ਸਦੀਆਂ ਤੋਂ ਜਗੀਰੂ ਅਤੇ ਰੂੜੀਵਾਦੀ ਸੋਚ ਕਾਰਨ ਮਰਦ ਪ੍ਰਧਾਨ ਸਮਾਜ ਪੁੱਤਰਾਂ ਨੂੰ ਪਹਿਲ ਦਿੰਦਾ ਰਿਹਾ ਹੈ। ਮਾਂ-ਪਿਓ, ਦਾਦਾ-ਦਾਦੀ ਵੰਸ਼ ਚਲਾਉਣ ਲਈ ਪੁੱਤਰ ਦੀ ਇੱਛਾ ਰੱਖਦੇ। ਹੁਣ ਭਾਵੇਂ ਹਾਲਾਤ ਵਿਚ ਕਾਫੀ ਫਰਕ ਆਇਆ ਹੈ ਪਰ ਅਜੇ ਜ਼ਿਆਦਾ ਲੋਕਾਂ ਦੀ ਸੋਚ ਵਿਚ ਇਹ ਸਮਾਇਆ ਹੋਇਆ ਹੈ ਕਿ ਧੀਆਂ ਤਾਂ ਮਾਪਿਆਂ ਤੇ ਬੋਝ ਹੁੰਦੀਆਂ ਹਨ। ਇਸੇ ਲਈ ਹੀ ਜਦੋਂ ਧੀ ਨੂੰ ਵਿਆਹ ਕੇ ਸਹੁਰੇ ਘਰ ਤੋਰਿਆ ਜਾਂਦਾ ਹੈ ਤਾਂ ਹਰ ਇਕ ਦੇ ਮੂੰਹੋਂ ਇਹ ਸ਼ਬਦ ਹੀ ਨਿਕਲਦੇ ਹਨ: ਚਲੋ ਭਾਈ ਚੰਗਾ ਹੋਇਆ, ਸਿਰੋਂ ਭਾਰ ਲੱਥਾ।
ਧੀਆਂ ਮਾਪਿਆਂ ਦੇ ਘਰੇਲੂ ਕੰਮਾਂ- ਰੋਟੀ ਟੁੱਕ, ਚੁੱਲ੍ਹਾ ਚੌਂਕਾ, ਗੋਹਾ ਕੂੜਾ, ਸਾਫ਼ ਸਫ਼ਾਈ ਆਦਿ ਵਿਚ ਪੂਰਾ ਹੱਥ ਵਟਾਉਂਦੀਆਂ ਹਨ ਪਰ ਘਰ ਦੇ ਕੰਮਾਂ ਨੂੰ ਤਾਂ ਕੰਮ ਹੀ ਨਹੀਂ ਸਮਝਿਆ ਜਾਂਦਾ। ਖੇਤੀ ਦੇ ਕੰਮਾਂ ਵਿਚ ਤਾਂ ਪੁੱਤ ਹੀ ਬਾਪ ਦਾ ਸਹਾਰਾ ਬਣ ਸਕਦੇ ਹਨ। ਇਸ ਧਾਰਨਾ ਨੇ ਹੀ ਧੀ ਨਾਲੋਂ ਪੁੱਤ ਦੇ ਪੈਦਾ ਹੋਣ ਦੀ ਲਾਲਸਾ ਨੂੰ ਜਨਮ ਦਿੱਤਾ।
ਇਸ ਧਾਰਨਾ ਨੂੰ ਆਪਣੇ ਕਰਮ ਨਾਲ ਝੂਠਾ ਸਾਬਤ ਕਰ ਦਿੱਤਾ, ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾਂ ਦੀ ਧੀ ਬਲਦੀਪ ਨੇ। ਤਿੰਨ ਧੀਆਂ ਦੇ ਬਾਪ ਜਗਸੀਰ ਸਿੰਘ ਦੀ ਵਿਚਕਾਰਲੀ ਧੀ ਬਲਦੀਪ ਖੇਤੀ ਦੇ ਹਰ ਕੰਮ ’ਚ ਮਾਹਰ ਹੈ। ਖੇਤੀ ਦੇ ਨਾਲ ਨਾਲ ਉਸ ਨੇ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ ਅਤੇ ਬਾਰਵੀਂ 82% ਨੰਬਰ ਲੈ ਕੇ ਪਾਸ ਕੀਤੀ। ਉਸ ਨੇ ਟਰੈਕਟਰ ਦਾ ਸਟੀਅਰਿੰਗ ਹੀ ਆਪਣੇ ਹੱਥਾਂ ਵਿਚ ਨਹੀਂ ਫੜਿਆ; ਖਾਲ ਘੜਨ, ਜ਼ਮੀਨ ਵਾਹੁਣ/ਬੀਜਣ, ਵੱਟਾਂ ਪਾਉਣ, ਪਾਣੀ ਲਾਉਣ ਤੋਂ ਬਿਨਾਂ ਝੋਨਾ ਲਾਉਣ ਲਈ ਖੇਤ ਕੱਦੂ ਕਰਨ ਵਾਲੇ ਕੰਮ ਵੀ ਉਹ ਮਾਹਰ ਕਿਸਾਨ ਵਾਂਗ ਕਰਦੀ ਹੈ। ਸੂਰਜ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਅਜੇ ਅਸਮਾਨ ਸੰਦਲੀ ਰੰਗ ਦਾ ਦੁਪੱਟਾ ਲਪੇਟ ਕੇ ਲਾਲ ਸੂਹਾ ਨਜ਼ਰ ਆਉਣ ਹੀ ਲੱਗਿਆ ਹੁੰਦਾ ਹੈ, ਬਲਦੀਪ ਟਰੈਕਟਰ ਮਗਰ ਹਲ ਪਾਈ ਰਾਹਾਂ ਵਿਚ ਧੂੜਾਂ ਉਡਾਉਂਦੀ ਧਰਤੀ ਦੀ ਹਿੱਕ ਉੱਤੇ ਸਿਆੜ ਕੱਢਣ ਲਈ ਨਿਕਲਦੀ ਹੈ ਤਾਂ ਆਪਣੀ ਇਸ ਮਾਣਮੱਤੀ ਧੀ ਤੇ ਜਗਸੀਰ ਮਾਣ ਨਾਲ ਸਿਰ ਉੱਚਾ ਕਰ ਲੈਂਦਾ ਹੈ।
ਪਹਿਲਾਂ ਲੋਕ ਉਸ ਨੂੰ ਟਰੈਕਟਰ ਚਲਾਉਂਦੀ ਦੇਖ ਕੇ ਹੈਰਾਨ ਹੁੰਦੇ ਸਨ। ਕਈ ਰੂੜੀਵਾਦੀ ਸੋਚ ਵਾਲੇ ਅੰਦਰੇ ਅੰਦਰ ਕੁੜ੍ਹਦੇ ਵੀ ਸਨ। ਜਿਸ ਲੜਕੀ ਨੂੰ ਤੱਕ ਕੇ ਨੱਕ ਬੁੱਲ੍ਹ ਵੱਟਦੇ ਸਨ, ਅੱਜ ਜਦੋਂ ਉਹ ਧਰਤੀ ਮਾਂ ਦੇ ਗਰਭ ਵਿਚੋਂ ਨਵੀਆਂ ਕਰੂੰਬਲਾਂ ਨੂੰ ਫੁੱਟਣ ਦਾ ਆਹਰ ਕਰ ਰਹੀ ਹੁੰਦੀ ਹੈ ਤਾਂ ਉਹੀ ਲੋਕ ਉਸ ਦੀਆਂ ਉਦਾਹਰਨਾਂ ਆਪਣੇ ਪੁੱਤਾਂ ਨੂੰ ਦਿੰਦੇ ਹਨ। ਜਗਸੀਰ ਸਿੰਘ ਨੂੰ ਤਾਂ ਉਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬਾਪੂ! ਲੜਕੀ ਦਾ ਕੰਮ ਸਿਰਫ ਘਰ ਵਸਾਉਣਾ ਹੀ ਨਹੀਂ ਹੁੰਦਾ, ਉਸ ਨੂੰ ਆਪਣੇ ਨਾਲ ਹੋ ਰਹੇ ਸਮਾਜੀ ਵਿਤਕਰੇ ਨੂੰ ਵੀ ਆਪਣੇ ਕਰਮ ਨਾਲ ਖ਼ਤਮ ਕਰਨਾ ਹੁੰਦਾ ਹੈ। ‘ਲੋਕ ਕੀ ਕਹਿਣਗੇ’, ਇਸ ਗੱਲ ਦੀ ਕਦੇ ਪਰਵਾਹ ਨਾ ਕਰੀਂ। ਇੱਥੇ ਜੋ ਆਪਣੀ ਮਿਹਨਤ ਨਾਲ ਤਕਦੀਰ ਅਤੇ ਤਦਬੀਰ ਨੂੰ ਨਵੇਂ ਅਰਥ ਦਿੰਦੇ ਹਨ, ਉਨ੍ਹਾਂ ਨੂੰ ਹੀ ਜਿੱਤ ਨਸੀਬ ਹੁੰਦੀ ਹੈ। ਆਪਣੀ ਇਸ ਸੋਚ ਕਿ ਖੇਤੀ ਦੇ ਕੰਮਾਂ ਵਿਚ ਵੀ ਧੀਆਂ ਪੁੱਤਾਂ ਵਿਚ ਕੋਈ ਫਰਕ ਨਹੀਂ, ਨੂੰ ਸੱਚ ਸਾਬਤ ਕਰਨ ਲਈ ਪਹਿਲਾਂ ਸਾਨੂੰ ਪੁੱਤਾਂ ਵਾਲੇ ਰੋਲ ਨਿਭਾਉਣੇ ਹੀ ਪੈਣਗੇ।
ਸੱਚਮੁੱਚ ਹੀ ਕੇਸੂ ਦੇ ਫੁੱਲ ਵਰਗੀ ਪਰ ਅੰਦਰੋਂ ਮਜ਼ਬੂਤ, ਨਿਡਰ, ਨਿਧੜਕ ਅਤੇ ਸਵੈ-ਵਿਸ਼ਵਾਸ ਨਾਲ ਭਰਪੂਰ ਇਸ ਕੁੜੀ ਨੇ ਖੇਤਾਂ ਦੀ ਧੀ ਬਣ ਕੇ ਨਵੀਂ ਪਿਰਤ ਪਾ ਦਿੱਤੀ। ਇਸ ਨੇ ਆਪਣੇ ਕਰਮ ਰਾਹੀਂ ਧੀਆਂ ਨੂੰ ਦੁਰਕਾਰਨ ਵਾਲਿਆਂ, ਜੰਮਣ ਤੋਂ ਪਹਿਲਾਂ ਮਾਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਖੇਤਾਂ ਦੀ ਧੀ ਹੋਣ ਦੇ ਨਾਲ ਨਾਲ ਇਨ੍ਹਾਂ ਦੀ ਸਲਾਮਤੀ ਲਈ ਵੀ ਉਸ ਨੇ ਨਵੀਂ ਸੰਘਰਸ਼ਮਈ ਉਡਾਣ ਭਰ ਕੇ ਇੱਕ ਹੋਰ ਪਰੰਪਰਾ ਨੂੰ ਜਨਮ ਦਿੱਤਾ ਹੈ।
ਕੇਂਦਰੀ ਹਕੂਮਤ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਤੇ ਖੇਤੀ ਦੀ ਤਬਾਹੀ ਲਈ ਲਿਆਂਦੇ ਤਿੰਨ ਆਰਡੀਨੈਂਸ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਨੇ ਟਰੈਕਟਰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਤਾਂ ਬਲਦੀਪ ਆਪਣੇ ਦਾਦਾ ਜੀ ਜਰਨੈਲ ਸਿੰਘ ਜੋ ਕਿਸਾਨੀ ਦੇ ਹਰ ਸੰਘਰਸ਼ ਵਿਚ ਯੋਗਦਾਨ ਪਾਉਂਦੇ ਰਹੇ ਹਨ, ਦੀ ਸੋਚ ਦੀ ਧਾਰਨੀ ਹੋ ਕੇ ਇਸ ਸੰਘਰਸ਼ ਦੀ ਹਮਾਇਤ ਵਿਚ ਉੱਤਰ ਆਈ। ਜਦੋਂ ਇਹ ਕਾਫ਼ਲਾ ਸਤਾਈ ਜੁਲਾਈ ਨੂੰ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਤੋਂ ਚੱਲਿਆ ਤਾਂ ਦੇਖਣ ਹੀ ਵਾਲਾ ਸੀ। ਆਪਣੇ ਫੋਰਡ ਟਰੈਕਟਰ ਤੇ ਬੈਨਰ ਅਤੇ ਝੰਡਾ ਲਾਈ ਬਲਦੀਪ ਖ਼ੁਦ ਟਰੈਕਟਰ ਚਲਾ ਕੇ ਇਸ ਦੀ ਅਗਵਾਈ ਕਰ ਰਹੀ ਸੀ। ਸਰਕਾਰਾਂ ਵੱਲੋਂ ਕਿਸਾਨਾਂ ਦੀ ਲੁੱਟ ਲਈ ਘੜੇ ਕਾਨੂੰਨਾਂ ਸਦਕਾ ਪੜ੍ਹਨ ਲਿਖਣ ਦੀ ਉਮਰੇ ਧੀਆਂ ਨੂੰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ।
ਪੰਜਾਬ ਦੀ ਮਰ ਰਹੀ ਕਿਸਾਨੀ ਨੂੰ ਬਚਾਉਣ ਲਈ ਜਦੋਂ ਬਲਦੀਪ ਵਰਗੀਆਂ ਧੀਆਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ਾਂ ਦੀ ਵਾਗਡੋਰ ਆਪਣੇ ਹੱਥਾਂ ਵਿਚ ਫੜ ਲੈਣਗੀਆਂ ਤਾਂ ਧਰਤੀ ਮਾਂ ਵੀ ਆਪਣੀਆਂ ਇਨ੍ਹਾਂ ਧੀਆਂ ਤੇ ਮਾਣ ਮਹਿਸੂਸ ਕਰੇਗੀ। ਕੋਈ ਵੀ ਅਜਿਹੇ ਲੋਕ ਦੋਖੀ ਕਾਇਦੇ ਕਾਨੂੰਨ ਇਨ੍ਹਾਂ ਅੱਗੇ ਟਿਕ ਨਹੀਂ ਸਕਣਗੇ। ਉਂਜ ਵੀ ਧਰਤੀ ਮਾਂ ਅਤੇ ਇਸ ਦੀਆਂ ਜਾਈਆਂ ਸਭ ਨੂੰ ਰਿਜ਼ਕ ਦੇਣ ਵਿਚ ਵਿਸ਼ਵਾਸ ਰੱਖਦੀਆਂ ਹਨ, ਖੋਹਣ ਵਿਚ ਨਹੀਂ। ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਸਤਰਾਂ ਹਨ: ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ…।
ਬਲਦੀਪ, ਤੇਰੀਆਂ ਪਾਈਆਂ ਪੈੜਾਂ ਰਾਹਾਂ ਵਿਚ ਵੱਟ ਜਾਣ ਅਤੇ ਹੱਕ ਸੱਚ ਲਈ ਲੜਨ ਵਾਲੇ ਕਾਫਲੇ ਇਨ੍ਹਾਂ ਰਾਹਾਂ ਤੇ ਤੁਰਦੇ ਰਹਿਣ! … ਮੇਰੇ ਧੁਰ ਅੰਦਰੋਂ ਉਸ ਲਈ ਅਸੀਸ ਨਿਕਲੀ।
ਸੰਪਰਕ: 76260-63586