DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਰਦੇਸ ਵਿੱਚ ਪੰਜਾਬ ਦੀ ਸੁਗੰਧ

ਸੱਭਿਆਚਾਰ ਦੀ ਕੋਈ ਭੂਗੋਲਿਕ ਸਰਹੱਦ ਨਹੀਂ ਹੁੰਦੀ। ਇਹ ਮਨੁੱਖ ਦੀ ਰੂਹ ਵਿੱਚ ਵੱਸਦਾ ਹੈ ਅਤੇ ਜਦੋਂ ਕਦੇ ਸਾਹਾਂ ਦੀ ਪੰਡ ਚੁੱਕ ਕੇ ਇਨਸਾਨ ਸਮੁੰਦਰੋਂ ਪਾਰ ਵੀ ਜਾਂਦਾ ਹੈ, ਤਾਂ ਉਸ ਦਾ ਵਿਰਸਾ, ਉਸ ਦੀ ਬੋਲੀ ਅਤੇ ਉਸ ਦਾ ਸੁਆਦ ਉਸ...

  • fb
  • twitter
  • whatsapp
  • whatsapp
Advertisement

ਸੱਭਿਆਚਾਰ ਦੀ ਕੋਈ ਭੂਗੋਲਿਕ ਸਰਹੱਦ ਨਹੀਂ ਹੁੰਦੀ। ਇਹ ਮਨੁੱਖ ਦੀ ਰੂਹ ਵਿੱਚ ਵੱਸਦਾ ਹੈ ਅਤੇ ਜਦੋਂ ਕਦੇ ਸਾਹਾਂ ਦੀ ਪੰਡ ਚੁੱਕ ਕੇ ਇਨਸਾਨ ਸਮੁੰਦਰੋਂ ਪਾਰ ਵੀ ਜਾਂਦਾ ਹੈ, ਤਾਂ ਉਸ ਦਾ ਵਿਰਸਾ, ਉਸ ਦੀ ਬੋਲੀ ਅਤੇ ਉਸ ਦਾ ਸੁਆਦ ਉਸ ਦੇ ਨਾਲ-ਨਾਲ ਤੁਰਦਾ ਹੈ। ਅਜਿਹਾ ਹੀ ਮਨ ਨੂੰ ਕੀਲ ਲੈਣ ਵਾਲਾ ਅਨੁਭਵ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀ ਯਾਤਰਾ ਦੌਰਾਨ ਮੈਨੂੰ ਆਕਲੈਂਡ ਦੀ ਧਰਤੀ ’ਤੇ ਹੋਇਆ।

ਆਕਲੈਂਡ ਵਿੱਚ ਸਜਿਆ ਦੀਵਾਲੀ ਦਾ ਮੇਲਾ ਆਪਣੇ ਆਪ ਵਿੱਚ ਇੱਕ ਅਲੌਕਿਕ ਨਜ਼ਾਰਾ ਸੀ। ਇਸ ਰੰਗਾਰੰਗ ਅਤੇ ਭਾਵਨਾਤਮਕ ਮੇਲੇ ਵਿੱਚ ਮੇਰੇ ਨਾਲ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ, ਸੁਰਾਂ ਨੂੰ ਜਾਦੂਈ ਰੂਪ ਦੇਣ ਵਾਲੇ ਕੀਬੋਰਡ ਵਾਦਕ ਮੇਸ਼ੀ ਅਤੇ ਤਬਲੇ ਦੀ ਮਨਮੋਹਕ ਤਾਲ ਛੇੜਨ ਵਾਲੇ ਵਿੱਕੀ ਤਬਲਾ ਵਾਦਕ ਮੌਜੂਦ ਸਨ। ਜਦੋਂ ਵਿਦੇਸ਼ ਦੀ ਧਰਤੀ ’ਤੇ ਆਪਣੇ ਦੇਸ਼ਵਾਸੀਆਂ ਦਾ ਅਥਾਹ ਪਿਆਰ ਅਤੇ ਸਤਿਕਾਰ ਮਿਲਦਾ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਅਸੀਂ ਸੱਤ ਸਮੁੰਦਰ ਪਾਰ ਨਹੀਂ, ਸਗੋਂ ਆਪਣੇ ਪਿੰਡ ਦੀ ਕਿਸੇ ਸੱਥ ਵਿੱਚ ਹੀ ਬੈਠੇ ਹੋਈਏ।

Advertisement

ਮੇਲੇ ਦੀ ਭੀੜ, ਗੀਤਾਂ ਦੀ ਗੂੰਜ ਅਤੇ ਦਰਸ਼ਕਾਂ ਦੇ ਭਾਵੁਕ ਚਿਹਰਿਆਂ ਨੂੰ ਮਾਣਦਿਆਂ ਜਦੋਂ ਪ੍ਰੋਗਰਾਮ ਦਾ ਅੰਤ ਹੋਇਆ ਤਾਂ ਸਾਡੇ ਪ੍ਰਮੋਟਰ ਨੇ ਮੁਸਕਰਾਉਂਦਿਆਂ ਕਿਹਾ, ‘‘ਆਓ, ਤੁਹਾਨੂੰ ਇੱਕ ਖ਼ਾਸ ਰੈਸਟੋਰੈਂਟ ਵਿੱਚ ਲੈ ਕੇ ਚੱਲਦੇ ਹਾਂ।’’ ਸਾਡੇ ਵਰਗੇ ਕਲਾਕਾਰਾਂ ਲਈ ਵਿਦੇਸ਼ਾਂ ਵਿੱਚ ਪੰਜਾਬੀ ਖਾਣੇ ਦਾ ਜ਼ਿਕਰ ਆਉਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਅਸੀਂ ਸੋਚਿਆ ਕਿ ਕਿਸੇ ਆਮ ਪੰਜਾਬੀ ਹੋਟਲ ਜਾਂ ਢਾਬੇ ’ਤੇ ਜਾਵਾਂਗੇ, ਪਰ ਜਦੋਂ ਸਾਡੀਆਂ ਗੱਡੀਆਂ ਇੱਕ ਖ਼ਾਸ ਬੋਰਡ ਦੇ ਅੱਗੇ ਰੁਕੀਆਂ ਜਿਸ ’ਤੇ ਲਿਖਿਆ ਸੀ ‘ਅੰਮ੍ਰਿਤਸਰੀ ਨਾਨ ਛੋਲੇ ਰੈਸਟੋਰੈਂਟ’ ਤਾਂ ਮਨ ਵਿੱਚ ਇੱਕ ਵੱਖਰੀ ਹੀ ਉਤਸੁਕਤਾ ਜਾਗ ਪਈ। ਇਸ ਰੈਸਟੋਰੈਂਟ ਦੇ ਮਾਲਕ ਭਾਰਦਵਾਜ ਜੀ ਹਨ, ਜਿਨ੍ਹਾਂ ਨੇ ਆਪਣੇ ਘਰ ਤੋਂ ਦੂਰ ਬੈਠਿਆਂ ਵੀ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਪੂਰੀ ਤਰ੍ਹਾਂ ਜਿਊਂਦਾ ਰੱਖਿਆ ਹੋਇਆ ਹੈ।

Advertisement

ਅਸੀਂ ਅਜੇ ਮੇਜ਼ਾਂ ’ਤੇ ਬੈਠੇ ਹੀ ਸਾਂ ਕਿ ਭਾਰਦਵਾਜ ਜੀ ਨੇ ਬੇਹੱਦ ਨਿੱਘੇ ਸੁਭਾਅ ਨਾਲ ਉੱਥੋਂ ਦੇ ਮੁਲਾਜ਼ਮਾਂ (ਮੁੰਡਿਆਂ ਅਤੇ ਕੁੜੀਆਂ) ਨੂੰ ਹਦਾਇਤ ਕੀਤੀ ਕਿ ਮਹਿਮਾਨਾਂ ਲਈ ਇੱਕ-ਇੱਕ ਪਕਵਾਨ ਵਾਰੀ-ਵਾਰੀ ਪਰੋਸਿਆ ਜਾਵੇ। ਸਭ ਤੋਂ ਪਹਿਲਾਂ ਮੇਜ਼ ’ਤੇ ਆਏ ਕਰਾਰੇ ਤੇ ਪਾਣੀ ਨਾਲ ਭਰੇ ਗੋਲ ਗੱਪੇ, ਜਿਨ੍ਹਾਂ ਨੂੰ ਦੇਖਦਿਆਂ ਹੀ ਬਚਪਨ ਦੀਆਂ ਗਲੀਆਂ ਯਾਦ ਆ ਗਈਆਂ। ਉਸ ਤੋਂ ਬਾਅਦ ਤਿਆਰ ਹੋ ਕੇ ਆਈ ਕਰਾਰੀ ਟਿੱਕੀ, ਫਿਰ ਮੂੰਹ ਵਿੱਚ ਘੁਲ ਜਾਣ ਵਾਲੇ ਦਹੀਂ ਭੱਲੇ, ਫਿਰ ਖ਼ਾਸ ਅੰਦਾਜ਼ ਵਿੱਚ ਤਿਆਰ ਕੀਤਾ ਹੋਇਆ ‘ਭਿੱਜਾ ਹੋਇਆ ਕੁਲਚਾ’ ਅਤੇ ਅੰਤ ਵਿੱਚ ਮੱਖਣ ਨਾਲ ਤਰੋ-ਤਾਜ਼ਾ ‘ਭਰਿਆ ਹੋਇਆ ਅੰਮ੍ਰਿਤਸਰੀ ਕੁਲਚਾ’।

ਉਨ੍ਹਾਂ ਪਕਵਾਨਾਂ ਦੇ ਸਵਾਦ ਦਾ ਸੰਤੁਲਨ ਦੇਖਣ ਵਾਲਾ ਸੀ ਨਾ ਮਿਰਚ ਘੱਟ ਨਾ ਵੱਧ ਅਤੇ ਨਾ ਹੀ ਖਟਿਆਈ ਵਿੱਚ ਕੋਈ ਉਕਾਈ। ਵਿਦੇਸ਼ਾਂ ਵਿੱਚ ਰਹਿੰਦਿਆਂ ਅਕਸਰ ਮਨ ਵਿੱਚ ਇੱਕ ਡਰ ਬਣਿਆ ਰਹਿੰਦਾ ਹੈ ਕਿ ਕੀ ਸਾਨੂੰ ਸਾਡੇ ਦੇਸ਼ ਦੇ ਖਾਣੇ ਦਾ ਅਸਲ ਅਤੇ ਮੌਲਿਕ ਸਵਾਦ ਮਿਲ ਵੀ ਸਕੇਗਾ ਜਾਂ ਨਹੀਂ, ਪਰ ਭਾਰਦਵਾਜ ਸਾਹਿਬ ਦੇ ਇਸ ਅਦਾਰੇ ਨੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਾਲੀ ਉਹੀ ਪੁਰਾਣੀ ਛਾਪ ਅਤੇ ਜਾਦੂਈ ਜ਼ਾਇਕਾ ਇੱਥੇ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੋਇਆ ਹੈ। ਇੱਕ-ਇੱਕ ਚੀਜ਼ ਦਾ ਸਵਾਦ ਐਸਾ ਸੀ ਕਿ ਹੁਣ ਸੋਚਦਿਆਂ ਵੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਪਰ ਇਸ ਤੋਂ ਵੀ ਵਧ ਕੇ ਜਿਸ ਚੀਜ਼ ਨੇ ਮੇਰੇ ਮਨ ਨੂੰ ਸਭ ਤੋਂ ਵੱਧ ਟੁੰਬਿਆ, ਉਹ ਸੀ ਰੈਸਟੋਰੈਂਟ ਦੇ ਅੰਦਰ ਦਾ ਮਾਹੌਲ। ਉੱਥੇ ਲੱਗੇ ਵੱਡੇ ਪਾਵਿਆਂ ਵਾਲੇ ਪੁਰਾਣੇ ਮੰਜੇ, ਉਨ੍ਹਾਂ ’ਤੇ ਰੱਖੇ ਫੱਟੇ, ਨਾਲ ਪਿੱਤਲ ਅਤੇ ਕਾਂਸੀ ਦੇ ਗਲਾਸਾਂ ਵਿੱਚ ਲੱਸੀ, ਪੁਰਾਣੀਆਂ ਸੰਦੂਕੜੀਆਂ, ਪੰਜਾਬੀ ਜੁੱਤੀਆਂ, ਰੰਗ-ਬਰੰਗੀਆਂ ਫੁਲਕਾਰੀਆਂ ਅਤੇ ਮੁਹੱਬਤੀ ਪਰਾਂਦੀਆਂ ਇਹ ਸਭ ਕੁਝ ਦੇਖ ਕੇ ਇੰਜ ਲੱਗਿਆ ਹੀ ਨਹੀਂ ਕਿ ਅਸੀਂ ਆਕਲੈਂਡ ਦੀ ਕਿਸੇ ਆਧੁਨਿਕ ਗਲੀ ਵਿੱਚ ਬੈਠੇ ਹਾਂ, ਸਗੋਂ ਇੰਜ ਜਾਪਿਆ ਜਿਵੇਂ ਕਿਸੇ ਨੇ ਪੂਰੇ ਦਾ ਪੂਰਾ ਛੋਟਾ ਜਿਹਾ ਪੰਜਾਬ ਚੁੱਕ ਕੇ ਆਕਲੈਂਡ ਦੀ ਬੁੱਕਲ ਵਿੱਚ ਸਜਾ ਦਿੱਤਾ ਹੋਵੇ।

ਇਸ ਸਾਰੇ ਦ੍ਰਿਸ਼ ਵਿੱਚ ਸਭ ਤੋਂ ਵੱਧ ਮਨ ਨੂੰ ਸਕੂਨ ਦੇਣ ਵਾਲੀ ਗੱਲ ਇਹ ਸੀ ਕਿ ਉੱਥੇ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਗੋਰੇ ਅਤੇ ਅਫ਼ਰੀਕੀ ਭਾਈਚਾਰੇ ਦੇ ਲੋਕ ਵੀ ਬੜੇ ਚਾਅ ਤੇ ਸ਼ੌਕ ਨਾਲ ਨਾਨ-ਛੋਲਿਆਂ ਦਾ ਆਨੰਦ ਮਾਣ ਰਹੇ ਸਨ। ਉਹ ਪੰਜਾਬੀ ਵਿਰਸੇ ਦੇ ਰੰਗ ਵਿੱਚ ਰੰਗੇ ਹੋਏ ਸਨ। ਇਹ ਦ੍ਰਿਸ਼ ਦੇਖ ਕੇ ਮਹਿਸੂਸ ਹੋਇਆ ਕਿ ਇਹੀ ਤਾਂ ਸਾਡੀ ਅਸਲ ਜਿੱਤ ਹੈ...ਸਾਡਾ ਸੱਭਿਆਚਾਰ ਸਰਹੱਦਾਂ ਦੀ ਕੈਦ ਤੋਂ ਆਜ਼ਾਦ ਹੋ ਕੇ ਪੂਰੀ ਦੁਨੀਆ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ।

ਇਸ ਸਾਰੇ ਅਨੁਭਵ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਉਸ ਮਹਾਨ ਉਪਦੇਸ਼ ਵੱਲ ਲੈ ਜਾ ਕੇ ਖੜ੍ਹਾ ਕਰ ਦਿੱਤਾ ਜਦੋਂ ਉਹ ਉਦਾਸੀਆਂ ਦੌਰਾਨ ‘ਉੱਜੜ ਜਾਓ’ ਦਾ ਸੰਦੇਸ਼ ਦਿੰਦੇ ਸਨ। ਅਸੀਂ ਅਕਸਰ ਸੋਚਦੇ ਹਾਂ ਕਿ ‘ਉੱਜੜਨ’ ਦਾ ਮਤਲਬ ਘਰੋਂ ਬੇਘਰ ਹੋਣਾ, ਉਦਾਸੀ ਜਾਂ ਵਿਛੋੜਾ ਹੈ, ਪਰ ਗੁਰੂ ਸਾਹਿਬ ਦੇ ਇਸ ਬਚਨ ਦਾ ਅਰਥ ਕਿੰਨਾ ਡੂੰਘਾ ਅਤੇ ਸੁਨਹਿਰੀ ਹੈ...ਜਿੱਥੇ ਵੀ ਜਾਵੋ, ਆਪਣੀ ਬੋਲੀ, ਆਪਣਾ ਖਾਣਾ, ਆਪਣਾ ਪਹਿਰਾਵਾ ਅਤੇ ਆਪਣਾ ਸੱਭਿਆਚਾਰ ਆਪਣੇ ਨਾਲ ਲੈ ਜਾਵੋ ਅਤੇ ਪੂਰੀ ਦੁਨੀਆ ਨੂੰ ਆਪਣੇ ਅਮੀਰ ਵਿਰਸੇ ਨਾਲ ਜਾਣੂ ਕਰਵਾਓ।

ਦੀਵਾਲੀ ਮੇਲੇ ਤੋਂ ਬਾਅਦ ਦਾ ਇਹ ਖ਼ੂਬਸੂਰਤ ਸਫ਼ਰ ਅਤੇ ਇਹ ਅਨੁਭਵ ਕਿਸੇ ਵਧੀਆ ਯਾਤਰਾ-ਨਾਮੇ ਤੋਂ ਘੱਟ ਨਹੀਂ ਹੈ। ਜੇ ਕਦੇ ਵੀ ਤੁਹਾਨੂੰ ਆਕਲੈਂਡ ਜਾਣ ਦਾ ਮੌਕਾ ਮਿਲੇ ਤਾਂ ਇਸ ‘ਅੰਮ੍ਰਿਤਸਰੀ ਨਾਨ ਛੋਲੇ ਰੈਸਟੋਰੈਂਟ’ ’ਤੇ ਜ਼ਰੂਰ ਜਾਇਓ, ਕਿਉਂਕਿ ਇਹ ਸਿਰਫ਼ ਖਾਣ ਦੀ ਜਗ੍ਹਾ ਨਹੀਂ, ਇਹ ਪਰਦੇਸ ਵਿੱਚ ਪੰਜਾਬ ਦੀ ਧੜਕਣ ਹੈ!

ਸੰਪਰਕ: 98159-70563

Advertisement
×