ਕਰੀਬ ਦੋ ਕੁ ਦਹਾਕੇ ਪਹਿਲਾਂ ਵੀਰ ਦੇ ਵਿਆਹ ’ਚ ਇੱਕ ਜੋੜਾ ਨੱਚਦਾ ਹੋਇਆ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ, ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਕੱਦ ਵੀ ਸੀ। ਹਰ ਮੇਲੀ ਉਨ੍ਹਾਂ ਨੂੰ ਦੇਖ ਰਿਹਾ ਸੀ। ਅਸਲ ਵਿਚ ਵਿਆਹ ਦੀ ਪਾਰਟੀ ਵੇਲੇ ਸਾਰਾ ਮੇਲਾ ਇਸ ਜੋੜੇ ਨੇ ਲੁੱਟ ਲਿਆ ਸੀ। ਇੰਜ ਜਾਪਦਾ ਸੀ ਕਿ ਮੁੰਡਾ ਭੰਗੜੇ ਦਾ ਕਪਤਾਨ ਤੇ ਕੁੜੀ ਗਿੱਧਿਆਂ ਦੀ ਰਾਣੀ ਰਹੀ ਹੋਵੇ। ਦੋਵਾਂ ਦੇ ਕਦਮ ਤੇ ਤਾਲ ਬਰਾਬਰ ਚੱਲ ਰਹੇ ਸਨ। ਇਹ ਮੇਰੀ ਮਾਸੀ ਦੇ ਪੁੱਤ-ਨੂੰਹ ਸਨ।
ਪਾਰਟੀ ਦੇਰ ਰਾਤ ਤੱਕ ਚੱਲਦੀ ਰਹੀ। ਹਰ ਰਿਸ਼ਤੇਦਾਰ ਉਨ੍ਹਾਂ ਨੂੰ ਦੇਖ ਕੇ ਮਾਸੀ ਨੂੰ ਆਖ ਰਿਹਾ ਸੀ, ‘ਭੈਣ ਤੂੰ ਪੁੱਤ ਲਈ ਨੂੰਹ ਬਹੁਤ ਸੋਹਣੀ ਲੱਭੀ ਹੈ।’ ਜੋੜੇ ਕੋਲ ਛੋਟੀ ਜਿਹੀ ਬੱਚੀ ਸੀ, ਜਿਸ ਨੂੰ ਮਾਸੀ ਨੇ ਸਾਂਭਿਆ ਹੋਇਆ ਸੀ। ਵਿਆਹ ਕਈ ਦਿਨ ਚੱਲਿਆ। ਮਗਰੋਂ ਹੌਲੀ-ਹੌਲੀ ਰਿਸ਼ਤੇਦਾਰ ਆਪੋ-ਆਪਣੇ ਘਰਾਂ ਨੂੰ ਜਾਣ ਲੱਗੇ। ਮਾਸੀ ਦੀ ਨੂੰਹ ਤੇ ਪੁੱਤ ਚਲੇ ਗਏ। ਮਾਸੀ ਦੋ ਚਾਰ ਦਿਨ ਰਹਿ ਕੇ ਗਈ। ਸਾਡੀ ਮਾਂ ਨਾ ਹੋਣ ਕਾਰਨ ਮਾਸੀਆਂ, ਮਾਮੀਆਂ ਤੇ ਤਾਈ ਨੇ ਵਿਆਹ ਦੇ ਚਾਅ-ਲਾਡ ਪੂਰੇ ਕੀਤੇ। ਮਹੀਨੇ ਮਗਰੋਂ ਮਾਸੀ ਦਾ ਸੁਨੇਹਾ ਆ ਗਿਆ। ਉਸ ਨੇ ਫੋਨ ’ਤੇ ਕਿਹਾ ਕਿ ਪੁੱਤ ਪਰਸੋਂ ਨੂੰ ਆ ਜਾਵੀਂ, ਜ਼ਰੂਰੀ ਕੰਮ ਹੈ। ਮੈਂ ਬਥੇਰਾ ਪੁੱਛਿਆ ਪਰ ਉਨ੍ਹਾਂ ਕੰਮ ਬਾਰੇ ਨਾ ਦੱਸਿਆ। ਨੀਅਤ ਸਮੇਂ ’ਤੇ ਮੈਂ ਸਕੂਟਰ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਿਆ।
ਘਰ ਵਿਚ ਹੋਰ ਰਿਸ਼ਤੇਦਾਰ ਆਏ ਹੋਏ ਸਨ। ਰਿਸ਼ਤੇਦਾਰਾਂ ਤੇ ਘਰ ਦੇ ਜੀਆਂ ਵਿੱਚੋਂ ਮੈਨੂੰ ਉਨ੍ਹਾਂ ਦੀ ਨੂੰਹ ਤੇ ਪੋਤੀ ਨਜ਼ਰ ਨਹੀਂ ਆ ਰਹੀ ਸੀ। ਚਾਹ ਪੀਣ ਮਗਰੋਂ ਮੈਂ ਮਾਸੜ ਤੋਂ ਪੁੱਛਿਆ, ‘ਭਾਬੀ ਤੇ ਭਤੀਜੀ ਦਿਖਾਈ ਨਹੀਂ ਦੇ ਰਹੇ। ਕੀ ਗੱਲ ਵਾਂਢੇ ਗਏ ਹਨ।’ ਉਹ ਆਖਣ ਲੱਗੇ, ‘ਉਨ੍ਹਾਂ ਕਰਕੇ ਹੀ ਅੱਜ ਪੰਚਾਇਤ ਸੱਦੀ ਹੈ। ਪੁੱਤਰ ਤੇ ਨੂੰਹ ਦਾ ਆਪਸ ਵਿਚ ਕਲੇਸ਼ ਪੈ ਗਿਆ। ਬਹੂ ਸਾਨੂੰ ਦੇਖ ਕੇ ਰਾਜ਼ੀ ਨਹੀਂ। ਉਹ ਮੁੰਡੇ ਨੂੰ ਵੀ ਚੰਗਾ ਨਹੀਂ ਸਮਝਦੀ। ਉਹ ਲੜ ਕੇ ਪੇਕੇ ਘਰ ਚਲੇ ਗਈ ਹੈ।’
ਮੈਂ ਕਾਫ਼ੀ ਹੈਰਾਨ ਹੋਇਆ। ਅਜੇ ਮਹੀਨਾ ਪਹਿਲਾਂ ਦੀ ਗੱਲ ਹੈ। ਵਿਆਹ ਵੇਲੇ ਹਰ ਕੋਈ ਮਾਸੀ ਦੀ ਨੂੰਹ ਤੇ ਪੁੱਤ ਦੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾ। ਇਹ ਕੀ ਭਾਣਾ ਵਰਤ ਗਿਆ। ਮਾਸੀ ਦੀ ਕੁੜੀ ਪਹਿਲਾਂ ਹੀ ਵਿਆਹ ਮਗਰੋਂ ਆਪਣੀ ਧੀ ਨਾਲ ਉਨ੍ਹਾਂ ਦੇ ਘਰ ਬੈਠੀ ਸੀ। ਥੋੜ੍ਹੇ ਸਮੇਂ ਬਾਅਦ ਪੰਚਾਇਤ ਜੁੜ ਗਈ। ਮੁੰਡੇ ਦੇ ਸਹੁਰੇ ਪਰਿਵਾਰ ਤੋਂ ਕਈ ਸੱਜਣ ਆਏ। ਚਾਹ ਪਾਣੀ ਪੀਣ ਮਗਰੋਂ ਗੱਲਬਾਤ ਸ਼ੁਰੂ ਹੋ ਗਈ। ਸਿਆਣਿਆਂ ਨੇ ਬਥੇਰਾ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਤਾ ਨਹੀਂ ਦੋਵਾਂ ਧਿਰਾਂ ਨੂੰ ਕੀ ਘੋਲ ਕੇ ਪਿਲਾਇਆ ਗਿਆ ਸੀ ਕਿ ਦੋਵੇਂ ਗੱਲ ਭੁੰਜੇ ਨਹੀਂ ਪੈਣ ਦੇ ਰਹੇ ਸਨ। ਮੁੰਡੇ ਵਾਲੇ ਆਪਣੇ ਵਿਚ ਕਸੂਰ ਬਰਦਾਸ਼ਤ ਨਹੀਂ ਕਰ ਰਹੇ ਸਨ ਤੇ ਕੁੜੀ ਵਾਲੇ ਆਪਣੇ ਵਿਚ। ਇੰਨੇ ਨੂੰ ਕੁੜੀ ਦਾ ਪਿਤਾ ਮੁੰਡੇ ਵਾਲਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਿਆ, ‘ਮੈਂ ਤੁਹਾਨੂੰ ਸਾਰਿਆਂ ਨੂੰ ਬੰਦੇ ਦਾ ਪੁੱਤ ਬਣਾ ਕੇ ਹਟੂੰ। ਕੋਰਟ ਵਿਚ ਕੇਸ ਪਾਊਂ। ਕੁੜੀ ਦਾ ਤਾਂ ਮੈਂ ਹੋਰ ਕਿਤੇ ਵਿਆਹ ਕਰਨਾ ਨਹੀਂ, ਤੁਹਾਡੇ ਮੁੰਡੇ ਦਾ ਵੀ ਹੋਣ ਨਹੀਂ ਦਿੰਦਾ।’
ਇੱਧਰੋਂ ਮਾਸੜ ਤੈਸ਼ ਵਿਚ ਆ ਗਿਆ। ਕਹਿਣ ਲੱਗਿਆ, ‘ਬੰਦਾ ਬਣ ਕੇ ਪਹਿਲਾਂ ਆਪਣੀਆਂ ਗਲਤੀਆਂ ਮੰਨ ਲੈ, ਨਹੀਂ ਤਾਂ ਕੁੜੀ ਨੂੰ ਦੇਹਲੀ ਨਹੀਂ ਵੜਨ ਦਿੰਦਾ।’ ਸਾਰਿਆਂ ਨੇ ਦੋਵਾਂ ਧਿਰਾਂ ਨੂੰ ਬਹੁਤ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਜੇ ਸਾਡੀ ਸੁਣਨੀ ਹੀ ਨਹੀਂ ਸੀ ਤਾਂ ਬੁਲਾਇਆ ਕਿਉਂ ਸੀ। ਕੁੜੀ ਵਾਲੇ ਉਠ ਕੇ ਤੁਰ ਪਏ। ਲੋਕਾਂ ਨੇ ਬਥੇਰਾ ਉਨ੍ਹਾਂ ਨੂੰ ਬੈਠਣ ਲਈ ਆਖਿਆ ਪਰ ਉਨ੍ਹਾਂ ਕਿਸੇ ਦੀ ਨਾ ਸੁਣੀ। ਉਨ੍ਹਾਂ ਦੇ ਜਾਣ ਮਗਰੋਂ ਬੈਠਕ ਵਿਚ ਘਰ ਦੀਆਂ ਔਰਤਾਂ ਆ ਗਈਆਂ। ਪਰਿਵਾਰ ਵਾਲੇ ਸਾਰੇ ਇਕਮੁੱਠ ਸਨ ਕਿ ਬਹੂ ਨੂੰ ਲੈ ਕੇ ਨਹੀਂ ਆਉਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਸਿਆਣੇ ਵਿਅਕਤੀਆਂ ਨੇ ਕਿਹਾ ਕਿ ਇੰਝ ਨਹੀਂ ਕਰੀਦਾ। ਘਰ ਵਿਚ ਦੋ ਭਾਂਡੇ ਹੁੰਦੇ ਹੋਣ ਖੜਕਦੇ ਵੀ ਹਨ। ਇਸ ਲਈ ਪਿਛਲੀਆਂ ਗੱਲਾਂ ਨੂੰ ਮਿੱਟੀ ਪਾਓ ਤੇ ਬਹੂ ਨੂੰ ਘਰ ਲਿਆਉਣ ਦੀ ਗੱਲ ਕਰੋ। ਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਸਨ। ਹੌਲੀ-ਹੌਲੀ ਸਾਰੇ ਉਠ ਕੇ ਆਪਣੇ ਘਰਾਂ ਨੂੰ ਤੁਰ ਪਏ।
ਮੈਂ ਕਾਫ਼ੀ ਦੇਰ ਤੱਕ ਮਾਸੜ-ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਹਾ ਕਿ ਬਹੂ ਦੇ ਲਿਆਉਣ ਦੀ ਤਾਂ ਤੂੰ ਗੱਲ ਹੀ ਨਾ ਕਰ ਹੋ ਗੱਲ ਕਰ। ਥੋੜ੍ਹੀ ਦੇਰ ਬਾਅਦ ਮੈਂ ਜਾਣ ਦੀ ਇਜਾਜ਼ਤ ਲਈ ਤੇ ਸਕੂਟਰ ਚੁੱਕ ਕੇ ਘਰ ਨੂੰ ਚੱਲ ਪਿਆ। ਘਰ ਆ ਕੇ ਸਾਰੀ ਗੱਲ ਪਿਤਾ ਜੀ ਨੂੰ ਦੱਸੀ। ਉਨ੍ਹਾਂ ਮਾਸੀ ਮਾਸੜ ਨੂੰ ਕਾਫ਼ੀ ਲਾਹਨਤਾਂ ਪਾਈਆਂ। ਸਮਾਂ ਆਪਣੀ ਤੋਰ ਚਲਦਾ ਗਿਆ। ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਕੁੜੀ ਵਾਲਿਆਂ ਨੇ ਪੁਲੀਸ ਨੂੰ ਇਸ ਸਬੰਧੀ ਅਰਜ਼ੀ ਦਿੱਤੀ। ਕੁਝ ਸਮਾਂ ਕੇਸ ਵਿਮੈਨ ਸੈੱਲ ਵਿਚ ਚੱਲਿਆ ਤੇ ਮਗਰੋਂ ਦੋਵਾਂ ਧਿਰਾਂ ਦੇ ਨਾ ਮੰਨਣ ਕਾਰਨ ਅਦਾਲਤ ਵਿਚ ਚਲੇ ਗਿਆ। ਅਦਾਲਤ ਨੇ ਮੁੰਡੇ ਨੂੰ ਉਸ ਦੀ ਪਤਨੀ ਤੇ ਕੁੜੀ ਦਾ ਖਰਚਾ ਦੇਣ ਲਈ ਆਖ ਦਿੱਤਾ। ਕੇਸ ਕਾਫ਼ੀ ਦੇਰ ਹੇਠਲੀ ਅਦਾਲਤ ਵਿਚ ਚੱਲਿਆ ਤੇ ਮਗਰੋਂ ਉਪਰਲੀ ਅਦਾਲਤ ਚਲੇ ਗਿਆ। ਹੁਣ ਹਾਈ ਕੋਰਟ ਵਿਚ ਚੱਲ ਰਿਹਾ ਹੈ। ਵੀਹ ਸਾਲ ਬੀਤ ਗਏ ਹਨ।
ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੇ ਦੋਵਾਂ ਧਿਰਾਂ ਨੂੰ ਇਕੱਠੇ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਗੱਲ ਤਣ ਪੱਤਣ ਨਾ ਲੱਗੀ। ਮਾਸੜ ਮਾਸੀ ਦੀ ਪੋਤੀ ਜਵਾਨ ਹੋ ਗਈ ਹੋਵੇਗੀ। ਉਹ ਆਪਣੀ ਮਾਂ ਕੋਲ ਹੀ ਹੈ। ਹੁਣ ਮਾਸੜ ਜੀ ਵੀ ਪੂਰੇ ਹੋ ਗਏ ਹਨ ਤੇ ਕੁੜੀ ਵਾਲਿਆਂ ਵਿੱਚੋਂ ਵੀ ਕਈ ਮੈਂਬਰ ਪ੍ਰਲੋਕ ਸੁਧਾਰ ਗਏ ਹੋਣਗੇ। ਅਜੇ ਤੱਕ ਮਸਲੇ ਦਾ ਹੱਲ ਨਹੀਂ ਹੋਇਆ। ਕਈ ਵਾਰ ਸੋਚਦਾ ਹਾਂ ਕਿ ਉਹ ਨੰਨ੍ਹੀ ਬੱਚੀ ਦਾ ਕੀ ਕਸੂਰ ਹੋਵੇਗਾ, ਜਿਹੜੀ ਵੀਹ ਸਾਲ ਆਪਣੇ ਦਾਦਾ ਦਾਦੀ, ਭੂਆ ਤੇ ਪਿਤਾ ਤੋਂ ਦੂਰ ਰਹੀ। ਐਨਾ ਸਮਾਂ ਬੀਤਣ ਮਗਰੋਂ ਮੈਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਦੋਵੇਂ ਧਿਰਾਂ ਇੱਕ ਦੂਜੇ ਨੂੰ ਬੰਦਾ ਬਣਾਉਣ ਦੀਆਂ ਗੱਲਾਂ ਕਰਦੀਆਂ ਸਨ ਪਰ ਅੱਜ ਤੱਕ ਉਨ੍ਹਾਂ ਵਿੱਚੋਂ ਕੋਈ ਬੰਦਾ ਬਣਿਆ ਜਾਪਦਾ ਨਹੀਂ। ਜੇ ਬੰਦੇ ਬਣ ਜਾਂਦੇ ਤਾਂ ਸ਼ਾਇਦ ਦੋਵੇਂ ਆਪਣੀਆਂ ਗਲਤੀਆਂ ਭੁਲਾ ਕੇ ਬੱਚਿਆਂ ਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੰਦੇ।
ਸੰਪਰਕ: 98152-33232