DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਹ ਇੱਕ ਰੋਟੀ.....

ਦਦਰਾਂ ਕੀਮਤਾਂ ਦਾ ਬੇਸ਼ੱਕ ਕਿਸੇ ਪੀੜ੍ਹੀ ਨਾਲ ਸੰਬੰਧ ਹੁੰਦਾ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਦਾ ਕੈਨਵਸ ਦਹਾਕਿਆਂ ਜਾਂ ਫਿਰ ਸਦੀਆਂ ਤੱਕ ਵੀ ਫੈਲਿਆ ਹੋ ਸਕਦਾ ਹੈ। ਸਮਾਂ ਬਿਨਾਂ ਕਿਸੇ ਰੋਕ ਟੋਕ ਤੋਂ...

  • fb
  • twitter
  • whatsapp
  • whatsapp
Advertisement

ਦਦਰਾਂ ਕੀਮਤਾਂ ਦਾ ਬੇਸ਼ੱਕ ਕਿਸੇ ਪੀੜ੍ਹੀ ਨਾਲ ਸੰਬੰਧ ਹੁੰਦਾ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਦਾ ਕੈਨਵਸ ਦਹਾਕਿਆਂ ਜਾਂ ਫਿਰ ਸਦੀਆਂ ਤੱਕ ਵੀ ਫੈਲਿਆ ਹੋ ਸਕਦਾ ਹੈ। ਸਮਾਂ ਬਿਨਾਂ ਕਿਸੇ ਰੋਕ ਟੋਕ ਤੋਂ ਇਹਨਾਂ ਨੂੰ ਪਾਣੀ ਦਿੰਦਾ ਜਾਂ ਫਿਰ ਕਾਂਟ ਛਾਂਟ ਕਰਦਾ ਰਹਿੰਦਾ ਹੈ ਅਤੇ ਇਹ ਥੋੜ੍ਹੇ ਬਹੁਤ ਬਦਲਵੇਂ ਜਾਂ ਫਿਰ ਨਵੇਂ ਢੰਗ ਅਤੇ ਨਵੇਂ ਜਾਮੇ ਵਿੱਚ ਅੱਗੇ ਤੁਰਦੀਆਂ ਰਹਿੰਦੀਆਂ ਹਨ।

ਬੀਬੀ ਅਕਸਰ ਅਖੀਰਲੀ ਰੋਟੀ ਨੂੰ ਤਵੇ ਤੋਂ ਲਾਹ ਕੇ ਤਵੇ ਨੂੰ ਚੁੱਲ੍ਹੇ ਦੇ ਵੱਟੇ ਨਾਲ ਖੜ੍ਹਾ ਕਰਦੀ ਤਾਂ ਅਕਸਰ ਉਹ ਇਸ ਅਖੀਰਲੀ ਰੋਟੀ ਨੂੰ ਪੋਣੇ ਵਿਚ ਵਲੇਟ ਕੇ ਤੂਤ ਦੀਆਂ ਛਟੀਆਂ ਦੇ ਬਣੇ ਛਾਬੇ ਵਿਚ ਰੱਖ ਦਿੰਦੀ। ਇਹ ਉਸ ਦਾ ਹਰ ਰੋਜ ਰਾਤ ਦਾ ਨੇਮ ਸੀ ਜੋ ਉਸ ਨੇ ਚੁੱਲ੍ਹੇ ਦੇ ਛੁੱਟ ਜਾਣ ਤੱਕ ਨਿਭਾਇਆ, ਭਾਵੇਂ ਕਿ ਚੱਕੀ ਦੇ ਛੁੱਟ ਜਾਣ ਵਾਲਾ ਯੁੱਗ ਬੜੇ ਚਿਰ ਦਾ ਵਿਦਾ ਹੋ ਚੁੱਕਾ ਸੀ। ਇਸ ਰੋਟੀ ਦਾ ਭੇਤ ਮੈਂ ਬੜੀ ਵਾਰ ਜਾਨਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹਰ ਵਾਰ ਇਹੀ ਉੱਤਰ ਦਿੱਤਾ, ‘‘ਵੇ, ਕੋਈ ਰਾਹੀ-ਪਾਂਧੀ ਆ ਜਾਂਦੈ... ਪਤਾ ਨਹੀਂ ਕੀਹਦੇ ਕੀਹਦੇ ਭਾਗਾਂ ਦਾ ਦਾਣਾ-ਪਾਣੀ ਖਾਨੇ ਆਂ!’’

Advertisement

ਪਰ ਮੇਰੀ ਇਸ ਜਵਾਬ ਨਾਲ ਕਦੇ ਵੀ ਤਸੱਲੀ ਨਾ ਹੋਈ।

Advertisement

ਕਈ ਸਵਾਲ ਸੱਤਮਾਹੇਂ ਜੰਮੇ ਕਿਸੇ ਮਾਂ-ਮਛੋਹਰ ਜਿਹੇ ਨਿਆਣੇ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਕਦੇ ਵੀ ਢੁਕਵਾਂ ਜਵਾਬ ਨਸੀਬ ਨਹੀਂ ਹੁੰਦਾ। ਇਹ ਉੱਤਰ-ਵਿਹੂਣੇ ਸਵਾਲ ਵਰ੍ਹਿਆਂ ਬੱਧੀ ਦਿਲ-ਦਿਮਾਗ ਦੇ ਖੂੰਜਿਆਂ ਵਿੱਚ ਪਏ ਰਹਿੰਦੇ ਹਨ।

ਗੱਲ 35-40 ਸਾਲ ਪੁਰਾਣੀ ਅਣਭੋਲ ਉਮਰ ਦੇ ਦਿਨਾਂ ਦੀ ਹੈ। ਸਾਡੇ ਚੌਂਤਰੇ ਵਿੱਚ ਪਈ ਭਾਂਡਿਆਂ ਵਾਲੀ ਟੋਕਰੀ ਵਿੱਚ ਦੋ ਥਾਲ਼ ਹੁੰਦੇ ਸਨ, ਇੱਕ ਥਾਲ਼ ਮੇਰੇ ਦਾਦੇ ਲਈ, ਜਿਸ ਦੀ ਰੋਟੀ ਮੈਂ ਸਭ ਤੋਂ ਪਹਿਲੀਆਂ ਰੋਟੀਆਂ ਧਰਾ ਕੇ ਹਮੇਸ਼ਾ ਫੜਾਉਂਦਾ ਰਿਹਾ ਹਾਂ, ਅਖੀਰ ਤੱਕ...! ਦੂਜਾ ਥਾਲ਼ ਬਾਪੂ ਦਾ ਸੀ। ਘਰ ਵਿਚ ਹੋਰ ਕਿਸੇ ਦਾ ਵੀ ਥਾਲ਼ ਵਿੱਚ ਰੋਟੀ ਧਰ ਕੇ ਖਾਣ ਦਾ ਰਿਵਾਜ ਨਹੀਂ ਸੀ। ਰਾਤ ਨੂੰ ਸਾਰਾ ਟੱਬਰ ਚੌਂਤਰੇ (ਚੌਂਕੇ) ਵਿਚ ਬਹਿ ਕੇ ਰੋਟੀ ਖਾਂਦਾ। ਅਸੀਂ ਟੋਕਰੀ ਵਿੱਚੋਂ ਕੋਈ ਕੌਲੀ ਜਾਂ ਬਾਟੀ ਲੈ ਕੇ ਦਾਲ਼-ਸਬਜੀ ਪਵਾਉਣੀ ਅਤੇ ਕੋਲ਼ ਬਹਿ ਕੇ ਹੱਥ ਉੱਤੇ ਧਰ ਕੇ ਰੋਟੀ ਖਾਈ ਜਾਂਦੇ। ਸਾਰਿਆਂ ਦੇ ਰੋਟੀ ਖਾ ਲੈਣ ਤੋਂ ਬਾਅਦ ਮਾਂ ਦੀ ਵਾਰੀ ਆਉਂਦੀ। ਉਸ ਨੇ ਰੋਟੀ ਖਾਣ ਤੋਂ ਬਾਅਦ ਇੱਕ ਰੋਟੀ (ਰਾਹੀ - ਪਾਂਧੀ ਦੇ ਨਾਂ ) ਬਚਾ ਕੇ ਪੋਣੇ ਵਿੱਚ ਲਪੇਟ, ਛਾਬੇ ਵਿਚ ਰੱਖ ਉੱਤੇ ਪਰਾਤ ਮੂਧੀ ਮਾਰ ਦੇਣੀ। ਇਹ ਸਿਲਸਿਲਾ ਮਾਂ ਦੇ ਚੁੱਲ੍ਹੇ ਨਾਲ ਸਬੰਧ ਜਾਂ ਪਰਾਤ ਅਗਲੇ ਵਾਰਸਾਂ ਨੂੰ ਫੜਾ ਦੇਣ ਤੱਕ ਚਲਦਾ ਰਿਹਾ।..... ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਮਾਂ ਦੇ ਰੋਟੀ ਖਾਣ ਤੱਕ ਛਾਬੇ ਵਿਚ ਇੱਕ ਹੀ ਰੋਟੀ ਬਚਦੀ ਤਾਂ ਉਸ ਨੇ ਕਦੇ ਦੁਬਾਰਾ ਆਟਾ ਨਾ ਗੁੰਨ੍ਹਣਾ ਅਤੇ ‘ਭੁੱਖ ਮਰਨ’ ਦਾ ਪੱਜ ਲਾ ਉਹ ਇੱਕ ਰੋਟੀ ਵੀ ਕਿਸੇ ਰਾਹੀ ਪਾਂਧੀ ਦੇ ਨਾਂ ਵਲੇਟ ਕੇ ਰੱਖ ਦੇਣੀ। ਇਹ ਵੀ ਇੱਕ ਸੱਚ ਹੈ ਕਿ ਮੇਰੀ ਸੁਰਤ ਵਿਚ ਕਦੇ ਕੋਈ ਰਾਹੀ ਪਾਂਧੀ ਨਹੀਂ ਆਇਆ ਅਤੇ ਨਾ ਹੀ ਆ ਕੇ ਕਦੇ ਰੋਟੀ ਦੀ ਮੰਗ ਕੀਤੀ।

ਫਿਰ ਗਿਣ ਕੇ ਰੋਟੀਆਂ ਪਕਾਉਣ ਦਾ ਦੌਰ ਆਇਆ ਤਾਂ ਇਹ ਰੀਤ ਪਤਾ ਨਹੀਂ ਕਦੋਂ ਘਰ ਤੋਂ ਬਾਹਰ ਹੋ ਗਈ.......

ਸੰਪਰਕ: 97819-25568

Advertisement
×