ਸੁਫ਼ਨੇ ਦਾ ਸਫ਼ਰ

ਸੁਫ਼ਨੇ ਦਾ ਸਫ਼ਰ

ਹੀਰਾ ਸਿੰਘ ਭੂਪਾਲ

ਹੀਰਾ ਸਿੰਘ ਭੂਪਾਲ

ਮੈਨੂੰ ਡਾਕਟਰ ਬਣਾਉਣਾ ਪਾਪਾ ਦਾ ਸੁਫ਼ਨਾ ਸੀ। ਮੇਰੀ ਸਾਰੀ ਪੜ੍ਹਾਈ ਤਕਰੀਬਨ ਸਰਕਾਰੀ ਸਕੂਲ ਵਿਚ ਹੀ ਹੋਈ ਹੈ। 12ਵੀਂ ਜਮਾਤ (ਮੈਡੀਕਲ) ਵਿਚੋਂ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿਚ ਨਾਂ ਦਰਜ ਕਰਾਇਆ ਤਾਂ ਕੁਝ ਲੋਕਾਂ ਦੇ ਮਨਾਂ ਅੰਦਰ ਇਹ ਵਸ ਗਿਆ ਕਿ ਭੂਪਾਲ ਵਰਗੇ ਪਛੜੇ ਪਿੰਡ ਦੇ ਮੁੰਡੇ ਦਾ ਤੁੱਕਾ ਲੱਗ ਗਿਆ ਹੈ। ਕਈ ਵੱਡੇ ਕਹਾਉਂਦੇ ਲੋਕਾਂ ਦੇ ਲਾਡਲੇ ਨੰਬਰਾਂ ਵਿਚ ਮੈਥੋਂ ਪਛੜ ਗਏ ਸਨ। ਕਈਆਂ ਨੇ ਹੌਸਲਾ ਦੇਣ ਦੀ ਬਜਾਇ ਵਿਅੰਗ ਨਾਲ ਮੈਨੂੰ ਅਤੇ ਪਾਪਾ ਨੂੰ ਧੁਰ ਅੰਦਰ ਤੱਕ ਠੇਸ ਪਹੁੰਚਾਈ ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਪਰ ਅਸੀਂ ਆਪਣੀ ਚਾਲ ਚੱਲਦੇ ਰਹੇ, ਕਿਸੇ ਵੀ ਅੜਿੱਕੇ ਜਾਂ ਔਕੜਾਂ ਦੀ ਪ੍ਰਵਾਹ ਕੀਤੇ ਬਿਨਾ।

ਫਿਰ ਨਿਗੂਣੇ ਅੰਕਾਂ ਕਰਕੇ ਮੇਰਾ ਐੱਮਬੀਬੀਐੱਸ ਵਿਚ ਦਾਖਲਾ ਨਹੀਂ ਹੋ ਸਕਿਆ ਤੇ ਬੀਡੀਐੱਸ ਮੈਂ ਕਰਨਾ ਨਹੀਂ ਸੀ ਚਾਹੁੰਦਾ। ਇਸ ਦਾ ਮੁਢਲਾ ਕਾਰਨ ਮੈਨੂੰ ਯੋਗ ਨਸੀਹਤ ਅਤੇ ਸੇਧ ਦੀ ਘਾਟ ਜਾਪਦੀ ਹੈ। ਵਿਸ਼ੇਸ਼ ਦਾਖ਼ਲਾ ਮੁਕਾਬਲਿਆਂ/ਪ੍ਰੀਖਿਆਵਾਂ ਲਈ ਸਵੈ-ਅਧਿਐਨ ਦੇ ਨਾਲ ਨਾਲ ਹੌਸਲਾ-ਅਫ਼ਜ਼ਾਈ ਤੇ ਰਾਹ-ਦਸੇਰਿਆਂ ਦਾ ਯੋਗਦਾਨ ਵੀ ਤਾਂ ਬਰਾਬਰ ਦਾ ਕਾਰਗਰ ਹੁੰਦਾ ਹੈ।

ਜਦ ਪਹਿਲੀ ਵਾਰ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਇਆ ਤਾਂ ਜਾਪਿਆ ਜਿਵੇਂ ਕੋਈ ਸਕੂਨ ਮਿਲ ਗਿਆ ਹੋਵੇ, ਜਿਵੇਂ ਰੁੱਖ, ਬੂਟੇ ਬਾਹਾਂ ਖੋਲ੍ਹ ਕੇ ਮੇਰਾ ਸੁਆਗਤ ਕਰ ਰਹੇ ਹੋਣ! ਆਖ਼ਿਰਕਾਰ ਇੱਥੇ ਮੇਰਾ ਦਾਖਲਾ ਹੋ ਗਿਆ ਸੀ। ਸੋਹਣੇ ਹੋਸਟਲ, ਖੁੱਲ੍ਹਾ ਵਾਤਾਵਰਨ, ਕੋਲਿਆਂ ਦੀ ਅੱਗ ਉੱਤੇ ਸੇਕੀਆਂ ਤੇ ਸਵਾਹ ਨਾਲ ਲਿਬੜੀਆਂ ਰੋਟੀਆਂ ਦੇ ਨਾਲ ਨਾਲ ਰਾਤ ਨੂੰ ਸਵੀਟ ਡਿਸ਼ ਮਿਲਿਆ ਕਰੇ। ਇਸ ਮਾਹੌਲ ਨੇ ਮੈਨੂੰ ਮਾਂ ਵਾਂਗ ਕਲਾਵੇ ਵਿਚ ਲੈ ਲਿਆ। ਪਹਿਲੇ ਹੀ ਦਿਨ ਤੋਂ ਮੈੱਸ ਦੇ ਕਾਮੇ ਵਿਦਿਆਰਥੀਆਂ ਨੂੰ ‘ਡਾਕਟਰ ਸਾਬ੍ਹ’ ਕਹਿ ਕੇ ਪੁਕਾਰਿਆ ਕਰਨ ਜੋ ਕੁਦਰਤੀ ਤੌਰ ਤੇ ਡੋਪਾਮਾਈਨ ਅਤੇ ਸੇਰੋਟੋਨਿਨ ਵਧਾ ਦਿੰਦੇ ਤੇ ਵੱਖਰਾ ਜਿਹਾ ਸੁਆਦ ਆਉਣ ਲੱਗਾ। ਮਾਪਿਆਂ ਰੂਪੀ ਸਲਾਹਕਾਰ ਅਤੇ ਪ੍ਰੋਫੈਸਰ ਵੀ ਵਧੀਆ ਮਿਲੇ।

ਗੱਡੀ ਅਜੇ ਲੀਹ ਤੇ ਆਈ ਹੀ ਸੀ ਕਿ ਕਿਸੇ ਸ਼ਖ਼ਸ ਨੇ ਪਾਪਾ ਨੂੰ ਸਲਾਹ ਦਿੱਤੀ ਕਿ ‘ਤੇਰਾ ਮੁੰਡਾ ਲਾਇਕ ਆ, ਉਸ ਨੂੰ ਕਿਤੇ ਹੋਰ ਲਾਈਨ ਚ ਪਾ, ਜਿੱਥੇ ਨੌਕਰੀ ਦੇ ਅਵਸਰ ਜ਼ਿਆਦਾ ਹੋਣ’। ਉਹ ਸ਼ਖ਼ਸ ਮੇਰੀ ਜ਼ਿੰਦਗੀ ਚ ਸਾੜ੍ਹਸਤੀ ਵਾਂਗ ਆਇਆ। ਫਰਮਾਨ ਹੋਇਆ ਕਿ ਤੂੰ ਦਸਵੀਂ ਪੱਧਰ ਦਾ ਵੈਟਰਨਰੀ ਡਿਪਲੋਮਾ ਕਰੇਂਗਾ, ਨਾਲੇ ਵਿਚਾਰ ਇਹ ਬਣਾਇਆ ਕਿ ਤੂੰ ਐੱਮਬੀਬੀਐੱਸ ਦਾ ਪੇਪਰ ਇਕ ਵਾਰ ਫਿਰ ਦੇਈਂ। ੳਸਲ ਵਿਚ, ਲੋਕਾਂ ਦੇ ਤਾਅਨਿਆਂ ਦੀਆਂ ਆਵਾਜ਼ਾਂ ਅਜੇ ਤੱਕ ਪਾਪਾ ਦੇ ਕੰਨਾਂ ਵਿਚ ਗੂੰਜ ਰਹੀਆਂ ਸਨ ਜੋ ਅਕਸਰ ਹੀ ਰਾਤਾਂ ਦੀ ਨੀਂਦ ਉਡਾ ਦਿੰਦੀਆਂ। ਮੈਂ ਅੱਧੇ ਮਨ ਨਾਲ ਯੂਨੀਵਰਸਿਟੀ ਦੇ ਪਹਿਲੇ ਸਮੈੱਸਟਰ ਦੇ ਪੇਪਰ ਦੇ ਗਿਆ ਤੇ ਨਾਲ ਹੀ ਛੁੱਟੀਆਂ ਹੋਣ ਨਾਲ ਹੋਸਟਲ ਖਾਲੀ ਕਰਕੇ ਝੋਲਾ ਛੁੱਕ ਕੇ ਪਿੰਡ ਅੱਪੜ ਗਿਆ।

ਉਂਜ, ਮੈਂ ਯੂਨੀਵਰਸਿਟੀ ਨਹੀਂ ਸੀ ਛੱਡਣਾ ਚਾਹੁੰਦਾ ਪਰ ਅਗਲੇ ਸਮੈੱਸਟਰ ਦੀ ਨਾ ਰਜਿਸਟ੍ਰੇਸ਼ਨ ਕਰਵਾਈ ਤੇ ਨਾ ਹੀ ਫੀਸ ਭਰੀ। ਡਿਪਲੋਮੇ ਦੇ ਦਾਖ਼ਲੇ ਦੀ ਲਿਸਟ ਆਈ ਤਾਂ ਮੇਰਾ ਕਿਤੇ ਕੋਈ ਨਾਂ ਥੇਹ ਨਾ। ਮੈਂ ਕਿਸੇ ਪਾਸੇ ਜੋਗਾ ਨਾ ਰਿਹਾ। ਅਸਹਿ ਸਦਮਾ ਲੱਗਿਆ। ਫਿਰ ਖ਼ੁਦ ਨਾਲ ਜੂਝਦਿਆਂ ਇਕ ਦਿਨ ਯੂਨੀਵਰਸਿਟੀ ਪਹੁੰਚ ਗਿਆ। ਉਦੋਂ ਮੋਬਾਈਲ ਵਰਗੀ ਸ਼ੈਅ ਨਹੀਂ ਸੀ ਕਿ ਹੁਣ ਵਾਂਗ ਤੁਰੰਤ ਰਾਬਤਾ ਬਣ ਜਾਂਦਾ। ਅਕਾਦਮਿਕ ਸਾਖਾ ਜਾ ਕੇ ਕਲਰਕ ਜਸਵੀਰ ਸਿੰਘ ਨੂੰ ਮਿਲਿਆ। ਉਨ੍ਹਾਂ ਨੂੰ ਸਾਰੀ ਦਾਸਤਾਨ ਸੁਣਾਈ। ਉਹ ਕਹਿਣ ਕਿ ‘ਹੁਣ ਤਾਂ ਡੀਨ ਸਾਹਿਬ ਹੀ ਕੁਝ ਕਰ ਸਕਦੇ ਨੇ’। ਖ਼ੈਰ, ਉਨ੍ਹਾਂ ਮੇਰੇ ਲਈ ਤਰੱਦਦ ਕੀਤਾ ਅਤੇ ਡੀਨ ਨੂੰ ਮਿਲੇ। ਉਸ ਵਕਤ ਡਾ. ਪਾਲ ਸਿੰਘ ਸਿੱਧੂ ਡੀਨ ਸਨ ਜੋ ਕੌਮਾਂਤਰੀ ਪੱਧਰ ਦੇ ਭੂਮੀ ਵਿਗਿਆਨੀ ਅਤੇ ਸਰਬੋਤਮ ਅਧਿਆਪਕ ਵੀ ਸਨ।

ਕੁਝ ਦੇਰ ਬਾਅਦ ਡਾ. ਸਿੱਧੂ ਨੇ ਅੰਦਰ ਬੁਲਾਇਆ ਤੇ ਇਸ਼ਾਰੇ ਨਾਲ ਬੈਠਣ ਲਈ ਕਿਹਾ। ਫਿਰ ਸਭ ਨੂੰ ਬਾਹਰ ਭੇਜ ਕੇ ਗੱਲ ਸ਼ੁਰੂ ਹੀ ਕੀਤੀ ਕਿ ਸੇਵਾਦਾਰ ਫਾਈਲ ਲੈ ਕੇ ਆਇਆ ਜੋ ਜਸਵੀਰ ਸਿੰਘ ਨੇ ਦਿੱਤੀ ਸੀ। ਗਹੁ ਨਾਲ ਉਨ੍ਹਾਂ ਸਾਰੇ ਪੰਨੇ ਦੇਖੇ, ਫਰੋਲਾ-ਫਰਾਲੀ ਕਰਦਿਆਂ ਪੁੱਛਿਆ, “ਤੂੰ ਪਿੰਡ ਚ ਰਹਿ ਕੇ ਪੜ੍ਹਿਆਂ? ਮੈਂ ‘ਹਾਂ’ ਵਿਚ ਸਿਰ ਹਿਲਾਇਆ। ਇੱਕ ਪੰਨੇ ਤੇ ਆਣ ਕੇ ਉਹ ਅਚਾਨਕ ਰੁੁਕੇ। ਉਨ੍ਹਾਂ ਦੇ ਸਰੀਰਕ ਹਾਵ-ਭਾਵ ਵਿਚ ਕੁਝ ਤਬਦੀਲੀ ਮਹਿਸੂਸ ਹੋਈ। ਇਹ ਮੇਰਾ 12ਵੀਂ ਦਾ ਸਰਟੀਫਿਕੇਟ ਸੀ। ਉਨ੍ਹਾਂ ਫਾਈਲ ਬੰਦ ਕਰਕੇ ਪਰੇ ਰੱਖ ਦਿੱਤੀ, “ਹਰ ਜਮਾਤ ਵਿਚੋਂ ਬਹੁਤ ਵਧੀਆ ਅੰਕ ਨੇ”, ਨਾਲ ਹੀ ਕਹਿਣ ਲੱਗੇ, “ਹੁਣ ਤੇਰੇ ਕੋਲ ਕੀ ਬਦਲ ਹੈ?”

ਕੁਝ ਦੇਰ ਦੀ ਚੁੱਪ ਤੋਂ ਬਾਅਦ ਮੈਂ ਸਾਰੀ ਦਾਸਤਾਨ ਸੁਣਾ ਦਿੱਤੀ। ਪਹਿਲੇ ਸਮੈੱਸਟਰ ਦੇ ਪੇਪਰ ਮੈਂ ਭਾਵੇਂ ਪੂਰੀ ਸੰਜੀਦਗੀ ਨਾਲ ਨਹੀਂ ਦਿੱਤੇ ਸੀ, ਫਿਰ ਵੀ ਮੈਂ ਕਲਾਸ ਦੇ ਪਹਿਲੇ ਕੁਝ ਵਿਦਿਆਥੀਆਂ ਵਿਚੋਂ ਸੀ। ਡਾਕਟਰ ਸਿੱਧੂ ਨੇ ਮੈਨੂੰ ਹਰ ਪੱਖ ਤੋਂ ਪਰਖਿਆ ਅਤੇ ਫਿਰ ਸੁਪਰਡੈਂਟ ਨੂੰ ਹੁਕਮ ਦਿੱਤਾ, “ਇਸ ਮੁੰਡੇ ਦਾ ਦਾਖ਼ਲਾ ਹੋਣਾ ਚਾਹੀਦਾ ਹੈ, ਜਿਵੇਂ ਮਰਜ਼ੀ ਕਰੋ।” ਤੇ ਮੈਨੂੰ ਬਾਹਰ ਬੈਠਣ ਲਈ ਕਿਹਾ। ਦਿਲ ਧੱਕ ਧੱਕ ਕਰੀ ਜਾਵੇ ਤੇ ਉੱਤੋਂ ਭੁੱਖਾ ਢਿੱਡ ਪਰ ਪੂਰੀ ਕਾਇਨਾਤ ਮੇਰੇ ਨਾਲ ਸੀ।

ਪ੍ਰਸ਼ਾਸਕੀ ਹੱਲ ਕੱਢ ਕੇ ਮੈਨੂੰ ਇਕ ਵਾਰ ਫਿਰ ਬੁਲਾਇਆ ਤੇ ਕਿਹਾ, “ਇੱਕੋ ਸ਼ਰਤ ਤੇ ਤੈਨੂੰ ਦਾਖ਼ਲਾ ਮਿਲੂ ਜੇ ਤੂੰ ਇਸੇ ਤਰ੍ਹਾਂ ਮਿਹਨਤ ਕਰੇਂਗਾ ਤੇ ਪੀਐੱਚਡੀ ਤੱਕ ਪੜ੍ਹੇਂਗਾ!... ਹੁਣ ਤੇਰੇ ਕੋਲ ਕੱਲ੍ਹ ਦੁਪਿਹਰ ਤੱਕ ਦਾ ਵਕਤ ਹੈ ਰਜਿਸਟ੍ਰੇਸ਼ਨ ਲਈ। ਫੀਸ ਲਈ ਪੈਸੇ ਹੈਗੇ ਨੇ?” ਮੈਂ ਐਵੇਂ ਹੀ ‘ਹਾਂ’ ਵਿਚ ਡੋਲੂ ਵਾਂਗ ਸਿਰ ਹਿਲਾ ਦਿੱਤਾ। ਇੱਕ ਦੋ ਸੀਨੀਅਰ ਮੁੰਡਿਆਂ ਨੇ ਫੀਸ ਦਾ ਪ੍ਰਬੰਧ ਕਰ ਦਿੱਤਾ। ਭੱਜ-ਨੱਠ ਨਾਲ ਦੂਜੇ ਦਿਨ ਸ਼ਾਮ ਤੱਕ ਰਜਿਸਟ੍ਰੇਸ਼ਨ ਹੋ ਗਈ ਤੇ ਸੁੱਖ ਦਾ ਸਾਹ ਆਇਆ। ਥੱਕ-ਟੁੱਟ ਕੇ ਹੋਸਟਲ ਦੇ ਮੰਜੇ ਤੇ ਲੰਮੇ ਪਏ ਦੇ ਆਪ ਮੁਹਾਰੇ ਹੰਝੂ ਨਿਕਲ ਆ ਗਏ।

ਕੁਝ ਹੀ ਦਿਨਾਂ ਬਾਅਦ ਪਤਾ ਲੱਗਿਆ ਕਿ ਡਾ. ਸਿੱਧੂ ਸੰਸਾਰ ਬੈਂਕ ਵਿਚ ਉੱਚ ਅਹੁਦੇ ਲਈ ਨਾਮਜ਼ਦ ਹੋ ਗਏ ਹਨ। ਅਥਾਹ ਖੁਸ਼ੀ ਹੋਈ। ਅਜਿਹੀਆਂ ਸ਼ਖ਼ਸੀਅਤਾਂ ਹੀ ਸਮਾਜ ਦੇ ਰਾਹ ਮੋਕਲੇ ਕਰਦੀਆਂ ਹਨ।
ਸੰਪਰਕ: 95016-01144

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ