ਮਾਂ ਦੇ ਹੱਥਾਂ ਦਾ ਜਾਦੂ
ਜ਼ਿੰਦਗੀ ਦੀ ਇਸ ਭੱਜ-ਦੌੜ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ, ਜੋ ਮਹਿਜ਼ ਯਾਦਾਂ ਨਹੀਂ ਸਗੋਂ ਰੂਹ ਦਾ ਸਕੂਨ ਬਣ ਜਾਂਦੇ ਹਨ। ਇਹ ਗੱਲ ਲੰਘੀ ਜੂਨ ਮਹੀਨੇ ਦੀਆਂ ਛੁੱਟੀਆਂ ਦੀ ਹੈ, ਜਦੋਂ ਪੇਕੇ ਘਰ ਜਾਣ ਦਾ ਸਬੱਬ ਬਣਿਆ। ਸੋਚਿਆ ਐਤਕੀਂ ਆਪਣੇ...
ਜ਼ਿੰਦਗੀ ਦੀ ਇਸ ਭੱਜ-ਦੌੜ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ, ਜੋ ਮਹਿਜ਼ ਯਾਦਾਂ ਨਹੀਂ ਸਗੋਂ ਰੂਹ ਦਾ ਸਕੂਨ ਬਣ ਜਾਂਦੇ ਹਨ। ਇਹ ਗੱਲ ਲੰਘੀ ਜੂਨ ਮਹੀਨੇ ਦੀਆਂ ਛੁੱਟੀਆਂ ਦੀ ਹੈ, ਜਦੋਂ ਪੇਕੇ ਘਰ ਜਾਣ ਦਾ ਸਬੱਬ ਬਣਿਆ। ਸੋਚਿਆ ਐਤਕੀਂ ਆਪਣੇ ਲਈ ਹੱਥ ਦੀ ਕਢਾਈ ਵਾਲਾ ਇੱਕ ਸੋਹਣਾ ਜਿਹਾ ਸੂਟ ਹੀ ਤਿਆਰ ਕਰਵਾ ਲਵਾਂ। ਮੈਂ ਇੱਕ ਬੁਟੀਕ ’ਤੇ ਗਈ। ਆਪਣੀ ਪਸੰਦ ਦਾ ਡਿਜ਼ਾਈਨ ਦਿਖਾ ਕੇ ਜਦੋਂ ਕਢਾਈ ਦੇ ਮੁੱਲ ਬਾਰੇ ਪੁੱਛਿਆ ਤਾਂ ਕਾਰੀਗਰ ਨੇ ਬੜੀ ਬੇਪਰਵਾਹੀ ਜਿਹੀ ਨਾਲ ਕਿਹਾ, ‘‘ਕਢਾਈ ਦੇ ਇੱਕ ਹਜ਼ਾਰ ਰੁਪਏ ਲੱਗਣਗੇ।’’ ਇਹ ਸੁਣ ਕੇ ਮੈਂ ਇੱਕ ਪਲ ਸੋਚਾਂ ’ਚ ਪੈ ਗਈ। ਕਾਰੀਗਰ ਦੀ ਮਿਹਨਤ ਸਿਰ-ਮੱਥੇ, ਧਾਗਿਆਂ ਦੇ ਕੁਝ ਟਾਂਕਿਆਂ ਲਈ ਇੰਨੀ ਰਕਮ ਤਾਰਨਾ ਮੈਨੂੰ ਵਾਜਬ ਨਾ ਜਾਪਿਆ ਤੇ ਮੈਂ ਇਹ ਕਹਿ ਕੇ ਘਰ ਆ ਗਈ ਕਿ ਮੰਮੀ ਨਾਲ ਸਲਾਹ ਕਰਾਂਗੀ। ਹਾਲਾਂਕਿ ਮਨ ’ਚ ਖ਼ਿਆਲ ਇਹ ਵੀ ਆਇਆ ਕਿ ਪੈਸੇ ਤਾਂ ਮਾਂ ਨੇ ਹੀ ਦੇਣੇ ਹਨ! ਅੱਜ ਜਦੋਂ ਮੈਂ ਪੇਕੇ ਪੈਰ ਪਾਉਂਦੀ ਹਾਂ ਤਾਂ ਨਿੱਕੇ-ਨਿੱਕੇ ਖ਼ਰਚਿਆਂ ਲਈ ਮਾਂ ਜਾਂ ਭਾਬੀ ਮੇਰੀ ਤਲੀ ’ਤੇ ਪੈਸੇ ਧਰ ਦਿੰਦੀਆਂ ਹਨ। ਉਨ੍ਹਾਂ ਲਈ ਮੈਂ ਅੱਜ ਵੀ ਘਰ ਦੀ ਉਹੀ ਲਾਡਲੀ ਧੀ ਹਾਂ। ਮੇਰੇ ਹੱਥੋਂ ਪੈਸੇ ਖਰਚ ਹੋਣ ਦੇਣ, ਇਹ ਤਾਂ ਸਵਾਲ ਹੀ ਪੈਦਾ ਨ੍ਹੀਂ ਹੁੰਦਾ। ਮੇਰੇ ਵਿਆਹ ਨੂੰ ਹੁਣ ਦੋ ਦਹਾਕੇ ਹੋਣ ਵਾਲੇ ਹਨ, ਪਰ ਸੱਚ ਦੱਸਾਂ ਕਦੇ ਵੀ ਭਾਬੀ ਨੇ ਬੇਗਾਨੇਪਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਘਰ ਪਹੁੰਚ ਕੇ ਮਾਂ ਨਾਲ ਬੁਟੀਕ ਵਾਲੀ ਗੱਲ ਸਾਂਝੀ ਕੀਤੀ। ਮੇਰੀ ਗੱਲ ਸੁਣ ਕੇ ਮਾਂ ਦੇ ਚਿਹਰੇ ’ਤੇ ਮੁਸਕਰਾਹਟ ਫੈਲ ਗਈ। ਮਾਂ ਨੇ ਕਿਹਾ, ‘‘ਨਿੱਕੀ ਜਿਹੀ ਗੱਲ ਪਿੱਛੇ ਹਜ਼ਾਰ ਰੁਪਏ ਦੇਣ ਦੀ ਕੀ ਲੋੜ ਐ? ਤੇਰੀ ਮਾਂ ਅਜੇ ਜਿਊਂਦੀ ਐ।’’ ਮਾਂ ਦੇ ਇਹ ਬੋਲ ਜਿਵੇਂ ਮੇਰੇ ਕੰਨਾਂ ’ਚ ਮਿਸ਼ਰੀ ਘੋਲ ਗਏ। ਸੂਟ ਮਾਂ ਕੋਲ ਛੱਡ ਕੇ ਮੈਂ ਸਹੁਰੇ ਘਰ ਆ ਗਈ ਕਿਉਂਕਿ ਪਹਿਲੀ ਜੁਲਾਈ ਤੋਂ ਬੱਚਿਆਂ ਦੇ ਸਕੂਲ ਖੁੱਲ੍ਹਣੇ ਸਨ। ਮਾਂ ਨੇ ਕਢਾਈ ਵਾਲਾ ਫਰੇਮ, ਸੂਈ, ਧਾਗਾ ਸਭ ਚੀਜ਼ਾਂ ਦਾ ਪ੍ਰਬੰਧ ਕਰ ਲਿਆ ਸੀ। ਜਦੋਂ ਭਤੀਜੀ ਨੇ ਮਾਂ ਦੀ ਸੂਟ ’ਤੇ ਕਢਾਈ ਕਰਦਿਆਂ ਦੀ ਵੀਡੀਓ ਬਣਾ ਕੇ ਭੇਜੀ ਤਾਂ ਉਨ੍ਹਾਂ ਦੀਆਂ ਕੰਬਦੀਆਂ ਉਂਗਲਾਂ ਦੀ ਰਫ਼ਤਾਰ, ਟਾਂਕਿਆਂ ਦੀ ਮਹੀਨ ਸਫ਼ਾਈ ਅਤੇ ਕੰਮ ਦਾ ਸਲੀਕਾ ਦੇਖ ਕੇ ਮੇਰੀਆਂ ਉਂਗਲਾਂ ਦੰਦਾਂ ਹੇਠ ਆ ਗਈਆਂ। ਮਾਂ ਦੀ ਉਮਰ ਵੀ ਸੱਤਰ ਸਾਲ ਦੇ ਕਰੀਬ ਹੋ ਗਈ ਹੈ। ਮਾਂ ਨੇ ਆਪਣੇ ਬਚਪਨ ਅਤੇ ਜਵਾਨੀ ਦੇ ਦਿਨਾਂ ’ਚ ਸੂਈ-ਧਾਗੇ ਨਾਲ ਪਤਾ ਨਹੀਂ ਕਿੰਨੇ ਕੁ ਅੰਬਰ ਚਿਤਰੇ ਸਨ। ਉਸ ਦੌਰ ਵਿੱਚ ਧੀਆਂ ਨੂੰ ਸਿਲਾਈ-ਕਢਾਈ ਦੀ ਕਲਾ ਸਿਖਾਉਣਾ ਦਾਜ ਤੋਂ ਵੀ ਵੱਧ ਜ਼ਰੂਰੀ ਮੰਨਿਆ ਜਾਂਦਾ ਸੀ। ਸਿਲਾਈ, ਕਢਾਈ, ਬੁਣਾਈ ਇਹੋ ਜਿਹਾ ਕਿਹੜਾ ਕੰਮ ਹੈ ਜੋ ਮਾਂ ਨੇ ਆਪਣੇ ਹੱਥੀਂ ਨਾ ਕੀਤਾ ਹੋਵੇ। ਪਤਾ ਨ੍ਹੀਂ ਪਿੰਡ ਦੀਆਂ ਕਿੰਨੀਆਂ ਕੁੜੀਆਂ ਨੇ ਮੁਫ਼ਤ ’ਚ ਮਾਂ ਤੋਂ ਇਹ ਸਭ ਕੁਝ ਸਿੱਖਿਆ ਸੀ। ਸ਼ਾਇਦ ਇਸੇ ਲਈ ਉਮਰ ਦੇ ਇਸ ਪੜਾਅ ’ਤੇ ਵੀ ਉਨ੍ਹਾਂ ਦੇ ਹੱਥਾਂ ਦੀ ਉਹ ਪੁਰਾਣੀ ਨਿਪੁੰਨਤਾ ਬਰਕਰਾਰ ਹੈ। ਹਰ ਟਾਂਕਾ ਇੰਨਾ ਬਾਰੀਕ ਤੇ ਸੁਚੱਜਾ, ਜਿਵੇਂ ਕੱਪੜੇ ’ਤੇ ਧਾਗੇ ਨਹੀਂ ਸਗੋਂ ਮਾਂ ਆਪਣੀ ਮਮਤਾ ਦੀ ਇਬਾਰਤ ਲਿਖ ਰਹੀ ਹੋਵੇ। ਕੁਝ ਹੀ ਦਿਨਾਂ ਵਿੱਚ ਸੂਟ ਤਿਆਰ ਹੋ ਕੇ ਮੇਰੇ ਕੋਲ ਪਹੁੰਚ ਗਿਆ। ਜਦੋਂ ਮੈਂ ਉਸ ਨੂੰ ਹੱਥਾਂ ’ਚ ਲਿਆ ਤਾਂ ਮੇਰੀਆਂ ਪਲਕਾਂ ਸੇਜਲ ਹੋ ਗਈਆਂ। ਸੱਚ ਜਾਣਿਓ, ਮੈਨੂੰ ਬਾਜ਼ਾਰ ਦੇ ਕਿਸੇ ਵੱਡੇ ਤੋਂ ਵੱਡੇ ਮਸ਼ਹੂਰ ਬੁਟੀਕ ਦੀ ਕਢਾਈ ਵੀ ਇਸ ਦੇ ਸਾਹਮਣੇ ਫਿੱਕੀ ਜਾਪੀ। ਮਸ਼ੀਨਾਂ ਦੀ ਕਢਾਈ ਵਿੱਚ ਇੱਕ ਬੇਜਾਨ ਸਫ਼ਾਈ ਤਾਂ ਹੋ ਸਕਦੀ ਹੈ, ਪਰ ਮਾਂ ਦੇ ਹੱਥਾਂ ਦੀ ਕਢਾਈ ਵਿੱਚ ਜੋ ਰੂਹ, ਨਿੱਘ ਅਤੇ ਅਪਣੱਤ ਹੈ, ਉਹ ਕਿਸੇ ਨਿਰਜਿੰਦ ਮਸ਼ੀਨ ਵਿੱਚ ਕਿੱਥੇ! ਜਦ ਮੈਂ ਉਹ ਸੂਟ ਪਹਿਨਿਆ ਤਾਂ ਦੇਖਣ ਵਾਲਾ ਕੋਈ ਵੀ ਸ਼ਖ਼ਸ ਕਢਾਈ ਦੀ ਤਾਰੀਫ਼ ਕੀਤੇ ਬਿਨਾਂ ਨਾ ਰਹਿ ਸਕਿਆ। ਕਈਆਂ ਨੇ ਉਤਸੁਕਤਾ ਨਾਲ ਪੁੱਛਿਆ, ‘‘ਕਿਹੜੇ ਮਹਿੰਗੇ ਬੁਟੀਕ ਤੋਂ ਤਿਆਰ ਕਰਵਾਇਆ?’’ ਮੈਂ ਮਾਣ ਨਾਲ ਕਿਹਾ, ‘‘ਇਹ ਕਿਸੇ ਬੁਟੀਕ ਤੋਂ ਨਹੀਂ, ਮੇਰੀ ਮਾਂ ਦੇ ਹੱਥਾਂ ਦਾ ਜਾਦੂ ਹੈ।’’ ਉਸ ਦਿਨ ਮੈਨੂੰ ਸਹੀ ਅਰਥਾਂ ਵਿੱਚ ਅਹਿਸਾਸ ਹੋਇਆ ਕਿ ਬਾਜ਼ਾਰ ਪੈਸਿਆਂ ਦੇ ਬਦਲੇ ਕਲਾ ਤਾਂ ਵੇਚ ਸਕਦਾ ਹੈ, ਪਰ ਮਾਂ ਦੇ ਹੱਥਾਂ ਦੀਆਂ ਅਸੀਸਾਂ, ਲੋਰੀਆਂ ਅਤੇ ਮੋਹ ਕਦੇ ਨਹੀਂ ਦੇ ਸਕਦਾ। ਉਸ ਸੂਟ ਦੇ ਹਰ ਇੱਕ ਟਾਂਕੇ ਵਿੱਚ ਮੇਰੀ ਮਾਂ ਦਾ ਪਿਆਰ, ਮੇਰੇ ਲਈ ਦੁਆਵਾਂ ਅਤੇ ਜ਼ਿੰਦਗੀ ਭਰ ਦੀ ਸਾਧਨਾ ਪਰੋਈ ਹੋਈ ਹੈ।
ਉਹ ਸੂਟ ਮੇਰੀ ਅਲਮਾਰੀ ਦਾ ਸਭ ਤੋਂ ਕੀਮਤੀ ਗਹਿਣਾ ਹੈ। ਉਸ ਨੂੰ ਦੇਖਦਿਆਂ ਹੀ ਮੈਨੂੰ ਜੂਨ ਦੀਆਂ ਉਹ ਦੁਪਹਿਰਾਂ, ਮਾਂ ਦੀ ਮਿੱਠੀ ਮੁਸਕਾਨ, ਭਾਬੀ ਦਾ ਲਾਡ-ਪਿਆਰ ਤੇ ਪੇਕੇ ਘਰ ਦਾ ਨਿੱਘ ਚੇਤੇ ਆ ਜਾਂਦਾ ਹੈ। ਉਸ ਦਿਨ ਮੈਨੂੰ ਇਹ ਵੀ ਸਮਝ ਆ ਗਿਆ ਕਿ ਰਿਸ਼ਤਿਆਂ ਦਾ ਸੂਚਕ ਅੰਕ ਪੈਸਾ ਨਹੀਂ ਹੋ ਸਕਦਾ, ਇਹ ਤਾਂ ਸਿਰਫ਼ ਆਪਸੀ ਭਰੋਸੇ ਅਤੇ ਪਿਆਰ ਦੇ ਸਿਰ ’ਤੇ ਜਿਊਂਦੇ ਹਨ। ਸੱਚਮੁੱਚ, ਵਕਤ ਭਾਵੇਂ ਕਿੰਨੀਆਂ ਵੀ ਕਰਵਟਾਂ ਬਦਲ ਲਵੇ, ਫੈਸ਼ਨ ਦੇ ਬਾਜ਼ਾਰ ਵਿੱਚ ਭਾਵੇਂ ਨਵੇਂ ਰੁਝਾਨਾਂ ਦਾ ਹੜ੍ਹ ਆ ਜਾਵੇ, ਪਰ ਮਾਂ ਦੇ ਹੱਥਾਂ ਦਾ ਹੁਨਰ ਅਤੇ ਉਸ ਦੇ ਤੋਪਿਆਂ ’ਚ ਪਰੋਇਆ ਪਿਆਰ ਹਮੇਸ਼ਾ ਹਰ ਬੁਟੀਕ ਅਤੇ ਦੁਨੀਆ ਦੇ ਹਰ ਬ੍ਰਾਂਡ ਤੋਂ ਉੱਚਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ।
ਸੰਪਰਕ: 94171-63426

