DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਠ ਦਾ ਅਸਰ

ਪ੍ਰਿੰਸੀਪਲ ਵਿਜੈ ਕੁਮਾਰ ਸਾਡੇ ਪ੍ਰਾਇਮਰੀ ਅਧਿਆਪਕ ਸ੍ਰੀ ਮਨੀ ਰਾਮ ਦਾ ਪੜ੍ਹਾਉਣ ਦਾ ਢੰਗ ਬਿਲਕੁੱਲ ਨਿਵੇਕਲਾ ਸੀ। ਉਹ ਪਾਠ ਪੜ੍ਹਾਉਣ ਤੋਂ ਬਾਅਦ ਬੱਚਿਆਂ ਨੂੰ ਕਿਤਾਬਾਂ ਰੱਖਣ ਲਈ ਕਹਿ ਦਿੰਦੇ ਅਤੇ ਪਾਠ ਬਾਰੇ ਸਵਾਲ ਪੁੱਛਦੇ। ਅਖ਼ੀਰ ਵਿੱਚ ਇਹ ਸਵਾਲ ਜ਼ਰੂਰ ਹੁੰਦਾ: “ਬੱਚਿਓ,...

  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

ਸਾਡੇ ਪ੍ਰਾਇਮਰੀ ਅਧਿਆਪਕ ਸ੍ਰੀ ਮਨੀ ਰਾਮ ਦਾ ਪੜ੍ਹਾਉਣ ਦਾ ਢੰਗ ਬਿਲਕੁੱਲ ਨਿਵੇਕਲਾ ਸੀ। ਉਹ ਪਾਠ ਪੜ੍ਹਾਉਣ ਤੋਂ ਬਾਅਦ ਬੱਚਿਆਂ ਨੂੰ ਕਿਤਾਬਾਂ ਰੱਖਣ ਲਈ ਕਹਿ ਦਿੰਦੇ ਅਤੇ ਪਾਠ ਬਾਰੇ ਸਵਾਲ ਪੁੱਛਦੇ। ਅਖ਼ੀਰ ਵਿੱਚ ਇਹ ਸਵਾਲ ਜ਼ਰੂਰ ਹੁੰਦਾ: “ਬੱਚਿਓ, ਇਸ ਪਾਠ ਤੋਂ ਕੀ ਸਿੱਖਿਆ ਮਿਲੀ ਹੈ?” ਜਿਹੜੇ ਬੱਚੇ ਉਨ੍ਹਾਂ ਦੇ ਸਵਾਲਾਂ ਦਾ ਠੀਕ ਜਵਾਬ ਦੇ ਦਿੰਦੇ, ਉਨ੍ਹਾਂ ਨੂੰ ਉਹ ਆਪਣੀ ਅਲਮਾਰੀ ਵਿਚੋਂ ਪਤਾਸੇ ਕੱਢ ਕੇ ਦਿੰਦੇ ਸਨ। ਇਹ ਉਹੀ ਪਤਾਸੇ ਸਨ ਜਿਹੜੇ ਬੱਚਿਆਂ ਦੇ ਦਾਖ਼ਲੇ ਸਮੇਂ ਮਾਪੇ ਲਿਆਉਂਦੇ ਹੁੰਦੇ ਸਨ। ਮਾਸਟਰ ਜੀ ਪਤਾਸੇ ਆਪਣੀ ਅਲਮਾਰੀ ਵਿੱਚ ਸਾਂਭ ਲੈਂਦੇ ਸਨ।

ਉਹ ਇਹ ਗੱਲ ਵੀ ਜ਼ਰੂਰ ਕਹਿੰਦੇ, “ਬੱਚਿਓ, ਜੇਕਰ ਪਾਠ ਪੜ੍ਹ ਕੇ ਤੁਸੀਂ ਕੁੱਝ ਸਿੱਖਿਆ ਹੀ ਨਹੀਂ ਤਾਂ ਪਾਠ ਪੜ੍ਹਨ ਦਾ ਲਾਭ ਵੀ ਕੀ!” ਇੱਕ ਦਿਨ ਉਨ੍ਹਾਂ ਸਾਨੂੰ ਪੰਜਵੀਂ ਦੀ ਪੰਜਾਬੀ ਪੁਸਤਕ ਦਾ ਪਾਠ ਪੜ੍ਹਾਇਆ ਜਿਸ ਦਾ ਨਾਂ ‘ਮਿਹਨਤ ਦਾ ਮੁੱਲ` ਸੀ। ਉਸ ਪਾਠ ਦੀ ਸਿੱਖਿਆ ਸੀ ਕਿ ਕਿਸੇ ਵੀ ਸ਼ਖ਼ਸ ਦੀ ਮਿਹਨਤ ਦਾ ਮੁੱਲ ਉਸ ਨੂੰ ਜ਼ਰੂਰ ਦਿਓ।” ਮਾਸਟਰ ਜੀ ਤਾਂ ਪਾਠ ਪੜ੍ਹਾ ਕੇ ਚਲੇ ਗਏ ਪਰ ਉਨ੍ਹਾਂ ਦੀ ਦਿੱਤੀ ਸਿੱਖਿਆ ਨੇ ਮੇਰੇ ਅਚੇਤ ਮਨ ਵਿਚ ਪਿਆ ਸਵਾਲ ਉਭਾਰ ਦਿੱਤਾ। ਮੈਂ ਅੱਧੀ ਛੁੱਟੀ ਵੇਲੇ ਆਪਣੀ ਵੱਡੀ ਭੈਣ ਨਾਲ ਬੈਠ ਕੇ ਰੋਟੀ ਖਾਂਦਾ ਹੁੰਦਾ ਸੀ। ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਮੈਂ ਭੈਣ ਨੂੰ ਸਵਾਲ ਕੀਤਾ, “ਸ਼ਾਮ ਵੇਲੇ ਅਰਜੁਨ ਅੰਕਲ ਜਿਹੜੇ ਅੰਬ ਸਾਡੇ ਘਰ ਦੇ ਕੇ ਜਾਂਦੇ, ਪਿਤਾ ਜੀ ਉਨ੍ਹਾਂ ਨੂੰ ਅੰਬਾਂ ਦੇ ਪੈਸੇ ਦਿੰਦੇ?”

Advertisement

ਭੈਣ ਨੇ ਸਵਾਲ ਦਾ ਜਵਾਬ ਦੇਣ ਦੀ ਬਜਾਇ ਮੈਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ, “ਰੋਟੀ ਖਾ ਲੈ ਚੁੱਪ ਕਰ ਕੇ, ਹਰ ਵੇਲੇ ਕੋਈ ਨਾ ਕੋਈ ਸਵਾਲ ਕਰਦਾ ਰਹਿੰਦਾ। ਅੰਬਾਂ ਦੇ ਪੈਸੇ ਤੂੰ ਦੇਣੇ?” ਆਪਣੇ ਸਵਾਲ ਦਾ ਜਵਾਬ ਨਾ ਮਿਲਣ ਕਰ ਕੇ ਮਨ ਹੋਰ ਅਸ਼ਾਂਤ ਹੋ ਗਿਆ। ਉਹੀ ਸਵਾਲ ਘਰ ਜਾ ਕੇ ਮਾਂ ਨੂੰ ਪੁੱਛਣ ਦੀ ਧਾਰ ਲਈ। ਮਾਂ ਬਹੁਤ ਸ਼ਾਂਤ ਸੁਭਾਅ ਵਾਲੀ ਸੀ। ਝੂਠ ਤਾਂ ਉਹਨੇ ਆਪਣੇ ਬਚਪਨ ਵਿਚ ਕਿਤੇ ਭੁੱਲ-ਭੁਲੇਖੇ ਬੋਲਿਆ ਹੋਵੇਗਾ! ਮੈਨੂੰ ਆਪਣੇ ਸਵਾਲਾਂ ਦੇ ਜਵਾਬ ਉਸ ਤੋਂ ਬਹੁਤ ਛੇਤੀ ਮਿਲ ਜਾਂਦੇ ਸਨ। ਸੋ, ਘਰ ਆ ਕੇ ਮਾਂ ਨੂੰ ਪੁੱਛ ਲਿਆ, “ਅਰਜੁਨ ਅੰਕਲ ਸ਼ਾਮ ਵੇਲੇ ਜਿਹੜੀ ਅੰਬਾਂ ਦੀ ਟੋਕਰੀ ਦੇ ਕੇ ਜਾਂਦੇ, ਆਪਾਂ ਉਨ੍ਹਾਂ ਨੂੰ ਅੰਬਾਂ ਦੇ ਪੈਸੇ ਦਿੰਦੇ ਆਂ?” ਮਾਂ ਨੇ ਗੱਲ ਟਾਲਣ ਲਈ ਸਵਾਲ ਕਰ ਦਿੱਤਾ, “ਤੂੰ ਕਿਉਂ ਪੁੱਛ ਰਿਹਾਂ ਬਈ? ਨਾਲੇ ਤੇਰੇ ਪਾਪਾ ਨੂੰ ਪਤਾ ਹੋਵੇਗਾ। ਮਾਂ ਨੂੰ ਦੁਬਾਰਾ ਸਵਾਲ ਤਾਂ ਨਹੀਂ ਕੀਤਾ ਪਰ ਆਖਿਆ ਗਿਆ, “ਮੈਂ ਤਾਂ ਪਾਪਾ ਨੂੰ ਕਦੇ ਅੰਕਲ ਨੂੰ ਅੰਬਾਂ ਦੇ ਪੈਸੇ ਦਿੰਦੇ ਦੇਖਿਆ ਨਹੀਂ।” ਮਾਂ ਨੇ ਇਹ ਕਹਿ ਕੇ ਪਿੱਛਾ ਛੁਡਵਾਇਆ, “ਕਾਕਾ, ਤੇਰੇ ਪਾਪਾ ਨੇ ਸ਼ਾਮ ਨੂੰ ਦੁਕਾਨ ਤੋਂ ਆ ਜਾਣਾ, ਉਨ੍ਹਾਂ ਤੋਂ ਈ ਪੁੱਛ ਲਵੀਂ।”

Advertisement

ਅਰਜੁਨ ਅੰਕਲ ਰੋਜ਼ ਵਾਂਗ ਅੰਬਾਂ ਦੀ ਛੋਟੀ ਜਿਹੀ ਟੋਕਰੀ ਮਾਂ ਨੂੰ ਫੜਾ ਗਏ। ਸ਼ਾਮ ਨੂੰ ਰੋਟੀ ਖਾਣ ਵੇਲੇ ਮਾਂ ਨੇ ਉਨ੍ਹਾਂ ਅੰਬਾਂ ਵਿਚੋਂ ਸਭ ਨੂੰ ਅੰਬ ਫੜਾਏ ਪਰ ਮੈਂ ਅੰਬ ਲੈਣ ਤੋਂ ਨਾਂਹ ਕਰ ਦਿੱਤੀ। ਪਾਪਾ ਨੇ ਮੈਨੂੰ ਨਾਂਹ ਕਰਦਿਆਂ ਦੇਖ ਲਿਆ, ਉਹ ਔਖੇ ਹੋ ਕੇ ਬੋਲੇ, “ਕੀ ਗੱਲ, ਅੰਬ ਕਿਉਂ ਨਹੀਂ ਫੜਦਾ?” ਮਾਂ ਨੇ ਅਜੇ ਕੋਈ ਜਵਾਬ ਦੇਣਾ ਹੀ ਸੀ ਕਿ ਉਸ ਤੋਂ ਪਹਿਲਾਂ ਭੈਣ ਬੋਲ ਪਈ, “ਪਾਪਾ ਇਹ ਪੁੱਛ ਰਿਹੈ, ਅਸੀਂ ਅਰਜੁਨ ਅੰਕਲ ਨੂੰ ਅੰਬਾਂ ਦੇ ਪੈਸੇ ਦਿੰਦੇ ਆਂ?” ਪਾਪਾ ਅਜੇ ਗੁੱਸੇ ਵਿੱਚ ਕੁਝ ਬੋਲਣ ਹੀ ਵਾਲੇ ਸਨ ਕਿ ਮਾਂ ਨੇ ਪਾਪਾ ਨੂੰ ਕਹਿ ਦਿੱਤਾ, “ਗੁੱਸੇ ਹੋਣ ਨਾਲੋਂ ਬੱਚੇ ਨੂੰ ਅਸਲੀਅਤ ਦੱਸੋ।” ਪਾਪਾ ਤਾਂ ਕੁਝ ਨਹੀਂ ਬੋਲੇ ਪਰ ਮਾਂ ਨੇ ਸਚਾਈ ਦੱਸਦਿਆਂ ਕਿਹਾ, “ਪੁੱਤਰਾ, ਇਹ ਸਾਡੇ ਘਰ ਸਾਫ-ਸਫਾਈ ਦਾ ਕੰਮ ਕਰਦੇ, ਇਨ੍ਹਾਂ ਨਾਲ ਸਾਡਾ ਪਰਿਵਾਰਕ ਸਬੰਧ ਐ। ਅਰਜੁਨ ਹਰ ਸਾਲ ਅੰਬਾਂ ਦਾ ਬਾਗ ਲੈਂਦਾ ਤੇ ਹਰ ਸਾਲ ਆਪਣੀ ਖੁਸ਼ੀ ਨਾਲ ਤੁਹਾਨੂੰ ਚੂਪਣ ਲਈ ਹਰ ਰੋਜ਼ ਕੁਝ ਅੰਬ ਦੇ ਜਾਂਦਾ। ਅਸੀਂ ਕਿਸੇ ਨਾ ਕਿਸੇ ਢੰਗ ਨਾਲ ਉਹਦੀ ਮਿਹਨਤ ਦਾ ਮੁੱਲ ਮੋੜ ਹੀ ਦਿੰਦੇ ਆਂ।” ਮਾਂ ਦੇ ਜਵਾਬ ਨਾਲ ਵ ਿਮੇਰੀ ਤਸੱਲੀ ਨਾ ਹੋਈ। ਪਿਤਾ ਜੀ ਦਾ ਗੁੱਸਾ ਹੁਣ ਠੰਢਾ ਹੋ ਚੁੱਕਾ ਸੀ; ਕਹਿੰਦੇ, “ਕਾਕਾ, ਤੂੰ ਇਹ ਸਵਾਲ ਕਿਉਂ ਪੁੱਛ ਰਿਹੈਂ? ਅਸੀਂ ਅੰਬਾਂ ਦੇ ਪੈਸੇ ਦੇਈਏ ਜਾਂ ਨਾ ਦੇਈਏ।” ਮੈਂ ਪਿਤਾ ਜੀ ਨੂੰ ਮਾਸਟਰ ਜੀ ਦੇ ਪਾਠ ਅਤੇ ਸਿੱਖਿਆ ਬਾਰੇ ਦੱਸਿਆ। ਪਿਤਾ ਜੀ ਨਿਮਾਣੇ ਜਿਹੇ ਹੋ ਕੇ ਬੋਲੇ, “ਬਿਲਕੁਲ ਆਪਣੀ ਦਾਦੀ ’ਤੇ ਗਿਐਂ... ਤੂੰ ਸਾਨੂੰ ਕਰਜ਼ਦਾਰ ਹੋਣ ਤੋਂ ਬਚਾ ਲਿਆ।”

ਦੂਜੇ ਦਿਨ ਪਾਪਾ ਨੇ ਅਰਜੁਨ ਨੂੰ ਅੰਬਾਂ ਦੀ ਟੋਕਰੀ ਦਾ ਮੁੱਲ ਮੁਕਾ ਕੇ ਪੈਸੇ ਦਿੰਦੇ ਹੋਏ ਕਿਹਾ, “ਅਰਜੁਨ, ਕੱਲ੍ਹ ਤੂੰ ਅੰਬ ਤਦ ਹੀ ਦੇ ਕੇ ਜਾਵੀਂ ਜੇ ਇਨ੍ਹਾਂ ਦੇ ਪੈਸੇ ਲੈਣੇ ਹੋਏ।” ਅਰਜੁਨ ਕਹਿੰਦਾ, “ਲਾਲਾ ਜੀ, ਮੈਂ ਤਾਂ ਇਹ ਅੰਬ ਬੱਚਿਆਂ ਕਰ ਕੇ ਦੇ ਕੇ ਜਾਂਦਾ ਹਾਂ। ਤੁਸੀਂ ਤਾਂ ਸਾਡਾ ਕਦੇ ਰੱਖਦੇ ਹੀ ਨਹੀਂ। ਮੇਰੇ ਕੋਲੋਂ ਕੋਈ ਭੁੱਲ ਹੋ ਗਈ?” ਪਾਪਾ ਨੇ ਕਿਹਾ, “ਨਹੀਂ ਅਰਜੁਨ, ਤੇਰੇ ਅੰਬ ਮੁਫ਼ਤ ਖਾ ਕੇ ਭੁੱਲ ਤਾਂ ਅਸੀਂ ਕਰਦੇ ਰਹੇ।”

ਉਸ ਦਿਨ ਤੋਂ ਬਾਅਦ ਪਾਪਾ ਅਰਜੁਨ ਨੂੰ ਅੰਬਾਂ ਦੇ ਪੈਸੇ ਦੇਣ ਲੱਗ ਪਏ। ਇੱਕ ਦਿਨ ਪਾਪਾ ਸਕੂਲ ਗਏ ਅਤੇ ਮਾਸਟਰ ਮਨੀ ਰਾਮ ਜੀ ਨੂੰ ਸਾਰੀ ਗੱਲ ਦੱਸੀ। ਮਾਸਟਰ ਜੀ ਨੇ ਅੱਗਿਓਂ ਕਿਹਾ, “ਲਾਲਾ ਜੀ, ਉਹ ਅਧਿਆਪਕ ਹੀ ਕਾਹਦਾ ਜਿਸ ਦੇ ਪੜ੍ਹਾਏ ਦਾ ਬੱਚਿਆਂ ਉੱਤੇ ਅਸਰ ਹੀ ਨਾ ਹੋਵੇ।”

ਮੈਂ ਆਪਣੇ ਅਧਿਆਪਨ ਸਫ਼ਰ ਦੇ ਅਖ਼ੀਰ ਤੱਕ ਮਾਸਟਰ ਜੀ ਦੀ ਗੱਲ ਗੱਠ ਬੰਨ੍ਹ ਕੇ ਰੱਖੀ।

ਸੰਪਰਕ: 98726-27136

Advertisement
×