ਬਟੂਏ ਦੀ ਸ਼ਰਾਰਤ

ਬਟੂਏ ਦੀ ਸ਼ਰਾਰਤ

ਪ੍ਰੋਫ਼ੈਸਰ ਬਸੰਤ ਸਿੰਘ ਬਰਾੜ

ਪ੍ਰੋਫ਼ੈਸਰ ਬਸੰਤ ਸਿੰਘ ਬਰਾੜ

ਜ਼ਿੰਦਗੀ ਵਿਚ ਬਹੁਤ ਸਾਰੇ ਅਜਿਹੇ ਅਨੁਭਵ ਹੁੰਦੇ ਹਨ ਕਿ ਅਗਾਂਹ ਤੋਂ ਉਹ ਅਸੂਲ ਦਾ ਰੂਪ ਧਾਰ ਲੈਂਦੇ ਹਨ। ਕੁਝ ਸਾਲ ਪਹਿਲਾਂ ਮੈਂ ਆਪਣੇ ਹੀ ਇਕ ਅਸੂਲ ਦਾ ਸ਼ਿਕਾਰ ਹੋ ਗਿਆ। ਮੇਰਾ ਮੰਨਣਾ ਹੈ ਕਿ ਜੇ ਤੁਹਾਡੇ ਘਰ ਕੋਈ ਨੌਕਰ ਕੰਮ ਕਰਦਾ ਹੈ ਤਾਂ ਆਪਣਾ ਕੀਮਤੀ ਸਾਮਾਨ ਸੰਭਾਲ ਕੇ ਰੱਖਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਜੇ ਕੋਈ ਚੀਜ਼ ਗੁੰਮ ਜਾਵੇ ਤਾਂ ਨੌਕਰ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ। ਗਰੀਬ ਲੋਕ ਅਮੀਰਾਂ ਨਾਲੋਂ ਵੱਧ ਨਹੀਂ ਤਾਂ ਘੱਟ ਇਮਾਨਦਾਰ ਵੀ ਨਹੀਂ ਹੁੰਦੇ। ਅਣਗਹਿਲੀ ਮਾਲਕ ਦੀ ਹੁੰਦੀ ਹੈ, ਜਾਂ ਪਰਿਵਾਰ ਦੇ ਕਿਸੇ ਜੀਅ ਦੀ ਹੇਰਾਫੇਰੀ ਹੁੰਦੀ ਹੈ ਪਰ ਸ਼ੱਕ ਅਕਸਰ ਘਰ ਦੇ ਨੌਕਰਾਂ ਤੇ ਕਰ ਲਿਆ ਜਾਂਦਾ ਹੈ ਅਤੇ ਉਹ ਗਰੀਬ ਨਹੱਕੇ ਕੁੱਟੇ ਜਾਂਦੇ ਹਨ ਜਾਂ ਬਦਨਾਮ ਹੋ ਜਾਂਦੇ ਹਨ।

ਗੁਆਂਢ ਵਿਚ ਵਾਪਰੇ ਕਿੱਸੇ ਵਿਚ ਮੇਰਾ ਸਿਧਾਂਤ ਠੀਕ ਸਿੱਧ ਹੋ ਗਿਆ ਸੀ। ਇਕ ਘਰ ਵਿਚ ਕਾਫ਼ੀ ਬਜ਼ੁਰਗ ਮੀਆਂ-ਬੀਵੀ ਰਹਿੰਦੇ ਹਨ। ਲੜਕਾ ਅਮਰੀਕਾ ਵਿਚ ਹੈ ਅਤੇ ਲੜਕੀ ਇੱਥੇ ਹੀ ਵਿਆਹੀ ਹੋਈ ਹੈ। ਖਾਂਦੇ-ਪੀਂਦੇ ਲੋਕ ਹਨ। ਪਿਤਾ ਦਾ ਅਪਰੇਸ਼ਨ ਕਰਵਾਉਣ ਲਈ ਲੜਕਾ ਅਤੇ ਉਸ ਦੀ ਪਤਨੀ ਆਏ। ਲੜਕੇ ਨੂੰ ਜਲਦੀ ਵਾਪਸ ਜਾਣਾ ਪੈ ਗਿਆ ਪਰ ਉਸ ਦੀ ਪਤਨੀ ਸੱਸ-ਸਹੁਰੇ ਦੀ ਸੇਵਾ ਕਰਨ ਲਈ ਕੁਝ ਦੇਰ ਹੋਰ ਰੁਕ ਗਈ। ਉਸ ਨੇ ਬਜ਼ੁਰਗਾਂ ਦੀ ਇੰਨੀ ਸੇਵਾ ਕੀਤੀ ਕਿ ਸਾਰਾ ਮੁਹੱਲਾ ਅਸ਼ ਅਸ਼ ਕਰ ਉੱਠਿਆ। ਜਦੋਂ ਜਾਣ ਦਾ ਸਮਾਂ ਨੇੜੇ ਆਇਆ ਤਾਂ ਖੁਸ਼ ਹੋਏ ਸਹੁਰੇ ਨੇ ਦੋਸਤ ਸਰਾਫ਼ ਨੂੰ ਫੋਨ ਕਰ ਕੇ ਆਪਣੀ ਨੂੰਹ ਲਈ ਦਸ ਕੁ ਤੋਲੇ ਦੇ ਗਹਿਣੇ ਖਰੀਦ ਦਿੱਤੇ। ਵਾਪਸ ਜਾਣ ਤੋਂ ਦੋ ਕੁ ਦਿਨ ਪਹਿਲਾਂ ਉਹ ਗਹਿਣੇ ਦਿਨ-ਦਿਹਾੜੇ ਲੋਪ ਹੋ ਗਏ!

ਘਰ ਦੀ ਮਾਲਕਣ ਨੇ ਕਿਹਾ ਕਿ ਚੋਰੀ ਨੌਕਰਾਣੀ ਨੇ ਕੀਤੀ ਹੈ। ਸਾਰੇ ਮੁਹੱਲੇ ਦੀਆਂ ਔਰਤਾਂ ਯੂਪੀ ਦੀ ਉਸ ਪੁਰਾਣੀ ਨੌਕਰਾਣੀ ਦੀ ਇਮਾਨਦਾਰੀ ਦੀਆਂ ਕਾਇਲ ਸਨ ਪਰ ਉਸ ਬਜ਼ੁਰਗ ਔਰਤ ਨੇ ਕਿਸੇ ਦੀ ਨਾ ਮੰਨੀ ਅਤੇ ਪੁਲੀਸ ਨੂੰ ਰਿਪੋਰਟ ਦੇ ਦਿੱਤੀ। ਪੁਲੀਸ ਨੇ ਹਰ ਤਰੀਕਾ ਵਰਤਿਆ ਪਰ ਉਹ ਵਿਚਾਰੀ ਕੁਰਲਾਈ ਗਈ ਕਿ ਉਸ ਨੇ ਚੋਰੀ ਨਹੀਂ ਕੀਤੀ। ਆਖ਼ਰ ਕੇਸ ਫ਼ਾਈਲ ਹੋ ਗਿਆ, ਨੌਕਰਾਣੀ ਛੱਡ ਦਿੱਤੀ ਗਈ ਅਤੇ ਨੂੰਹ ਖਾਲੀ ਹੱਥ ਵਾਪਸ ਚਲੀ ਗਈ। ਗੁਆਂਢ ਦੀਆਂ ਔਰਤਾਂ ਨੇ ਆਪਣੀ ਘੋਖ-ਪੜਤਾਲ ਜਾਰੀ ਰੱਖੀ ਜੋ ਪੁਲੀਸ ਨਾਲੋਂ ਜ਼ਿਆਦਾ ਬਰੀਕ ਹੀ ਹੁੰਦੀ ਹੈ। ਕੁਝ ਮਹੀਨਿਆਂ ਬਾਅਦ ਪਤਾ ਲੱਗ ਗਿਆ ਕਿ ਉਸ ਸੇਵਾਦਾਰ ਨੂੰਹ ਦੀ ਸੱਸ ਨੇ ਉਹ ਗਹਿਣੇ ਆਪਣੀ ਧੀ ਨੂੰ ਦੇ ਦਿੱਤੇ ਸਨ। ਉਸ ਔਰਤ ਦੀ ਬਹੁਤ ਬੇਇੱਜ਼ਤੀ ਹੋਈ ਪਰ ਸਭ ਤੋਂ ਵੱਡੀ ਸਜ਼ਾ ਇਹ ਮਿਲੀ ਕਿ ਫਿਰ ਕੋਈ ਵੀ ਨੌਕਰਾਣੀ ਉਸ ਦੇ ਘਰ ਕੰਮ ਕਰਨ ਲਈ ਤਿਆਰ ਨਹੀਂ ਹੋਈ ਅਤੇ ਹੁਣ ਉਹ ਆਪ ਹੀ ਗੋਡੇ-ਗਿੱਟੇ ਘਸੀੜਦੀ ਫਿਰਦੀ ਹੈ।

ਸਾਡੇ ਘਰ ਪਿਛਲੇ ਦਸ-ਪੰਦਰਾਂ ਸਾਲ ਤੋਂ ਪੰਜਾਬੀ ਨੌਕਰਾਣੀ ਕੰਮ ਕਰਦੀ ਹੈ: ਹੱਦ ਦਰਜੇ ਦੀ ਇਮਾਨਦਾਰ, ਰੱਜੀ ਰੂਹ, ਸਚਿਆਰੀ, ਸਾਫ਼-ਸੁਥਰੀ। ਪਿੱਛੇ ਜਿਹੇ ਕਿਸੇ ਪਿੰਡੋਂ ਉਸ ਦਾ ਭਾਣਜਾ ਕੰਮ ਦੀ ਤਲਾਸ਼ ਵਿਚ ਆ ਗਿਆ। ਅਸੀਂ ਉਹ ਮੁੰਡਾ ਸਾਰੇ ਦਿਨ ਲਈ ਰੱਖ ਲਿਆ। ਕਈ ਦਿਨ ਉਸ ਉੱਤੇ ਕਾਂ-ਅੱਖ ਰੱਖੀ। ਅਸੀਂ ਉਸ ਨੂੰ ਮੇਰੇ ਪੋਤੇ ਦੀ ਪੁਰਾਣੀ ਜੀਨ ਅਤੇ ਟੀ-ਸ਼ਰਟਾਂ ਦੇ ਦਿੱਤੀਆਂ। ਉਹ ਬਾਬੂ ਬਣ ਗਿਆ। ਕਾਰ ਧੋਂਦਾ, ਪੋਚੇ ਲਾਉਂਦਾ, ਬਰਤਨ ਸਾਫ਼ ਕਰਦਾ ਹੌਲੀ ਹੌਲੀ ਪੰਜਾਬੀ ਦੇ ਗੀਤ ਗੁਣਗੁਣਾਉਂਦਾ ਰਹਿੰਦਾ। ਉਹ ਥੋੜ੍ਹਾ ਚੱਕਵਾਂ ਜਿਹਾ ਅਤੇ ਲਾਪਰਵਾਹ ਜ਼ਰੂਰ ਸੀ ਪਰ ਚੋਰੀ ਕਰਨ ਵਾਲਾ ਨਹੀਂ ਲਗਦਾ ਸੀ। ਪੱਕੀ ਤਸੱਲੀ ਹੋ ਜਾਣ ਤੱਕ ਸਾਰਾ ਪਰਿਵਾਰ ਆਪਣੇ ਮੋਬਾਈਲ, ਪਰਸ ਆਦਿ ਸੰਭਾਲ ਕੇ ਰੱਖਦਾ।

ਇਕ ਦਿਨ ਜਦੋਂ ਉਹ ਮੇਰੇ ਕਮਰੇ ਦੀ ਸਫਾਈ ਕਰਨ ਆਇਆ ਤਾਂ ਮੈਂ ਸਟੱਡੀ-ਟੇਬਲ ਤੇ ਅਖ਼ਬਾਰ ਪੜ੍ਹ ਰਿਹਾ ਸੀ। ਉਸ ਦੇ ਸਾਹਮਣੇ ਮੈਂ ਦਰਾਜ਼ ਵਿਚੋਂ ਬਟੂਆ ਕੱਢ ਕੇ ਜੇਬ ਵਿਚ ਪਾ ਲਿਆ ਅਤੇ ਬਾਹਰ ਚਲਾ ਗਿਆ। ਕੁਰਸੀ ਤੇ ਬੈਠਣ ਲੱਗਿਆਂ ਬਟੂਆ ਦਰਾਜ਼ ਵਿਚ ਰੱਖਣ ਦੀ ਮੇਰੀ ਪੁਰਾਣੀ ਆਦਤ ਹੈ। ਉਸ ਨੇ ਪਹਿਲੀ ਵਾਰ ਮੇਰਾ ਬਟੂਆ ਦੇਖਿਆ ਸੀ; ਮੈਨੂੰ ਲੱਗਾ ਕਿ ਉਹ ਕੁਨੱਖਾ ਜਿਹਾ ਝਾਕਿਆ ਸੀ।

ਅਗਲੇ ਦਿਨ ਸ਼ਾਮ ਨੂੰ ਜਦ ਮੈਨੂੰ ਪੈਸਿਆਂ ਦੀ ਲੋੜ ਪਈ ਤਾਂ ਬਟੂਆ ਦਰਾਜ਼ ਵਿਚ ਨਾ ਮਿਲਿਆ। ਸੋਚਿਆ, ਪਿਛਲੀ ਰਾਤ ਸ਼ਾਇਦ ਕਿਤੇ ਹੋਰ ਰੱਖ ਬੈਠਾ ਹੋਵਾਂ। ਹੌਲੀ ਹੌਲੀ ਕਮਰਾ ਫਰੋਲਣਾ ਸ਼ੁਰੂ ਕਰ ਦਿੱਤਾ। ਅਲਮਾਰੀ ਵਿਚੋਂ ਕਿਤਾਬਾਂ ਅਤੇ ਸਾਰੇ ਕਾਗਜ਼ ਫਰੋਲ ਲਏ। ਕੱਪੜੇ ਬਾਹਰ ਕੱਢ ਕੇ ਝਾੜ ਝਾੜ ਕੇ ਦੇਖ ਲਏ। ਬੈੱਡ ਦੀ ਚਾਦਰ ਝਾੜ ਲਈ। ਡਬਲ ਬੈੱਡ ਦਾ ਗੱਦਾ ਚਾਰੇ ਪਾਸਿਆਂ ਤੋਂ ਚੁੱਕ ਕੇ ਦੋ ਵਾਰ ਦੇਖ ਲਿਆ। ਬੈੱਡ ਦੇ ਹੇਠ ਅਤੇ ਪਿੱਛੇ ਟਾਰਚ ਦੀ ਲਾਈਟ ਮਾਰ ਕੇ ਦੇਖ ਲਈ। ਕਿਤੇ ਨਾ ਮਿਲਿਆ।

ਮੈਨੂੰ ਪੂਰਾ ਸ਼ੱਕ ਸੀ ਕਿ ਬਟੂਆ ਉਹ ਮੁੰਡਾ ਲੈ ਗਿਆ, ਕਿਉਂਕਿ ਤੀਜੇ ਦਿਨ ਕੰਮ ਛੱਡ ਕੇ ਉਹ ਵਾਪਸ ਆਪਣੇ ਪਿੰਡ ਚਲਾ ਗਿਆ। ਕਸੂਰ ਮੇਰਾ ਸੀ। ਇਸ ਲਈ ਮੈਂ ਉਸ ਤੇ ਕੋਈ ਇਲਜ਼ਾਮ ਨਹੀਂ ਲਾਇਆ। ਫਿਰ ਕੌਣ ਹੈ ਜਿਸ ਤੋਂ ਇਸ ਉਮਰ ਵਿਚ ਕੋਈ ਗਲਤੀ ਨਾ ਹੋਈ ਹੋਵੇ? ਪੀੜ੍ਹੀ ਹੇਠ ਸੋਟਾ ਮਾਰੀਏ ਤਾਂ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਉਦੋਂ ਸਰਦੀਆਂ ਸਨ। ਮੈਂ ਘਰ ਵਿਚ ਕਹਿ ਦਿੱਤਾ ਕਿ ਸਵੇਰੇ ਪਾਰਕ ਵਿਚ ਸੈਰ ਕਰਨ ਜਾਣ ਵੇਲੇ ਮੈਂ ਬਟੂਆ ਅਤੇ ਮੋਬਾਈਲ ਓਵਰਕੋਟ ਦੀ ਇਕ ਹੀ ਜੇਬ ਵਿਚ ਪਾਏ ਸਨ, ਸ਼ਾਇਦ ਫੋਨ ਕੱਢਣ ਲੱਗਿਆਂ ਕਿਤੇ ਡਿੱਗ ਪਿਆ ਹੋਣਾ ਹੈ। ਦਿਲ ਟਿਕਾਉਣ ਲਈ ਇਹ ਝੂਠ ਵੀ ਬੋਲਣਾ ਪਿਆ ਕਿ ਉਸ ਵਿਚ ਪੈਸੇ ਥੋੜ੍ਹੇ ਹੀ ਸਨ। ਚਲੋ, ਗੱਲ ਆਈ ਗਈ ਹੋ ਗਈ। ਜਦ ਪੁਰਾਣੀ ਨੌਕਰਾਣੀ ਵਾਪਸ ਆ ਗਈ ਤਾਂ ਅਸੀਂ ਉਸ ਨੂੰ ਕੁਝ ਨਹੀਂ ਦੱਸਿਆ। ਵੈਸੇ ਅੰਦਰੋ-ਅੰਦਰੀ ਮੇਰੇ ਮਨ ਵਿਚ ਇਹ ਨੁਕਸਾਨ ਸਰਕੜੇ ਵਾਂਗ ਰੜਕਦਾ ਰਿਹਾ।

ਤਿੰਨ ਚਾਰ ਮਹੀਨਿਆਂ ਬਾਅਦ ਅਸੀਂ ਮਕਾਨ ਨੂੰ ਰੰਗ ਕਰਵਾਉਣਾ ਸ਼ੁਰੂ ਕਰ ਦਿੱਤਾ। ਛੱਤ ਤੇ ਰੰਗ ਕਰਨ ਲਈ ਬੈੱਡ ਵੀ ਬਾਹਰ ਕੱਢਣਾ ਸੀ। ਪੇਂਟਰ ਨੇ ਡਬਲ ਗੱਦਾ ਜਦ ਮਰੋੜਿਆ ਤਾਂ ਮੈਨੂੰ ਕਵਰ ਦੇ ਅੰਦਰ ਹੇਠਲੇ ਪਾਸੇ ਕੋਈ ਚੀਜ਼ ਹੋਣ ਦਾ ਸ਼ੱਕ ਪਿਆ। ਮੈਂ ਚੁੱਪ-ਚਾਪ ਉਸ ਦੇ ਪਿੱਛੇ ਜਾ ਕੇ ਗੱਦਾ ਉਲਟਾ ਕਰ ਕੇ ਫਰੋਲ ਲਿਆ ਅਤੇ ਬਟੂਆ ਗੱਦੇ ਦੇ ਵਿਚਾਲੇ ਪਿਆ ਸੀ। ਉਸ ਰਾਤ ਪੈਣ ਲੱਗਿਆਂ ਮੈਂ ਬਟੂਆ ਗੱਦੇ ਦੇ ਹੇਠ ਰੱਖ ਬੈਠਾ ਹੋਵਾਂਗਾ ਅਤੇ ਕਵਰ ਇਕ ਥਾਂ ਤੋਂ ਪਾਟਿਆ ਹੋਇਆ ਹੋਣ ਕਰ ਕੇ ਉਹ ਕਵਰ ਅੰਦਰ ਚਲਾ ਗਿਆ। ਲੱਭਣ ਵੇਲੇ ਗੱਦਾ ਚੁੱਕਣ ਨਾਲ ਉਹ ਖਿਸਕ ਕੇ ਵਿਚਾਲੇ ਚਲਾ ਗਿਆ।

ਖੁਸ਼ੀ ਵਿਚ ਮੈਂ ਮਸ਼ਹੂਰ ਯੂਨਾਨੀ ਵਿਗਿਆਨੀ ਆਰਕਿਮਿਡੀਜ਼ ਵਾਂਗ ਉੱਚੀ ਉੱਚੀ ‘ਮਿਲ ਗਿਆ, ਮਿਲ ਗਿਆ’ ਪੁਕਾਰ ਉੱਠਿਆ। ਮੇਰੇ ਦਿਲ-ਟਿਕਾਊ ਝੂਠ ਤਾਂ ਫੜੇ ਗਏ ਪਰ ਸਾਰੇ ਖੁਸ਼ ਸਨ। ਉਸ ਮੁੰਡੇ ਦੀ ਮਾਸੀ ਹੈਰਾਨ ਸੀ ਕਿ ਉਸ ਦੇ ਭਾਣਜੇ ਦੇ ਕੰਮ ਛੱਡਣ ਤੋਂ ਦੋ ਦਿਨ ਪਹਿਲਾਂ ਨੋਟਾਂ ਦਾ ਭਰਿਆ ਬਟੂਆ ਗੁੰਮ ਹੋਇਆ ਸੀ ਅਤੇ ਅਸੀਂ ਉਸ ਦੀ ਭਿਣਕ ਵੀ ਨਹੀਂ ਕੱਢੀ ਸੀ। ਜੇ ਅਸੀਂ ਮੁੰਡੇ ਨੂੰ ਥਾਣੇ ਦੇ ਦਿੰਦੇ ਤਾਂ ਉਸ ਨੇ ਤਾਂ ਕੀ, ਮੈਂ ਵੀ ਆਪਣੇ ਆਪ ਨੂੰ ਕਦੇ ਮੁਆਫ਼ ਨਹੀਂ ਕਰ ਸਕਣਾ ਸੀ।
ਸੰਪਰਕ: 98149-41214

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਨੂੰ ਟੱਪੀ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਕੂਚ ਬਿਹਾਰ ਵਰਗੀਆਂ ਹੋਰ ਹੱਤਿਆਵਾਂ ਦੀ ਧਮਕੀ ਦੇਣ ਵਾਲਿਆਂ ’ਤੇ ਰੋਕ ਲੱਗ...

ਸ਼ਹਿਰ

View All