ਨਕਸ਼ : The Tribune India

ਨਕਸ਼

ਨਕਸ਼

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

ਪਿੰਡ ਵਾਲੇ ਘਰ ਗਿਆ। ਸਵੇਰ ਸਾਰ ਉੱਠ ਖੇਤਾਂ ਵੱਲ ਹੋ ਤੁਰਿਆ। ਲਿੰਕ ਸੜਕ ’ਤੇ ਆਉਂਦੇ ਜਾਂਦੇ ਲੋਕ। ਜਲਦੀ ਪਹੁੰਚਣ ਲਈ ਕਦਮਾਂ ਵਿਚ ਕਾਹਲੀ। ਪਿੰਡੋਂ ਬਾਹਰ ਖੇਤ ਮਜ਼ਦੂਰਾਂ ਦੀ ਬਸਤੀ ਆਈ। ਇੱਕ ਇੱਕ ਕਮਰੇ ਵਾਲੇ ਨੀਵੀਆਂ ਛੱਤਾਂ ਵਾਲੇ ਘਰ। ਬਾਹਰ ਕਿੱਲਿਆਂ ’ਤੇ ਖੜ੍ਹੇ ਪਸ਼ੂ। ਘਰਾਂ ਨੂੰ ਜੋੜਦੀਆਂ ਟੁੱਟੀਆਂ ਫੁੱਟੀਆਂ ਗਲੀਆਂ। ਖੰਭਿਆਂ ਤੇ ਲਮਕਦੀਆਂ ਕੇਬਲ ਦੀਆਂ ਤਾਰਾਂ। ਹਰ ਘਰ ’ਤੇ ਲੱਗੇ ਡਿਸ਼ ਐਂਟੀਨੇ। ਸਭ ਡਿਜੀਟਲ ਇੰਡੀਆ ਦੇ ‘ਦਰਸ਼ਨ’ ਕਰਾਉਂਦੇ ਜਾਪੇ। ਨਾਲੀਆਂ ਵਿਚ ਖੜ੍ਹਾ ਬਦਬੂਦਾਰ ਪਾਣੀ। ਘਰਾਂ ਕੋਲ ਪਏ ਕੂੜੇ ਕਰਕਟ ਦੇ ਢੇਰ। ਆਜ਼ਾਦੀ ‘ਅੰਮ੍ਰਿਤ ਮਹਾਉਤਸਵ’ ਦੇ ਅੰਬਰ ’ਤੇ ਇਹ ਦ੍ਰਿਸ਼ ਕਾਲਖ ਦੇ ਧੱਬਿਆਂ ਵਾਂਗ ਪ੍ਰਤੀਤ ਹੋਏ। ਬਸਤੀ ਦੀ ਸਵੇਰ ਚਾਨਣ ਹੁੰਦਿਆਂ ਵੀ ਉਸ ਤੋਂ ਸੱਖਣੀ ਨਜ਼ਰ ਆਈ। ਬਸਤੀ ਦੇ ਰਾਹ ਲੰਘਦਿਆਂ ਆਪਣੇ ਖੇਤ ਦੀ ਜੂਹ ਵਿਚ ਜਾ ਪਹੁੰਚਿਆ।

ਦੂਰ ਤੱਕ ਪਸਰੇ ਨਰਮੇ ਦੇ ਖੇਤ। ਖਿੜਿਆ ਨਰਮਾ ਚਿੱਟੀ ਚਾਦਰ ਜਿਹਾ ਜਾਪਿਆ ਜਿਸ ਦੀ ਬੁੱਕਲ ਖੇਤਾਂ ਦੇ ਸੁਪਨਿਆਂ ਨੂੰ ਸਾਂਭੀ ਬੈਠੀ ਹੈ। ਨਰਮੇ ਦੇ ਖੇਤਾਂ ਵਿਚ ਨਰਮਾ ਚੁਗਦੀਆਂ ਮਜ਼ਦੂਰ ਔਰਤਾਂ। ਤਿੱਖੀ ਧੁੱਪ ਵਿਚ ਚਮਕਦੇ ਦੁੱਧ ਚਿੱਟੇ ਫੁੱਟਾਂ ਨੂੰ ਆਪਣਾ ਭਵਿੱਖ ਜਾਣ ਪੋਟਿਆਂ ਦੀ ਬੁੱਕਲ ਵਿਚ ਲੈਂਦੀਆਂ। ਨੌਜਵਾਨ ਤੇ ਬੱਚੇ ਵੀ ਮੂਹਰੇ ਹੋ ਨਰਮੇ ਨਾਲ ਆਪਣੀਆਂ ਝੋਲੀਆਂ ਭਰਨ ਲਈ ਅਹੁਲਦੇ ਦਿਸੇ। ਚੁੱਪ ਚਾਪ ਨਰਮਾ ਚੁਗਦੇ ਕਿਰਤੀ ਹੱਥ ਮਿਹਨਤ ਦਾ ‘ਮਾਣ’ ਨਜ਼ਰ ਆਏ। ਨਾਲ ਲਗਦੇ ਕਿਆਰੇ ਵਿਚ ਸਕੂਲ ਦੀ ਮੈਲੀ ਵਰਦੀ ਪਹਿਨੀ ਨਰਮੇ ਦੇ ਫੁੱਟ ਚੁਗਦੀ ਵਿਦਿਆਰਥਣ ਡੁਸਕ ਰਹੀ ਸੀ। ਰੋ ਰੋ ਕੇ ਸੁੱਜੀਆਂ ਅੱਖਾਂ ਵਿਚੋਂ ਉਸ ਦਾ ਦਰਦ ਛਲਕਦਾ ਨਜ਼ਰ ਆਇਆ। ਉਹ ਆਪਣੇ ਤੋਂ ਉੱਚੇ ਬੂਟੇ ਨੂੰ ਫੜ ਝੁਕਾਉਂਦੀ। ਖਿੜੇ ਟੀਂਡੇ ਵਿਚੋਂ ਨਰਮੇ ਦਾ ਰੁੱਗ ਭਰਦੀ। ਪਿੱਛੇ ਬੰਨ੍ਹੀ ਝੋਲੀ ਵਿਚ ਪਾਉਂਦੀ। ਇੱਕ ਹੱਥ ਨਾਲ ਅੱਥਰੂ ਪੂੰਝਦੀ। ਉਸ ਦੇ ਅੱਥਰੂ ਮੇਰੇ ਦਿਲ ਦੀ ਕਸਕ ਬਣੇ। ਬੱਚੀ ਕੋਲ ਜਾ ਪੁੱਛਦਾ ਹਾਂ, “ਪੁੱਤ ਕੁਛ ਦੁਖਦਾ ਤੇਰਾ?... ਕਿ ਕੋਈ ਹੋਰ ਮੁਸ਼ਕਿਲ ਐ?”

“ਅੰਕਲ ਦੁਖਦਾ ਤਾਂ ਨੀ ਕੁਛ, ਬੱਸ ਉਂਜ ਹੀ ਸਕੂਲ ਯਾਦ ਕਰ ਕੇ ਰੋਣ ਆ ਰਿਹਾ। ਮੈਨੂੰ ਸਕੂਲ ਵਾਲੇ ਸਰ ਛੁੱਟੀ ਨੀ ਸੀ ਦਿੰਦੇ। ਮੇਰੇ ਮਾਂ ਬਾਪ ਮੈਨੂੰ ਨਾਲ ਨਰਮਾ ਚੁਗਣ ਲਿਆਏ ਆ। ਘਰ ਬਾਰ ਛੱਡ ਕੇ ਇਥੇ ਆਏ ਹਾਂ। ਮਹੀਨਾ ਨੀ ਜਾਂਦੇ। ਮੇਰੀ ਪੜ੍ਹਾਈ ਖ਼ਰਾਬ ਹੋ ਰਹੀ ਆ।” ਉਸ ਦਾ ਉਦਾਸ ਚਿਹਰਾ ਇਹ ਕਹਿੰਦਾ ਜਾਪਿਆ- ‘ਨਾ ਪੜ੍ਹੀ ਤਾਂ ਆਹੀ ਮਜ਼ਦੂਰੀ ਪੱਲੇ ਰਹਿ ਜੂ’। ਬੱਚੀ ਦੇ ਬੋਲ ਭਾਵੁਕ ਕਰਦੇ ਹਨ। ਸਾਨੂੰ ਦੇਖ ਇੱਕ ਬਿਰਧ ਮਾਤਾ ਸਾਡੇ ਵੱਲ ਅਹੁਲਦੀ ਹੈ। ਬੱਚੀ ਨੂੰ ਕਲਾਵੇ ਵਿਚ ਲੈ ਆਖਦੀ ਹੈ, “ਕੋਈ ਨਾ ਧੀਏ, ਜਲਦੀ ਪਿੰਡ ਨੂੰ ਮੁੜਾਂਗੇ ਆਪਾਂ, ਤੂੰ ਹੌਸਲਾ ਰੱਖ।&ਨਬਸਪ; ਜਿਊਂਦਿਆਂ ਨੂੰ ਬਥੇਰੇ ਪਾਪੜ ਵੇਲਣੇ ਪੈਂਦੇ ਆ। ਕਦੇ ਆਪਣਾ ਚੰਗਾ ਵਕਤ ਵੀ ਆਏਗਾ।”

ਮਾਤਾ ਦੇ ਬੋਲ ਸੁਣ ਬੱਚੀ ਦਾ ਰੌਂਅ ਬਦਲਦਾ ਨਜ਼ਰ ਆਇਆ। ਹੰਝੂਆਂ ਦੀ ਥਾਂ ਨਰਮੇ ਦੇ ਫੁੱਟਾਂ ਨੇ ਲੈ ਲਈ। ਪੜ੍ਹਾਈ ਛੱਡ ਨਰਮਾ ਚੁਗਦੀ ਬੱਚੀ ਵਿਦਿਅਕ ਨੀਤੀਆਂ ਦਾ ਮੂੰਹ ਚਿੜਾਉਂਦੀ ਨਜ਼ਰ ਆਈ। ਚਾਹ ਕਰਨ ਆਈ ਮਾਤਾ ਮੇਰੇ ਕੋਲ ਆ ਬੈਠੀ। ਅੱਟਣਾਂ ਭਰੇ ਸਖ਼ਤ ਹੱਥ। ਝੁਰੜੀਆਂ ਭਰੇ ਚਿਹਰੇ ’ਤੇ ਝਲਕਦਾ ਸਿਰੜ। ਅੱਖਾਂ ਵਿਚ ਆਸ ਦੀ ਝਲਕ। ਸ਼ਬਦ ਸੰਵਾਦ ਕਰਨ ਲੱਗੇ, “ਪੁੱਤ, ਕੀਹਦਾ ਜੀਅ ਕਰਦੈ ਆਪਣਾ ਘਰ ਬਾਰ ਛੱਡ ਕੇ ਮਿਹਨਤ, ਮਜ਼ਦੂਰੀ ਲਈ ਦੂਰ ਦੁਰਾਡੇ ਰੁਲੇ? ਘਰ ਬਾਰ ਤੋਰਨ ਲਈ ਸਭ ਕੁਛ ਕਰਨਾ ਪੈਂਦਾ। ਪਿੰਡਾਂ ਵਿਚ ਮਨਰੇਗਾ ਵਾਲਾ ਕੰਮ ਬੰਦ ਐ। ਕੀਤੇ ਕੰਮ ਦੇ ਕਈ ਮਹੀਨਿਆਂ ਤੋਂ ਪੈਸੇ ਨੀ ਮਿਲੇ। ਪੈਨਸ਼ਨ ਕਦੇ ਕਦਾਈਂ ਮਿਲਦੀ ਐ। ਏਨੀ ਥੋੜ੍ਹੀ ਹੈ ਕਿ ਮਿਲਦਿਆਂ ਈ ਖੱਲ ਖੂੰਜਿਆਂ ਵਿਚ ਵੜ ਜਾਂਦੀ ਆ। ਪੋਤਰੀ ਵਿਆਹੀ ਨੂੰ ਦੋ ਸਾਲ ਹੋ ਗਏ। ਉਹਦੇ ਵਿਆਹ ’ਤੇ ਚੁੱਕਿਆ ਕਰਜ਼ਾ ਅਜੇ ਸਿਰ ਹੈ। ਪੰਚ, ਸਰਪੰਚ ਦੇ ਘਰੀਂ ਨਿੱਤ ਰੋਜ਼ ਗੇੜੇ ਮਾਰੇ। ਬਥੇਰੇ ਮਿੰਨਤ ਤਰਲੇ ਕੀਤੇ ਪਰ ਪਿੜ ਪੱਲੇ ਕੁਛ ਨੀ ਪਿਆ। ਬੱਸ, ਖੱਜਲ ਖ਼ੁਆਰੀ ਤੇ ਨਿਰਾਸ਼ਾ। ਵਿਆਹੀ ਧੀ ਕੋਲ ਸੁੱਖ ਨਾਲ ਬੱਚਾ ਵੀ ਹੋ ਗਿਆ ਪਰ ਸ਼ਗਨ ਸਕੀਮ ਦੇ ਪੈਸੇ ਅਜੇ ਤੱਕ ਨੀ ਮਿਲੇ। ਸਾਰੇ ਜੀਅ ਕੰਮ ਧੰਦਾ ਕਰਦੇ ਆਂ, ਫਿਰ ਵੀ ਪੂਰੀ ਨੀ ਪੈਂਦੀ। ਗਰੀਬ ਬੰਦੇ ਕੋਲ ਲੈ ਦੇ ਕੇ ਆਹ ਹੱਥਾਂ ਦੀ ਮਿਹਨਤ ਹੀ ਤਾਂ ਹੈ। ਆਪਣੇ ਵੱਲੋਂ ਇਹ ਜੀਅ ਜਾਨ ਲਾ ਕੇ ਕਰਦੇ ਹਾਂ। ਅਸੀਂ ਤਾਂ ਉਮਰ ਲਾ’ਤੀ ਮਿਹਨਤ ਮੁਸ਼ੱਕਤ ਵਿਚ। ਹੁਣ ਤਾਂ ਪੋਤੇ ਪੋਤੀਆਂ ਤੋਂ ਉਮੀਦ ਐ। ਇਹ ਪੜ੍ਹ ਲਿਖ ਕੇ ਬਦਲਣਗੇ ਸਾਡੀ ਤਕਦੀਰ।”

ਮਾਤਾ ਵੱਲੋਂ ਬਾਟੀ ਵਿਚ ਪੁਣ ਕੇ ਫੜਾਈ ਚਾਹ ਪਿੰਡ ਵਾਲੇ ਸਕੂਲ ਦੇ ਚੌਕੀਦਾਰ ਬਾਈ ਮੰਗਾ ਸਿੰਹੁ ਕੋਲ ਜਾ ਬਿਠਾਉਂਦੀ ਹੈ। ਜਦੋਂ ਉਨ੍ਹਾਂ ਦੀ ਗਲੀ ਲੰਘਣਾ, ਰਾਹ ਰੋਕ ਕੇ ਖੜ੍ਹ ਜਾਣਾ- ‘ਬਾਈ ਚਾਹ ਪੀਤੇ ਬਿਨਾ ਨੀ ਜਾਣ ਦੇਣਾ ਤੈਨੂੰ।’ ਚਾਹ ਪਿਲਾਉਂਦਾ ਗੱਲਾਂ ਛੇੜ ਲੈਂਦਾ- ‘ਬਾਈ ਬਹੁਤ ਔਖਾ ਮਿਹਨਤ ਮਜ਼ਦੂਰੀ ਕਰ ਕੇ ਘਰ ਪਰਿਵਾਰ ਪਾਲਣਾ। ਨਾਲੇ ਗਰੀਬ ਦੀ ਕਿਹੜਾ ਕਿਤੇ ਸੁਣਵਾਈ ਐ। ਉਮਰ ਭਰ ਕਲਪਦੇ, ਤੜਫਦੇ ਆ। ਇੱਕੋ ਇੱਕ ਪੜ੍ਹਾਈ ਦੀ ਆਸ ਸੀ, ਹੁਣ ਉਹ ਵੀ ਖੁੱਸਦੀ ਜਾਂਦੀ ਐ। ਗਰੀਬ ਬੱਚਿਆਂ ਲਈ ਨਾ ਕਿਤਾਬਾਂ, ਨਾ ਵਜੀਫ਼ਾ। ਵੱਡੇ ਬੰਦਿਆਂ ਦੇ ਰਾਜ ਨੇ ਤਾਂ ਗ਼ਰੀਬ ਬੰਦੇ ਦੇ ਸੁਪਨੇ ਵੀ ਰੋਲ ਦਿੱਤੇ। ਹੁਣ ਆਹ ਖੇਤ ਮਜ਼ਦੂਰ ਆਲੇ ਮੁੰਡੇ ਉੱਠਣ ਲੱਗੇ ਆ ਪਿੰਡਾਂ ਵਿਚ। ਸੱਚੀਆਂ ਗੱਲਾਂ ਦੱਸਦੇ ਆ। ... ਮੈਨੂੰ ਯਾਦ ਐ... ਬਹੁਤ ਸਾਲ ਪਹਿਲਾਂ ਨਾਟਕਾਂ ਵਾਲਾ ਬਾਬਾ ਆਉਂਦਾ ਸੀ ਪਿੰਡ ਪਿੰਡ। ਕੀ ਨਾਂ ਸੀ ਉਹਦਾ... ਭਾਈ ਮੰਨਾ ਸਿਹੁੰ। ਲੋਕਾਂ ਨੂੰ ਨਾਟਕਾਂ ਨਾਲ ਜਗਾਉਂਦਾ ਸੀ। ਉਦੋਂ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਹੁੰਦਾ। ਹੁਣ ਅੱਧਿਓਂ ਵੱਧ ਉਮਰ ਗੁਜ਼ਾਰ ਕੇ ਸਮਝ ਆਈ। ਹੁਣ ਇਹ ਮਜ਼ਦੂਰ ਮੁੰਡੇ ਸਮਝਾਉਂਦੇ ਘਰ ਘਰ ਜਾ ਕੇ- ਇਕੱਠ ਤੋਂ ਵੱਡੀ ਕੋਈ ਤਾਕਤ ਨਹੀਂ, ਰਲ ਕੇ ਰਹਿਣਾ ਸਿੱਖੋ। ਦੇ ਦੇਵੇ ਸਰਪੰਚ ਆਪਣਿਆਂ ਨੂੰ ਆਟਾ ਦਾਲ। ਕੱਟ ਦੇਵੇ ਸਰਕਾਰ ਬੇਬੇ ਬਾਪੂਆਂ ਦੀ ਪੈਨਸ਼ਨ। ਇਕੱਠ ਦੇ ਜ਼ੋਰ ਆਖਿ਼ਰ ਲੈ ਲਵਾਂਗੇ ਆਪਾਂ ਆਪਣੇ ਹੱਕ। ਜੋ ਮਿਲਣਾ, ਲੜ ਭਿੜ ਕੇ ਹੀ ਮਿਲਣਾ। ਮੰਗਿਆਂ ਕੁਝ ਨਹੀਂ ਮਿਲਦਾ। ਇਹੋ ਗੱਲਾਂ ਮੇਰਾ ਕਾਲਜ ਪੜ੍ਹਦਾ ਪੋਤਰਾ ਵੀ ਦੱਸਦਾ।’

ਇਹ ਆਖਦਿਆਂ ਉਸ ਦੀਆਂ ਅੱਖਾਂ ਦੀ ਚਮਕ ਅਤੇ ਚਿਹਰੇ ਤੋਂ ਝਲਕਦਾ ਆਤਮ-ਵਿਸ਼ਵਾਸ ਆਸਾਂ ਦਾ ਗੁੰਬਦ ਬਣ ਨਜ਼ਰ ਆਉਂਦਾ ਹੈ ਜਿਸ ਵਿਚੋਂ ਮੈਨੂੰ ਸਾਵੀਂ, ਸੁਖਾਵੀਂ ਅਤੇ ਬੁਲੰਦ ਜਿ਼ੰਦਗੀ ਦੇ ਨਕਸ਼ ਨਜ਼ਰ ਆਉਂਦੇ ਹਨ। ਛਿਪਦੇ ਸੂਰਜ ਦੀਆਂ ਸੁਨਿਹਰੀ ਕਿਰਨਾਂ ਨੂੰ ਨਿਹਾਰਦਾ ਘਰ ਨੂੰ ਜਾਂਦੇ ਰਾਹ ਪੈ ਜਾਂਦਾ ਹਾਂ।
ਸੰਪਰਕ: 95010-06626

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All