ਅੰਧਵਿਸ਼ਵਾਸ ਦਾ ਵਗਦਾ ਦਰਿਆ
ਗੜ੍ਹਸ਼ੰਕਰ ਤੋਂ ਆਦਮਪੁਰ ਵੱਲ ਜਾਂਦਿਆਂ ਨਹਿਰ ਦਾ ਕਿਨਾਰਾ ਮੈਨੂੰ ਇੱਕ ਅਜਿਹੇ ਦ੍ਰਿਸ਼ ਦਾ ਗਵਾਹ ਬਣਾ ਗਿਆ ਜੋ ਸਾਡੇ ਆਧੁਨਿਕ ਸਮਾਜ ਦੇ ਚਿਹਰੇ ’ਤੇ ਲੱਗੇ ਅੰਧਵਿਸ਼ਵਾਸ ਦੇ ਦਾਗ਼ ਨੂੰ ਬੇਨਕਾਬ ਕਰਦਾ ਹੈ। ਰਾਹ ਵਿੱਚ ਐਕਟਿਵਾ ’ਤੇ ਸਵਾਰ ਤਿੰਨ ਜਣੇ- ਦੋ ਨੌਜਵਾਨ...
ਗੜ੍ਹਸ਼ੰਕਰ ਤੋਂ ਆਦਮਪੁਰ ਵੱਲ ਜਾਂਦਿਆਂ ਨਹਿਰ ਦਾ ਕਿਨਾਰਾ ਮੈਨੂੰ ਇੱਕ ਅਜਿਹੇ ਦ੍ਰਿਸ਼ ਦਾ ਗਵਾਹ ਬਣਾ ਗਿਆ ਜੋ ਸਾਡੇ ਆਧੁਨਿਕ ਸਮਾਜ ਦੇ ਚਿਹਰੇ ’ਤੇ ਲੱਗੇ ਅੰਧਵਿਸ਼ਵਾਸ ਦੇ ਦਾਗ਼ ਨੂੰ ਬੇਨਕਾਬ ਕਰਦਾ ਹੈ। ਰਾਹ ਵਿੱਚ ਐਕਟਿਵਾ ’ਤੇ ਸਵਾਰ ਤਿੰਨ ਜਣੇ- ਦੋ ਨੌਜਵਾਨ ਅਤੇ ਇੱਕ ਵੱਡੀ ਉਮਰ ਦੀ ਮਹਿਲਾ ਨਹਿਰ ਦੇ ਪੁਲ ਕੋਲ ਰੁਕੇ। ਉਨ੍ਹਾਂ ਦੇ ਹੱਥਾਂ ਵਿੱਚ ਫੜੇ ਲਿਫਾਫੇ ਅਤੇ ਉਨ੍ਹਾਂ ਦੀਆਂ ਘਬਰਾਹਟ ਭਰੀਆਂ ਨਜ਼ਰਾਂ ਇਹ ਦੱਸਣ ਲਈ ਕਾਫ਼ੀ ਸਨ ਕਿ ਉਹ ਕਿਸੇ ਗ਼ੈਰ-ਕਾਨੂੰਨੀ ਜਾਂ ਅਨੈਤਿਕ ਕੰਮ ਨੂੰ ਅੰਜਾਮ ਦੇਣ ਆਏ ਸਨ।
ਮੈਂ ਤੇ ਮੇਰਾ ਦੋਸਤ ਉਨ੍ਹਾਂ ਨੂੰ ਵੇਖ ਰਹੇ ਸਾਂ। ਜਦੋਂ ਉਹ ਨਹਿਰ ਵਿੱਚ ਕੋਈ ਚੀਜ਼ ਸੁੱਟਣ ਦੀ ਤਿਆਰੀ ਕੀਤੀ ਤਾਂ ਮੈਂ ਆਪਣੇ ਮਿੱਤਰ ਵੱਲੋਂ ਰੋਕਣ ਦੇ ਬਾਵਜੂਦ ਨਾ ਰੁਕਿਆ ਤੇ ਗੱਡੀ ’ਚੋਂ ਉਤਰ ਕੇ ਉਨ੍ਹਾਂ ਕੋਲ ਜਾ ਪਹੁੰਚਿਆ। “ਰੁਕੋ! ਇਹ ਤੁਸੀਂ ਕੀ ਕਰ ਰਹੇ ਹੋ?” ਮੇਰਾ ਸਵਾਲ ਸਿੱਧਾ ਸੀ। ਉਨ੍ਹਾਂ ਦਾ ਜਵਾਬ ਤਿੱਖਾ ਸੀ, “ਤੂੰ ਆਪਣਾ ਕੰਮ ਕਰ, ਸਾਡੇ ਕੰਮ ਵਿੱਚ ਦਖ਼ਲ ਨਾ ਦੇ।”
ਪਰ ਮੈਂ ਜਾਣਦਾ ਸੀ ਕਿ ਗੁੱਸੇ ਨਾਲ ਨਹੀਂ, ਸਗੋਂ ਤਰਕ ਨਾਲ ਹੀ ਅਜਿਹੀ ਸਥਿਤੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਮੈਂ ਆਖਿਆ, ‘‘ਜੇ ਤੁਹਾਡੇ ਇਸ ਟੂਣੇ ਨਾਲ ਮੇਰੀ ਭੂਆ ਮਰ ਗਈ ਫਿਰ ? ਤੁਸੀਂ ਜੋ ਕੁਝ ਨਹਿਰ ਵਿੱਚ ਸੁੱਟ ਰਹੇ ਹੋ, ਇਹ ਪਾਣੀ ਅੱਗੇ ਜਾ ਕੇ ਲੋਕਾਂ ਦੇ ਘਰਾਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ। ਇਹੋ ਪਾਣੀ ਮੇਰੀ ਭੂਆ ਦੇ ਘਰ ਵੀ ਜਾਵੇਗਾ। ਹੁਣ ਇਸ ਨਹਿਰ ਦਾ ਪਾਣੀ ਲੋਕਾਂ ਦੇ ਪੀਣ ਦੇ ਕੰਮ ਆਵੇਗਾ, ਹੁਣ ਇਸ ਵਿੱਚ ਗੰਦ ਨਾ ਸੁੱਟੋ। ਇਹ ਟੂਣਾ ਨਹੀਂ, ਇਹ ਤਾਂ ਤੁਸੀਂ ਸਾਡੀ ਜ਼ਿੰਦਗੀ ਨਾਲ ਖੇਡ ਰਹੇ ਹੋ।”
ਮੇਰਾ ਇਹ ਵਿਅੰਗ ਉਨ੍ਹਾਂ ਦੀ ਸੋਚ ਨੂੰ ਇੱਕ ਵਾਰ ਤਾਂ ਝੰਜੋੜ ਗਿਆ। ਗੱਲਬਾਤ ਦੌਰਾਨ ਉਨ੍ਹਾਂ ਮੰਨਿਆ ਕਿ ਉਹ ਆਪਣੀ ਧੀ ਦੇ ਕੈਨੇਡਾ ਜਾਣ ਦੀ ਅਰਜ਼ੀ ਸਫਲ ਕਰਵਾਉਣ ਲਈ ਕਿਸੇ ਪੰਡਿਤ ਦੇ ਕਹੇ ਅਨੁਸਾਰ ਇਹ ਉਪਰਾਲਾ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਕਾਮਯਾਬੀ ਦਾ ਰਾਹ ਮਿਹਨਤ, ਇਮਾਨਦਾਰੀ ਅਤੇ ਸਹੀ ਦਸਤਾਵੇਜ਼ਾਂ ਰਾਹੀਂ ਪ੍ਰਾਪਤ ਹੁੰਦਾ ਹੈ, ਨਾ ਕਿ ਨਹਿਰਾਂ ਵਿੱਚ ਚੀਜ਼ਾਂ ਸੁੱਟ ਕੇ। ਆਖ਼ਿਰਕਾਰ, ਉਨ੍ਹਾਂ ਨੇ ਉਹ ਲਿਫਾਫੇ ਨਹਿਰ ਵਿੱਚ ਸੁੱਟਣ ਦਾ ਇਰਾਦਾ ਤਿਆਗ ਦਿੱਤਾ ਅਤੇ ਵਾਪਸ ਮੁੜ ਗਏ। ਪਰ ਇਹ ਘਟਨਾ ਇੱਕ ਵੱਡੇ ਸਵਾਲ ਨੂੰ ਜਨਮ ਦਿੰਦੀ ਹੈ। ਅੱਜ ਦੇ ਵਿਗਿਆਨਕ ਯੁੱਗ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ? ਹਰ ਰੋਜ਼ ਨਹਿਰਾਂ, ਦਰਿਆਵਾਂ ਅਤੇ ਜਨਤਕ ਸਥਾਨਾਂ ’ਤੇ ਅਜਿਹੀਆਂ ਗਤੀਵਿਧੀਆਂ ਰਾਹੀਂ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਹ ਪ੍ਰਦੂਸ਼ਣ ਸੋਚ ਦਾ ਵੀ ਹੈ। ਲੋਕ ਮਾਨਸਿਕ ਤੌਰ ’ਤੇ ਡਰੇ ਹੋਏ ਹਨ, ਜਿਨ੍ਹਾਂ ਦਾ ਫਾਇਦਾ ਕੁਝ ਲੋਕ-ਵਿਰੋਧੀ ਤਾਕਤਾਂ ਅੰਧਵਿਸ਼ਵਾਸ ਫੈਲਾ ਕੇ ਉਠਾ ਰਹੀਆਂ ਹਨ।
ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ‘ਡਰੱਗਜ਼ ਐਂਡ ਮੈਜਿਕ ਰੈਮਡੀਜ਼ ਐਕਟ 1954’ ਅਤੇ ‘ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ 1994’ ਵਰਗੇ ਕਾਨੂੰਨ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ। ਅਜਿਹੇ ਕਰਮ ਕਾਂਡਾਂ ਨਾਲ ਲਾਭ ਹੋਣ ਦੇ ਝੂਠੇ ਦਾਅਵੇ ਕਰਨ ਵਾਲੇ ਪਾਖੰਡੀਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸਭ ਤੋਂ ਵੱਡੀ ਲੋੜ ਸਮਾਜ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਦੀ ਹੈ। ਜਦੋਂ ਤੱਕ ਅਸੀਂ ਅੰਧਵਿਸ਼ਵਾਸਾਂ ਦੇ ਇਸ ਹਨੇਰੇ ਜਾਲ ਵਿੱਚੋਂ ਬਾਹਰ ਨਹੀਂ ਨਿਕਲਦੇ, ਸਾਡੀ ਤਰੱਕੀ ਸਿਰਫ਼ ਖ਼ਵਾਬ ਤੱਕ ਹੀ ਸੀਮਤ ਰਹਿ ਜਾਵੇਗੀ। ਯਾਦ ਰੱਖੋ, ਸਮੱਸਿਆਵਾਂ ਦਾ ਹੱਲ ਨਹਿਰਾਂ ਵਿੱਚ ਸੁੱਟੇ ਲਿਫਾਫਿਆਂ ਵਿੱਚ ਨਹੀਂ, ਸਗੋਂ ਸਾਡੀ ਆਪਣੀ ਸੋਚ ਨੂੰ ਬਦਲਣ ਵਿੱਚ ਹੈ।
ਸੰਪਰਕ: 95015-75511
