ਫਿਲਮ ਜੋ ਅੱਜ ਵੀ ਅਧੂਰੀ ਹੈ
ਸਮਾਂ ਕੇਵਲ ਮਨੁੱਖੀ ਹਾਲਾਤ ਹੀ ਨਹੀਂ ਬਦਲਦਾ, ਸਗੋਂ ਉਸ ਦੀਆਂ ਇੱਛਾਵਾਂ ਤੇ ਉਨ੍ਹਾਂ ਦੀ ਤਾਸੀਰ ਵੀ ਬਦਲ ਦਿੰਦਾ ਹੈ। ਤੰਗੀਆਂ-ਤੁਰਸ਼ੀਆਂ ਦੇ ਦਿਨਾਂ ਵਿੱਚ ਜਿਹੜੀਆਂ ਨਿੱਕੀਆਂ-ਨਿੱਕੀਆਂ ਰੀਝਾਂ ਜ਼ਿੰਦਗੀ ਦਾ ਵੱਡਾ ਮਕਸਦ ਜਾਪਦੀਆਂ ਹਨ, ਸਾਧਨ-ਸੰਪੰਨ ਹੋਣ ’ਤੇ ਅਕਸਰ ਉਨ੍ਹਾਂ ਪ੍ਰਤੀ ਮੋਹ ਭੰਗ...
ਸਮਾਂ ਕੇਵਲ ਮਨੁੱਖੀ ਹਾਲਾਤ ਹੀ ਨਹੀਂ ਬਦਲਦਾ, ਸਗੋਂ ਉਸ ਦੀਆਂ ਇੱਛਾਵਾਂ ਤੇ ਉਨ੍ਹਾਂ ਦੀ ਤਾਸੀਰ ਵੀ ਬਦਲ ਦਿੰਦਾ ਹੈ। ਤੰਗੀਆਂ-ਤੁਰਸ਼ੀਆਂ ਦੇ ਦਿਨਾਂ ਵਿੱਚ ਜਿਹੜੀਆਂ ਨਿੱਕੀਆਂ-ਨਿੱਕੀਆਂ ਰੀਝਾਂ ਜ਼ਿੰਦਗੀ ਦਾ ਵੱਡਾ ਮਕਸਦ ਜਾਪਦੀਆਂ ਹਨ, ਸਾਧਨ-ਸੰਪੰਨ ਹੋਣ ’ਤੇ ਅਕਸਰ ਉਨ੍ਹਾਂ ਪ੍ਰਤੀ ਮੋਹ ਭੰਗ ਹੋ ਜਾਂਦਾ ਹੈ। ਗੱਲ 1995 ਦੇ ਆਸ-ਪਾਸ ਦੀ ਹੈ। ਉਨ੍ਹੀਂ ਦਿਨੀਂ ਮੈਂ ਮਾਨਸਾ ਆਪਣੇ ਚਾਚਾ ਜੀ ਕੋਲ ਰਹਿ ਰਿਹਾ ਸਾਂ। ਉਹ ਦੌਰ ਬੇਹੱਦ ਸਾਦਗੀ ਭਰਿਆ ਸੀ। ਖ਼ੁਸ਼ੀਆਂ ਮਹਿੰਗੇ ਸਾਧਨਾਂ ਵਿੱਚ ਨਹੀਂ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਸਨ। ਸ਼ੁੱਕਰਵਾਰ ਦੀ ਰਾਤ ਦੂਰਦਰਸ਼ਨ ’ਤੇ ਆਉਣ ਵਾਲੀ ਹਿੰਦੀ ਫ਼ੀਚਰ ਫ਼ਿਲਮ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ ਹੁੰਦੀ। ਰਾਤ ਦੇ ਨੌਂ ਵਜੇ ਦੇ ਕਰੀਬ ਅਸੀਂ ਦੁਕਾਨ ਵਧਾ ਕੇ ਘਰ ਪਰਤਦੇ ਅਤੇ ਬੜੇ ਚਾਅ ਨਾਲ ਟੈਲੀਵਿਜ਼ਨ ਅੱਗੇ ਬੈਠ ਜਾਂਦੇ।
ਇੱਕ ਅਜਿਹੀ ਹੀ ਆਮ ਜਿਹੀ ਸ਼ਾਮ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਟੀ ਵੀ ’ਤੇ ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਦੀ ਫ਼ਿਲਮ ‘ਦੋਸਤ’ ਸ਼ੁਰੂ ਹੋ ਚੁੱਕੀ ਸੀ। ਮੈਂ ਅਤੇ ਮੇਰੇ ਚਾਚਾ ਜੀ ਦਾ ਬੇਟਾ ਗੋਲਡੀ, ਰੋਟੀ ਖਾਂਦੇ-ਖਾਂਦੇ ਫ਼ਿਲਮ ਦੀ ਕਹਾਣੀ ਵਿੱਚ ਇੰਨੇ ਖੁੱਭ ਗਏ ਕਿ ਆਲੇ-ਦੁਆਲੇ ਦੀ ਦੁਨੀਆ ਤੋਂ ਬੇਖ਼ਬਰ ਹੀ ਹੋ ਗਏ। ਜਿਵੇਂ-ਜਿਵੇਂ ਕਹਾਣੀ ਅੱਗੇ ਵਧ ਰਹੀ ਸੀ, ਮੇਰੀਆਂ ਸੰਵੇਦਨਾਵਾਂ ਵੀ ਉਸ ਦੇ ਵਹਾਅ ਵਿੱਚ ਵਹਿੰਦੀਆਂ ਜਾ ਰਹੀਆਂ ਸਨ। ਫ਼ਿਲਮ ਅਜੇ ਸਵਾ ਕੁ ਘੰਟਾ ਹੀ ਚੱਲੀ ਹੋਵੇਗੀ ਕਿ ਅਚਾਨਕ ਚਾਚਾ ਜੀ ਕਮਰੇ ਵਿੱਚ ਦਾਖ਼ਲ ਹੋਏ ਤੇ ਉਨ੍ਹਾਂ ਟੈਲੀਵਿਜ਼ਨ ਦਾ ਸਵਿੱਚ ਬੰਦ ਕਰਦਿਆਂ ਉੱਚੀ ਆਵਾਜ਼ ਵਿੱਚ ਸਾਨੂੰ ਸੌਂ ਜਾਣ ਦਾ ਹੁਕਮ ਸੁਣਾ ਦਿੱਤਾ। ਉਸ ਪਲ ਜੋ ਮਾਨਸਿਕ ਪੀੜ ਹੋਈ, ਉਸ ਨੂੰ ਸ਼ਬਦਾਂ ਵਿੱਚ ਨਹੀਂ ਬਿਆਨਿਆ ਜਾ ਸਕਦਾ। ਮੈਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਮੇਰੇ ਵਜੂਦ ਵਿੱਚੋਂ ਸਾਹ ਹੀ ਖਿੱਚ ਲਏ ਹੋਣ। ਚਾਚਾ ਜੀ ਦੇ ਅਨੁਸ਼ਾਸਨ ਅੱਗੇ ਜ਼ੁਬਾਨ ਖੋਲ੍ਹਣ ਦੀ ਸਾਡੀ ਕਿਸੇ ਦੀ ਹਿੰਮਤ ਨਹੀਂ ਸੀ। ਉਸ ਰਾਤ ਮੈਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਲਾਚਾਰ ਅਤੇ ਮਜਬੂਰ ਇਨਸਾਨ ਮਹਿਸੂਸ ਕੀਤਾ।
ਭਰੇ ਹੋਏ ਗਲੇ ਅਤੇ ਸਿੱਲ੍ਹੀਆਂ ਅੱਖਾਂ ਨਾਲ ਮੈਂ ਤੇ ਗੋਲਡੀ ਆਪਣੇ ਕਮਰੇ ਵਿੱਚ ਆ ਗਏ। ਉਸ ਰਾਤ ਮੇਰੇ ਮਨ ਨੇ ਇੱਕ ਦ੍ਰਿੜ੍ਹ ਸੰਕਲਪ ਲਿਆ ਕਿ ਜਦੋਂ ਮੈਂ ਆਪਣੇ ਪੈਰਾਂ ’ਤੇ ਖੜ੍ਹਾ ਹੋਵਾਂਗਾ ਤੇ ਪੈਸੇ ਕਮਾਵਾਂਗਾ ਤਾਂ ਆਪਣਾ ਵੀ ਸੀ ਆਰ ਖਰੀਦਾਂਗਾ ਅਤੇ ਉਸ ’ਤੇ ਸਭ ਤੋਂ ਪਹਿਲਾਂ ਇਹੀ ਫ਼ਿਲਮ ਦੇਖਾਂਗਾ। ਵਕਤ ਆਪਣੀ ਤੋਰ ਤੁਰਦਾ ਰਿਹਾ। ਬਚਪਨ ਦੀਆਂ ਬਰੂਹਾਂ ਟੱਪ ਕੇ ਮੈਂ ਜਵਾਨੀ ਦੀ ਦਹਿਲੀਜ਼ ’ਤੇ ਪਹੁੰਚ ਗਿਆ। ਕੰਮ-ਕਾਰ ਵੀ ਸੈੱਟ ਹੋ ਗਿਆ ਅਤੇ ਆਰਥਿਕ ਤੌਰ ’ਤੇ ਸੁਤੰਤਰ ਵੀ ਹੋ ਗਿਆ। ਉਧਰ ਤਕਨੀਕ ਵੀ ਬਦਲ ਚੁੱਕੀ ਸੀ। ਵੀ ਸੀ ਆਰ ਦਾ ਯੁੱਗ ਢਲ ਰਿਹਾ ਸੀ ਅਤੇ ਸੀ ਡੀ ਪਲੇਅਰਾਂ ਦਾ ਦੌਰ ਆ ਗਿਆ ਸੀ। ਮੈਂ ਸੀ ਡੀ ਪਲੇਅਰ ਖਰੀਦਿਆ ਵੀ ਤੇ ਕਈ ਫ਼ਿਲਮਾਂ ਵੀ ਦੇਖੀਆਂ, ਕੁਝ ਖਰੀਦ ਕੇ ਅਤੇ ਕੁਝ ਕਿਰਾਏ ’ਤੇ ਲੈ ਕੇ। ਪਰ ਇੱਕ ਅਜੀਬ ਇਤਫ਼ਾਕ ਸੀ ਕਿ ਫਿਲਮ ‘ਦੋਸਤ’ ਕਦੇ ਮੇਰੀ ਚੋਣ ਨਾ ਬਣੀ। ਨਾ ਮੈਂ ਉਸ ਦੀ ਸੀ ਡੀ ਖਰੀਦੀ ਅਤੇ ਨਾ ਹੀ ਕਿਰਾਏ ’ਤੇ ਲਈ। ਫਿਰ ਤਕਨੀਕ ਨੇ ਇੱਕ ਹੋਰ ਕਰਵਟ ਲਈ। ਡੀ ਟੀ ਐੱਚ, ਸਮਾਰਟ ਟੀ ਵੀ ਅਤੇ ਇੰਟਰਨੈੱਟ ਦੇ ਦੌਰ ਵਿੱਚ ਮਨੋਰੰਜਨ ਦੇ ਅਣਗਿਣਤ ਸਾਧਨ ਉਪਲੱਬਧ ਹੋ ਗਏ। ਕਈ ਵਾਰ ਚੈਨਲ ਬਦਲਦਿਆਂ ਫਿਲਮ ‘ਦੋਸਤ’ ਦੇ ਦ੍ਰਿਸ਼ ਅਚਾਨਕ ਸਾਹਮਣੇ ਆ ਜਾਂਦੇ, ਪਰ ਮੈਂ ਬਿਨਾਂ ਰੁਕੇ ਅੱਗੇ ਲੰਘ ਜਾਂਦਾ। ਜਿਸ ਫ਼ਿਲਮ ਨੂੰ ਕਦੇ ਪੂਰਾ ਦੇਖਣ ਦੀ ਤੜਪ ਸੀ, ਉਸ ਪ੍ਰਤੀ ਹੁਣ ਕੋਈ ਖਿੱਚ ਬਾਕੀ ਨਹੀਂ ਰਹੀ ਸੀ।
ਅੱਜ ਦੇ ਡਿਜੀਟਲ ਯੁੱਗ ਵਿੱਚ ਭਾਵੇਂ ਇਹ ਫ਼ਿਲਮ ਮਹਿਜ਼ ਇੱਕ ‘ਕਲਿੱਕ’ ਦੀ ਵਿੱਥ ’ਤੇ ਹੈ, ਪਰ ਹੁਣ ਇਸ ਨੂੰ ਪੂਰਾ ਦੇਖਣ ਦੀ ਉਹ ਉਤਸੁਕਤਾ ਅਤੇ ਤੜਪ ਮਨ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਅੱਜ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਲਗਦਾ ਹੈ ਕਿ ਜ਼ਿੰਦਗੀ ਦਾ ਗਣਿਤ ਕਿੰਨਾ ਅਜੀਬ ਹੈ। ਜਦੋਂ ਸਾਧਨਾਂ ਦੀ ਥੁੜ੍ਹ ਹੁੰਦੀ ਹੈ ਤਾਂ ਸਾਡੇ ਅੰਦਰ ਇੱਛਾਵਾਂ ਅਤੇ ਰੀਝਾਂ ਦਾ ਹੜ੍ਹ ਹੁੰਦਾ ਹੈ, ਪਰ ਜਦੋਂ ਮਿਹਨਤ ਮਗਰੋਂ ਅਸੀਂ ਸਾਧਨ-ਸੰਪੰਨ ਹੋ ਜਾਂਦੇ ਹਾਂ ਤਾਂ ਹੈਰਾਨੀ ਦੀ ਗੱਲ ਹੈ ਕਿ ਉਦੋਂ ਉਨ੍ਹਾਂ ਇੱਛਾਵਾਂ ਲਈ ਕੋਈ ਤਾਂਘ ਬਾਕੀ ਨਹੀਂ ਰਹਿੰਦੀ। ਫਿਲਮ ‘ਦੋਸਤ’ ਮੇਰੇ ਲਈ ਉਹ ਫਿਲਮ ਬਣ ਗਈ ਹੈ, ਜੋ ਅੱਜ ਹਰ ਸਾਧਨ ਮੌਜੂਦ ਹੋਣ ਤੋਂ ਬਾਅਦ ਵੀ ਅਧੂਰੀ ਹੀ ਹੈ।
ਸੰਪਰਕ: 98769-68193

