ਇੰਦਰਜੀਤ ਭਲਿਆਣ
ਸ਼ੁਕਰ ਆ ਪਿੰਡ ਨੂੰ ਜਾਣ ਵਾਲ਼ੀ ਆਖਰੀ ਬੱਸ ਅਜੇ ਖੜ੍ਹੀ ਸੀ। ਬੀਬੀ ਮੈਨੂੰ ਬਾਂਹ ਤੋਂ ਘੜੀਸਦੀ ਬੱਸ ਵਿਚ ਚੜ੍ਹ ਗਈ। ਪਿੰਡਾਂ ਨੂੰ ਜਾਂਦੀਆਂ ਬੱਸਾਂ ਵਿਚ ਸੀਟ ਮਿਲਣਾ ਡੀਲਕਸ ਬੱਸ ਦੀ ਸਵਾਰੀ ਕਰਨ ਸਮਾਨ ਮੰਨਿਆ ਜਾਂਦਾ ਹੈ। ਬੱਸ ਸਵਾਰੀਆਂ ਨਾਲ ਇਸ ਕਦਰ ਖਚਾ-ਖਚ ਭਰ ਜਾਂਦੀ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ। ਚੰਗੇ ਭਾਗਾਂ ਨੂੰ ਸਾਨੂੰ ਸੀਟ ਮਿਲ ਗਈ। ਇੰਨੇ ਨੂੰ ਅਗਲੀ ਤਾਕੀ ਰਾਹੀਂ ਇਕ ਬਜ਼ੁਰਗ ਚੜ੍ਹ ਆਇਆ ਤੇ ਸੁਰੀਲੀ ਆਵਾਜ਼ ਵਿਚ ਗਾਉਣ ਲੱਗਾ, “ਦਵਾਈ ਦੀ ਦਵਾਈ ਵੀਰੋ, ਮਠਿਆਈ ਦੀ ਮਠਿਆਈ ਵੀਰੋ। ਨਾਲੇ ਆਪ ਖਾਓ, ਨਾਲੇ ਬੱਚਿਆਂ ਲਈ ਲੈ ਜਾਓ। ਅੰਬਰਧਾਰੇ (ਅੰਮ੍ਰਿਤਧਾਰਾ) ਦੀਆਂ ਗੋਲੀਆਂ, ਦਸੀ (10 ਪੈਸੇ) ਦਾ ਪੈਕਟ”। ਇਸ ਤੋਂ ਪਹਿਲਾਂ ਕਿ ਉਹ ਆਪਣੀ ਇਹ ਮਨਮੋਹਣੀ ਅਪੀਲ ਦੁਹਰਾਉਂਦਾ, ਸਵਾਰੀਆਂ ਨੇ ‘ਮਠਿਆਈ-ਕਮ-ਦਵਾਈ’ ਲਈ ਹਾਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਸੰਗਤਰੇ ਦੀਆਂ ਗੋਲ਼ੀਆਂ ਲੈਣ ਦੀ ਜ਼ਿੱਦ ਨੂੰ ਰੱਦ ਕਰਦਿਆਂ ਬੀਬੀ ਨੇ ਅੰਬਰਧਾਰੇ ਦੀਆਂ ਗੋਲ਼ੀਆਂ ਦਾ ਪੈਕਟ ਮੇਰੇ ਹੱਥ ਫੜਾ ਦਿੱਤਾ। “ਇਹ ਮੂਰਖ਼ ਨੇ ਜਿਹੜੇ ਖਰੀਦ ਰਹੇ ਆ”, ਕਹਿੰਦਿਆਂ ਇਕੋ ਝਿੜਕੀ ਨਾਲ ਮੈਨੂੰ ਚੁੱਪ ਕਰਾ ਦਿੱਤਾ।
ਬਹੁਤ ਸਸਤੇ ਵੇਲੇ ਸਨ ਉਹ। ਖੀਸੇ ’ਚ ਪਿਆ ਇਕ ਰੁਪਈਆ ਹੁਣ ਦੇ ਸੌ ਦੇ ਨੋਟ ਜਿੰਨਾ ਸੇਕ ਮਾਰਦਾ ਸੀ। ਪਿਤਾ ਜੀ ਫੌਜ ਵਿਚ ਸਨ। ਉਹ ਦੋ ਮਹੀਨੇ ਦੀ ਛੁੱਟੀ ਕੱਟ ਡਿਊਟੀ ’ਤੇ ਜਾਣ ਲਈ ਕਰੀਬ ਕਰੀਬ ਤਿਆਰ ਹੀ ਸਨ ਕਿ ਬਾਹਰ ਗਲ਼ੀ ਵਿਚ ਕੁਲਫੀਆਂ ਵਾਲ਼ੇ ਨੇ ਟੱਲੀ ਖੜਕਾ ਦਿੱਤੀ ਅਤੇ ਲੰਮੀ ਹੇਕ ਲਾਉਂਦਿਆਂ ‘ਠੰਢੀ ਮਿੱਠੀ ਖੋਏ ਮਲਾਈ ਦੀ ਕੁਲਫੀ ਲੈ ਲੋ ਜੀ ਠੰਢੀ ਮਿੱਠੀ ਕੁਲਫੀ’ ਦਾ ਹੋਕਾ ਦੇ ਦਿੱਤਾ। ਅਜੇ ਸੋਚ ਹੀ ਰਹੇ ਸਾਂ ਕਿ ਪਿਤਾ ਜੀ ਨੂੰ ਕੁਲਫੀ ਲਈ ਕਿਵੇਂ ਕਿਹਾ ਜਾਵੇ, ਪਿਤਾ ਜੀ ਨੇ ਜੇਬ ਵਿਚੋਂ ਰੁਪੱਈਆ ਕੱਢ ਕੇ ਮੈਨੂੰ ਫੜਾਉਂਦਿਆਂ ਕਿਹਾ- “ਜਾਓ ਖਾ ਲੋ ਕੁਲਫੀਆਂ ਪਰ ਖਾਇਓ ਖੋਏ ਆਲ਼ੀ”। ਖੋਏ ਵਾਲ਼ੀ ਇਕ ਆਨੇ ਦੀ ਇਕ ਆਉਂਦੀ ਸੀ ਤੇ ਦੂਜੀ ਬਰਫ ਵਾਲ਼ੀ ਤਿੰਨ ਪੈਸੇ ਦੀ ਇਕ। ਮੈਂ ਚਚੇਰੇ ਭਰਾ ਨੂੰ ਨਾਲ ਲੈ ਕੁਲਫੀਆਂ ਲੈਣ ਚੱਲ ਪਿਆ। ਅਸੀਂ ਕੁਲਫੀਆਂ ਵੇਚਣ ਵਾਲੇ ਨੂੰ ਇਕ ਰੁਪੱਈਆ ਫੜਾਉਂਦਿਆਂ ਖੋਏ ਦੀਆਂ ਕੁਲਫੀਆਂ ਦੇਣ ਦਾ ਹੁਕਮ ਚਾੜ੍ਹ ਦਿੱਤਾ। ਸਾਡੇ ਵਾਂਗ ਕੁਲਫੀਆਂ ਵਾਲੇ ਦਾ ਚਿਹਰਾ ਵੀ ਖਿੜ ਗਿਆ। ਇਕੋ ਝੱਟੇ ਸੋਲਾਂ ਕੁਲਫੀਆਂ ਵਿਕਣੀਆਂ, ਉਹ ਵੀ ਖੋਏ ਵਾਲ਼ੀਆਂ, ਖੁਸ਼ੀ ਦੀ ਗੱਲ ਤਾਂ ਫਿਰ ਹੈ ਹੀ ਸੀ! ਭਾਈ ਨੇ ਸਾਨੂੰ ਗਿਣ ਕੇ ਸੋਲਾਂ ਕੁਲਫੀਆਂ ਪਾ ਦਿੱਤੀਆਂ। ਮੈਂ ਕੁਲਫੀਆਂ ਦੀ ਖੇਪ ਲੈ ਕੇ ਤੁਰਨ ਹੀ ਲੱਗਿਆ ਸਾਂ ਕਿ ਚਚੇਰੇ ਭਰਾ ਨੇ ਰੱਫੜ ਪਾ ਲਿਆ। ਉਹ ਅਪਣੀ ਥਾਂ ਸੱਚਾ ਸੀ। ਸੋਲਾਂ ਕੁਲਫੀਆਂ ਦੇ ਹੋਏ ਸੋਲਾਂ ਆਨੇ, ਭਾਵ ਛਿਅੱਨਵੇਂ ਪੈਸੇ, ਤੇ ਬਾਕੀ ਚਾਰ ਪੈਸੇ? ਕੁਲਫੀਆਂ ਵਾਲ਼ੇ ਨੇ ਬਰਫ ਵਾਲੀ ਕੁਲਫੀ ਦੇ ਕੇ ਜਾਨ ਛੁਡਾਈ।
ਇਕ ਦਿਨ ਜ਼ਰੂਰੀ ਸੁਨੇਹਾ ਦੇਣ ਨਾਨਕੇ ਪਿੰਡ ਜਾਣਾ ਪੈ ਗਿਆ। ਘਰਦਿਆਂ ਨੇ ਇਕ ਰੁਪਏ ਦਾ ਨੋਟ ਹੱਥ ਫੜਾ ਤਾਕੀਦ ਕੀਤੀ ਕਿ ਪਹਿਲਾਂ ਦਸ ਮੀਲ ਸਾਈਕਲ ਚਲਾ ਕੇ ਸ਼ਹਿਰ ਜਾਹ, ਉਥੋਂ ਬੱਸ ਚੜ੍ਹ ਕੇ ਨਾਨਕੇ ਚਲਾ ਜਾਈਂ, ਤੇ ਤੀਏ ਪਹਿਰ ਦੀ ਚਾਹ ਤੱਕ ਇਥੇ ਘਰ ਮੁੜ ਆਵੀਂ, ਅੱਠ ਆਨੇ ਆਉਣ ਤੇ ਅੱਠ ਆਨੇ ਜਾਣ ਦਾ ਬੱਸ ਦਾ ਭਾੜਾ ਲੱਗੇਗਾ, ਖਿਆਲ ਰੱਖੀਂ, ਪੈਸੇ ਕਿਧਰੇ ਗੇਰ ਨਾ ਦਈਂ। ਸ਼ਹਿਰ ਪਹੁੰਚ ਸਾਈਕਲ ਕਿਧਰੇ ਖੜ੍ਹਾ ਕਰਕੇ ਮੈਂ ਨਾਨਕੇ ਪਿੰਡ ਵੱਲ ਜਾਣ ਵਾਲੀ ਬੱਸ ਵਿਚ ਬੈਠ ਗਿਆ। ਕੰਡਕਟਰ ਨੇ ਟਿਕਟ ਦੇ ਨਾਲ ਜਿਹੜੇ ਅੱਠ ਆਨੇ ਮੋੜੇ, ਉਹ ਮੈਨੂੰ ਖੋਟੇ ਲੱਗੇ। ਕੰਡਕਟਰ ਨੂੰ ਅੱਠ ਆਨੇ ਬਦਲਣ ਲਈ ਕਿਹਾ ਪਰ ਉਹ ਨਾ ਮੰਨਿਆ। ਬੱਚਾ ਸਾਂ, ਚੁੱਪ ਤਾਂ ਕਰ ਗਿਆ ਪਰ ਵਾਪਸੀ ਦਾ ਫਿਕਰ ਪੈ ਗਿਆ। ਜੇ ਅਗਲੀ ਬੱਸ ਦੇ ਕੰਡਕਟਰ ਨੇ ਖੋਟੇ ਪੈਸੇ ਕਹਿ ਕੇ ਬੱਸ ਤੋਂ ਉਤਾਰ ਦਿੱਤਾ, ਫਿਰ ਕੀ ਬਣੂ। ਇਨ੍ਹਾਂ ਫਿਕਰਾਂ ਵਿਚ ਹੀ ਨਾਨਕੇ ਘਰ ਪੁੱਜ ਗਿਆ। ਖੋਟਾ ਸਿੱਕਾ ਚੈਨ ਨਹੀਂ ਸੀ ਲੈਣ ਦੇ ਰਿਹਾ। ਆਖਿ਼ਰ ਸਾਰੀ ਗੱਲ ਨਾਨੀ ਨੂੰ ਸੁਣਾਈ। ਨਾਨੀ ਨੇ ਸਿੱਕਾ ਦੇਖਦੇ ਹੀ ਕਹਿ ਦਿੱਤਾ ਕਿ ਇਹ ਤਾਂ ਠੀਕ ਆ, ਕੌਣ ਕਹਿ ਦੂ ਇਸ ਨੂੰ ਖੋਟਾ। ਨਾਨੀ ਨੇ ਇਕ ਰੁਪਈਆ ਮੇਰੇ ਹੱਥ ਦਿੰਦਿਆਂ ਕਿਹਾ, “ਲੈ ਜੇ ਨਾ ਚੱਲਿਆ ਤਾਂ ਇਹ ਚਲਾ ਲੀਂ”। ਵਾਪਸੀ ’ਤੇ ਪਹਿਲੀ ਅਠਿਆਨੀ ਵੀ ਚਲ ਗਈ ਤੇ ਨਾਨੀ ਦੇ ਰੁਪੱਈਏ ਨਾਲ ਮੌਜਾਂ ਅੱਡ ਲੁੱਟੀਆਂ।
ਸਾਡੇ ਨੇੜਲੇ ਸ਼ਹਿਰ ਗ੍ਰੇਟ ਰੇਮਨ ਸਰਕਸ (ਸ਼ਾਇਦ ਇਹੀ ਨਾਂ ਸੀ) ਆ ਗਈ। ਦੇਖਣ ਨੂੰ ਦਿਲ ਤਾਂ ਕਰਦਾ ਪਰ ਕੋਈ ਸਬਬ ਹੀ ਨਾ ਬਣਿਆ। ਨਾ ਪੈਸਿਆਂ ਦਾ ਜੁਗਾੜ ਹੋਇਆ, ਨਾ ਜਾਣ ਦਾ। ਇਕ ਦਿਨ ਪਿੰਡ ਦਾ ਇਕ ਟਰੱਕ ਮਾਲਕ ਟਰੱਕ ਲੈ ਕੇ ਆ ਗਿਆ ਤੇ ਪਿੰਡ ਵਿਚ ਕਹਾ ਦਿੱਤਾ ਕਿ ਜੀਹਨੇ ਸਰਕਸ ਦੇਖਣ ਜਾਣਾ, ਆਜੋ ਟਰੱਕ ਚੱਲਿਆ ਪਰ ਸਰਕਸ ਦੀ ਟਿਕਟ ਦਾ ਸਵਾ ਰੁਪੱਈਆ ਜ਼ਰੂਰ ਕੋਲ ਹੋਵੇ। ਸ਼ੋਅ ਦੇਖਣ ਘਰ ਦੇ ਸਾਰੇ ਜੀਅ ਜਾਣਾ ਚਾਹੁੰਦੇ ਸਨ ਪਰ ਟਿਕਟ ਦੇ ਪੈਸਿਆਂ ਦਾ ਪ੍ਰਬੰਧ ਸਿਰਫ ਮੇਰੇ ਲਈ ਹੀ ਹੋ ਸਕਿਆ। ਬੀਬੀ ਨੇ ਇਕ ਰੁਪਏ ਦਾ ਨੋਟ ਤੇ ਤਿੰਨ ਦਸੀਆਂ ਦਿੰਦਿਆਂ ਕਿਹਾ, “ਸਵਾ ਰੁਪਏ ਦਾ ਟਿਕਟ ਲੈ ਲੀਂ ਤੇ ਜਿਹੜੀ ਪੰਜੀ ਬਚੂੰਗੀ, ਉਸ ਦਾ ਕੁਝ ਖਾ ਲੀਂ।” ਸਰਕਸ ਦੇ ਨੇੜੇ ਪਹੁੰਚ ਕੇ ਟਰੱਕ ਡਰਾਈਵਰ ਨੇ ਸਾਰਿਆਂ ਤੋਂ ਪੈਸੇ ਇਕੱਠੇ ਕੀਤੇ ਤੇ ਸਾਰਿਆਂ ਨੂੰ ਟਿਕਟ ਲਿਆ ਕੇ ਦੇ ਦਿੱਤੇ। ਟਿਕਟ ਤਾਂ ਮੈਨੂੰ ਮਿਲ ਗਿਆ ਪਰ ਪੰਜੀ ਨਹੀਂ ਮਿਲੀ। ਟਰੱਕ ਵਾਲੇ ਤੋਂ ਪੰਜੀ ਮੰਗਣ ਗਿਆ ਤਾਂ ਉਹ ਅੱਗਿਓਂ ਟੁੱਟ ਕੇ ਪਿਆ। ਭੁੱਖਣ-ਭਾਣੇ ਹੀ ਸਰਕਸ ਦੇਖਣੀ ਪਈ।
ਪਿਛਲੇ ਦਿਨੀਂ ਕਰਿਆਨੇ ਦੀ ਵੱਡੀ ਦੁਕਾਨ ’ਤੇ ਸੌਦੇ ਲੈਣ ਗਿਆ ਤਾਂ ਉਹੀ ਪੁਰਾਣੀਆਂ ਗੋਲ਼ੀਆਂ- ਮੱਛੀਆਂ ਦੀ ਥੇਲੀ, ਪਈ ਦਿਸੀ। ਪੁੱਛਣ ’ਤੇ ਦੁਕਾਨਦਾਰ ਨੇ ਦੱਸਿਆ ਕਿ ਅੰਬਰਧਾਰੇ ਦੀਆਂ ਗੋਲ਼ੀਆਂ, ਵੀਹ ਰੁਪਏ ਦਾ ਪੈਕਟ। “ਹੈਂ ਵੀਹ ਰੁਪਏ! ਐਨਾ ਮਹਿੰਗਾ।” ਮੈਂ ਸੱਚੀਂ ਹੈਰਾਨ ਸਾਂ। ਦੁਕਾਨਦਾਰ ਨੂੰ ਮੇਰੀ ਟਿੱਪਣੀ ਜਚੀ ਨਹੀਂ, “ਕੀ ਗੱਲ ਕਰਦੇ ਹੋ ਸਰਦਾਰ ਜੀ, ਹੁਣ ਸਸਤਾ ਰਹਿ ਹੀ ਕਿਆ ਗਿਆ? ਸਰੋਂ ਦਾ ਤੇਲ ਦੇਖੋ, ਦਾਲਾਂ ਦੇਖੋ, ਪੈਟਰੋਲ-ਡੀਜ਼ਲ ਦੇਖੋ, ਚੀਨੀ ਦੇਖੋ… ਹਰ ਚੀਜ਼ ਨੂੰ ਅੱਗ ਤਾਂ ਲੱਗੀ ਪਈ ਆ, ਲੁੱਟ ਕੇ ਖਾ ਗੀਆਂ ਸਰਕਾਰਾਂ ਗਰੀਬ ਨੂੰ।” ਆਖ ਬੁੜ ਬੁੜ ਕਰਦਾ ਉਹ ਸੌਦੇ ਤੋਲਣ ਲੱਗ ਪਿਆ।
ਸੰਪਰਕ: 98720-73035