ਕੇਲਿਆਂ ਦਾ ਅਰਥ
ਡਾਕਟਰ ਹਰਿੰਦਰ ਕੌਰ ਨੇ ਪਾਓਲੋ ਕੋਇਲੋ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਕੀਤਾ ਹੈ, ਜਿਸ ਦਾ ਨਾਮ ਹੈ ‘ਮਕਤੂਬ’। ਇਸ ਵਿੱਚ ਇੱਕ ਥਾਂ ਪ੍ਰਸੰਗ ਆਉਂਦਾ ਹੈ ਕਿ ਇੱਕ ਵਾਰ ਇੱਕ ਮੁਸਾਫਰ ਨੇ ਨੇਪਾਲ ਦੇ ਮੱਠ ਵਿੱਚ ਕੁਝ ਦਿਨ ਬਿਤਾਉਣ ਦਾ ਨਿਰਣਾ...
ਡਾਕਟਰ ਹਰਿੰਦਰ ਕੌਰ ਨੇ ਪਾਓਲੋ ਕੋਇਲੋ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਕੀਤਾ ਹੈ, ਜਿਸ ਦਾ ਨਾਮ ਹੈ ‘ਮਕਤੂਬ’। ਇਸ ਵਿੱਚ ਇੱਕ ਥਾਂ ਪ੍ਰਸੰਗ ਆਉਂਦਾ ਹੈ ਕਿ ਇੱਕ ਵਾਰ ਇੱਕ ਮੁਸਾਫਰ ਨੇ ਨੇਪਾਲ ਦੇ ਮੱਠ ਵਿੱਚ ਕੁਝ ਦਿਨ ਬਿਤਾਉਣ ਦਾ ਨਿਰਣਾ ਲਿਆ। ਇਕ ਦੁਪਹਿਰ ਉਹ ਮੱਠ ਦੇ ਪੂਜਾ ਗ੍ਰਹਿ ਵਿਖੇ ਗਿਆ ਤਾਂ ਵੇਖਿਆ ਕਿ ਉੱਥੇ ਬੈਠਾ ਇੱਕ ਸੰਨਿਆਸੀ ਮੁਸਕਰਾ ਰਿਹਾ ਸੀ। ‘‘ਤੁਸੀਂ ਕਿਉਂ ਮੁਸਕਰਾ ਰਹੇ ਹੋ’’ ਉਸਨੇ ਸੰਨਿਆਸੀ ਨੂੰ ਪੁੱਛਿਆ। ‘‘ਕਿਉਂਕਿ ਮੈਨੂੰ ਹੁਣੇ ਹੁਣੇ ਕੇਲਿਆਂ ਦਾ ਅਰਥ ਸਮਝ ਆਇਆ ਹੈ।’’ ਸੰਨਿਆਸੀ ਨੇ ਕਿਹਾ।
ਉਸ ਨੇ ਆਪਣਾ ਥੈਲਾ ਖੋਲ੍ਹਿਆ ਅਤੇ ਇੱਕ ਸੜਿਆ ਹੋਇਆ ਕੇਲਾ ਬਾਹਰ ਕੱਢਿਆ। ਉਸ ਨੇ ਕਿਹਾ, ‘‘ਇਹ ਉਹ ਜੀਵਨ ਹੈ ਜੋ ਲੰਘ ਚੁੱਕਾ ਹੈ, ਜਿਸ ਦਾ ਅਸੀਂ ਉਸ ਸਮੇਂ ਪੂਰਾ ਆਨੰਦ ਨਹੀਂ ਲਿਆ ਤੇ ਹੁਣ ਬਹੁਤ ਦੇਰ ਹੋ ਚੁੱਕੀ ਹੈ।’’ ਫਿਰ ਉਸ ਨੇ ਇੱਕ ਹੋਰ ਕੇਲਾ ਕੱਢਿਆ। ਇਹ ਕੇਲਾ ਹਾਲੇ ਕੱਚਾ ਸੀ। ਉਸ ਨੇ ਇਸ ਨੂੰ ਵਾਪਸ ਥੈਲੇ ਵਿੱਚ ਰੱਖ ਦਿੱਤਾ ਅਤੇ ਕਿਹਾ, ‘‘ਇਹ ਉਹ ਜੀਵਨ ਹੈ ਜੋ ਅਜੇ ਆਇਆ ਨਹੀਂ, ਇਹ ਆਪਣੇ ਸਮੇਂ ਦੀ ਉਡੀਕ ਕਰ ਰਿਹਾ ਹੈ।’’ ਅਖੀਰ ਵਿੱਚ ਸੰਨਿਆਸੀ ਨੇ ਇੱਕ ਪੱਕਿਆ ਹੋਇਆ ਕੇਲਾ ਕੱਢਿਆ, ਉਸ ਦਾ ਛਿਲਕਾ ਉਤਾਰਿਆ ਅਤੇ ਉਹ ਕੇਲਾ ਮੁਸਾਫਰ ਨਾਲ ਵੰਡ ਕੇ ਛਕਿਆ। ਉਹ ਖਾਂਦੇ ਹੋਏ ਕਹਿਣ ਲੱਗਾ, ‘‘ਇਹ ਵਰਤਮਾਨ ਹੈ, ਇਸ ਨੂੰ ਡਰ ਤੋਂ ਬਿਨਾਂ ਜੀਣਾ ਸਿੱਖੋ।’’
ਇਹ ਪ੍ਰਸੰਗ ਪੜ੍ਹ ਕੇ ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਹੋਇਆ ਇੰਝ ਕਿ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੀ ਘਰਵਾਲੀ ਦਾ ਛੋਟਾ ਭਰਾ ਪਾਲ ਅਤੇ ਚਾਚੇ ਦਾ ਬੇਟਾ ਬੱਬੂ, ਜੋ ਕਿ ਦੋਵੇਂ ਹਾਣੀ ਨੇ ਤੇ ਉਸ ਵੇਲੇ ਅਜੇ ਉਮਰੋਂ ਅਲੂੰਏਂ ਹੀ ਸਨ, ਪਹਿਲੀ ਵਾਰ ਆਪਣੀ ਭੈਣ ਨੂੰ ਮਿਲਣ ਲਈ ਸਾਡੇ ਪਿੰਡ ਮੰਡੇਰ ਜ਼ਿਲ੍ਹਾ ਮਾਨਸਾ ਆਏ। ਇਹ ਗੱਲ 1986 ਦੀ ਹੈ। ਮੇਰੇ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਸਮਝੌਤੀ ਕਰਕੇ ਰਾਮਪੁਰਾ ਫੂਲ ਤੋਂ ਬੱਸ ਵਿੱਚ ਬਿਠਾ ਦਿੱਤਾ ਅਤੇ ਭੈਣ ਘਰ ਲਿਜਾਣ ਲਈ ਦਰਜਨ ਕੇਲੇ ਲੈ ਕੇ ਦੇ ਦਿੱਤੇ। ਗਰਮੀਆਂ ਦੇ ਦਿਨ ਸਨ ਉਹ ਵਾਇਆ ਮਾਨਸਾ, ਬੁਢਲਾਡਾ ਹੁੰਦੇ ਹੋਏ ਕੋਈ ਤਿੰਨ ਚਾਰ ਘੰਟਿਆਂ ਵਿੱਚ ਬਰੇਟਾ ਮੰਡੀ ਪਹੁੰਚ ਗਏ। ਉਨ੍ਹਾਂ ਨੂੰ ਹੁਣ ਭੁੱਖ ਲੱਗ ਚੁੱਕੀ ਸੀ। ਬਰੇਟਾ ਬੱਸ ਅੱਡਾ ਉਨ੍ਹਾਂ ਲਈ ਓਪਰਾ ਸੀ। ਉਨ੍ਹਾਂ ਸਕੀਮ ਬਣਾ ਕੇ ਲਿਫਾਫੇ ਵਿੱਚੋਂ ਇੱਕ ਇੱਕ ਕੇਲਾ ਕੱਢ ਕੇ ਖਾ ਲਿਆ। ਗਰਮੀ ਕਾਰਨ ਪੱਕੇ ਹੋਏ ਕੇਲੇ ਨਰਮ ਪੈਣੇ ਸ਼ੁਰੂ ਹੋ ਗਏ ਸਨ। ਹੁਣ ਸਮੱਸਿਆ ਇਹ ਕਿ ਬਰੇਟੇ ਤੋਂ ਮੰਡੇਰ ਨੂੰ ਕੋਈ ਬੱਸ ਨਾ ਜਾਵੇ। ਉਨ੍ਹਾਂ ਨੂੰ ਉੱਥੇ ਕਾਫੀ ਸਮਾਂ ਰੁਕਣਾ ਪਿਆ। ਭੁੱਖ ਅਜੇ ਸ਼ਾਂਤ ਨਹੀਂ ਸੀ ਹੋਈ, ਉਨ੍ਹਾਂ ਲਿਫਾਫੇ ਵਿੱਚ ਨਿਗਾਹ ਮਾਰੀ ਅਤੇ ਦੋ ਕੇਲੇ ਹੋਰ ਕੱਢ ਕੇ ਇੱਕ ਇੱਕ ਖਾ ਲਿਆ। ਬੱਸ ਅਜੇ ਤੱਕ ਨਹੀਂ ਸੀ ਆਈ ਪਰ ਉਨ੍ਹਾਂ ਨੂੰ ਪਿੰਡ ਜਾਣ ਲਈ ਇੱਕ ਟਰੈਕਟਰ ਟਰਾਲੀ ਮਿਲ ਗਈ। ਦੋਵੇਂ ਟਰਾਲੀ ਵਿੱਚ ਚੜ੍ਹ ਗਏ। ਸੜਕ ਖਰਾਬ ਸੀ, ਟਰਾਲੀ ਬੁੜ੍ਹਕਿਆ ਕਰੇ, ਇੱਕ ਦੋ ਵਾਰ ਕੇਲਿਆਂ ਵਾਲਾ ਲਿਫਾਫਾ ਵੀ ਹੱਥੋਂ ਛੁੱਟ ਕੇ ਟਰਾਲੀ ਵਿੱਚ ਡਿੱਗ ਪਿਆ। ਕੇਲਿਆਂ ਦੀ ਸ਼ਕਲ ਬਦਲਣ ਲੱਗੀ। ਉਨ੍ਹਾਂ ਨੂੰ ਜਿਹੜਾ ਕੇਲਾ ਖਰਾਬ ਹੋਇਆ ਲੱਗਿਆ ਕਰੇ, ਉਹ ਖਾ ਲਿਆ ਕਰਨ। ਕੇਲੇ ਖਾਂਦਿਆਂ ਨੂੰ ਪਿੰਡ ਆ ਗਿਆ। ਉਤਰ ਕੇ ਉਹ ਕੇਲਿਆਂ ਵਾਲਾ (ਖਾਲੀ) ਲਿਫ਼ਾਫ਼ਾ ਲੈ ਕੇ ਘਰ ਆ ਗਏ। ਥੋੜ੍ਹਾ ਸੰਗਦੇ ਸੰਗਦੇ ਘਰੇ ਵੜੇ। ਚੁੱਪ ਚੁੱਪ ਰਹੇ। ਦੱਸਣ ਵੀ ਨਾ ਕੁਝ। ਚਾਹ ਪਾਣੀ ਪੀਣ ਤੋਂ ਬਾਅਦ ਜਦੋਂ ਅਸੀਂ ਪੁੱਛਿਆ ਕਿ ਕੀ ਗੱਲ ਸੰਗਦੇ ਕਿਉਂ ਹੋ, ਚੁੱਪ ਕਿਉਂ ਹੋ। ਉਨ੍ਹਾਂ ਹੌਲੀ ਹੌਲੀ ਆਪਣੀ ਹੱਡ-ਬੀਤੀ ਦੱਸੀ। ਅਸੀਂ ਸਾਰੇ ਬਹੁਤ ਹੱਸੇ। ਅੱਜ ਮਕਤੂਬ ਕਿਤਾਬ ਦਾ ਇਹ ‘ਕੇਲਿਆਂ ਦੇ ਅਰਥ’ ਵਾਲਾ ਪ੍ਰਸੰਗ ਪੜ੍ਹ ਕੇ ਮੈਨੂੰ ਵੀ ਉਹ ਦੋ ਸੰਨਿਆਸੀ ਜਾਪੇ, ਜਿਨ੍ਹਾਂ ਉਸ ਸਮੇਂ ਦਾ ਪੂਰਾ ਆਨੰਦ ਮਾਣਿਆ।
ਸੰਪਰਕ: 98144-65017
