ਉਹ ਪੰਜ ਰੁਪਏ ਜੋ ਕਦੇ ਗੁਆਚੇ ਹੀ ਨਹੀਂ ਸਨ
ਬਚਪਨ ਦੀਆਂ ਯਾਦਾਂ ਮਨ ਦੇ ਕੋਰੇ ਕਾਗ਼ਜ਼ ’ਤੇ ਉੱਕਰੇ ਹੋਏ ਉਨ੍ਹਾਂ ਨਕਸ਼ਾਂ ਵਾਂਗ ਹੁੰਦੀਆਂ ਹਨ, ਜੋ ਸਮੇਂ ਦੀ ਧੂੜ ਪੈਣ ’ਤੇ ਵੀ ਕਦੇ ਧੁੰਦਲੀਆਂ ਨਹੀਂ ਹੁੰਦੀਆਂ। ਉਮਰ ਦੇ ਉਸ ਪੜਾਅ ’ਤੇ ਵਾਪਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਕਈ ਵਾਰ ਇਨਸਾਨ ਦੇ ਸਮੁੱਚੇ ਜੀਵਨ...
ਬਚਪਨ ਦੀਆਂ ਯਾਦਾਂ ਮਨ ਦੇ ਕੋਰੇ ਕਾਗ਼ਜ਼ ’ਤੇ ਉੱਕਰੇ ਹੋਏ ਉਨ੍ਹਾਂ ਨਕਸ਼ਾਂ ਵਾਂਗ ਹੁੰਦੀਆਂ ਹਨ, ਜੋ ਸਮੇਂ ਦੀ ਧੂੜ ਪੈਣ ’ਤੇ ਵੀ ਕਦੇ ਧੁੰਦਲੀਆਂ ਨਹੀਂ ਹੁੰਦੀਆਂ। ਉਮਰ ਦੇ ਉਸ ਪੜਾਅ ’ਤੇ ਵਾਪਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਕਈ ਵਾਰ ਇਨਸਾਨ ਦੇ ਸਮੁੱਚੇ ਜੀਵਨ ਦੀ ਦਿਸ਼ਾ ਤੈਅ ਕਰ ਦਿੰਦੀਆਂ ਹਨ। ਮੇਰੇ ਬਾਲਪਣ ਦੀ ਵੀ ਅਜਿਹੀ ਹੀ ਇੱਕ ਯਾਦ ਹੈ, ਜਿਸ ਨੇ ਮੈਨੂੰ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਬਕ ਸਿਖਾਇਆ। ਗੱਲ ਉਸ ਵੇਲੇ ਦੀ ਹੈ ਜਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸਾਂ। ਮਾਸੂਮੀਅਤ ਦਾ ਦੌਰ ਸੀ। ਇੱਕ ਦਿਨ ਸਾਡੇ ਸਕੂਲ ਵਿੱਚ ਸਾਰੇ ਵਿਸ਼ਿਆਂ ਦੀ ਇੱਕ ਸਹਾਇਕ ਪੁਸਤਕ ‘ਸਫਲਤਾ ਦਾ ਸਾਧਨ’ ਵੇਚਣ ਵਾਲੇ ਆਏ। ਕਿਤਾਬ ਦੀ ਕੀਮਤ ਪੰਜ ਰੁਪਏ ਸੀ। ਅਧਿਆਪਕ ਭੈਣ ਜੀ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ ਕਿਤਾਬ ਲੈਣੀ ਹੈ, ਉਹ ਕੱਲ੍ਹ ਨੂੰ ਪੰਜ ਰੁਪਏ ਲੈ ਕੇ ਆਉਣ।
ਘਰ ਆ ਕੇ ਮੈਂ ਬੜੇ ਚਾਅ ਨਾਲ ਉਸ ਕਿਤਾਬ ਲਈ ਪੰਜ ਰੁਪਏ ਮੰਗੇ, ਪਰ ਘਰਦਿਆਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ, “ਅਸੀਂ ਆਪੇ ਤੈਨੂੰ ਕਿਤਾਬ ਲਿਆ ਦੇਵਾਂਗੇ।” ਬਾਲ-ਮਨ ਨੂੰ ਇਹ ਜਵਾਬ ਰਾਸ ਨਾ ਆਇਆ ਤੇ ਮਨ ਅੰਦਰ ਇੱਕ ਅਜੀਬ ਜਿਹੀ ਨਿਰਾਸ਼ਾ ਛਾ ਗਈ। ਅਗਲੇ ਦਿਨ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਮੇਰੇ ਚਿਹਰੇ ’ਤੇ ਉਦਾਸੀ ਸਾਫ਼ ਝਲਕ ਰਹੀ ਸੀ। ਮੇਰੇ ਇੱਕ ਜਮਾਤੀ ਨੇ ਇਸ ਮਾਯੂਸੀ ਦਾ ਕਾਰਨ ਪੁੱਛਿਆ। ਉਸ ਪਲ ਪਤਾ ਨਹੀਂ ਕਿਹੜੀ ਅਚੇਤ ਭਾਵਨਾ ਦੇ ਵੱਸ ਮੇਰੇ ਮੂੰਹੋਂ ਅਚਾਨਕ ਬਿਨਾਂ ਸੋਚੇ-ਸਮਝੇ ਨਿਕਲ ਗਿਆ, “ਮੈਂ ਕਿਤਾਬ ਲਈ ਘਰੋਂ ਪੰਜ ਰੁਪਏ ਲੈ ਕੇ ਆਇਆ ਸਾਂ, ਪਰ ਰਾਹ ਵਿੱਚ ਕਿਤੇ ਡਿੱਗ ਪਏ।” ਮੇਰਾ ਝੂਠ ਬੋਲਣ ਦਾ ਕੋਈ ਇਰਾਦਾ ਨਹੀਂ ਸੀ, ਪਰ ਸ਼ਾਇਦ ਆਪਣੀ ਨਿਰਾਸ਼ਾ ਨੂੰ ਲੁਕਾਉਣ ਜਾਂ ਦੋਸਤ ਦੀ ਹਮਦਰਦੀ ਹਾਸਲ ਕਰਨ ਲਈ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਗਏ।
ਸਿਆਣੇ ਕਹਿੰਦੇ ਹਨ ਕਿ ਇੱਕ ਝੂਠ ਨੂੰ ਛੁਪਾਉਣ ਲਈ ਸੈਂਕੜੇ ਹੋਰ ਝੂਠ ਬੋਲਣੇ ਪੈਂਦੇ ਹਨ। ਮੇਰੇ ਨਾਲ ਵੀ ਇੰਨ-ਬਿੰਨ ਉਹੀ ਵਾਪਰਿਆ। ਕੁਝ ਸਮੇਂ ਬਾਅਦ ਉਸ ਦੋਸਤ ਨੇ ‘ਦਯਾ ਭੈਣ ਜੀ’ ਨੂੰ ਜਾ ਦੱਸਿਆ ਕਿ ਮੇਰੇ ਕਿਤਾਬ ਵਾਲੇ ਪੰਜ ਰੁਪਏ ਕਿਤੇ ਗੁਆਚ ਗਏ ਹਨ ਅਤੇ ਮੈਂ ਉਦਾਸ ਬੈਠਾ ਹਾਂ। ਭੈਣ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਪਿਆਰ ਨਾਲ ਪੁੱਛਿਆ ਕਿ ਪੈਸੇ ਕਿੱਥੇ ਰੱਖੇ ਸਨ ਤੇ ਕਿਵੇਂ ਗੁਆਚੇ? ਹੁਣ ਮੈਂ ਆਪਣੇ ਹੀ ਬੁਣੇ ਹੋਏ ਝੂਠ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਸਾਂ। ਮੈਂ ਚਾਹ ਕੇ ਵੀ ਸੱਚ ਨਹੀਂ ਸਾਂ ਬੋਲ ਸਕਦਾ। ਹੁਣ ਮੈਂ ਇੱਕ ਹੋਰ ਕਹਾਣੀ ਘੜਦਿਆਂ ਕਿਹਾ ਕਿ ਮੈਂ ਪੈਸੇ ਸਵੈਟਰ ਦੇ ਉੱਪਰ ਵੱਲ ਮੋੜੇ ਹੋਏ ਕਫ਼ ਵਿੱਚ ਪਾਏ ਹੋਏ ਸਨ। ਸਕੂਲ ਦੇ ਨੇੜੇ ਹੀ ਜਿੱਥੇ ਕੁਝ ਘਰਾਂ ਦਾ ਪਾਣੀ ਬਾਹਰ ਇੱਕ ਖੁੱਲ੍ਹੇ ਟੋਏ ਵਿੱਚ ਇਕੱਠਾ ਹੁੰਦਾ ਸੀ, ਜਦੋਂ ਮੈਂ ਉਸ ਟੋਏ ਤੋਂ ਛਾਲ ਮਾਰ ਕੇ ਲੰਘਣ ਲੱਗਿਆ ਤਾਂ ਮੇਰੇ ਉਹ ਪੰਜ ਰੁਪਏ ਉਸ ਪਾਣੀ ਵਿੱਚ ਡਿੱਗ ਪਏ। ਮੇਰੀ ਗੱਲ ਸੁਣ ਕੇ ਭੈਣ ਜੀ ਨੇ ਉਸੇ ਮੁੰਡੇ ਨੂੰ ਮੇਰੇ ਨਾਲ ਗੁਆਚੇ ਪੈਸੇ ਲੱਭਣ ਲਈ ਭੇਜ ਦਿੱਤਾ, “ਜਾਓ, ਕੋਸ਼ਿਸ਼ ਕਰੋ, ਸ਼ਾਇਦ ਪੈਸੇ ਲੱਭ ਜਾਣ।” ਅਸੀਂ ਦੋਵੇਂ ਉਸ ਗੰਦੇ ਪਾਣੀ ਵਿੱਚ ਪੰਜ ਰੁਪਏ ਲੱਭਣ ਚਲੇ ਗਏ। ਅਸੀਂ ਕਾਫ਼ੀ ਦੇਰ ਪਾਣੀ ਵਿੱਚ ਹੱਥ ਮਾਰਦੇ ਰਹੇ, ਪਰ ਪੈਸੇ ਤਾਂ ਹੀ ਲੱਭਦੇ ਜੇ ਗੁਆਚੇ ਹੁੰਦੇ! ਜਦੋਂ ਅਸੀਂ ਖਾਲੀ ਹੱਥ ਪਰਤੇ ਤਾਂ ਮੇਰੇ ਦੋਸਤ ਨੇ ਭੈਣ ਜੀ ਨੂੰ ਦੱਸਿਆ ਕਿ ਪੈਸੇ ਨਹੀਂ ਲੱਭੇ। ਉਸ ਵੇਲੇ ਮੇਰਾ ਚਿਹਰਾ ਕੁਦਰਤੀ ਤੌਰ ’ਤੇ ਉੱਤਰਿਆ ਹੋਇਆ ਸੀ, ਪਰ ਇਹ ਉਦਾਸੀ ਪੈਸੇ ਗੁਆਚਣ ਦੀ ਨਹੀਂ, ਸਗੋਂ ਆਪਣੀ ਅੰਤਰਆਤਮਾ ਵਿੱਚ ਪੈਦਾ ਹੋ ਰਹੀ ਸ਼ਰਮਿੰਦਗੀ ਦੀ ਸੀ ਕਿ ਮੈਂ ਝੂਠ ਕਿਉਂ ਬੋਲਿਆ। ਮੇਰੀ ਮਾਯੂਸੀ ਦੇਖ ਭੈਣ ਜੀ ਦਾ ਹਿਰਦਾ ਪਸੀਜ ਗਿਆ। ਉਨ੍ਹਾਂ ਨੇ ਮੈਨੂੰ ਬੜੇ ਮੋਹ ਨਾਲ ਆਪਣੀ ਬੁੱਕਲ ਵਿੱਚ ਲਿਆ ਤੇ ਪਿਆਰ ਭਰੇ ਲਹਿਜੇ ਵਿੱਚ ਕਿਹਾ, “ਬੇਟੇ, ਤੂੰ ਚਿੰਤਾ ਨਾ ਕਰ। ਕਿਤਾਬਾਂ ਵਾਲਿਆਂ ਨੇ ਇੱਕ ਕਾਪੀ ਮੈਨੂੰ ਵੀ ਦਿੱਤੀ ਹੈ। ਮੈਂ ਤੈਨੂੰ ਆਪਣੇ ਵਾਲੀ ਕਿਤਾਬ ਦੇ ਦਿੰਦੀ ਹਾਂ।” ਇਹ ਕਹਿ ਕੇ ਉਨ੍ਹਾਂ ਨੇ ਆਪਣੇ ਵਾਲੀ ‘ਸਫਲਤਾ ਦਾ ਸਾਧਨ’ ਮੇਰੇ ਹੱਥ ਵਿੱਚ ਫੜਾ ਦਿੱਤੀ। ਉਨ੍ਹਾਂ ਦੀ ਇਸ ਨੇਕੀ ਨੇ ਮੈਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ, ਪਰ ਕਹਾਣੀ ਦਾ ਅੰਤ ਇੱਥੇ ਨਹੀਂ ਸੀ ਹੋਣਾ। ਸਾਡੇ ਗੁਆਂਢੀਆਂ ਦਾ ਲੜਕਾ ਅੰਬਰਤੀ, ਜੋ ਮੇਰੇ ਨਾਲ ਹੀ ਪੜ੍ਹਦਾ ਸੀ, ਇਸ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਸੀ। ਛੁੱਟੀ ਹੋਣ ’ਤੇ ਉਹ ਮੇਰੇ ਤੋਂ ਪਹਿਲਾਂ ਹੀ ਮੇਰੇ ਘਰ ਪਹੁੰਚ ਗਿਆ ਤੇ ਮੇਰੀ ਮਾਂ ਨੂੰ ਆਖਣ ਲੱਗਾ, “ਤਾਈ! ਤੁਹਾਡੇ ਮੁੰਡੇ ਦੇ ਕਿਤਾਬ ਵਾਲੇ ਪੈਸੇ ਰਾਹ ਵਿੱਚ ਡਿੱਗ ਪਏ ਤੇ ਹੁਣ ਭੈਣ ਜੀ ਨੇ ਉਹਨੂੰ ਆਪਣੀ ਕਿਤਾਬ ਦਿੱਤੀ ਹੈ।” ਘਰਦਿਆਂ ਨੂੰ ਇਹ ਸਮਝਣ ਵਿੱਚ ਭੋਰਾ ਵੀ ਦੇਰ ਨਾ ਲੱਗੀ ਕਿ ਜਦੋਂ ਉਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਹੀ ਨਹੀਂ ਸਨ ਤਾਂ ਪੈਸੇ ਗੁਆਚਣ ਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ। ਯਕੀਨਨ, ਮੈਂ ਭੈਣ ਜੀ ਕੋਲ ਕੋਈ ਝੂਠ ਹੀ ਬੋਲਿਆ ਹੋਵੇਗਾ। ਜਿਉਂ ਹੀ ਮੈਂ ਘਰ ਦੀ ਦਹਿਲੀਜ਼ ਪਾਰ ਕੀਤੀ ਤਾਂ ਮੇਰੀ ਭੂਆ ਨੇ ਮੈਨੂੰ ਬੱਕਰੇ ਵਾਂਗ ਢਾਹ ਲਿਆ। ਉਸ ਦਿਨ ਮੇਰੀ ਜੋ ਭੁਗਤ ਸਵਾਰੀ ਗਈ, ਰਹੇ ਰੱਬ ਦਾ ਨਾਂ! ਕੁਟਾਪੇ ਤੋਂ ਬਾਅਦ ਭੂਆ ਜੀ ਨੇ ਸਖ਼ਤ ਹਦਾਇਤ ਕਰਦਿਆਂ ਕਿਹਾ, “ਸਵੇਰੇ ਤੂੰ ਘਰੋਂ ਪੰਜ ਰੁਪਏ ਲੈ ਕੇ ਜਾਣੇ ਨੇ, ਭੈਣ ਜੀ ਨੂੰ ਦੇ ਕੇ ਆਉਣੇ ਨੇ ਤੇ ਨਾਲੇ ਆਪਣੇ ਝੂਠ ਦੀ ਮੁਆਫ਼ੀ ਮੰਗ ਕੇ ਆਉਣੀ ਹੈ।” ਸਮੇਂ ਦੀ ਧੁੰਦ ਵਿੱਚ ਅੱਜ ਇਹ ਤਾਂ ਯਾਦ ਨਹੀਂ ਕਿ ਅਗਲੇ ਦਿਨ ਉਸ ਕਿਤਾਬ ਦੇ ਪੰਜ ਰੁਪਏ ਭੈਣ ਜੀ ਨੂੰ ਮੈਂ ਖ਼ੁਦ ਦਿੱਤੇ ਜਾਂ ਘਰਦਿਆਂ ਵਿੱਚੋਂ ਕਿਸੇ ਨੇ, ਪਰ ਉਸ ਘਟਨਾ ਨੇ ਮੇਰੇ ਮਨ ’ਤੇ ਜੋ ਨਕਸ਼ ਉੱਕਰੇ, ਉਹ ਮੈਨੂੰ ਉਮਰ ਭਰ ਲਈ ਯਾਦ ਰਹਿ ਗਏ। ਉਸ ਦਿਨ ਮੈਂ ਆਪਣੀ ਆਤਮਾ ਨਾਲ ਇੱਕ ਅਹਿਦ ਕੀਤਾ, ਪੱਕੀ ਸਹੁੰ ਖਾਧੀ ਕਿ ਮੈਂ ਅੱਜ ਤੋਂ ਬਾਅਦ ਕਦੇ ਝੂਠ ਦਾ ਸਹਾਰਾ ਨਹੀਂ ਲਵਾਂਗਾ।
ਸੰਪਰਕ: 98769-68193

