ਨਰਿੰਦਰ ਸਿੰਘ
ਪੰਜਾਬੀਆਂ ਨੂੰ ਹਿੰਦੀ ਬੋਲਣ ਵਾਸਤੇ ਸ਼ਬਦ ਬੜਾ ਤਰੱਦਦ ਕਰਕੇ ਲੱਭਣੇ ਪੈਂਦੇ ਹਨ। ਫਿਰ ਪੰਜਾਬੀਆਂ ਦਾ ਲਹਿਜਾ ਅਜਿਹਾ ਹੁੰਦਾ ਹੈ ਕਿ ਲੱਗਦਾ ਹੀ ਨਹੀਂ ਕਿ ਬੰਦੇ ਨੇ ਹਿੰਦੀ ਵਿਚ ਗੱਲ ਕੀਤੀ ਹੈ। ਸਾਡੇ ਸੇਵਾਮੁਕਤ ਸਾਥੀ ਨੇ ਇਕ ਵਾਰ ਦੱਸਿਆ ਕਿ ਉਨ੍ਹਾਂ ਦਾ ਪੁੱਤ ਚੰਡੀਗੜ੍ਹ ਦੇ ਜਿਹੜੇ ਕਾਨਵੈਂਟ ਸਕੂਲ ਵਿਚ ਪੜ੍ਹਦਾ ਸੀ, ਉਸ ਦੀ ਪ੍ਰਿੰਸੀਪਲ ਨੇ ਕਿਸੇ ਕਾਰਨ ਉਨ੍ਹਾਂ ਨੂੰ ਸੱਦ ਲਿਆ। ਉਹ ਦਫ਼ਤਰ ਪੁੱਜ ਕੇ ਤਕਰੀਬਨ 5 ਮਿੰਟ ਪ੍ਰਿੰਸੀਪਲ ਨਾਲ ਹਿੰਦੀ ਵਿਚ ਗੱਲ ਕਰਦੇ ਰਹੇ, ਜਦੋਂ ਹਿੰਦੀ ਵਾਲੀ ਇਹ ਗੱਲਬਾਤ ਲੰਮੀ ਹੁੰਦੀ ਗਈ ਤਾਂ ਪ੍ਰਿੰਸੀਪਲ ਕਹਿੰਦੀ, “ਆਪ ਕਾਫ਼ੀ ਦੇਰ ਸੇ ਪੰਜਾਬੀ ਬੋਲ ਰਹੇ ਹੈਂ, ਕ੍ਰਿਪਯਾ ਹਿੰਦੀ ਮੇਂ ਬੋਲੇਂ।” ਉਨ੍ਹਾਂ ਸਮਝ ਨਾ ਪਵੇ ਕਿ ਉਹ ਤਾਂ ਐਨੀ ਦੇਰ ਤੋਂ ਹਿੰਦੀ ਵਿਚ ਹੀ ਗੱਲ ਕਰ ਰਿਹਾ ਸੀ।
ਇਹੀ ਨਹੀਂ, ਹਿੰਦੀ ਸਮਝ ਆਉਣੀ ਵੀ ਪੰਜਾਬੀਆਂ ਲਈ ਵੱਡੀ ਪ੍ਰਾਪਤੀ ਹੈ। ਇਸੇ ਤਰ੍ਹਾਂ ਕਿਤੇ ਪੰਜਾਬੀ ਅਤੇ ਯੂਪੀ ਦੇ ਮੂਲਵਾਸੀ ਮੁਲਾਜ਼ਮਾਂ ਵਿਚਾਲੇ ਬਹਿਸ ਚੱਲ ਪਈ। ਇਸ ਦੌਰਾਨ ਲੜਾਈ ਗੰਭੀਰ ਹੋ ਗਈ। ਪੰਜਾਬੀ ਮੁਲਾਜ਼ਮ ਨੇ ਦੂਜੇ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਇਹ ਕਹਿਣ ਦੀ ਕਿ ਮੈਂ ਬਕਦਾ ਹਾਂ। ਅੱਗਿਓਂ ਉਹ ਭਲਾ ਪੁਰਸ਼ ਕਹਿੰਦਾ, “ਮੈਨੇ ਆਪ ਕੋ ਕਬ ਕਹਾ, ਆਪ ਬਕਦੇ ਹੋ; ਮੈਨੇ ਤੋ ਆਪ ਕੋ ਕਹਾ ਕਿ ਆਪ ਸੇ ਕੌਨ ਬਹਿਸ ਕਰੇਗਾ ਕਿਉਂਕਿ ਆਪ ਵਕਤਾ (ਬੁਲਾਰਾ) ਹੋ। ਇਸ ’ਤੇ ਪੰਜਾਬੀ ਦਾ ਪਾਰਾ ਫਿਰ ਚੜ੍ਹ ਗਿਆ ਕਿ ਤੂੰ ਮੈਨੂੰ ਫਿਰ ਬਕਦਾ ਕਹਿ ਰਿਹਾ ਏਂ। ਬਾਅਦ ਵਿਚ ਪੰਜਾਬੀ ਨੂੰ ਬਕਦਾ ਅਤੇ ਵਕਤਾ ਦਾ ਫਰਕ ਸਮਝਣ ਆਉਣ ’ਤੇ ਹਾਲਾਤ ਠੰਢੇ ਹੋਏ।
ਇਕ ਵਾਰ ਯੂਪੀ ਜਾ ਰਿਹਾ ਸੀ। ਮੁਰਾਦਾਬਾਦ ਰਾਤ ਨੂੰ ਢਾਬੇ ’ਤੇ ਰੋਟੀ ਖਾਣ ਲਈ ਰੁਕੇ। ਉਥੇ ਕੰਮ ਕਰਦਾ ਮੁੰਡਾ ਸਾਡੇ ਕੋਲ ਰੋਟੀ ਪਾਣੀ ਪੁੱਛ ਹੀ ਰਿਹਾ ਸੀ ਕਿ ਉਸ ਦੇ ਮਾਲਕ ਨੇ ਕਿਹਾ, “ਅਰੇ ਯਹਾਂ ਕੂੰਆ।” ਤਿੰਨ ਚਾਰ ਵਾਰ ਇੰਝ ਹੀ ਹੋਇਆ। ਜਦੋਂ ਉਹ ਸਾਡੇ ਕੋਲ ਆਇਆ ਕਰੇ, ਉਹ ਝੱਟ ਇਹ ਕਹਿ ਕੇ ਸੱਦ ਲਿਆ ਕਰੇ। ਦੋਸਤਾਂ ਨੂੰ ਗੁੱਸਾ ਆ ਗਿਆ ਕਿ ਅਜੇ ਮੁੰਡਾ ਆ ਕੇ ਸਾਡੇ ਕੋਲ ਖੜ੍ਹਾ ਨਹੀਂ ਹੁੰਦਾ ਕਿ ਮਾਲਕ ਝੱਟ ‘ਯਹਾਂ ਕੂੰਆ’ ਕਹਿ ਕੇ ਸੱਦ ਲੈਂਦਾ ਹੈ। ਮੈਨੂੰ ਆਪਣੀ ਹਿੰਦੀ ’ਤੇ ਮਾਣ ਜਿਹਾ ਸੀ, ਮੈਨੂੰ ਇਹ ਵੀ ਪਤਾ ਸੀ ਕਿ ਹਿੰਦੀ ਵਿਚ ‘ਕੂੰਆ’ ਖੂਹ ਨੂੰ ਕਹਿੰਦੇ ਹਨ। ਮੈਂ ਮਾਲਕ ਕੋਲ ਗਿਆ ਕਿ ਤੁਮ ਵਾਰ ਵਾਰ ਇਸ ਕੋਲ ਬੁਲਾ ਰਹੇ ਹੋ, ਬਤਾਓ ਕਹਾਂ ਹੈ ਕੂੰਆ। ਉਸ ਨੇ ਕਿਹਾ, “ਅਰੇ ਮੈਨੇ ਕੂੰਆ ਨਹੀਂ, ਯੇਹ ਕਹਾ ਹੈ ਕਿ ਯਹਾਂ ਕੁ ਆ (ਇਧਰ ਆ)। ਮਾਲਕ ਨੇ ਦੱਸਿਆ ਕਿ ਅੱਜ ਨੌਕਰ ਘੱਟ ਹੋਣ ਕਾਰਨ ਸਾਰਾ ਬੋਝ ਉਸੇ ਮੁੰਡੇ ’ਤੇ ਹੈ। ਇਸੇ ਕਰਕੇ ਉਸ ਨੂੰ ਛੇਤੀ ਛੇਤੀ ਹੋਰ ਗਾਹਕਾਂ ਕੋਲ ਜਾਣ ਲਈ ਕਹਿ ਰਿਹਾ ਹਾਂ।
ਇੱਦਾਂ ਦਾ ਹੀ ਕਿੱਸਾ ਹੋਰ ਹੈ। ਯੂਪੀ ਵਿਚ ਪੰਜਾਬੀ ਮੁੰਡੇ ਦਾ ਪ੍ਰੇਮ ਵਿਆਹ ਉਥੋਂ ਦੀ ਮੂਲਵਾਸੀ ਕੁੜੀ ਨਾਲ ਹੋ ਗਿਆ। ਵਿਆਹ ਤੋਂ ਬਾਅਦ ਕੁੜੀ ਦੇ ਮਾਪੇ ਆਪਣੇ ਕੁੜਮਾਂ ਅਤੇ ਧੀ-ਜਵਾਈ ਨੂੰ ਮਿਲਣ ਆਏ। ਸਰਦੀਆਂ ਦੇ ਦਿਨ ਸਨ ਤੇ ਕੁੜੀ ਮਾਪਿਆਂ ਦੇ ਆਉਣ ਤੋਂ ਪਹਿਲਾਂ ਵਾਲ ਧੋ ਕੇ ਮੋਬਾਈਲ ਵਾਲੀਆਂ ਟੂਟੀਆਂ ਕੰਨਾਂ ’ਚ ਲਗਾ ਕੇ ਮੌਜ ਨਾਲ ਧੁੱਪੇ ਛੱਤ ’ਤੇ ਜਾ ਕੇ ਸੌਂ ਗਈ। ਮਾਪੇ ਜਦੋਂ ਕਾਫ਼ੀ ਦੇਰ ਬੈਠੇ ਰਹੇ ਤੇ ਪੁੱਛਿਆ ਕਿ ਉਨ੍ਹਾਂ ਦੀ ਧੀ ਕਿੱਥੇ ਹੈ, ਦਿਸਦੀ ਨਹੀਂ, ਤਾਂ ਪੰਜਾਬਣ ਬੀਬੀ ਬੋਲੀ, “ਬਹਿਣ ਜੀ! ਵੋਹ ਤਾਂ ਨਾ ਕੋਠੇ ਪਰ ਹੈ।” ਇਹ ਸੁਣਦੇ ਸਾਰ ਕੁੜੀ ਦੇ ਮਾਪਿਆਂ ਨੇ ਰੌਲਾ ਪਾ ਦਿੱਤਾ ਕਿ ਉਨ੍ਹਾਂ ਦੀ ਧੀ ਨੂੰ ਕੋਠੇ ’ਤੇ ਪਹੁੰਚਾ ਦਿੱਤਾ ਹੈ। ਜਦੋਂ ਮਸਲਾ ਵਿਗੜ ਗਿਆ ਤਾਂ ਕਿਸੇ ਨੇ ਸਿਆਣਪ ਕਰਕੇ ਕੁੜੀ ਨੂੰ ਹੇਠਾਂ ਲਿਆਂਦਾ, ਤਾਂ ਜਾ ਕੇ ਯੂਪੀ ਵਾਲਿਆਂ ਨੂੰ ਸਮਝ ਆਈ ਕਿ ਕੋਠੇ ਦਾ ਅਰਥ ਉਹ ਨਹੀਂ ਜਿਹੜਾ ਉਨ੍ਹਾਂ ਨੂੰ ਪਤਾ ਹੈ, ਇਥੇ ਕੋਠੇ ਦਾ ਅਰਥ ਛੱਤ ਸੀ।
ਆਖਰੀ ਗੱਲ, ਜ਼ਰੂਰੀ ਨਹੀਂ ਕਿ ਪੰਜਾਬੀਆਂ ਨੂੰ ਹਿੰਦੀ ਵਿਚ ਮੁਸ਼ਕਿਲ ਆਉਂਦੀ ਹੈ। ਇਕ ਵਾਰ ਮੈਂ ਮੁਹਾਲੀ ਦੇ 69 ਸੈਕਟਰ ਵਿਚ ਜਾਣਾ ਸੀ। ਰਾਹ ਦਾ ਪਤਾ ਨਾ ਹੋਣ ਕਾਰਨ 32 ਸੈਕਟਰ ਦੇ ਚੌਕ ’ਤੇ ਰੁਕ ਗਿਆ। ਉੱਥੇ ਰਾਹ ਪੁੱਛਣ ਲਈ ਪਰਵਾਸੀ ਰਿਕਸ਼ਾ ਚਾਲਕ ਨੂੰ ਰੋਕਿਆ। ਹੁਣ ਪੰਗਾ ਇਹ ਪੈ ਗਿਆ ਕਿ ਹਿੰਦੀ ਵਿਚ 69 ਨੂੰ ਕੀ ਕਹਿੰਦੇ ਹਨ। ਕਾਫੀ ਕੋਸ਼ਿਸ਼ ਕਰਨ ਬਾਅਦ ਵੀ 69 ਦਾ ਹਿੰਦੀ ਅਨੁਵਾਦ ਨਾ ਹੋ ਸਕਿਆ। ਆਖਰ ਉਸ ਪਰਵਾਸੀ ਨੇ ਮੈਨੂੰ ਕਿਹਾ, “ਆਪ ਨੇ ਸਿਕਸ਼ਟੀ ਨਾਈਨ ਮੇਂ ਜਾਣਾ ਹੈ।” ਮੈਂ ਝੱਟ ‘ਹਾਂ’ ਵਿਚ ਸਿਰ ਹਿਲਾਇਆ। ਨਾਲ ਹੀ ਉਸ ਨੇ ਦੱਸਿਆ, “69 ਕੋ ਹਿੰਦੀ ਮੇਂ ਉਨਸਠ ਬੋਲਤੇ ਹੈਂ।” ਝੱਟ ਸਮਝ ਆ ਗਈ ਕਿ ਗਿਆਨ ਕਦੇ ਵੀ, ਕਿਤੋਂ ਵੀ ਅਤੇ ਕਿਸੇ ਤੋਂ ਵੀ ਮਿਲ ਸਕਦਾ ਹੈ। ਉਸ ਨੇ ਮੈਨੂੰ ਰਾਹ ਦੱਸਿਆ ਤੇ ਉਸ ਦਾ ਫਿਰ ਅੰਗਰੇਜ਼ੀ ਵਿਚ ‘ਥੈਂਕਸ’ ਕਰਕੇ ਆਪਣੇ ਰਾਹੇ ਪੈ ਗਿਆ।
ਪੰਜਾਬੀਆਂ ਨੂੰ ਇਲਾਕਾਵਾਰ ਪੰਜਾਬੀ ਸਮਝਣ ਦੇ ਭੁਲੇਖੇ ਵੀ ਬਥੇਰੀ ਵਾਰ ਪੈ ਜਾਂਦੇ ਹਨ। ਸਾਡੇ ਘਰ ਗੁਰਦਾਸਪੁਰੋਂ ਕੁੜੀ ਆਈ। ਉਦੋਂ ਅਸੀਂ ਕੁੱਤਾ ਰੱਖਿਆ ਹੁੰਦਾ ਸੀ ਤੇ ਮੇਰੀ ਧੀ ਪੰਜ-ਛੇ ਸਾਲ ਦੀ ਸੀ। ਧੀ ਕੁੱਤੇ ਨੂੰ ਬੁਲਾ ਰਹੀ ਸੀ ਪਰ ਆ ਨਹੀਂ ਸੀ ਰਿਹਾ। ਇਸ ’ਤੇ ਗੁਰਦਾਸਪੁਰ ਦੀ ਕੁੜੀ ਉਸ ਨੂੰ ਕਹਿੰਦੀ, “ਤੂੰ ਕੁੱਤਾ ਖੜਨੈ (ਲੈਣਾ)।” ਮੇਰੀ ਧੀ ਡੌਰ ਭੌਰ ਹੋਏ ਦੇਖੀ ਜਾਵੇ ਕਿ ਕੁੱਤਾ ਤਾਂ ਖੜ੍ਹਾ ਹੈ, ਫਿਰ ਦੀਦੀ ਇੰਝ ਕਿਉਂ ਕਹਿ ਰਹੀ ਹੈ!
ਸੰਪਰਕ: 98155-51483