DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੁੱਪ ਦੇ ਮਾਅਨੇ

ਚੁੱਪ ਦੀਆਂ ਵੱਖ-ਵੱਖ ਸਥਿਤੀਆਂ ਦੇ ਵੱਖੋ-ਵੱਖਰੇ ਅਰਥ ਹੁੰਦੇ ਹਨ। ਸਿੱਧੇ ਤੌਰ ’ਤੇ ਚੁੱਪ ਦਾ ਭਾਵ ਹੈ ਨਾ ਬੋਲਣਾ ਪਰ ਜੇਕਰ ਸਥਿਤੀਆਂ ਅਨੁਸਾਰ ਵਾਚੀਏ ਤਾਂ ਚੁੱਪ ਕਈ ਵਾਰ ਬਹੁਤ ਕੁਝ ਬਿਆਨ ਕਰ ਜਾਂਦੀ ਹੈ। ਗੁਰਬਾਣੀ ਦਾ ਫਰਮਾਨ ਹੈ: ਜਿਥੈ ਬੋਲਣਿ ਹਾਰੀਐ...

  • fb
  • twitter
  • whatsapp
  • whatsapp
Advertisement

ਚੁੱਪ ਦੀਆਂ ਵੱਖ-ਵੱਖ ਸਥਿਤੀਆਂ ਦੇ ਵੱਖੋ-ਵੱਖਰੇ ਅਰਥ ਹੁੰਦੇ ਹਨ। ਸਿੱਧੇ ਤੌਰ ’ਤੇ ਚੁੱਪ ਦਾ ਭਾਵ ਹੈ ਨਾ ਬੋਲਣਾ ਪਰ ਜੇਕਰ ਸਥਿਤੀਆਂ ਅਨੁਸਾਰ ਵਾਚੀਏ ਤਾਂ ਚੁੱਪ ਕਈ ਵਾਰ ਬਹੁਤ ਕੁਝ ਬਿਆਨ ਕਰ ਜਾਂਦੀ ਹੈ। ਗੁਰਬਾਣੀ ਦਾ ਫਰਮਾਨ ਹੈ: ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।। ਇਸ ਤੋਂ ਭਾਵ ਹੈ ਕਿ ਜਿਸ ਥਾਂ ਬੋਲਣ ਦਾ ਕੋਈ ਲਾਭ ਨਹੀਂ ਜਾਂ ਬੋਲਣ ਨਾਲ ਕੰਮ ਵਿਗੜ ਸਕਦਾ ਹੈ ਤਾਂ ਉੱਥੇ ਚੁੱਪ ਹੀ ਚੰਗੀ ਹੁੰਦੀ ਹੈ। ਆਦਤ ਅਨੁਸਾਰ ਬੋਲਣ ਵਾਲੇ ਬੰਦੇ ਨੂੰ ਜੇਕਰ ਚੁੱਪ ਰਹਿਣਾ ਪੈ ਜਾਵੇ ਤਾਂ ਉਸ ਨੂੰ ਬੜਾ ਔਖਾ ਲੱਗਦਾ ਹੈ।

ਜਿਨ੍ਹਾਂ ਵਿਅਕਤੀਆਂ ਨੂੰ ਦੂਜਿਆਂ ਦੀ ਨਿੰਦਾ ਚੁਗਲੀ ਕਰ ਕੇ ਆਨੰਦ ਲੈਣ ਦਾ ਭੁਸ ਪੈ ਜਾਂਦਾ ਹੈ, ਉਨ੍ਹਾਂ ਦਾ ਚੁੱਪ ਰਹਿ ਕੇ ਢਿੱਡ ਆਫਰ ਜਾਂਦਾ ਹੈ। ਉਹ ਆਪਣੇ ਮਨ ਦਾ ਗੁਬਾਰ ਕੱਢਣ ਲਈ ਕਾਹਲੇ ਪੈ ਜਾਂਦੇ ਹਨ। ਜੇ ਕੋਈ ਵਿਅਕਤੀ ਆਪਣੀ ਦਲੀਲ ਜਾਂ ਰੋਅਬ ਨਾਲ ਦੂਜੇ ਨੂੰ ਗੱਲ ਨਾ ਆਉਣ ਦੇਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਸ ਨੇ ਦੂਜੇ ਬੰਦੇ ਦੀ ਬੋਲਤੀ ਬੰਦ ਕਰ ਦਿੱਤੀ ਭਾਵ ਚੁੱਪ ਕਰਵਾ ਦਿੱਤਾ ਹੈ।

Advertisement

ਫਿਰ ਵੀ ਕਿਸੇ ਸਮਝਦਾਰ ਇਨਸਾਨ ਦੀ ਚੁੱਪ ਦਾ ਗ਼ਲਤ ਅੰਦਾਜ਼ਾ ਨਹੀਂ ਲਾ ਲੈਣਾ ਚਾਹੀਦਾ ਕਿ ਉਹ ਕਮਜ਼ੋਰ ਜਾਂ ਡਰਾਕਲ ਹੈ। ਹੋ ਸਕਦਾ ਹੈ ਕਿ ਉਸ ਦੀ ਚੁੱਪ ਇਹ ਸੰਕੇਤ ਕਰ ਰਹੀ ਹੋਵੇ: ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥ ਸ਼ਾਇਦ ਸਿਆਣਾ ਇਨਸਾਨ ਦੂਜੇ ਬੰਦੇ ਤੋਂ ਕੰਨੀ ਕਤਰਾ ਰਿਹਾ ਹੋਵੇ, ਤਾਹੀਓਂ ਚੁੱਪ ਵੱਟੀ ਹੋਵੇ। ਕਈ ਵੱਡਿਆਂ ਦੇ ਸਤਿਕਾਰ ਵਜੋਂ ਵੀ ਚੁੱਪ ਰਹਿੰਦੇ ਹਨ।

Advertisement

ਕੁਝ ਲੋਕ ਆਪਣੀ ਚੁੱਪ ਵਿੱਚ ਵੀ ਬਹੁਤ ਕੁਝ ਕਹਿ ਜਾਂਦੇ ਹਨ ਕਿਉਂਕਿ ਬੋਲਣ ਤੋਂ ਬਿਨਾਂ ਮਨੁੱਖ ਦੇ ਸਰੀਰਕ ਹਾਵ-ਭਾਵ ਵੀ ਬਹੁਤ ਕੁਝ ਕਹਿ ਜਾਂਦੇ ਹਨ। ਇੱਥੋਂ ਤੱਕ ਕਿ ਕਈ ਲੋਕਾਂ ਦੀ ਚੁੱਪ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੀ ਅਤੇ ਡਰਾਉਂਦੀ ਹੈ ਜਿਵੇਂ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ। ਆਪਣੇ ਜਾਣਕਾਰਾਂ ਜਾਂ ਪਰਿਵਾਰਕ ਮੈਂਬਰਾਂ ਬਾਰੇ ਅਕਸਰ ਅਸੀਂ ਜਾਣਦੇ ਹਾਂ ਕਿ ਕਈ ਵਾਰ ਉਨ੍ਹਾਂ ਦੀ ਚੁੱਪ ਗੁੱਸੇ ਦਾ ਸੰਕੇਤ ਹੁੰਦੀ ਹੈ। ਕਈ ਵਾਰ ਪ੍ਰਤੀਕਿਰਿਆ ਨਾ ਦੇ ਕੇ ਬੰਦਾ ਚੁੱਪ ਹੋ ਜਾਂਦਾ ਹੈ ਤਾਂ ਵੀ ਉਸ ਤੋਂ ਡਰ ਲੱਗਦਾ ਹੈ। ਕਈ ਵਾਰ ਇਹ ਚੁੱਪ ਜਵਾਲਾਮੁਖੀ ਵਾਂਗ ਫਟ ਵੀ ਜਾਂਦੀ ਹੈ। ਚੁੱਪ ਵੱਟੀ ਹੋਣ ਦਾ ਭਾਵ ਕਿਸੇ ਦਾ ਗੁੱਸਾ ਜਾਂ ਵਿਰੋਧ ਵੀ ਹੋ ਸਕਦਾ ਹੈ। ਜੋ ਉਦੋਂ ਤੱਕ ਨਹੀਂ ਘਟਦਾ ਜਦੋਂ ਤੱਕ ਚੁੱਪ ਨਾ ਟੁੱਟ ਜਾਵੇ। ਅਜਿਹੀ ਸਥਿਤੀ ਵਿੱਚ ਗੱਲਬਾਤ ਕਰ ਲੈਣੀ ਚਾਹੀਦੀ ਹੈ। ਕਈ ਲੋਕ ਆਦਤ ਅਨੁਸਾਰ ਚੁੱਪ ਰਹਿੰਦੇ ਹਨ। ਇਸ ਚੁੱਪ ਨੂੰ ਕਿਸੇ ਤਰ੍ਹਾਂ ਵੀ ਗ਼ਲਤ ਨਹੀਂ ਸਮਝਣਾ ਚਾਹੀਦਾ। ਹਾਂ, ਜੇਕਰ ਚੁੱਪ ਥੋੜ੍ਹ-ਚਿਰੀ ਹੈ ਤਾਂ ਇਹ ਸਹਿਜ ਵੀ ਹੋ ਸਕਦੀ ਹੈ। ਜੇਕਰ ਚੁੱਪ ਦੀ ਆਦਤ ਨਾ ਹੋਵੇ ਪਰ ਚੁੱਪ ਲੰਮੀ ਹੋ ਜਾਵੇ ਤਾਂ ਉਸ ਵਿਅਕਤੀ ਬਾਰੇ ਉਸ ਦੇ ਨਜ਼ਦੀਕੀਆਂ ਨੂੰ ਸੋਚਣਾ ਬਣਦਾ ਹੈ। ਅਚਾਨਕ ਕਿਸੇ ਦਾ ਚੁੱਪ ਹੋ ਜਾਣਾ ਗੰਭੀਰ ਸੰਕੇਤ ਵੀ ਹੋ ਸਕਦਾ ਹੈ, ਜਿਸ ਦਾ ਕਾਰਨ ਮਾਨਸਿਕ ਤਣਾਅ ਵੀ ਹੋ ਸਕਦਾ ਹੈ। ਇਸ ਲਈ ਅਜਿਹੇ ਕੇਸਾਂ ਵਿੱਚ ਆਪਣੇ ਜਾਣਨ ਵਾਲਿਆਂ, ਪਰਿਵਾਰਕ ਮੈਂਬਰਾਂ ਤੇ ਮਿੱਤਰਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਸਮੱਸਿਆ ਦਾ ਹੱਲ ਲੱਭਣ ਵਿੱਚ ਮਦਦ ਕਰਨੀ ਚਾਹੀਦੀ ਹੈ।

Advertisement
×