ਸ਼ੇਰ ਆਇਆ...
ਇਹ ਗੱਲ ਸਾਲ 1982 ਦੀ ਹੈ, ਜਦੋਂ ਮੈਂ ਪਬਲਿਕ ਕਾਲਜ ਸਮਾਣਾ ਵਿੱਚ ਬੀ ਏ ਭਾਗ ਪਹਿਲਾ ਦਾ ਵਿਦਿਆਰਥੀ ਸੀ। ਪੜ੍ਹਾਈ ਦੇ ਨਾਲ-ਨਾਲ ਮੈਂ ਐੱਨ ਸੀ ਸੀ ਦੇ ਆਰਮੀ ਵਿੰਗ ਦਾ ਕੈਡਿਟ ਵੀ ਸੀ। ਸਾਡਾ ਸਾਲਾਨਾ ਟਰੇਨਿੰਗ ਕੈਂਪ ਹਿਮਾਚਲ ਪ੍ਰਦੇਸ਼ ਦੇ...
ਇਹ ਗੱਲ ਸਾਲ 1982 ਦੀ ਹੈ, ਜਦੋਂ ਮੈਂ ਪਬਲਿਕ ਕਾਲਜ ਸਮਾਣਾ ਵਿੱਚ ਬੀ ਏ ਭਾਗ ਪਹਿਲਾ ਦਾ ਵਿਦਿਆਰਥੀ ਸੀ। ਪੜ੍ਹਾਈ ਦੇ ਨਾਲ-ਨਾਲ ਮੈਂ ਐੱਨ ਸੀ ਸੀ ਦੇ ਆਰਮੀ ਵਿੰਗ ਦਾ ਕੈਡਿਟ ਵੀ ਸੀ। ਸਾਡਾ ਸਾਲਾਨਾ ਟਰੇਨਿੰਗ ਕੈਂਪ ਹਿਮਾਚਲ ਪ੍ਰਦੇਸ਼ ਦੇ ਬਹੁਤ ਹੀ ਰਮਣੀਕ ਸਥਾਨ ਰੇਣੂਕਾ ਝੀਲ ਵਿਖੇ ਲੱਗਿਆ। ਉਸ ਸਮੇਂ ਤੱਕ ਇਹ ਸਥਾਨ ਧਾਰਮਿਕ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਨਹੀਂ ਸੀ ਬਣਿਆ। ਪੰਜ ਕਿਲੋਮੀਟਰ ਦੇ ਘੇਰੇ ਵਿੱਚ ਫੈਲੀ ਇਹ ਵਿਸ਼ਾਲ ਝੀਲ ਆਪਣੀ ਕੁਦਰਤੀ ਸੁੰਦਰਤਾ ਨਾਲ ਨੱਕੋ-ਨੱਕ ਭਰੀ ਹੋਈ ਸੀ। ਕੈਂਪ ਵਿੱਚ ਸ਼ਾਮਲ ਬਹੁਤੇ ਕੈਡਿਟ ਪੇਂਡੂ ਪਿਛੋਕੜ ਵਾਲੇ ਸਨ। ਕੈਂਪ ਏਰੀਏ ਵਿੱਚ ਲਗਾਏ ਗਏ ਤੰਬੂਆਂ ਵਿੱਚੋਂ ਆਪੋ-ਆਪਣੇ ਤੰਬੂ ਲੱਭ ਕੇ ਸੈੱਟ ਹੁੰਦਿਆਂ ਸਾਨੂੰ ਸ਼ਾਮ ਪੈ ਗਈ। ਕੈਡਿਟਾਂ ਦੀਆਂ ਜੰਗਲ-ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੈਂਪ ਪ੍ਰਬੰਧਕਾਂ ਵੱਲੋਂ ਆਰਜ਼ੀ ਬਾਥਰੂਮ ਤਿਆਰ ਕੀਤੇ ਗਏ ਸਨ। ਪਿੰਡਾਂ ਤੋਂ ਆਏ ਮੁੰਡਿਆਂ ਲਈ ਇਹ ਪ੍ਰਬੰਧ ਅਸਲੋਂ ਨਵਾਂ ਤੇ ਅਜੀਬ ਅਨੁਭਵ ਸੀ ਜਿਸ ਕਾਰਨ ਬਹੁਤੇ ਕੈਡਿਟ ਸਹਿਜ ਮਹਿਸੂਸ ਨਹੀਂ ਸਨ ਕਰ ਰਹੇ। ਰਾਤ ਨੂੰ ਖਾਣਾ ਖਾਣ ਉਪਰੰਤ ਸੈਰ ਕਰਦਿਆਂ ਅਸੀਂ ਦਸ-ਪੰਦਰਾਂ ਮੁੰਡਿਆਂ ਨੇ ਸਲਾਹ ਬਣਾਈ ਕਿ ਸਵੇਰੇ ਮੂੰਹ-ਹਨੇਰੇ ਹੀ ਹਾਜਤ (ਪਖਾਨੇ) ਲਈ ਬਾਹਰ ਖੁੱਲ੍ਹੇ ਤੇ ਪ੍ਰਾਕਿਰਤਕ ਵਾਤਾਵਰਨ ਵਿੱਚ ਜਾਵਾਂਗੇ। ਅਗਲੀ ਸਵੇਰ ਅਸੀਂ ਅਜੇ ਆਪੋ-ਆਪਣੀਆਂ ‘ਪੁਜ਼ੀਸ਼ਨਾਂ’ ਲੈ ਕੇ ਬੈਠੇ ਹੀ ਸਾਂ ਕਿ ਅਚਾਨਕ ਇੱਕ ਪਾਸਿਓਂ ਸ਼ੇਰ ਦੇ ਦਹਾੜਨ ਦੀ ਭਿਆਨਕ ਆਵਾਜ਼ ਗੂੰਜੀ। ਫਿਰ ਕੀ ਸੀ! ਅਸੀਂ ਸਾਰੇ ਜਿਸ ਹਾਲਤ ਵਿੱਚ ਵੀ ਸਾਂ, ਜਿਸ ਨੂੰ ਜਿੱਧਰ ਰਸਤਾ ਦਿਸਿਆ, ਵਾਹੋ-ਦਾਹੀ ਭੱਜ ਉੱਠੇ। ਇਸ ਅਫ਼ਰਾ-ਤਫ਼ਰੀ ਅਤੇ ਭਗਦੜ ਵਿੱਚ ਸਾਡੇ ਵਿੱਚੋਂ ਬਹੁਤਿਆਂ ਦੇ ਗੋਡੇ, ਗਿੱਟੇ ਅਤੇ ਕੂਹਣੀਆਂ ਛਿੱਲੀਆਂ ਗਈਆਂ।
ਡਿਗਦੇ-ਢਹਿੰਦੇ ਜਿਉਂ ਹੀ ਅਸੀਂ ਟੈਂਟਾਂ ਦੇ ਨੇੜੇ ਪਹੁੰਚੇ ਤਾਂ ਅੱਗੇ ਸਾਡੇ ਸਵਾਗਤ ਲਈ ਫ਼ੌਜੀ ਇੰਸਟ੍ਰਕਟਰ ਖੜ੍ਹੇ ਸਨ ਕਿਉਂਕਿ ਸਾਡੇ ਇਸ ਕਾਰਨਾਮੇ ਦੀ ਖ਼ਬਰ ਉਨ੍ਹਾਂ ਤੱਕ ਪਹੁੰਚ ਚੁੱਕੀ ਸੀ। ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਸਾਨੂੰ ਸਜ਼ਾ ਵਜੋਂ ਝੀਲ ਦੇ ਦੋ ਚੱਕਰ ਦੌੜ ਕੇ ਲਾਉਣ ਦਾ ਹੁਕਮ ਹੋਇਆ। ਇਹ ਸਜ਼ਾ ਵੀ ਅਸੀਂ ਹੱਸਦਿਆਂ-ਖੇਡਦਿਆਂ ਖਿੜੇ ਮੱਥੇ ਪੂਰੀ ਕਰ ਲਈ। ਪਰ ਸਾਡੀ ਸਥਿਤੀ ਉਸ ਵੇਲੇ ਬਹੁਤ ਹਾਸੋਹੀਣੀ ਹੋ ਗਈ, ਜਦੋਂ ਨਾਸ਼ਤਾ ਕਰਨ ਉਪਰੰਤ ਸਾਡੇ ਇੰਸਟ੍ਰਕਟਰ ਨੇ ਦੱਸਿਆ ਕਿ ਕੈਂਪ ਤੋਂ ਮਹਿਜ਼ 500 ਮੀਟਰ ਦੀ ਦੂਰੀ ਉੱਤੇ ਇੱਕ ਛੋਟਾ ਚਿੜੀਆਘਰ ਹੈ, ਜਿਸ ਵਿੱਚ ਸ਼ੇਰ ਵੀ ਰੱਖੇ ਹੋਏ ਹਨ। ਅਸਲ ਵਿੱਚ ਸ਼ੇਰ ਦੇ ਦਹਾੜਨ ਦੀ ਉਹ ਆਵਾਜ਼ ਉਸੇ ਚਿੜੀਆਘਰ ਵਿੱਚੋਂ ਆਈ ਸੀ, ਜਿਸ ਨੂੰ ਅਸੀਂ ਆਪਣੇ ਸਿਰਾਂ ’ਤੇ ਮੰਡਰਾਉਂਦਾ ਜੰਗਲੀ ਸ਼ੇਰ ਸਮਝ ਬੈਠੇ ਸਾਂ। ਅੱਜ ਵੀ ਜਦੋਂ ਕਦੇ ਇਹ ਘਟਨਾ ਚੇਤੇ ਆਉਂਦੀ ਹੈ ਤਾਂ ਆਪਣੀ ‘ਬਹਾਦਰੀ’ ’ਤੇ ਹਾਸਾ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ।
ਸੰਪਰਕ: 94173-75266
