DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਸੀ ਤਾਲਮੇਲ ਤੇ ਭਰੋਸੇ ਦੀ ਨੀਂਹ

ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਹੀ ਨਹੀਂ ਹੁੰਦਾ, ਸਗੋਂ ਇਹ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਆਪਸੀ ਭਰੋਸੇ ਤੇ ਸਮਝ ਦਾ ਮਜ਼ਬੂਤ ਕੇਂਦਰ ਵੀ ਹੁੰਦਾ ਹੈ। ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਕਾਰਨ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ, ਪਰ ਜੇਕਰ ਪਿਆਰ, ਨਿਮਰਤਾ ਅਤੇ...

  • fb
  • twitter
  • whatsapp
  • whatsapp
Advertisement

ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਹੀ ਨਹੀਂ ਹੁੰਦਾ, ਸਗੋਂ ਇਹ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਆਪਸੀ ਭਰੋਸੇ ਤੇ ਸਮਝ ਦਾ ਮਜ਼ਬੂਤ ਕੇਂਦਰ ਵੀ ਹੁੰਦਾ ਹੈ। ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਕਾਰਨ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ, ਪਰ ਜੇਕਰ ਪਿਆਰ, ਨਿਮਰਤਾ ਅਤੇ ਸਮਝਦਾਰੀ ਨਾਲ ਉਨ੍ਹਾਂ ਨੂੰ ਨਜਿੱਠਿਆ ਜਾਵੇ ਤਾਂ ਇਹ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾ ਦਿੰਦੀਆਂ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਮੇਰੇ ਸਕੂਲ ਵਿੱਚ ਵਾਪਰੀ।

ਕੁਝ ਸਮਾਂ ਪਹਿਲਾਂ ਮੇਰੇ ਵਿਦਿਆਰਥੀ ਅਮਨਿੰਦਰ ਦੀ ਦਾਦੀ ਸਕੂਲ ਵਿੱਚ ਉਨ੍ਹਾਂ ਦੋਵੇਂ ਭੈਣ-ਭਰਾ ਲਈ ਛੁੱਟੀ ਦੀ ਬੇਨਤੀ ਕਰਨ ਆਈ। ਉਹ ਪਹਿਲੀ ਵਾਰ ਸਕੂਲ ਆਏ ਸਨ। ਉਸ ਵੇਲੇ ਮੈਂ ਦਸਵੀਂ ਜਮਾਤ ਦਾ ਪੀਰੀਅਡ ਲੈ ਰਿਹਾ ਸੀ। ਉਨ੍ਹਾਂ ਨੇ ਕਿਸੇ ਪਰਿਵਾਰਕ ਪ੍ਰੋਗਰਾਮ ਵਿੱਚ ਜਾਣ ਲਈ ਬੱਚਿਆਂ ਨੂੰ ਅੱਧੀ ਛੁੱਟੀ ਦੇਣ ਦੀ ਬੇਨਤੀ ਕੀਤੀ।

Advertisement

ਸਕੂਲ ਦੇ ਨਿਯਮਾਂ ਅਨੁਸਾਰ ਜਦੋਂ ਤੱਕ ਮਾਪਿਆਂ ਦੀ ਮਨਜ਼ੂਰੀ ਨਾ ਹੋਵੇ ਮੈਂ ਬੱਚਿਆਂ ਨੂੰ ਇਕੱਲਿਆਂ ਘਰ ਭੇਜਣ ਤੋਂ ਹਮੇਸ਼ਾ ਗੁਰੇਜ਼ ਕਰਦਾ ਹਾਂ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, ‘‘ਜੇ ਤੁਸੀਂ ਆਏ ਹੋ ਤਾਂ ਹੁਣੇ ਹੀ ਬੱਚਿਆਂ ਨੂੰ ਨਾਲ ਲੈ ਜਾਓ, ਸੁਰੱਖਿਆ ਦਾ ਵੀ ਧਿਆਨ ਰਹੇਗਾ।’’ ਪਰ ਉਹ ਕਹਿਣ ਲੱਗੇ ਕਿ ਅੱਧੀ ਛੁੱਟੀ ਹੀ ਭੇਜ ਦੇਣਾ। ਸ਼ਾਇਦ ਮੇਰੀ ਗੱਲ ਉਨ੍ਹਾਂ ਨੂੰ ਸਮਝ ਨਹੀਂ ਸੀ ਆਈ ਅਤੇ ਬੱਚਿਆਂ ਨੂੰ ਬਿਨਾਂ ਲਏ ਵਾਪਸ ਚਲੇ ਗਏ। ਅੱਧੀ ਛੁੱਟੀ ਵੇਲੇ ਅਮਨਿੰਦਰ ਅਤੇ ਉਸ ਦੀ ਭੈਣ ਮੇਰੇ ਕੋਲ ਆਏ। ਮੈਂ ਉਨ੍ਹਾਂ ਨੂੰ ਧਿਆਨ ਨਾਲ ਜਾਣ ਲਈ ਕਿਹਾ। ਮੈਨੂੰ ਲੱਗਿਆ ਕਿ ਗੱਲ ਇੱਥੇ ਖ਼ਤਮ ਹੋ ਗਈ, ਪਰ ਕੁਝ ਦਿਨ ਬਾਅਦ ਪਿੰਡ ਦੇ ਸਰਪੰਚ ਦਾ ਫੋਨ ਆਇਆ ਕਿ ਅਮਨਿੰਦਰ ਦੀ ਦਾਦੀ ਨਾਲ ਕੀ ਗੱਲ ਹੋ ਗਈ ਸੀ। ਮੈਂ ਕਿਹਾ, ‘‘ਅਜਿਹੀ ਤਾਂ ਕੋਈ ਗੱਲ ਨਹੀਂ ਹੋਈ, ਪਰ ਛੁੱਟੀ ਵਾਲੀ ਗੱਲ ਹੀ ਹੋਈ ਸੀ।’’ ਮੈਂ ਉਨ੍ਹਾਂ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆ। ਪਿੰਡ ਦੇ ਹੋਰ ਲੋਕਾਂ ਨੇ ਵੀ ਮੈਨੂੰ ਇਸ ਬਾਰੇ ਪੁੱਛਿਆ। ਮੈਂ ਸੋਚਿਆ ਕਿ ਗੱਲ ਕਿੱਥੇ ਤੋਂ ਕਿੱਥੇ ਪਹੁੰਚ ਗਈ, ਮਾਤਾ ਨੇ ਤਾਂ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ, ਪਰ ਬਜ਼ੁਰਗ ਦੀ ਗੱਲ ਸਮਝ ਕੇ ਮੈਂ ਇਸ ਨੂੰ ਭੁਲਾ ਦਿੱਤਾ।

Advertisement

ਹਾਲ ਹੀ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਵਿੱਚ ਮਾਪਿਆਂ ਦੀ ਵਰਕਸ਼ਾਪ ਹੋਈ। ਮੈਂ ਦਫ਼ਤਰ ਵਿੱਚ ਮਾਪਿਆਂ ਨਾਲ ਬੱਚਿਆਂ ਬਾਬਤ ਗੱਲ ਕਰ ਰਿਹਾ ਸੀ ਕਿ ਇੱਕ ਮਾਤਾ ਜੀ ਦਫ਼ਤਰ ਵਿੱਚ ਆਏ, ਬੜੀ ਨਿਮਰਤਾ ਨਾਲ ਫ਼ਤਹਿ ਬੁਲਾਈ, ਮੈਂ ਵੀ ਫ਼ਤਹਿ ਦਾ ਜਵਾਬ ਫ਼ਤਹਿ ਨਾਲ ਦਿੱਤਾ। ਫਿਰ ਉਹ ਕਹਿਣ ਲੱਗੇ, ‘‘ਮੈਂ ਅਮਨਿੰਦਰ ਦੀ ਦਾਦੀ ਹਾਂ।’’ ਮੈਂ ਉਨ੍ਹਾਂ ਨੂੰ ਬੈਠਣ ਲਈ ਕੁਰਸੀ ਦਿੱਤੀ। ਮੈਂ ਕਿਹਾ, ‘‘ਮਾਤਾ ਜੀ, ਤੁਸੀਂ ਛੁੱਟੀ ਵਾਲੀ ਗੱਲ ਤਾਂ ਸਾਰੇ ਪਿੰਡ ’ਚ ਘੁਮਾ ਦਿੱਤੀ।’’ ਉਹ ਕਹਿੰਦੇ, ‘‘ਪੁੱਤ, ਉਸ ਦਿਨ ਦੀ ਗੱਲ ਲਈ ਮੈਂ ਮੁਆਫ਼ੀ ਮੰਗਦੀ ਹਾਂ, ਮੈਂ ਗੱਲ ਠੀਕ ਤਰ੍ਹਾਂ ਸਮਝ ਨਹੀਂ ਸਕੀ ਸਾਂ।’’ ਮੈਂ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਮੇਰੀ ਮਾਂ ਸਮਾਨ ਹੋ, ਮੁਆਫ਼ੀ ਦੀ ਕੋਈ ਲੋੜ ਨਹੀਂ।’’ ਫਿਰ ਵਰਕਸ਼ਾਪ ਦੌਰਾਨ ਕਾਫ਼ੀ ਸਮਾਂ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਬਾਰੇ ਗੱਲਬਾਤ ਹੁੰਦੀ ਰਹੀ। ਮੈਂ ਮਹਿਸੂਸ ਕੀਤਾ ਕਿ ਮਾਤਾ ਨੂੰ ਉਸ ਦਿਨ ਦੀ ਗੱਲ ਦਾ ਕਾਫ਼ੀ ਪਛਤਾਵਾ ਹੋ ਰਿਹਾ ਸੀ।

ਇਸ ਘਟਨਾ ਨਾਲ ਇੱਕ ਗੱਲ ਸਮਝ ਆਉਂਦੀ ਹੈ ਕਿ ਸਕੂਲ ਦਾ ਬੱਚਿਆਂ ਪ੍ਰਤੀ ਪਿਆਰ, ਮਾਪਿਆਂ-ਅਧਿਆਪਕਾਂ ਵਿਚਾਲੇ ਆਪਸੀ ਤਾਲਮੇਲ ਤੇ ਭਰੋਸਾ ਬਹੁਤ ਜ਼ਰੂਰੀ ਹੈ। ਜਦੋਂ ਸਕੂਲ ਅਤੇ ਮਾਪੇ ਮਿਲ ਕੇ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਹਨ, ਉਦੋਂ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਸੰਭਵ ਹੁੰਦਾ ਹੈ। ਗ਼ਲਤਫ਼ਹਿਮੀਆਂ ਕਦੇ ਵੀ ਹੋ ਸਕਦੀਆਂ ਹਨ, ਪਰ ਨਿਮਰਤਾ ਅਤੇ ਸਮਝ ਨਾਲ ਉਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਮੈਨੂੰ ਲੱਗਿਆ ਕਿ ਚੰਗਾ ਹੀ ਹੋਇਆ ਜੋ ਮੈਂ ਇਸ ਗੱਲ ਨੂੰ ਤੂਲ ਨਹੀਂ ਦਿੱਤੀ ਅਤੇ ਦਾਦੀ ਨੂੰ ਵੀ ਆਪਣੀ ਗੱਲ ’ਤੇ ਪਛਤਾਵਾ ਹੋਇਆ। ਦੋਵਾਂ ਦੇ ਇਸ ਵਤੀਰੇ ਕਾਰਨ ਕੋਈ ਵੱਡਾ ਮਸਲਾ ਨਹੀਂ ਬਣਿਆ। ਓਦਾਂ, ਜ਼ਿੰਦਗੀ ’ਚ ਵੀ ਇਹੋ ਅਸੂਲ ਲਾਗੂ ਹੁੰਦਾ ਹੈ।

ਸੰਪਰਕ: 99884-01976

Advertisement
×