ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਹੁਸੀਨ ਵਾਦੀ ਕਸ਼ਮੀਰ ਦੇਖਣ ਦੀ ਬੜੀ ਪ੍ਰਬਲ ਇੱਛਾ ਸੀ। ਕੁਦਰਤੀ ਢੋ-ਮੇਲਾ ਇਹ ਬਣਿਆ ਕਿ ਉਥੇ ਬੀਐੱਡ ਦੀ ਪੜ੍ਹਾਈ ਕਰਨ ਦਾ ਮੌਕਾ ਮਿਲ ਗਿਆ। ਕਲਾਸਾਂ ਸ਼ੁਰੂ ਹੋਈਆਂ ਤਾਂ ਬਰਫ ਰੂਪੀ ਚਾਦਰ ਇੰਜ ਵਿਛੀ ਹੋਈ ਸੀ ਜਿਵੇਂ ਕਿਸੇ ਨੇ ਚਾਂਦੀ ਦਾ ਛੱਟਾ ਦਿੱਤਾ ਹੋਵੇ। ਕਿਤੇ ਕਿਤੇ ਸੂਰਜ ਦੀਆਂ ਕਿਰਨਾਂ ਨੇ ਵੀ ਆਪਣੀ ਸੁਨਹਿਰੀ ਭਾਅ ਖਿਲਾਰ ਦੇਣੀ। ਗਰਮੀ ਦੀ ਰੁੱਤ ਦੇ ਆਗਾਜ਼ ਨਾਲ ਚਿੱਟੀ ਚਾਦਰ ਵਿਚੋਂ ਹਰਿਆਲੀ ਵੀ ਅੰਗੜਾਈ ਲੈਣ ਲੱਗ ਪਈ ਸੀ।
ਸੋਪੋਰ ਸ਼ਹਿਰ ਦਾ ਇਹ ਕਾਲਜ ਭੀੜ ਭੜੱਕੇ ਤੋਂ ਹਟਵਾਂ ਇਕਾਂਤ ਜਗਾ ਤੇ ਸੀ। ਇਸ ਦੇ ਇੱਕ ਪਾਸੇ ਜਿਹਲਮ ਤੇ ਦੂਜੇ ਪਾਸੇ ਦੂਰ ਤੱਕ ਸੇਬਾਂ ਦੇ ਬਾਗ਼ ਤੇ ਉੱਚੇ ਪਹਾੜਾਂ ਦੀ ਕੰਧ ਦਿਖਾਈ ਦਿੰਦੀ। ਮਈ ਜੂਨ ਦੇ ਦਿਨਾਂ ਦੌਰਾਨ ਪਹਾੜਾਂ ਵਲੋਂ ਰੁਮਕਦੀ ਹਵਾ ਬਾਗ਼ਾਂ ਤੇ ਆਈ ਬਹਾਰ ਫਿਜ਼ਾ ਵਿਚ ਮਹਿਕ ਘੋਲ ਦਿੰਦੀ। ਦੁੁਪਹਿਰ ਵੇਲੇ ਘਾਹ ਦੇ ਮੈਦਾਨਾਂ ਤੇ ਬੈਠ ਕੇ ਪੜ੍ਹਨ-ਲਿਖਣ ਦਾ ਆਪਣਾ ਹੀ ਮਜ਼ਾ ਹੁੰਦਾ।
ਇਥੋਂ ਦਾ ਲੋਕਾਂ ਦਾ ਮਿਲਾਪੜਾ ਵਤੀਰਾ ਵੀ ਪਰੀ ਮੁਲਕਾਂ ਤੋਂ ਘੱਟ ਨਹੀਂ ਸੀ। ਅਧਿਆਪਨ ਅਭਿਆਸ ਦੇ ਦਿਨ ਆਏ ਤਾਂ ਕਾਲਜ ਤੋਂ ਕਰੀਬ ਪੰਦਰਾਂ-ਵੀਹ ਮੀਲ ਦੂਰ ਪਹਾੜੀ ਤੇ ਵਸੇ ਬਾਗਾਂ ਵਾਲੇ ਪਿੰਡ ਸਿੰਘਪੁਰਾ ਦੇ ਹਾਈ ਸਕੂਲ ਜਾਣ ਦਾ ਮੌਕਾ ਮਿਲਿਆ। ਉਸ ਸਕੂਲ ਦੇ ਸਟਾਫ ਦਾ ਸਹਿਯੋਗ ਤੇ ਵਿਦਿਅਰਥੀਆਂ ਵੱਲੋਂ ਮਿਲਿਆ ਸਤਿਕਾਰ ਕਿਸੇ ਤੋਹਫੇ ਤੋਂ ਘੱਟ ਨਹੀਂ ਸੀ। ਜਦ ਅਸੀਂ ਕੁੜੀਆਂ ਮੁੰਡੇ ਆਪਣੇ ਕਾਲਜ ਦੀ ਬੱਸ ਵਿਚੋਂ ਉਤਰ ਕੇ ਉਚੇ ਨੀਵੇਂ ਰਾਹਾਂ ਰਾਹੀਂ ਸਕੂਲ ਜਾਂਦੇ ਜਾਂ ਵਾਪਸ ਬਸ ਵੱਲ ਪਰਤਦੇ ਤਾਂ ਇੱਕ ਕਸ਼ਮੀਰੀ ਮਾਤਾ ਆਪਣੇ ਘਰ ਤੋਂ ਬਾਹਰ ਨਿਕਲ ਕੇ ਸਾਨੂੰ ਦੇਖਦੀ ਰਹਿੰਦੀ, ਤੇ ਓਨਾ ਚਿਰ ਉੱਥੇ ਖੜ੍ਹੀ ਰਹਿੰਦੀ ਜਦ ਤੱਕ ਅਸੀਂ ਅੱਖੋਂ ਓਹਲੇ ਨਾ ਹੋ ਜਾਂਦੇ।
ਅਧਿਆਪਨ ਅਭਿਆਸ ਦੇ ਆਖਰੀ ਦਿਨ ਅੱਧੀ ਛੁੱਟੀ ਵੇਲੇ ਫੁਰਸਤ ਦੇ ਪਲਾਂ ਦੌਰਾਨ ਸਕੂਲ ਕੰਪਲੈਕਸ ਤੋਂ ਬਾਹਰ ਆ ਕੇ ਵਿਹਲੀ ਥਾਂ ਤੇ ਬੈਠ ਕੇ ਵਾਦੀ ਦਾ ਨਜ਼ਾਰਾ ਤੱਕਣ ਲੱਗੇ। ਇੰਨੇ ਨੂੰ ਉਹ ਮਾਈ ਸਾਡੇ ਵੱਲ ਆਉਂਦੀ ਦਿਸੀ। ਅਸਾਂ ਸੋਚ ਰਹੇ ਸਾਂ, ਹੁਣ ਇਹ ਸਾਡੇ ਕੋਲੋਂ ਕੁਝ ਪੈਸੇ ਧੇਲੇ ਦੀ ਮੰਗ ਕਰੇਗੀ ਪਰ ਉਸ ਨੇ ਸਾਡੇ ਕੋਲ ਪੁੱਜਦਿਆਂ ਸਾਰ ਆਪਣੀ ਝੋਲੀ ਸਾਡੇ ਅੱਗੇ ਰੱਖ ਦਿੱਤੀ ਤੇ ਸਾਡੇ ਕੋਲ ਹੀ ਬੈਠ ਗਈ ਅਤੇ ਸੇਬ ਤੇ ਬੱਗੂਗੋਸ਼ੇ ਝੋਲੀ ਵਿਚੋਂ ਕੱਢ ਕੇ ਵਰਤਾਉਣ ਲੱਗ ਪਈ। ਨਾਲ ਹੀ ਕਸ਼ਮੀਰੀ ਤੇ ਪੰਜਾਬੀ ਦੀ ਰਲਵੀਂ ਬੋਲੀ ਵਿਚ ਆਖਣ ਲੱਗੀ, “ਸ਼ਰਮਾਈਏ ਨਾ… ਖਾਈਏ… ਆਪ ਪਰਦੇਸੀ ਲੋਕ ਦੂਰ ਤੋਂ ਏਥੇ ਪੜ੍ਹਨ ਆਏ ਓ।”
ਸਕੂਲ ਵਿਚ ਆਖਿ਼ਰੀ ਕਾਰਵਾਈ ਮੁਕਾ ਕੇ ਜਦ ਅਸੀਂ ਮੁੜ ਰਹੇ ਸਾਂ ਤਾਂ ਉਹ ਫਿਰ ਬੂਹੇ ਅੱਗੇ ਆਣ ਖਲੋਈ ਤੇ ਮੁਸਕਰਾਉਂਦੀ ਹੋਈ ਹੱਥ ਹਿਲਾ ਕੇ ਅਲਵਿਦਾ ਕਹਿ ਰਹੀ ਸੀ। ਇਸ ਗੱਲ ਨੂੰ ਕਰੀਬ ਸਾਢੇ ਤਿੰਨ ਦਹਾਕੇ ਦਾ ਸਮਾਂ ਲੰਘ ਗਿਆ ਹੈ ਪਰ ਉਸ ਮਾਂ ਦੀ ਮਮਤਾ ਦਾ ਨਿੱਘ ਜਾਪਦਾ ਹੈ, ਸਦਾ ਹੀ ਅੰਗ-ਸੰਗ ਰਹਿੰਦਾ ਹੈ।
ਸੰਪਰਕ: 98764-74858