ਛੱਜੂ ਦਾ ਚੁਬਾਰਾ
ਸਿਆਣਿਆਂ ਦਾ ਕਥਨ ਹੈ ਕਿ ਘਰ ਇੱਟਾਂ ਜਾਂ ਪੱਥਰਾਂ ਦੇ ਬਣੇ ਢਾਂਚੇ ਨੂੰ ਨਹੀਂ ਕਹਿੰਦੇ; ਨਾ ਹੀ ਕਿਸੇ ਅਮੀਰ ਕਲੋਨੀ ਵਿੱਚ ਘੱਤੇ ਵੱਡੇ ਘੇਰੇ ਨੂੰ; ਕੋਈ ਬਹੁਤੀਆਂ ਸੁੱਖ ਸਹੂਲਤਾਂ ਨਾਲ ਲੈਸ ਚਾਰਦੀਵਾਰੀ ਵੀ ‘ਘਰ’ ਦੀ ਪਰਿਭਾਸ਼ਾ ਹੇਠ ਨਹੀਂ ਆਉਂਦੀ। ਘਰ...
ਸਿਆਣਿਆਂ ਦਾ ਕਥਨ ਹੈ ਕਿ ਘਰ ਇੱਟਾਂ ਜਾਂ ਪੱਥਰਾਂ ਦੇ ਬਣੇ ਢਾਂਚੇ ਨੂੰ ਨਹੀਂ ਕਹਿੰਦੇ; ਨਾ ਹੀ ਕਿਸੇ ਅਮੀਰ ਕਲੋਨੀ ਵਿੱਚ ਘੱਤੇ ਵੱਡੇ ਘੇਰੇ ਨੂੰ; ਕੋਈ ਬਹੁਤੀਆਂ ਸੁੱਖ ਸਹੂਲਤਾਂ ਨਾਲ ਲੈਸ ਚਾਰਦੀਵਾਰੀ ਵੀ ‘ਘਰ’ ਦੀ ਪਰਿਭਾਸ਼ਾ ਹੇਠ ਨਹੀਂ ਆਉਂਦੀ। ਘਰ ਉਹ ਥਾਂ ਹੁੰਦੀ ਹੈ, ਜਿੱਥੇ ਤੁਹਾਡੇ ਵਲਵਲੇ, ਤੁਹਾਡੀਆਂ ਸੱਧਰਾਂ ਤੇ ਤੁਹਾਡੇ ਸੁਫਨੇ ਸੰਜੋਏ ਹੁੰਦੇ ਨੇ। ਘਰ ਦੀ ਦਹਿਲੀਜ਼ ਤੁਹਾਨੂੰ ਉਡੀਕਦੀ ਰਹਿੰਦੀ ਹੈ। ਬਲਖ਼ ਬੁਖ਼ਾਰਾ ਘੁੰਮ ਕੇ ਵੀ ਜੋ ਸਕੂਨ ਆਪਣੀ ਕੱਖਾਂ ਦੀ ਕੁੱਲੀ ਵਿੱਚ ਆਉਂਦੈ, ਉਹ ਸ਼ਬਦਾਂ ’ਚ ਪ੍ਰਗਟ ਕਰਨਾ ਸੌਖਾ ਨਹੀਂ ਹੈ।
ਲੁਧਿਆਣਾ ਸ਼ਹਿਰ ਵਿੱਚ ਨੌਕਰੀ ਮਿਲਣ ’ਤੇ ਮੈਂ ਪੁਰਾਣੇ ਖਾਲੀ ਪਏ ਘਰ ਨੂੰ ਨਵੀਂ ਦਿੱਖ ਦੇ ਦਿੱਤੀ। ਕਾਫ਼ੀ ਦੇਰ ਤੋਂ ਸੁੰਨਾ ਪਿਆ ਘਰ ਮਿਲਣ ’ਤੇ ਜਿਵੇਂ ਉਲਾਂਭਾ ਦੇ ਰਿਹਾ ਹੋਵੇ, “ਸੋਹਣਿਆ! ਮੈਂ ਬਹੁਤ ਲੰਮੀ ਉਡੀਕ ਕੀਤੀ ਐ ਤੇਰੀ...ਅੱਗੋਂ ਗੈਰਹਾਜ਼ਰ ਨਾ ਹੋਵੀਂ।” ਛੋਟੇ ਛੋਟੇ ਦੋ ਕਮਰਿਆਂ ਨੇ ਪਤਾ ਨਹੀਂ ਕਿੰਨੇ ਕੁ ਮਹਿਮਾਨਾਂ ਨਾਲ ਨਾਤਾ ਗੰਢਿਆ। ਰਿਸ਼ਤੇਦਾਰ, ਲੰਗੋਟੀਏ ਯਾਰ ਅਤੇ ਕਈ ਵਾਰ ਓਪਰੇ ਸੱਜਣ ਵੀ ਆ ਹਾਜ਼ਰੀ ਲਵਾਉਂਦੇ। ਉਹ ਅਹਿਸਾਨ ਜਤਾਉਂਦੇ ਜਾਪਦੇ ਕਿ ਅਸੀਂ ਤੇਰੀ ‘ਇਕੱਲਤਾ’ ਦੂਰ ਕਰਨ ਆਏ ਹਾਂ। ਜਦੋਂ ਕਿਸੇ ਚੂੜੇ ਵਾਲੀ ਨੇ ਇਸ ਘਰ ਦੀਆਂ ਬਰੂਹਾਂ ਲੰਘੀਆਂ ਤਾਂ ਫਿਰ ਅਸੀਂ ਨਿਸ਼ਚਿੰਤ ਹੋ ਜਾਵਾਂਗੇ। ਕਿਸੇ ਹਸਪਤਾਲ ਵਿੱਚ ਦਾਖ਼ਲ ਮਰੀਜ਼ ਦੇ ਸਾਥੀ, ਕਾਲਜ ਦੀਆਂ ਪੜ੍ਹਾਕੂ ਰੂਹਾਂ, ਉੁੱਚ-ਇਮਤਿਹਾਨ ਦੀ ਤਿਆਰੀ ਕਰ ਰਹੇ ਬੇਲੀ ਜਿਵੇਂ ਇਸ ਘਰ ਨੂੰ ‘ਪੇਕਿਆਂ ਦਾ ਘਰ’ ਸਮਝਦੇ। ਘਰ ਵੀ ਸਭ ਨੂੰ ਹੱਸ ਕੇ ‘ਜੀ ਆਇਆਂ’ ਕਹਿੰਦਾ। ਸਮਾਂ ਬੀਤਣ ’ਤੇ ਘਰ ਵਿੱਚ ਚੂੜਾ ਵੀ ਛਣਕਿਆ ਅਤੇ ਕਿਲਕਾਰੀ ਵੀ ਵੱਜੀ। ਪਰ ਘਰ ਫਿਰ ਵੀ ਮਹਿਮਾਨਾਂ ਨੂੰ ‘ਅਤਿਥੀ ਦੇਵੋ ਭਵ’ ਕਹਿੰਦਾ ਰਿਹਾ।
ਦਸਮੇਸ਼ ਨਗਰ ਦਾ ਇਹ ਇਲਾਕਾ ਨੀਵਾਂ ਗਿਣਿਆ ਜਾਂਦਾ ਸੀ। ਸੋ ਆਪਾਂ ਲੱਗਦੇ ਹੱਥ ਤਿੰਨ ਪੌੜੀਆਂ ਉੱਚੀਆਂ ਚੁੱਕ ਦਿੱਤੀਆਂ। ਅੱਜ ਹੋਰ, ਕੱਲ੍ਹ ਹੋਰ। ਆਲਾ-ਦੁਆਲਾ ਹੋਰ ਉੱਚਾ ਹੁੰਦਾ ਗਿਆ ਤੇ ਮਕਾਨ ਜ਼ਮੀਨੀ ਪੱਧਰ ਤੋਂ ਦੋ ਪਾਏਦਾਨ ਨੀਵਾਂ ਹੋ ਗਿਆ। 1988 ਵਿੱਚ ਸੈਰ-ਸਪਾਟੇ ਲਈ ਰਾਜਸਥਾਨ ਗਏ ਤਾਂ ਪਿੱਛੋਂ ਬਰਸਾਤ ਦੇ ਪਾਣੀਆਂ ਵਿੱਚ ਘਰ ਦੀਆਂ ਸਾਰੀਆਂ ਚੀਜ਼ਾਂ ਤੈਰ ਗਈਆਂ। ਮਨ ਉਦਾਸ ਹੋ ਗਿਆ। ਮਿਹਨਤ ਨਾਲ ਬਣਾਇਆ ਸਾਮਾਨ ਬੇਕਾਰ ਹੋ ਗਿਆ ਸੀ। ਜਦੋਂ ਵੀ ਆਸਮਾਨ ’ਤੇ ਛਾਏ ਕਾਲੇ ਬੱਦਲਾਂ ’ਤੇ ਨਜ਼ਰ ਪੈਣੀ ਤਾਂ ਮਨ ਹੀ ਮਨ ਦੁਆ ਕਰਨੀ, “ਰੱਬਾ...ਮੀਂਹ ਤੋਂ ਬਚਾਈਂ।” ਇੱਕ ਸਮਾਂ ਤਾਂ ਅਜਿਹਾ ਵੀ ਆਇਆ ਕਿ ਘਰ ਪਾਣੀ ਨਾਲ ਭਰ ਗਿਆ ਤੇ ਛੱਤ ਉੱਪਰ ਬੈਠ ਰਾਤ ਕੱਟੀ।
ਆਲੇ-ਦੁਆਲੇ ਹਰ ਘਰ ਵਿੱਚ ਛੋਟੀਆਂ ਸਨਅਤਾਂ ਸਨ, ਸਾਈਕਲ ਅਤੇ ਮਸ਼ੀਨਾਂ ਦੇ ਪੁਰਜ਼ੇ ਬਣਾਉਣ ਵਾਲੀਆਂ। ਚੌਵੀ ਘੰਟੇ ਕਾਰਖਾਨਿਆਂ ਦੀ ਠੱਕ-ਠੱਕ ਹੁੰਦੀ ਰਹਿਣੀ, ਪਰ ਕਦੇ ਬੇਚੈਨੀ ਮਹਿਸੂਸ ਨਾ ਹੁੰਦੀ। ਚੁੱਪ ਸ਼ਾਂਤੀ ਉਦੋਂ ਹੋਣੀ, ਜਦੋਂ ਬਿਜਲੀ ਬੰਦ ਹੁੰਦੀ। ਅੰਤ ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਇੰਨੀ ਵਧ ਗਈ ਕਿ ਰੋਕਾਂ ਲਗਾਉਣ ਦੇ ਬਾਵਜੂਦ ਜਲ ਦੇਵਤੇ ਨੇ ਘਰ ਨੂੰ ਜਲ-ਥਲ ਕਰ ਦਿੱਤਾ। ਅੰਤ ਨਵੀਂ ਜਗ੍ਹਾ ’ਤੇ ਘਰ ਬਣਾਉਣ ਦਾ ਵਿਚਾਰ ਬਣ ਗਿਆ।
ਗੁਰੂ ਦਾ ਓਟ ਆਸਰਾ ਲੈ ਕੇ ਚਾਰ ਖਣ ਛੱਤ ਲਏ: ਨਵਾਂ ਘਰ, ਨਵੇਂ ਲੋਕ, ਨਵਾਂ ਮਾਹੌਲ। ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ! ਇਉਂ ਜਾਪਣਾ, ਜਿਵੇਂ ਬਿਜਲੀ ਕੱਟ ਲੱਗਿਆ ਹੋਵੇ! ਪਰ ਮਨ ਦੀ ਸ਼ਾਂਤੀ ਕਿੱਧਰੇ ਉੱਡ-ਪੁੱਡ ਹੀ ਗਈ। ਨਾ ਭੁੱਖ ਲੱਗਣੀ, ਨਾ ਪਿਆਸ। ਮਨ ਖ਼ਿਆਲੀਂ ‘ਪੁਰਾਣੇ’ ਘਰ ਜਾ ਪਹੁੰਚਦਾ। ਜਦੋਂ ਇੱਧਰੋਂ ਸਾਮਾਨ ਚੁੱਕ ਕੇ ਟਰੱਕ ਵਿੱਚ ਲੱਦਿਆ ਤਾਂ ਖਾਲੀ ਕਮਰਿਆਂ ਨੂੰ ਦੇਖ ਭੁੱਬ ਨਿੱਕਲ ਗਈ। ਕਿਸੇ ਨਾ ਕਿਸੇ ਬਹਾਨੇ ਇੱਧਰ ਆਉਣ ਨੂੰ ਦਿਲ ਕਾਹਲ਼ਾ ਪੈਣ ਲੱਗਦਾ। ਇੱਕ ਚੀਜ਼ ਲੈ ਜਾਣੀ, ਇੱਕ ਜਾਣ ਬੁੱਝ ਕੇ ਛੱਡ ਜਾਣੀ ਕਿ ਦੁਬਾਰਾ ਆਉਣ ਦਾ ਸਬੱਬ ਬਣੇਗਾ। ਮਨ ਹੀ ਮਨ ਸੋਚਣਾ ਕਿ ਅਸੀਂ ਇੱਥੋਂ ਜਾਣ ਦਾ ਫ਼ੈਸਲਾ ਹੀ ਕਿਉਂ ਲਿਆ? ਹਰ ਸਹੂਲਤ ਨੇੜੇ-ਤੇੜੇ ਸੀ। ਮਹਿਮਾਨ ਮਿੰਟੋ-ਮਿੰਟੀ ਗਿੱਲ ਚੌਕ ਉੱਤਰ ਕੇ ਆ ਘੰਟੀ ਵਜਾਉਂਦੇ। ਕਿੰਨੀ ਰੌਣਕ ਰਹਿੰਦੀ ਸੀ ਇੱਥੇ! ਅਨੇਕ ਔਕੜਾਂ ਝੱਲ ਕੇ ਵੀ ਇਸ ਘਰ ਨਾਲੋਂ ਮੋਹ ਨਾ ਟੁੱਟਿਆ।
ਨਵੇਂ ਘਰ ਵਿੱਚ ਫੁੱਲ ਬੂਟੇ ਲਗਾਏ। ਉਨ੍ਹਾਂ ਨਾਲ ਸਾਂਝ ਪਾਈ। ਆਪਣੇ ਰੁਝੇਵੇਂ ਹੋਰ ਵਧਾ ਲਏ। ਜ਼ਿੰਦਗੀ ਦੀ ਤੋਰ ਵੀ ਸਾਵੀਂ ਹੋ ਗਈ, ਪਰ ਪੁਰਾਣੇ ਘਰ ਦਾ ਹੇਰਵਾ ਲੰਮੇ ਸਮੇਂ ਤੱਕ ਮਨ ਨੂੰ ਉਦਾਸੀ ਦੀ ਜਕੜਨ ਵਿੱਚ ਲੈਂਦਾ ਰਿਹਾ!
ਸੰਪਰਕ: 89684-33500

