ਨਵੀਂ ਨੌਕਰੀ ਦੇ ਮੁੱਢਲੇ ਦਿਨ
ਆਪਣੀ ਸਰਕਾਰੀ ਨੌਕਰੀ ਦਾ ਪਹਿਲਾ ਦਿਨ ਮੈਨੂੰ ਅੱਜ ਵੀ ਯਾਦ ਹੈ। ਦੋ ਮਈ ਦਾ ਦਿਨ ਸੀ। ਸਵੇਰੇ ਸਕੂਲ ਲੱਗਣ ਦੇ ਟਾਈਮ ਤੱਕ ਮੈਂ ਜੁਆਇਨ ਕਰਨ ਪਹੁੰਚ ਗਈ। ਮਿਡਲ ਸਕੂਲ ਵਿੱਚ ਜੁਆਇਨ ਕਰਨਾ ਸੀ। ਉਸ ਦੇ ਨਾਲ ਦੇ ਪ੍ਰਾਇਮਰੀ ਸਕੂਲ ਦੀ...
ਆਪਣੀ ਸਰਕਾਰੀ ਨੌਕਰੀ ਦਾ ਪਹਿਲਾ ਦਿਨ ਮੈਨੂੰ ਅੱਜ ਵੀ ਯਾਦ ਹੈ। ਦੋ ਮਈ ਦਾ ਦਿਨ ਸੀ। ਸਵੇਰੇ ਸਕੂਲ ਲੱਗਣ ਦੇ ਟਾਈਮ ਤੱਕ ਮੈਂ ਜੁਆਇਨ ਕਰਨ ਪਹੁੰਚ ਗਈ। ਮਿਡਲ ਸਕੂਲ ਵਿੱਚ ਜੁਆਇਨ ਕਰਨਾ ਸੀ। ਉਸ ਦੇ ਨਾਲ ਦੇ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮੇਰੀ ਗੁਆਂਢਣ ਸੀ। ਇਸ ਲਈ ਮੈਂ ਉਸ ਦੇ ਨਾਲ ਹੀ ਚਲੀ ਗਈ। ਮਿਡਲ ਸਕੂਲ ਵਾਲੇ ਬੜੇ ਖ਼ੁਸ਼ ਹੋਏ ਪਰ ਜੁਆਇਨ ਹਾਈ ਸਕੂਲ ਵਿੱਚ ਜਾ ਕੇ ਕਰਨਾ ਪੈਣਾ ਸੀ। ਮੈਂ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਦੀ ਮੋਪੇਡ ਲਈ ਤੇ ਹਾਈ ਸਕੂਲ ਪਹੁੰਚ ਗਈ। ਰਾਹ ਧਿਆਨ ਨਾਲ ਯਾਦ ਕਰਦੀ ਆਈ ਕਿ ਇੱਕ ਕੁੱਪ ਕੋਲੋਂ ਸੜਕ ਮੁੜਦੀ ਹੈ ਤੇ ਉੱਥੋਂ ਮੁੜਨਾ ਹੈ। ਹਾਈ ਸਕੂਲ ਵਿੱਚ ਜਾ ਕੇ ਜੁਆਨਿੰਗ ਦਿੱਤੀ ਤੇ ਵਾਪਸ ਮਿਡਲ ਸਕੂਲ ਵੱਲ ਚੱਲ ਪਈ, ਪਰ ਪਿੰਡ ਵਿੱਚ ਤਾਂ ਥਾਂ ਥਾਂ ਕੁੱਪ ਸਨ। ਰਾਹ ਭੁੱਲ ਕੇ ਹੋਰ ਪਾਸੇ ਨਿਕਲ ਗਈ। ਬੜਾ ਪੁੱਛ-ਪੁਛਾ ਕੇ ਸਕੂਲ ਪਹੁੰਚੀ। ਉਨ੍ਹੀਂ ਦਿਨੀਂ ਤਨਖ਼ਾਹ ਨਕਦ ਮਿਲਦੀ ਸੀ। ਦੋ ਤਰੀਕ ਸੀ ਤੇ ਸਕੂਲ ਵਿੱਚ ਤਨਖ਼ਾਹ ਮਿਲਣੀ ਸੀ। ਸਟਾਫ ਬੈਂਕ ਜਾਣ ਲਈ ਤਿਆਰ ਹੋ ਗਿਆ। ਆਪਾਂ ਵੀ ਉਨ੍ਹਾਂ ਦੇ ਨਾਲ ਹੀ ਮੁੜ ਆਏ। ਉਹ ਤਨਖ਼ਾਹਾਂ ਲੈਣ ਬੈਂਕ ਚਲੇ ਗਏ ਤੇ ਮੈਂ ਘਰ ਪੁੱਜ ਗਈ।
ਸਕੂਲ ਮੁੱਖ ਸੜਕ ਤੋਂ ਪੰਜ ਕਿਲੋਮੀਟਰ ਦੂਰ ਸੀ। ਬਲਬੇੜੇ ਤੋਂ ਕਰਤਾਰਪੁਰ ਜਾਣ ਲਈ ਕੋਈ ਸਾਧਨ ਨਹੀਂ ਸੀ। ਘਰੋਂ ਸਕੂਟਰ ’ਤੇ ਬੱਸ ਸਟੈਂਡ ਜਾਣਾ ਅਤੇ ਉੱਥੇ ਸਕੂਟਰ ਖੜ੍ਹਾ ਕੇ ਅੱਗੇ ਬੱਸ ਵਿੱਚ ਸਫ਼ਰ ਕਰਦੀ। ਬੱਸ ’ਚੋਂ ਉਤਰ ਕੇ ਫਿਰ ਆਪਣੇ ਨਾਲ ਦੀ ਇੱਕ ਅਧਿਆਪਕਾ ਨਾਲ ਮੋਪੇਡ ’ਤੇ ਸਕੂਲ ਜਾਂਦੀ। ਇਹ ਸਫ਼ਰ ਬੜੇ ਯਾਦਗਾਰੀ ਰਹੇ। ਇੱਕ ਵਾਰ ਮੈਂ ਮੋਪੇਡ ਚਲਾ ਰਹੀ ਸੀ ਤੇ ਮੇਰੇ ਨਾਲ ਦੀ ਅਧਿਆਪਕ ਪਿੱਛੇ ਬੈਠੀ ਸੀ। ਉਹ ਪਤਾ ਨਹੀਂ ਕਿਵੇਂ ਡਿੱਗ ਗਈ। ਮੈਨੂੰ ਪਤਾ ਨਹੀਂ ਲੱਗਾ। ਸਾਹਮਣਿਉਂ ਮੋਟਰਸਾਈਕਲ ’ਤੇ ਆਉਂਦੇ ਦੋ ਆਦਮੀ ਕਹੀ ਜਾਣ, ‘‘ਤੁਹਾਡੀ ਭੈਣ ਜੀ ਪਿੱਛੇ ਡਿੱਗ ਗਈ।’’ ਫਿਰ ਸਮਝ ਆਈ। ਜਦੋਂ ਉਸ ਕੋਲ ਗਈ ਤਾਂ ਉਹ ਆਰਾਮ ਨਾਲ ਵੱਟ ’ਤੇ ਬੈਠੀ ਸੀ। ਅਸੀਂ ਦੋਵੇਂ ਬੜਾ ਹੱਸੀਆਂ।
ਗਰਮੀਆਂ ਦੀਆਂ ਛੁੱਟੀਆਂ ਇੱਕ ਮਹੀਨੇ ਦੀਆਂ ਹੋਣ ਕਰਕੇ ਅਸੀਂ ਮੋਪੇਡ ਘਰ ਲੈ ਜਾਂਦੀਆਂ ਸੀ। ਪਿੰਡ ਵਿੱਚ ਖਰਬੂਜ਼ੇ ਬਹੁਤ ਬੀਜਦੇ ਸਨ। ਸਬਜ਼ੀਆਂ ਵੀ ਬਹੁਤ ਤਰ੍ਹਾਂ ਦੀਆਂ ਬੀਜੀਆਂ ਜਾਂਦੀਆਂ ਸਨ। ਛੁੱਟੀਆਂ ਤੋਂ ਪਹਿਲਾਂ ਅਖੀਰਲੇ ਕੰਮ ਦੇ ਦਿਨ ਅਸੀਂ ਮੋਪੇਡ ਵਾਪਸ ਪਟਿਆਲੇ ਲੈ ਕੇ ਆਉਣੀ ਸੀ। ਪਿੰਡ ਵਾਲੇ ਖਰਬੂਜ਼ੇ ਦੇ ਗਏ। ਅਸੀਂ ਦੋ ਖਰਬੂਜ਼ੇ ਨਾਲ ਲੈ ਲਏ। ਰਸਤੇ ਵਿੱਚ ਸਾਇਲੈਂਸਰ ਡਿੱਗ ਗਿਆ। ਮੋਪੇਡ ਬੜੀ ਭੈੜੀ ਜਿਹੀ ਆਵਾਜ਼ ਕਰੇ। ਮੇਰੇ ਨਾਲ ਦੀ ਅਧਿਆਪਕਾ ਕਹਿੰਦੀ ਕਿ ਬੁਰਾ ਲੱਗ ਰਿਹਾ ਹੈ, ਪਰ ਚੱਲ ਕੋਈ ਗੱਲ ਨਹੀਂ, ਆਪਾਂ ਨੂੰ ਕਿਹੜਾ ਕੋਈ ਜਾਣਦਾ ਹੈ। ਅਸੀਂ ਰਾਹ ਵਿੱਚ ਬੈਠ ਕੇ ਖਰਬੂਜ਼ੇ ਖਾਧੇ। ਛੁੱਟੀਆਂ ਤੋਂ ਬਾਅਦ ਜਦੋਂ ਅਸੀਂ ਵਾਪਸ ਸਕੂਲ ਗਈਆਂ ਤਾਂ ਇੱਕ ਦੁਕਾਨਦਾਰ ਕਹਿਣ ਲੱਗਾ, ‘‘ਭੈਣ ਜੀ, ਇੱਕ ਦਿਨ ਤੁਸੀਂ ਦੋਵੇਂ ਮੋਪੇਡ ’ਤੇ ਜਾਂਦੀਆਂ ਸੀ ਤੇ ਸਲੈਂਸਰ ਹੈ ਨਹੀਂ ਸੀ। ਬੜੀ ਆਵਾਜ਼ ਆ ਰਹੀ ਸੀ।’’ ਅਸੀਂ ਦੋਵੇਂ ਇੱਕ ਦੂਜੇ ਦਾ ਮੂੰਹ ਵੇਖੀਏ।
ਇੱਕ ਵਾਰ ਮੋਪੇਡ ਦਾ ਸਾਇਲੈਂਸਰ ਰਾਹ ਵਿੱਚ ਡਿੱਗ ਗਿਆ। ਅਗਲੇ ਦਿਨ ਸਵੇਰੇ ਪਿੰਡ ਦਾ ਇੱਕ ਬੰਦਾ ਸਾਇਲੈਂਸਰ ਚੁੱਕੀ ਆਵੇ। ਅਖੇ, ‘‘ਭੈਣ ਜੀ, ਤੁਹਾਡਾ ਭੂਕਨਾ ਡਿੱਗ ਗਿਆ ਸੀ।’’ ਅਸੀਂ ਹੱਸ ਹੱਸ ਦੂਹਰੇ ਹੋ ਗਏ। ਇੱਕ ਵਾਰ ਸਾਡੇ ਮਾਸਟਰ ਜੀ ਨੇ ਪੀ ਟੀ ਏ ਦੇ ਚੇਅਰਮੈਨ ਦੇ ਮੁੰਡੇ ਨੂੰ ਵੈਸੇ ਹੀ ਕਹਿ ਦਿੱਤਾ ਕਿ ਕਦੇ ਗੋਂਗਲੂ ਹੀ ਭੇਜ ਦਿਆ ਕਰੋ। ਅੱਗੋਂ ਉਹ ਕਹਿੰਦਾ, ‘‘ਭੇਜ ਦਿਆਂਗੇ ਮਾਸਟਰ ਜੀ, ਅਸੀਂ ਵੀ ਡੰਗਰਾਂ ਨੂੰ ਹੀ ਪਾਉਣੇ ਹੁੰਦੇ ਨੇ।’’
ਇੱਕ ਵਾਰ ਰਾਹ ਵਿੱਚ ਸਕੂਟਰ ਖਰਾਬ ਹੋ ਗਿਆ। ਮੈਂ ਸਕੂਟਰ ਨੂੰ ਰੋੜ੍ਹ ਕੇ ਲਿਜਾ ਰਹੀ ਸੀ। ਕੁਝ ਬਾਜ਼ੀਗਰਨੀਆਂ ਵੀ ਜਾ ਰਹੀਆਂ ਸਨ। ਮੇਰੇ ਨਾਲ ਗੱਲਾਂ ਕਰਨ ਲੱਗ ਗਈਆਂ। ਕਹਿੰਦੀਆਂ, ‘‘ਭੈਣ ਜੀ, ਤੁਹਾਨੂੰ ਤਾਂ ਬਹੁਤ ਮੌਜਾਂ ਨੇ। ਤਨਖ਼ਾਹ ਤਾਂ ਮਿਲਦੀ ਹੀ ਹੈ ਬੱਚਿਆਂ ਤੋਂ ਫੀਸਾਂ ਲੈ ਕੇ ਵੀ ਝੋਲੇ ਭਰ ਲੈਂਦੀਆਂ ਹੋ। ਅਸੀਂ ਤਾਂ ਅਗਲੇ ਜਨਮ ’ਚ ਭੈਣਜੀਆਂ ਬਣਨੈ।’’ ਉਦੋਂ ਅਸੀਂ ਨਵੇਂ ਨਵੇਂ ਪਿੰਡ ਜਾਣ ਲੱਗੇ ਸੀ। ਕੜਕਦੀ ਧੁੱਪ ਵਿੱਚ ਜਦੋਂ ਵਾਪਸ ਆਉਂਦੇ ਤਾਂ ਬਾਹਵਾਂ ਸੜ ਜਾਂਦੀਆਂ ਸਨ। ਸ਼ਹਿਰ ਤੋਂ ਚਿੱਟੇ ਰੰਗ ਦੇ ਦਸਤਾਨੇ ਖਰੀਦ ਲਏ ਜਿਹੜੇ ਬਾਂਹ ਦੇ ਉੱਪਰ ਤੱਕ ਪਹਿਨੇ ਜਾਂਦੇ ਸਨ। ਅਜੇ ਉਹ ਦਸਤਾਨੇ ਪਾਉਂਦਿਆਂ ਦੋ ਤਿੰਨ ਦਿਨ ਹੀ ਹੋਏ ਸਨ ਕਿ ਪਿੰਡ ਦੀਆਂ ਕੁਝ ਔਰਤਾਂ ਮਿਲਣ ਆ ਗਈਆਂ। ਮੈਂ ਪੁੱਛਿਆ, ‘‘ਅੱਜ ਕਿੱਦਾਂ ਆਉਣਾ ਹੋਇਆ?’’ ਉਨ੍ਹਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ, ‘‘ਪਤਾ ਲੱਗਾ ਸੀ ਬਈ ਭੈਣ ਜੀ ਦੀਆਂ ਦੋਵੇਂ ਬਾਹਵਾਂ ਟੁੱਟ ਗਈਆਂ ਤੇ ਪਲੱਸਤਰ ਲੱਗਾ ਹੋਇਆ। ਅਸੀਂ ਸੋਚਿਆ, ਚਲੋ ਹਾਲ ਹੀ ਪੁੱਛ ਆਈਏ।’’
ਪਿੰਡ ਦੇ ਲੋਕ ਸਿੱਧੇ ਸਾਦੇ ਤੇ ਬਹੁਤ ਚੰਗੇ ਸਨ। ਬਹੁਤ ਸਤਿਕਾਰ ਤੇ ਅਪਣੱਤ ਦਿੰਦੇ ਸਨ। ਉਨ੍ਹਾਂ ਹਮੇਸ਼ਾ ਕਹਿਣਾ ਕਿ ਬੱਚਿਆਂ ਨੂੰ ਚੰਡ ਕੇ ਰੱਖੋ। ਜੇ ਸਕੂਲੋਂ ਝਿੜਕਾਂ ਪੈਣੀਆਂ ਤਾਂ ਘਰੋਂ ਲਾਜ਼ਮੀ ਹੀ ਝਿੜਕਾਂ ਪੈਣੀਆਂ। ਘਰਦਿਆਂ ਨੇ ਆਪਣੇ ਬੱਚਿਆਂ ਨੂੰ ਕਹਿਣਾ ਕਿ ਜ਼ਰੂਰ ਕੁਝ ਗ਼ਲਤ ਕੀਤਾ ਹੋਵੇਗਾ ਜਿਹੜਾ ਤੁਹਾਨੂੰ ਝਿੜਕਾਂ ਪਈਆਂ। ਉਨ੍ਹਾਂ ਲਈ ਅਧਿਆਪਕ ਹੋਣਾ ਮਾਣ ਵਾਲੀ ਗੱਲ ਸੀ। ਉਨ੍ਹਾਂ ਨੂੰ ਅਧਿਆਪਕ ਆਪਣੇ ਘਰ ਦੇ ਜੀਅ ਹੀ ਲੱਗਦੇ ਸਨ। ਉਸ ਪਿੰਡ ’ਚੋਂ ਤਬਾਦਲਾ ਹੋਇਆਂ ਕਈ ਸਾਲ ਬੀਤ ਗਏ, ਪਰ ਅੱਜ ਵੀ ਉਹ ਆਪਣਾ ਹੀ ਜਾਪਦਾ ਹੈ।
ਸੰਪਰਕ: 90410-73310

