DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਕਮਾ ਮਾਲ ਕਰੇ ਕਮਾਲ

ਮਹਿਕਮਾ ਮਾਲ ਕਈਆਂ ਨੂੰ ਅਜਿਹਾ ਕਰੇ ਨਿਹਾਲ ਕਿ ਉਹ ਹੋ ਜਾਏ ਮਾਲੋਮਾਲ ਤੇ ਦੂਜਾ ਹੋ ਜਾਵੇ ਕੰਗਾਲ। ਫਿਰ ਉਸ ਦੀ ਅਜਿਹੀ ਵਿਗਾੜੇ ਚਾਲ ਕਿ ਘੁੰਮਦੇ ਘੁੰਮਦੇ ਦਾ ਹੋ ਜਾਏ ਬੁਰਾ ਹਾਲ। ਕਸੂਰ ਮਹਿਕਮੇ ਦਾ ਤੇ ਭੁਗਤਣੀ ਪੈਂਦੀ ਏ ਜ਼ਮੀਨ ਮਾਲਕ...

  • fb
  • twitter
  • whatsapp
  • whatsapp
Advertisement

ਮਹਿਕਮਾ ਮਾਲ ਕਈਆਂ ਨੂੰ ਅਜਿਹਾ ਕਰੇ ਨਿਹਾਲ ਕਿ ਉਹ ਹੋ ਜਾਏ ਮਾਲੋਮਾਲ ਤੇ ਦੂਜਾ ਹੋ ਜਾਵੇ ਕੰਗਾਲ। ਫਿਰ ਉਸ ਦੀ ਅਜਿਹੀ ਵਿਗਾੜੇ ਚਾਲ ਕਿ ਘੁੰਮਦੇ ਘੁੰਮਦੇ ਦਾ ਹੋ ਜਾਏ ਬੁਰਾ ਹਾਲ। ਕਸੂਰ ਮਹਿਕਮੇ ਦਾ ਤੇ ਭੁਗਤਣੀ ਪੈਂਦੀ ਏ ਜ਼ਮੀਨ ਮਾਲਕ ਨੂੰ। ਗੱਲ ਮਾਲ ਮਹਿਕਮੇ ਦੇ ਕਾਗਜ਼ਾਂ ਵਿੱਚ ਹੋਈਆਂ ਗ਼ਲਤੀਆਂ ਦੀ ਹੈ। ਹੋ ਤਾਂ ਭਾਵੇ ਇਹ ਭੁਲੇਖੇ ਵਸ ਹੀ ਜਾਂਦੀਆਂ ਨੇ, ਪਰ ਮਾਲਕਾਂ ਨੂੰ ਅਜਿਹਾ ਖੁਆਰ ਕਰਦੀਆਂ ਨੇ ਕਿ ਉਨ੍ਹਾਂ ਦੀਆਂ ਨੀਂਦਰਾਂ ਹਰਾਮ ਹੋ ਜਾਂਦੀਆਂ ਨੇ।

ਹੁਣ ਭਾਵੇਂ ਜ਼ਮੀਨ ਦੀ ਮਾਲਕੀ ਸਬੰਧੀ ਜਮ੍ਹਾਂਬੰਦੀ ਤੇ ਇੰਤਕਾਲ ਕੰਪਿਊਟਰ ਨਾਲ ਲਿਖੇ ਅਤੇ ਦਰਜ ਕੀਤੇ ਜਾ ਰਹੇ ਹਨ। ਪਰ ਪਹਿਲਾਂ ਇਹ ਸਾਰਾ ਕੰਮ ਪਟਵਾਰੀ ਹੱਥੀਂ ਕਰਦੇ ਸਨ। ਗ਼ਲਤੀਆਂ ਉਸ ਵੇਲੇ ਵੀ ਹੁੰਦੀਆਂ ਸਨ ਤੇ ਹੁਣ ਵੀ ਹੋ ਰਹੀਆਂ ਨੇ। ਜੇ ਕੋਈ ਕੰਮ ਕਰੂ ਗ਼ਲਤੀਆਂ ਤਾਂ ਹੋਣਗੀਆਂ ਹੀ। ਪਰ ਜੇ ਜ਼ਿੰਮੇਵਾਰੀ ਸਮਝ ਕੇ ਗ਼ਲਤੀ ਨੂੰ ਸਮੇਂ ਸਿਰ ਸੁਧਾਰ ਲਿਆ ਜਾਵੇ ਤਾਂ ਗੱਲ ਬਣੀ ਰਹਿੰਦੀ ਹੈ ਤੇ ਜੇ ਸੁਧਾਰਨ ਵਾਲਾ ਲਟਕਾਈ ਜਾਵੇ ਤਾਂ ਫਿਰ ਸਿਰ ਸੁਆਹ ਵੀ ਪੈਂਦੀ ਹੈ। ਮਿਸਾਲ ਦੇ ਤੌਰ ’ਤੇ ਇੱਕ ਮਾਲਕ ਦਾ ਇੰਤਕਾਲ ਵਿਰਾਸਤ ਹੱਥੀਂ ਦਰਜ ਕਰਨ ਵੇਲੇ ਪਟਵਾਰੀ ਨੇ ਉਸ ਦਾ ਨਾਂ ਦਿਲਾਵਰ ਸਿੰਘ ਲਿਖਿਆ ਸੀ ਪਰ ਲੈਂਡ ਰਿਕਾਰਡ ਸੁਸਾਇਟੀ ਪੰਜਾਬ ਦੇ ਕਿਸੇ ਡਾਟਾ ਐਂਟਰੀ ਵਾਲੇ ਕਰਮਚਾਰੀ ਤੋਂ ਨਵੀਂ ਜ਼ਮ੍ਹਾਬੰਦੀ ਕੰਪਿਊਟਰ ਰਾਹੀਂ ਤਿਆਰ ਕਰਨ ਵੇਲੇ ਦਿਲਾਵਰ ਸਿੰਘ ਦੀ ਥਾਂ ਦਿਲਵਰ ਸਿੰਘ ਦਰਜ ਹੋ ਗਿਆ ਜਿਸ ਨਾਲ ਦਿਲਵਰ ਸਿੰਘ ਤਾਂ ਮਾਲਕ ਬਣ ਗਿਆ ਪਰ ਦਿਲਾਵਰ ਸਿੰਘ ਹੋ ਗਿਆ ਬੇਜ਼ਮੀਨਾ।

Advertisement

ਇੰਝ ਹੀ ਇੱਕ ਹੋਰ ਵਸੀਅਤ ਵਿੱਚ ਦਰਜ ਬਲਰਾਮ ਨਾਂ ਦੇ ਇੱਕ ਵਿਅਕਤੀ ਦਾ ਵਿਰਾਸਤ ਦਾ ਇੰਤਕਾਲ ਦਰਜ ਕਰਦਿਆਂ ਪਟਵਾਰੀ ਕੋਲੋਂ ਬੇਲੀ ਰਾਮ ਲਿਖਿਆ ਗਿਆ। ਬਾਅਦ ਵਿੱਚ ਪਤਾ ਲੱਗਣ ’ਤੇ ਬਲਰਾਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਡਰ ਸੀ ਕਿ ਅੱਜ ਦੇ ਠੱਗੀਆਂ ਭਰੇ ਜ਼ਮਾਨੇ ਵਿੱਚ ਕੋਈ ਹੋਰ ਹੀ ਨਾ ਉਹਨੂੰ ਠਿੱਬੀ ਲਾ ਕੇ ਤੁਰਦਾ ਬਣੇ। ਬਾਅਦ ਵਿੱਚ ਭਾਵੇਂ ਮਾਲਕਾਂ ਵੱਲੋਂ ਬੇਨਤੀ ਪੱਤਰਾਂ ਰਾਹੀਂ ਕੀਤੀ ਚਾਰਾਜੋਈ ਕਾਰਨ ਇਹ ਗ਼ਲਤੀਆਂ ਦਰੁਸਤ ਤਾਂ ਹੋ ਹੀ ਗਈਆਂ ਹੋਣਗੀਆਂ ਪਰ ਉਨ੍ਹਾਂ ਨੂੰ ਦੌੜ ਭੱਜ ਤੇ ਸਮੇਂ ਦੀ ਬਰਬਾਦੀ ਤਾਂ ਝੱਲਣੀ ਹੀ ਪਈ ਹੋਵੇਗੀ।

Advertisement

ਮਾਲ ਰਿਕਾਰਡ ਵਿੱਚ ਅਜਿਹੀਆਂ ਹੋਰ ਵੀ ਅਨੇਕਾਂ ਗ਼ਲਤੀਆਂ ਹੋਈਆਂ ਹੋਣਗੀਆਂ, ਜੋ ਕਿ ਕੋਈ ਨਵਾਂ ਵਰਤਾਰਾ ਨਹੀਂ। ਇਨ੍ਹਾਂ ਨੂੰ ਦਰੁਸਤ ਕਰਨ ਲਈ ਪਟਵਾਰੀ ਕੋਲ ਫਰਦ ਬਦਰ ਦਰਜ ਕਰਨ ਦਾ ਅਧਿਕਾਰ ਹੈ। ਖੈਰ, ਕੁੱਝ ਵੀ ਹੋਵੇ ਪਟਵਾਰੀ ਅਤੇ ਕੰਪਿਊਟਰ ਅਪਰੇਟਰ ਗ਼ਲਤੀਆਂ ਕਰਨ ਦੇ ਬਾਵਜੂਦ ਕਲਾ ਅਤੇ ਸੰਗੀਤ ਪ੍ਰੇਮੀ ਜਾਪਦੇ ਨੇ ਜਿਨ੍ਹਾਂ ਨੇ ਪੰਥ ਦੇ ਮਹਾਨ ਢਾਡੀ ਮਹਰੂਮ ਪਿਓ-ਪੁੱਤਰ ਗਿਆਨੀ ਦਇਆ ਸਿੰਘ ਦਿਲਵਰ, ਢਾਡੀ ਕੁਲਜੀਤ ਸਿੰਘ ਦਿਲਵਰ ਅਤੇ ਅਲਗੋਜ਼ਾ ਵਾਦਕ ਬੇਲੀ ਰਾਮ ਜੀ ਦੀ ਯਾਦ ਤਾਜ਼ਾ ਕਰਵਾਉਣ ਦਾ ਮਾਣ ਖੱਟਿਆ ਹੈ।

ਸੰਪਰਕ: 98142-80838

Advertisement
×