ਉਹ ਡਰ ਤੇ ਸਹਿਮ ਭਰੀ ਰਾਤ...

ਉਹ ਡਰ ਤੇ ਸਹਿਮ ਭਰੀ ਰਾਤ...

ਕੁਲਦੀਪ ਸਿੰਘ ਧਨੌਲਾ

ਪਿੰਡਾਂ ਵਿਚਲੇ ਸਿਵੇ, ਜਿਨ੍ਹਾਂ ਨੂੰ ਸ਼ਹਿਰਾਂ ਵਿਚ ਸ਼ਮਸ਼ਾਨਘਾਟ ਕਹਿੰਦੇ ਹਨ, ਆਮ ਤੌਰ ’ਤੇ ਪਿੰਡ ਦੇ ਨੇੜੇ ਹੀ ਫਿਰਨੀ ਦੇ ਬਾਹਰਵਾਰ ਹੁੰਦੇ ਹਨ। ਮੂੰਹ-ਹਨੇਰੇ ਲੰਘਦਿਆਂ ਨੂੰ ਜੇ ਕਿਸੇ ਸਿਵੇ ਵਿਚ ਅੱਗ ਬਲਦੀ ਦਿੱਸਦੀ ਤਾਂ ਮਨ ਵਿਚ ਇਕ ਕਿਸਮ ਦਾ ਡਰ ਜਿਹਾ ਬੈਠ ਜਾਂਦਾ ਤੇ ਦਿਲ ਦੀ ਧੜਕਣ ਤੇਜ਼ ਹੋ ਜਾਣੀ। ਡਰ ਅਤੇ ਭੈਅ ਕਾਰਨ ਉਹ ਪਗਡੰਡੀ ਜਾਂ ਰਸਤਾ ਚੁੱਪ-ਚਾਪ ਲੰਘਣਾ ਪੈਂਦਾ ਸੀ ਤੇ ਜੇ ਕਿਸੇ ਪਾਸਿਓਂ ਝਾੜੀਆਂ ਜਾਂ ਅੱਕਾਂ ਵਿਚੋਂ ਕੋਈ ਕੁੱਤਾ-ਬਿੱਲਾ ਨਿਕਲ ਆਉਂਦਾ ਤਾਂ ਇਉਂ ਜਾਪਦਾ ਜਿਵੇਂ ਮੁਰਦਾ ਹੀ ਆ ਗਿਆ ਹੋਵੇ। ਅੱਵਲ ਤਾਂ ਸਿਵਿਆਂ ਵਾਲਾ ਰਾਹ ਕੋਈ ਇਕੱਲਾ ਜਾਂਦਾ ਹੀ ਨਾ ਤੇ ਜੇ ਜਾਂਦਾ ਤਾਂ ਸਾਹ ਘੜੀਸ ਕੇ ਲੰਘਦਾ। ਹੁਣ ਤਾਂ ਸ਼ਹਿਰਾਂ ਵਿਚ ਸ਼ਮਸ਼ਾਨਘਾਟ ਵੀ ਵਧੀਆ ਪਾਰਕਾਂ ਵਰਗੇ ਬਣ ਗਏ ਹਨ ਤੇ ਪਿੰਡਾਂ ਵਾਲਿਆਂ ਦੀ ਵੀ ਸੁਰਤ ਸੁਧਰ ਗਈ ਹੈ, ਪਰ ਹੁਣ ਤਾਂ ਸ਼ਮਸ਼ਾਨਘਾਟਾਂ ਦੁਆਲੇ ਵੀ ਉੱਚੀਆਂ ਚਾਰਦੀਵਾਰੀਆਂ ਬਣ ਗਈਆਂ ਰੱਖੀਆਂ ਹਨ ਜਦੋਂ ਕਿ ਸ਼ਮਸ਼ਾਨਘਾਟ ਐਸੀ ਥਾਂ ਹੈ, ਜਿੱਥੇ ਸੌਖੇ ਜਿਹੇ ਕੋਈ ਬਾਹਰਲਾ ਬੰਦਾ ਅੰਦਰ ਜਾਣਾ ਨਹੀਂ ਚਾਹੁੰਦਾ। ਚੰਡੀਗੜ੍ਹ ਦੇ ਸੈਕਟਰ-25 ਵਾਲੇ ਸ਼ਮਸ਼ਾਨਘਾਟ ਵਿਚ ਅਨੇਕਾਂ ਸਿਵੇ ਇਕੱਠੇ ਬਲਦੇ ਦੇਖ ਕੇ ਕਈ ਵਾਰ ਓਪਰੇ ਵਿਅਕਤੀ ਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਉਹ ਆਇਆ ਕੀਹਦੇ ਨਾਲ ਹੈ?

ਇਸ ਤਰ੍ਹਾਂ ਬਾਲ ਮਨ ’ਤੇ ਸਿਵਿਆਂ ਦਾ ਬੈਠਾ ਡਰ ਕਈ ਵਾਰ ਜ਼ਿੰਦਗੀ ਵਿਚ ਅੱਗੇ ਵੀ ਭੈਅ ਬਣਿਆ ਰਹਿਣ ਕਾਰਨ ਡਰਾਉਣਾ ਦ੍ਰਿਸ਼ ਪੇਸ਼ ਕਰਦਾ ਹੈ। ਚੰਡੀਗੜ੍ਹ ਵਰਗੇ ਆਧੁਨਿਕ ਸ਼ਹਿਰ ਵਿਚ ਤਾਂ ਨਹੀਂ ਪਰ ਪਿੰਡਾਂ ਦੇ ਸਿਵਿਆਂ ’ਚ ਸਸਕਾਰ ਤੋਂ ਬਾਅਦ ਦੋ ਵਿਅਕਤੀ ਮੁਰਦੇ ਦੇ ਪੂਰਾ ਸੜ ਜਾਣ ਤਕ ਡਿਊਟੀ ਨਿਭਾਉਂਦੇ ਹਨ। ਫੇਰ ਮੁਰਦੇ ਦੀ ਇਕ ਹੱਡੀ ਬਾਹਰ ਕੱਢ ਕੇ ਦੂਰ ਦੱਬਦੇ ਹਨ ਤਾਂ ਕਿ ਕੋਈ ਜਾਦੂ-ਟੂਣੇ ਕਰਨ ਵਾਲਾ ਤਾਂਤਰਿਕ ‘ਸਿਵਾ ਨਾ ਜਗਾ’ ਲਵੇ। ਭਾਵੇਂ ਸਿਵਾ ਜਗਾਇਆ ਕਿਸੇ ਨੇ ਦੇਖਿਆ ਤਕ ਨਹੀਂ ਪਰ ਸੁਣੀਆਂ-ਸਣਾਈਆਂ ਗੱਲਾਂ ਦੇ ਆਧਾਰ ’ਤੇ ਇਹ ਭਰਮ ਮੁੱਢ-ਕਦੀਮ ਤੋਂ ਚਲਿਆ ਆ ਰਿਹਾ ਹੈ। ਵਿਗਿਆਨਕ ਪੱਖ ਤੋਂ ਸੋਚਣ ਦੀ ਥਾਂ ਅਣਪੜ੍ਹਤਾ ਦੀ ਚਲਾਈ ਰੀਤ ਅੱਗੇ ਦੀ ਅੱਗੇ ਤੁਰੀ ਆ ਰਹੀ ਹੈ। ਦੀਵਾਲੀ ਮੌਕੇ ਵੱਡ-ਵਡੇਰਿਆਂ ਦੇ ਸਿਵਿਆਂ ’ਤੇ ਦੀਵੇ ਵਾਲੇ ਜਾਂਦੇ ਹਨ। ਦੱਸੋ ਐਨੇ ਚਿਰ ਦੇ ਕੀ ਵਡੇਰੇ ਉਥੇ ਹੀ ਬੈਠੇ ਹਨ?

ਸਮਝਦਾਰ ਲੋਕ ਸੋਚਦੇ ਹਨ ਕਿ ਇਕ ਦਿਨ ਸਭ ਨੇ ਇਥੇ (ਸ਼ਮਸ਼ਾਨਘਾਟ) ਹੀ ਆਉਣਾ ਹੈ ਫੇਰ ਡਰ ਕਾਹਦਾ? ਚੰਡੀਗੜ੍ਹ ਦੇ ਪਿੰਡ ਬੁੜੈਲ (ਸੈਕਟਰ-45) ਵਿਚ ਜਿੱਥੇ ਹੁਣ ਸ਼ਾਨਦਾਰ ਹਸਪਤਾਲ ਬਣਿਆ ਹੈ, ਉਥੇ ਪਹਿਲਾਂ ਕਿਸੇ ਪਿੰਡ ਦੇ ਸਿਵੇ ਹੁੰਦੇ ਸਨ। ਇਸੇ ਤਰ੍ਹਾਂ ਜ਼ੀਰਕਪੁਰ ਦੇ ਪਿੰਡ ਲੋਹਗੜ੍ਹ ਦੇ ਆਲੇ-ਦੁਆਲੇ ਏਨਾ ਵਿਕਾਸ ਹੋ ਗਿਆ ਕਿ ਇਹਦੇ ਸਿਵਿਆਂ ਦੁਆਲੇ ਫਲੈਟ ਬਣ ਗਏ ਪਰ ਪਿੰਡ ਦੇ ਕਈ ਬਜ਼ੁਰਗ ਅਜੇ ਵੀ ਅੜੀ ਕਰੀ ਬੈਠੇ ਹਨ ਕਿ ਸਾਨੂੰ ਤਾਂ ਏਥੇ ਹੀ ਫੂਕਿਓ, ਜਿੱਥੇ ਸਾਡੇ ਵਡੇਰੇ ਫੂਕੇ ਸਨ, ਬਸ ਇਸੇ ਕਾਰਨ ਫਲੈਟਾਂ ਵਿਚਾਲੇ ਸਿਵੇ ਜਿਉਂ ਦੇ ਤਿਉਂ ਹਨ।

ਕਿਸੇ ਦੇ ਅਕਾਲ ਚਲਾਣਾ ਕਰ ਜਾਣ ’ਤੇ ਜੁਆਕਾਂ ਨੂੰ ਨੇੜੇ ਨਹੀਂ ਜਾਣ ਦਿੰਦੇ ਤੇ ਨਾ ਹੀ ਕਦੇ ਸਿਵਿਆਂ ਵੱਲ ਜਾਣ ਦਿੰਦੇ ਸਨ। ਸ਼ਾਇਦ ਇਸੇ ਕਾਰਨ ਬਾਲ ਮਨ ’ਤੇ ਸਿਵਿਆਂ ਦੀ ਦਹਿਸ਼ਤ ਹੁੰਦੀ ਹੈ, ਉਦੋਂ ਤਾਂ ਇੰਜ ਲਗਦਾ ਹੁੰਦਾ ਸੀ ਕਿ ਸਾਰੇ ਹੀ ਮ੍ਰਿਤਕ ਭੂਤਾਂ ਬਣ ਕੇ ਉੱਥੇ ਹੀ ਬੈਠੇ ਰਹਿੰਦੇ ਹਨ।

ਗੱਲ ਢਾਈ-ਤਿੰਨ ਕੁ ਦਹਾਕੇ ਦੀ ਹੈ। ਇਕ ਦੋਸਤ ਨੂੰ ਚੰਡੀਗੜ੍ਹ ਆਏ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਹੋਇਆ। ਬੇਟਾ ਵੀ ਉਹਦਾ ਛੋਟਾ ਹੀ ਸੀ। ਕਿਰਾਏ ’ਤੇ ਘਰ ਲਏ ਨੂੰ ਵੀ ਬਹੁਤਾ ਸਮਾਂ ਨਹੀਂ ਹੋਇਆ ਸੀ, ਜਿਸ ਕਰਕੇ ਮਕਾਨ ਮਾਲਕਾਂ ਦੇ ਮੈਂਬਰਾਂ ਨਾਲ ਵੀ ਬਹੁਤੀ ਜਾਣ-ਪਛਾਣ ਨਹੀਂ ਸੀ ਹੋਈ। ਰਾਤ ਦੀ ਡਿਊਟੀ ਹੋਣ ਕਾਰਨ ਦਿਨ ਅਰਾਮ ਕਰਦੇ ਦਾ ਲੰਘ ਜਾਂਦਾ ਤੇ ਜਦੋਂ ਸ਼ਾਮ ਨੂੰ ਮਕਾਨ ਮਾਲਕ ਘਰ ਆਉਂਦੇ ਉਦੋਂ ਨੂੰ ਉਹ ਡਿਉਟੀ ਉਤੇ ਚਲਾ ਜਾਂਦਾ ਤੇ ਜਦੋਂ ਰਾਤ ਨੂੰ ਛੁੱਟੀ ਹੁੰਦੀ, ਉਦੋਂ ਨੂੰ ਮਾਲਕ ਸੁੱਤੇ ਹੁੰਦੇ। ਜਾਣ-ਪਛਾਣ ਕਿਹੜੇ ਵੇਲੇ ਹੁੰਦੀ?

ਇਕ ਰਾਤ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਛੁੱਟੀ ਕਰ ਕੇ ਗਿਆ ਤਾਂ ਮਕਾਨ ਮਾਲਕ ਦੇ ਘਰ ਸੱਥਰ ਵਿਛਿਆ ਵੇਖ ਉਹ ਡੌਰ-ਭੌਰ ਹੋ ਗਿਆ ਤੇ ਉਹਦੀ ਪੌੜੀਆਂ ਚੜ੍ਹਨ ਦੀ ਹਿੰਮਤ ਨਾ ਪਈ ਕਿ ਇਹ ਮੇਰੇ ਬਾਰੇ ਕੀ ਸੋਚਣਗੇ ਕਿ ਚੰਗਾ ਕਿਰਾਏਦਾਰ ਆਇਐ? ਜਿਹੜਾ ਅਫ਼ਸੋਸ ਵੀ ਨਾ ਕਰ ਸਕਿਆ। ਪੁੱਛਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸਨ।

ਮਨ ਵਿਚ ਹੀ ਉਧੇੜ-ਬੁਣ ਕਰਦਾ-ਕਰਦਾ ਉਹ ਵੀ ਉਨ੍ਹਾਂ ਦੇ ਬਰਾਬਰ ਬੈਠ ਗਿਆ। ਜਿਉਂ-ਜਿਉਂ ਰਾਤ ਵਧਦੀ ਗਈ ਤੇ ਪਰਿਵਾਰ ਦੇ ਮੈਂਬਰਾਂ ਨੂੰ ਨੀਂਦ ਆਉਣ ਲੱਗੀ। ਪਹਿਲਾਂ ਮਾਤਾ ਦਾ ਪੋਤਾ ਉਠਿਆ ਫੇਰ ਪੁੱਤ, ਹੌਲੀ-ਹੌਲੀ ਕਰਕੇ ਸਮੇਤ ਔਰਤਾਂ ਸਭ ਆਪੋ-ਆਪਣੇ ਕਮਰਿਆਂ ਵਿਚ ਜਾ ਪਏ। ਜਦੋਂ ਦੋਸਤ ਨੇ ਗਰਦਨ ਘੁਮਾ ਕੇ ਆਲਾ-ਦੁਆਲੇ ਦੇਖਿਆ ਤਾਂ ਆਪਣੇ ਆਪ ਨੂੰ ’ਕੱਲ੍ਹਾ ਪਾ ਕੇ ਅੰਦਰੋਂ ਬੁਰੀ ਤਰ੍ਹਾਂ ਡਰ ਗਿਆ ਸੀ ਤੇ ਉਹਦੀਆਂ ਅੱਖਾਂ ਮੂਹਰਲੇ ਪਿੰਡ ਵਾਲੇ ਸਿਵਿਆਂ ਵਿਚ ਮੁਰਦੇ ਜਲਦੇ ਨਜ਼ਰ ਆਉਣ ਲੱਗੇ। ਕਾਰਨ ਸਾਫ਼ ਸੀ ਕਿ ਉਹ ਤਾਂ ਸਿਰਫ਼ 15-20 ਮਿੰਟ ਜਾਂ ਅੱਧੇ ਘੰਟੇ ਦਾ ਅਨੁਮਾਨ ਲਾ ਕੇ ਹੀ ਬੈਠਾ ਸੀ ਕਿ ਅਫਸੋਸ ਕਰਕੇ ਰਾਤ ਦੀ ਡਿਊਟੀ ਦੇਣ ਕਰਕੇ ਆਪਣੇ ਕਮਰੇ ਵਿਚ ਜਾ ਕੇ ਸੌਂ ਜਾਵੇਗਾ। ਇਹ ਗੱਲ ਤਾਂ ਉਹਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਘਰ ਦੇ ਮੈਂਬਰ ਮ੍ਰਿਤਕ ਮਾਤਾ ਨੂੰ ਉਹਦੇ ਸਹਾਰੇ ਛੱਡ ਕੇ ‘ਦੌੜ’ ਹੀ ਜਾਣਗੇ। ਜੇ ਕਿਸੇ ਨੂੰ ਨੀਂਦ ਬਹੁਤਾ ਹੀ ਤੰਗ ਕਰਦੀ ਸੀ ਤਾਂ ਉਹ ਮਾਤਾ ਕੋਲੇ ਵੀ ਸੌਂ ਸਕਦਾ ਸੀ ਪਰ ਉਨ੍ਹਾਂ ਅਜਿਹਾ ਕਰਨਾ ਮੁਨਾਸਿਬ ਨਹੀਂ ਸਮਝਿਆ। ਬਾਕੀ ਇਸ ਤੋਂ ਪਹਿਲਾਂ ਉਹ ਕਦੇ ਕਿਸੇ ਮ੍ਰਿਤਕ ਦੇਹ ਕੋਲ ਬੈਠਿਆ ਨਹੀਂ ਸੀ। ਗਰਮੀਆਂ ਦੇ ਦਿਨ ਹੋਣ ਕਾਰਨ ਮ੍ਰਿਤਕ ਮਾਤਾ ਦੁਆਲੇ ਕਈ ਪੱਖੇ ਲਾਏ ਹੋਏ ਸਨ। ਇਕੱਲਾ ਰਹਿਣ ਕਾਰਨ ਉਹ ਡਰਿਆ ਹੋਇਆ ਸੀ, ਦੂਜਾ ਪੱਖੇ ਦੀ ਹਵਾ ਨਾਲ ਜਦੋਂ ਮ੍ਰਿਤਕ ਮਾਤਾ ਦੇ ਕੱਪੜੇ ਹਿੱਲਦੇ ਤਾਂ ਉਹਨੂੰ ਇੰਜ ਜਾਪਦਾ ਸੀ ਕਿ ਜੇ ਮਾਤਾ ਉਠ ਕੇ ਬੈਠ ਗਈ ਤਾਂ ਉਹ ਕਿੱਧਰ ਨੂੰ ਭੱਜੇਗਾ। ਉਸ ਨੂੰ ਡਰ-ਡਰ ਕੇ ਹੌਲ ਪੈਣ ਲੱਗਦੇ। ਕਦੇ ਉੱਠਦਾ, ਕਦੇ ਬੈਠ ਜਾਂਦਾ। ਇਸ ਤਰ੍ਹਾਂ ਉਹਦੀ ਮ੍ਰਿਤਕ ਮਾਤਾ ਕੋਲ ਬੈਠੇ ਦੀ ਰੱਬ-ਰੱਬ ਕਰਦਿਆਂ ਭੈਅ ਭਰੀ ਰਾਤ ਨਿਕਲੀ।
ਸੰਪਰਕ: 94642-91023

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All