DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਿਰਾਗ਼ ਜੋ ਟਿਮਟਿਮਾਉਂਦੇ ਰਹੇ...

ਜ਼ਿੰਦਗੀ ਦੇ ਸੋਲ੍ਹਵੇਂ ਸਾਲ ਵਿੱਚ ਦੁਨੀਆ ਬੜੀ ਪਿਆਰੀ ਪਿਆਰੀ ਲੱਗਣ ਲੱਗੀ। ਅਚਾਨਕ ਮੇਰੀ ਜ਼ਿੰਦਗੀ ਵਿੱਚ ਇਹੋ ਜਿਹੀ ਘਟਨਾ ਵਾਪਰੀ ਕਿ ਮੇਰੇ ਹੱਥ ਵਿੱਚ ਸਰਦਾਰ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਆ ਗਿਆ। ਉਸ ਨੇ ਮੈਨੂੰ ਝੰਜੋੜ ਕੇ ਰੱਖ...

  • fb
  • twitter
  • whatsapp
  • whatsapp
Advertisement
ਜ਼ਿੰਦਗੀ ਦੇ ਸੋਲ੍ਹਵੇਂ ਸਾਲ ਵਿੱਚ ਦੁਨੀਆ ਬੜੀ ਪਿਆਰੀ ਪਿਆਰੀ ਲੱਗਣ ਲੱਗੀ। ਅਚਾਨਕ ਮੇਰੀ ਜ਼ਿੰਦਗੀ ਵਿੱਚ ਇਹੋ ਜਿਹੀ ਘਟਨਾ ਵਾਪਰੀ ਕਿ ਮੇਰੇ ਹੱਥ ਵਿੱਚ ਸਰਦਾਰ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਆ ਗਿਆ। ਉਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਬੜੀ ਬੇਸਬਰੀ ਨਾਲ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਨੂੰ ਤੁਰ ਪਿਆ। ਮੈਂ ਸੋਚਦਾ ਸੀ ਕਿ ਇਹ ਵਿਅਕਤੀ ਕਿੰਨਾ ਮਹਾਨ ਹੋਵੇਗਾ। ਜਿਉਂ ਹੀ ਮੈਂ ਕੰਵਲ ਹੋਰਾਂ ਨੂੰ ਮਿਲਿਆ, ਉਨ੍ਹਾਂ ਨੇ ਮੇਰੀ ਜਾਣਕਾਰੀ ਵਿੱਚ ਇੱਕ ਹੋਰ ਵਾਧਾ ਕੀਤਾ। ਅਖੇ, ‘‘ਮੇਰੇ ਬਾਪੂ ਜੀ ਤੁਹਾਡੇ ਪਿੰਡ ਤੋਂ ਗੱਡਾ ਲੈ ਕੇ ਆਏ ਸੀ।’’ ਜਦੋਂ ਮੈਂ ਹਰਚਰਨ ਸਿੰਘ ਬਰਾੜ ਹੋਰਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਇਹੀ ਗੱਲ ਆਖੀ, ‘‘ਮੇਰੇ ਬਾਪੂ ਜੀ ਤੁਹਾਡੇ ਪਿੰਡ ਤੋਂ ਗੱਡਾ ਲੈ ਕੇ ਗਏ ਸੀ।’’ ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਆਪਣੀ ਸਰਕਾਰ ਵਿੱਚ ਵਜ਼ੀਰ ਬਣਾਇਆ।

ਇਸ ਤੋਂ ਬਾਅਦ ਮੇਰੇ ਦਿਲ ਵਿੱਚ ਇੱਕ ਤਾਂਘ ਪੈਦਾ ਹੋਈ। ਮੇਰੇ ਪਿੰਡ ’ਤੇ ਤਿੰਨ ਗੁਰੂ ਸਾਹਿਬਾਨ ਦੀਆਂ ਮਿਹਰਾਂ ਦੀ ਬਖ਼ਸ਼ਿਸ਼ ਹੋਈ। ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਧਰਮ ਦੇ ਪ੍ਰਚਾਰ ਲਈ ਸਥਾਪਤ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਮੰਜੀ ਬਾਬਾ ਰੰਗ ਦਾਸ ਜੀ ਭੰਡਾਰੀ ਬਟਾਲੇ ਵਾਲਿਆਂ ਨੂੰ ਬਖ਼ਸ਼ ਦਿੱਤੀ। ਪਿੰਡ ਘੜੂੰਏਂ ਬਾਰੇ ਸੁਣ ਕੇ ਬਾਬਾ ਰੰਗ ਦਾਸ ਜੀ ਭੰਡਾਰੀ ਨੇ ਘੜੂੰਏਂ ਬੈਠ ਕੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਤੋਂ ਬਾਅਦ ਬਾਬਾ ਮਿੰਨੀ ਭਾਨ ਜੀ ਅਤੇ ਫੇਰ ਅਮਰ ਸ਼ਹੀਦ ਬਾਬਾ ਨੰਦ ਲਾਲ ਜੀ ਮੰਜੀ ਉੱਤੇ ਬਿਰਾਜਮਾਨ ਹੋਏ। ਆਪ ਬਹੁਤ ਭਜਨੀਕ ਸਨ। ਆਪ ਜੀ ਨੇ ਚਾਰ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਹਰਿਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ।

Advertisement

ਸ੍ਰੀ ਗੁਰੂ ਹਰਿਰਾਇ ਜੀ ਸੰਨ 1658 ਵਿੱਚ ਇਨ੍ਹਾਂ ਪਾਸ ਕਈ ਦਿਨ ਠਹਿਰੇ। ਇਸ ਅਸਥਾਨ ਉੱਪਰ ਗੁਰਦੁਆਰਾ ਦੇਗ ਸਰ ਬਣਿਆ ਹੋਇਆ ਹੈ। ਫਿਰ ਬਾਬਾ ਰਾਮ ਮੱਲ ਜੀ ਦਿੱਲੀ ਜਾਂਦੇ ਹੋਏ ਇਨ੍ਹਾਂ ਕੋਲ ਮਾਰਚ 1661 ’ਚ ਠਹਿਰੇ। ਆਪ ਜੀ ਦੀ ਪ੍ਰਸਿੱਧੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਨਾਲ 1663 ਵਿੱਚ ਮੋਰਿੰਡਾ ਦੇ ਹਾਕਮ ਨੇ ਆਪ ਜੀ ਉੱਪਰ ਹਮਲਾ ਕਰ ਦਿੱਤਾ। ਆਪ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਪਿੰਡ ਬੱਤਾ ਚਲੇ ਗਏ। ਇੱਥੋਂ ਭੇਤ-ਭਰੀ ਹਾਲਤ ਵਿੱਚ ਲੋਪ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਫਰਵਰੀ 1671 ਵਿੱਚ ਇਸ ਪਿੰਡ ਵਿੱਚ ਆਏ, ਜਿੱਥੇ ਹੁਣ ਗੁਰਦੁਆਰਾ ਅਕਾਲਗੜ੍ਹ ਸਾਹਿਬ ਬਣਿਆ ਹੈ। ਇਸੇ ਅਸਥਾਨ ’ਤੇ ਛੱਪੜੀ ਦੇ ਕੰਢੇ ਸੱਤ ਦਿਨ ਠਹਿਰੇ। ਧਰਮ ਦਾ ਪ੍ਰਚਾਰ ਕਰਦੇ ਰਹੇ। ਦਸਮ ਪਿਤਾ ਨੇ ਘੜੂੰਏਂ ਪਿੰਡ ’ਤੇ ਮਿਹਰਾਂ ਦੀ ਬੁਛਾੜ ਕੀਤੀ। ਉਨ੍ਹਾਂ ਨੇ ਘੜੂੰਏ ਦੇ ਲੁਹਾਰਾਂ ਨੂੰ ਸੁਨੇਹਾ ਭੇਜਿਆ। ਤੁਸੀਂ ਖੰਡਾ-ਬਾਟਾ ਤਿਆਰ ਕਰੋ ਤਾਂ ਕਿ ਵਿਸਾਖੀ ਵਾਲੇ ਦਿਨ ਖ਼ਾਲਸਾ ਦੀ ਸਾਜਨਾ ਕੀਤੀ ਜਾ ਸਕੇ। ਪਿੰਡ ਘੜੂੰਆਂ ਦੇ ਸਿੰਘਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਿਆ।

Advertisement

ਇੱਕ ਘਟਨਾ 1758 ਦੀ ਹੈ। ਇੱਕ ਦਿਨ ਭਾਈ ਤਾਰਾ ਸਿੰਘ ਵਾਂ ਦੋ ਸਿੰਘਾਂ ਦੇ ਨਾਲ ਮੋਰਿੰਡੇ ਦੇ ਕਿਲ੍ਹੇ ਕੋਲ ਦੀ ਲੰਘ ਰਹੇ ਸਨ। ਉਨ੍ਹਾਂ ਨੇ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਕਿਲ੍ਹੇ ਦੇ ਨਾਲ ਖੂਹ ਵਿੱਚੋਂ ਪਾਣੀ ਲਿਆਂਦਾ ਜਾਵੇ। ਕਿਲ੍ਹੇ ਉੱਤੇ ਖੜ੍ਹੇ ਰੰਗੜਾਂ ਨੇ ਇੱਕ ਸਿੰਘ ਨੂੰ ਫੱਟੜ ਕਰ ਦਿੱਤਾ ਤੇ ਦੂਸਰੇ ਸਿੰਘ ਨੂੰ ਕਿਲ੍ਹੇ ’ਤੇ ਖੜ੍ਹੇ ਰੰਗੜਾਂ ਨੇ ਕਿਹਾ, ‘‘ਅਸੀਂ ਤੁਹਾਡੇ ਵਾਲ ਵੱਢ ਕੇ ਰੱਸੇ ਵੱਟਣੇ ਹਨ। ਪਹਿਲੇ ਰੱਸੇ ਪੁਰਾਣੇ ਹੋ ਗਏ ਹਨ।’’

ਭਾਈ ਤਾਰਾ ਸਿੰਘ ਵਾਂ ਨੇ ਘੜੂੰਏਂ ਪਹੁੰਚ ਕੇ ਭਾਈ ਰਣ ਸਿੰਘ ਤੇ ਭਾਈ ਦਲ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਕਿਹਾ, ‘‘ਅਸੀਂ ਇੱਥੇ ਸਿੰਘਾਂ ਦਾ ਇਕੱਠ ਕਰਕੇ ਮੋਰਿੰਡੇ ਦੇ ਰੰਗੜਾਂ ਨੂੰ ਸੋਧਣਾ ਹੈ। ਵਿਚਾਰਨ ਵਾਲੀ ਇਹ ਗੱਲ ਹੈ ਕਿ ਇੱਕ ਪਾਸੇ ਸਰਹਿੰਦ ਦਾ ਸੂਬੇਦਾਰ ਜੈਨ ਖਾਨ ਬੈਠਾ ਹੈ। ਦੂਜੇ ਪਾਸੇ ਲਾਹੌਰ ਵਿੱਚ ਅਹਿਮਦ ਸ਼ਾਹ ਅਬਦਾਲੀ ਬੈਠਾ ਹੈ। ਇਕੱਠ ਦੀ ਤਿਆਰੀ ਇੰਨੀ ਜ਼ਬਰਦਸਤ ਹੋਵੇ ਤਾਂ ਕਿ ਜੇਕਰ ਦੋਵੇਂ ਤਾਕਤਾਂ ਨਾਲ ਭਿੜਨਾ ਪਵੇ ਤਾਂ ਇਨ੍ਹਾਂ ਦੋਵੇਂ ਦੁਸ਼ਮਣਾਂ ਨੂੰ ਭਾਜੜਾਂ ਪਾਈਆਂ ਜਾਣ।’’ ਉਸ ਸਮੇਂ ਸ੍ਰੀ ਆਨੰਦਪੁਰ ਸਾਹਿਬ ਬੈਠੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਘੜੂੰਏ ਪਹੁੰਚਣ ਲਈ ਸੁਨੇਹਾ ਲਾਇਆ ਗਿਆ। ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਵੀ ਕਿਹਾ ਕਿ ਜਲਦੀ ਤੋਂ ਜਲਦੀ ਪਹੁੰਚਿਆ ਜਾਵੇ।

ਘੜੂੰਏਂ ਵਾਲੇ ਸਿੰਘਾਂ ਨੂੰ ਕਿਹਾ ਗਿਆ ਕਿ ਤੁਸੀਂ ਪਤਾ ਲਗਾਉ ਕਿਉਂਕਿ ਤੁਹਾਨੂੰ ਮੋਰਿੰਡੇ ਵਾਲੇ ਰੰਗੜਾਂ ਦੀ ਪਛਾਣ ਹੈ ਤੇ ਇਨ੍ਹਾਂ ਨੂੰ ਘਰਾਂ ਵਿੱਚੋਂ ਕੱਢ ਕੇ ਮਾਰਿਆ ਜਾਵੇ। ਖ਼ਾਲਸੇ ਨੇ ਮੋਰਿੰਡੇ ’ਤੇ ਇੰਨਾ ਜ਼ਬਰਦਸਤ ਹਮਲਾ ਕੀਤਾ ਕਿ ਰੰਗੜਾਂ ਦਾ ਮਲੀਆਮੇਟ ਹੋ ਗਿਆ। ਇਹ ਮੁੜ ਕਦੇ ਵੀ ਨਹੀਂ ਉੱਠੇ। ਅਹਿਮਦ ਸ਼ਾਹ ਅਬਦਾਲੀ ਨੇ ਕੋਈ ਹਿਲਜੁਲ ਨਹੀਂ ਕੀਤੀ। ਸਰਹਿੰਦ ਦਾ ਸੂਬੇਦਾਰ ਜੈਨ ਖ਼ਾਨ ਲੜਾਈ ਵਿੱਚ ਸ਼ਾਮਲ ਹੋਇਆ। ਸਿੰਘਾਂ ਨੇ ਜੈਨ ਖਾਨ ਦਾ ਫ਼ਾਤਿਹਾ ਪੜ੍ਹ ਦਿੱਤਾ, ਜਿਸ ਦੀ ਕਬਰ ਪੀਰ ਜੈਨ ਦੇ ਕੋਟਲੇ ਹੈ। ਸਮੇਂ-ਸਮੇਂ ਸਿਰ ਮੇਰੇ ਪਿੰਡ ਦੇ ਚਿਰਾਗ਼ ਹਨੇਰੀਆਂ ਵਿੱਚ ਵੀ ਟਿਮਟਿਮਾਉਂਦੇ ਰਹੇ। ਪਿੰਡ ਵਾਸੀ ਇਨ੍ਹਾਂ ਚਿਰਾਗ਼ਾਂ ਦੀ ਰੌਸ਼ਨੀ ਵਿੱਚ ਮੰਜ਼ਿਲਾਂ ਮੁਕਾਉਂਦੇ ਰਹੇ।

ਸੰਪਰਕ: 98156-28998

Advertisement
×