ਆਖ਼ਰ ਕੱਪੜੇ ਕੱਟਣਾ ਭੂਤ ਫੜਿਆ ਗਿਆ
ਗੱਲ ਲਗਪਗ ਤਿੰਨ ਕੁ ਦਹਾਕੇ ਪੁਰਾਣੀ ਹੈ। ਇੱਕ ਪਰਿਵਾਰ ਨੂੰ ਕੱਪੜੇ ਕੱਟਣੇ ਭੂਤ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਉਸ ਸਮੇਂ ਮੈਂ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਨਾਲ ਲੱਗਦੇ ਦਸਮੇਸ਼ ਨਗਰ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਇੱਕ ਕਰਿਆਨੇ...
ਗੱਲ ਲਗਪਗ ਤਿੰਨ ਕੁ ਦਹਾਕੇ ਪੁਰਾਣੀ ਹੈ। ਇੱਕ ਪਰਿਵਾਰ ਨੂੰ ਕੱਪੜੇ ਕੱਟਣੇ ਭੂਤ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਉਸ ਸਮੇਂ ਮੈਂ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਨਾਲ ਲੱਗਦੇ ਦਸਮੇਸ਼ ਨਗਰ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ।
ਇੱਕ ਕਰਿਆਨੇ ਦੀ ਦੁਕਾਨ ਤੋਂ ਮੈਂ ਘਰੇਲੂ ਸਾਮਾਨ ਖਰੀਦਿਆ ਕਰਦਾ ਸੀ। ਇਸ ਦੁਕਾਨ ਨੂੰ ਦੁਕਾਨ ਮਾਲਕ ਤੇ ਉਸ ਦੇ ਤਿੰਨ ਪੁੱਤਰ ਰਲ਼ ਕੇ ਚਲਾਉਂਦੇ ਸਨ। ਇੱਕ ਦਿਨ ਸੌਦਾ ਲੈਣ ਗਿਆ ਤਾਂ ਤਿੰਨਾਂ ਵਿੱਚੋਂ ਇੱਕ ਲੜਕੇ ਨੇ ਬੜੇ ਚਿੰਤਤ ਮਨ ਨਾਲ ਮੈਨੂੰ ਇੱਕ ਗੱਲ ਦੱਸੀ। ਉਸ ਦਾ ਕਹਿਣਾ ਸੀ ਕਿ ਜਦੋਂ ਵੀ ਪਰਿਵਾਰ ਦੇ ਕੱਪੜੇ ਧੋ ਕੇ ਕੋਠੇ ’ਤੇ ਸੁੱਕਣੇ ਪਾਏ ਜਾਂਦੇ ਹਨ ਤਾਂ ਕੱਪੜਿਆਂ ਵਿੱਚ ਟੁੱਕ ਲੱਗ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਰਿਸ਼ਤੇਦਾਰ ਔਰਤ ਵੱਲੋਂ ਭੇਜਿਆ ਹੋਇਆ ਭੂਤ ਇਹ ਕੰਮ ਕਰਦਾ ਹੈ।
ਕਈ ਵਾਰ ਪਰਿਵਾਰ ਦੇ ਜੀਆਂ ਨੇ ਕੱਪੜਿਆਂ ਦੀ ਨਿਗਰਾਨੀ ਵੀ ਰੱਖੀ, ਪਰ ਕਦੇ ਕੱਪੜਿਆਂ ਨੇੜੇ ਕੋਈ ਸ਼ਖ਼ਸ ਦਿਖਾਈ ਨਾ ਦਿੱਤਾ। ਮੈਂ ਭਾਵੇਂ ਆਪਣੀ ਸੋਚ ਮੁਤਾਬਿਕ ਉਨ੍ਹਾਂ ਨੂੰ ਭੂਤ-ਪ੍ਰੇਤ ਦਾ ਵਹਿਮ ਛੱਡਣ ਲਈ ਪ੍ਰੇਰਿਆ, ਪਰ ਉਨ੍ਹਾਂ ਲਈ ਮੇਰੀ ਗੱਲ ਦੇ ਬਹੁਤੇ ਮਾਅਨੇ ਨਹੀਂ ਸਨ। ਫਿਰ ਮਹੀਨੇ ਕੁ ਬਾਅਦ ਮੈਂ ਮੁੜ ਦੁਕਾਨ ’ਤੇ ਗਿਆ ਤਾਂ ਉਸ ਲੜਕੇ ਨੇ ਖ਼ੁਸ਼ੀ ਨਾਲ ਦੱਸਿਆ ਕਿ ਸੱਚ ਹੀ ਇਹ ਕਿਸੇ ਭੂਤ ਦਾ ਕੰਮ ਨਹੀਂ ਸੀ।
ਅਸਲ ਵਿੱਚ ਵਾਸ਼ਿੰਗ ਮਸ਼ੀਨ ਦੀ ਮੁਰੰਮਤ ਕਰਵਾਉਣ ਮਗਰੋਂ ਉਸ ਦੀ ਕੋਈ ਪੱਤੀ ਉੱਪਰ ਨੂੰ ਉੱਠੀ ਰਹਿ ਗਈ ਸੀ, ਜੋ ਕੱਪੜਿਆਂ ਨੂੰ ਨੁਕਸਾਨ ਰਹੀ ਸੀ। ਪੱਤੀ ਕਰਕੇ ਕੱਪੜਿਆਂ ’ਚ ਬਾਰੀਕ ਬਾਰੀਕ ਝਰੀਟਾਂ ਲੱਗ ਜਾਂਦੀਆਂ ਤੇ ਜਦੋਂ ਉਨ੍ਹਾਂ ਨੂੰ ਸੁੱਕਣੇ ਪਾਇਆ ਜਾਂਦਾ ਤਾਂ ਹਵਾ ਨਾਲ ਇਹ ਝਰੀਟਾਂ ਹੋਰ ਵੱਡੀਆਂ ਹੋ ਜਾਂਦੀਆਂ ਸਨ। ਉਹ ਸਾਰੇ ਖ਼ੁਸ਼ ਸਨ ਕਿ ਆਖ਼ਰ ਉਨ੍ਹਾਂ ਦੇ ਘਰ ਵੜਿਆ ਕੱਪੜੇ ਕੱਟਣਾ ਭੂਤ ਫੜਿਆ ਗਿਆ ਸੀ।

