਡੀਗੜ੍ਹ ਦੀਆਂ ਹੋਰ ਲਾਇਬ੍ਰੇਰੀਆਂ ਬਾਰੇ ਵੀ ਪਤਾ ਲੱਗਿਆ, ਜਿੱਥੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਆਏ ਨੌਜਵਾਨ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਸਨ। ਇਨ੍ਹਾਂ ਲਾਇਬਰੇਰੀਆਂ ਵਿੱਚ ਜਾ ਕੇ ਵੇਖਿਆ ਕਿ ਕਿਵੇਂ ਪੰਜਾਬ ਦੇ ਛੋਟੇ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਵਿਦਿਆਰਥੀ ਆਪਣੀ ਕਿਸਮਤ ਆਪ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਲਾਇਬਰੇਰੀਆਂ ਨੇ ਮੈਨੂੰ ਇਹ ਸਮਝਾਇਆ ਕਿ ਚੰਡੀਗੜ੍ਹ ਦਾ ਇੱਕ ਹੋਰ ਚਿਹਰਾ ਵੀ ਹੈ, ਜੋ ਬਾਹਰੀ ਚਮਕ-ਦਮਕ ਤੋਂ ਕਿਤੇ ਵੱਧ ਗੰਭੀਰ ਅਤੇ ਪ੍ਰੇਰਣਾਦਾਇਕ ਹੈ। ਮੇਰੀ ਜਾਣ-ਪਛਾਣ ਵਿੱਚ ਜਿੰਨੇ ਵੀ ਮਿੱਤਰ ਸਨ, ਉਹ ਇਨ੍ਹਾਂ ਲਾਇਬਰੇਰੀਆਂ ਵਿੱਚ ਜਾਂਦੇ ਸਨ, ਉਨ੍ਹਾਂ ਸਭ ਨੇ ਆਪਣੀ ਆਪਣੀ ਮੰਜ਼ਿਲ ਵੀ ਪ੍ਰਾਪਤ ਕੀਤੀ।

ਚੰਡੀਗੜ੍ਹ ਸਿਰਫ਼ ਘੁੰਮਣ-ਫਿਰਨ ਜਾਂ ਗੇੜੀਆਂ ਲਗਾਉਣ ਲਈ ਨਹੀਂ ਬਣਿਆ; ਇਹ ਉਹ ਥਾਂ ਵੀ ਹੈ ਜਿੱਥੇ ਲੱਖਾਂ ਨੌਜਵਾਨ ਆਪਣੀਆਂ ਮੰਜ਼ਿਲਾਂ ਦੀ ਭਾਲ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਕਈ ਆਪਣੀ ਮੰਜ਼ਿਲ ਹਾਸਲ ਵੀ ਕਰ ਲੈਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਆਧੁਨਿਕ ਲਾਇਬਰੇਰੀਆਂ ਸਥਾਪਿਤ ਕੀਤੀਆਂ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਅਤੇ ਪ੍ਰੇਰਨਾ ਮਿਲ ਸਕੇ।

ਸੰਪਰਕ: 94782-50172

Advertisement
×