ਅਧਿਆਪਕਾਂ ਦੀ ਸਖ਼ਤੀ ਨੇ ਬਦਲੀ ਜ਼ਿੰਦਗੀ
ਅਜੋਕੇ ਵਿਦਿਅਕ ਅਦਾਰਿਆਂ ਦਾ ਮਾਹੌਲ ਅਜਿਹਾ ਹੈ ਕਿ ਅਧਿਆਪਕ ਬੱਚਿਆਂ ਨੂੰ ਮਾਰਨਾ ਤਾਂ ਦੂਰ, ਝਿੜਕ ਵੀ ਨਹੀਂ ਸਕਦੇ। ਬੱਚਿਆਂ ਨੂੰ ਸਜ਼ਾ ਦੇਣ ’ਤੇ ਝੱਂਟ ਉਨ੍ਹਾਂ ਦੇ ਮਾਂ-ਬਾਪ ਸਕੂਲ ਆ ਜਾਂਦੇ ਹਨ। ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਗੱਲ ਇੰਨੀ ਫੈਲ ਜਾਂਦੀ...
ਅਜੋਕੇ ਵਿਦਿਅਕ ਅਦਾਰਿਆਂ ਦਾ ਮਾਹੌਲ ਅਜਿਹਾ ਹੈ ਕਿ ਅਧਿਆਪਕ ਬੱਚਿਆਂ ਨੂੰ ਮਾਰਨਾ ਤਾਂ ਦੂਰ, ਝਿੜਕ ਵੀ ਨਹੀਂ ਸਕਦੇ। ਬੱਚਿਆਂ ਨੂੰ ਸਜ਼ਾ ਦੇਣ ’ਤੇ ਝੱਂਟ ਉਨ੍ਹਾਂ ਦੇ ਮਾਂ-ਬਾਪ ਸਕੂਲ ਆ ਜਾਂਦੇ ਹਨ। ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਗੱਲ ਇੰਨੀ ਫੈਲ ਜਾਂਦੀ ਹੈ ਕਿ ਅਧਿਆਪਕ ਲਈ ਬਹੁਤ ਔਖੀ ਸਥਿਤੀ ਪੈਦਾ ਹੋ ਜਾਂਦੀ ਹੈ। ਇਹ ਸਭ ਗੱਲਾਂ ਸੁਣ ਕੇ ਅਕਸਰ ਹੀ ਮੇਰੀ ਉਮਰ ਦੇ ਲੋਕਾਂ ਨੂੰ ਆਪਣਾ ਵਿਦਿਆਰਥੀ ਜੀਵਨ ਯਾਦ ਆ ਜਾਂਦਾ ਹੈ। ਮੇਰੇ ਵਿਦਿਆਰਥੀ ਜੀਵਨ ਦੀਆਂ ਦੋ ਵਿਸ਼ੇਸ਼ ਗੱਲਾਂ ਇਹ ਹਨ ਕਿ ਆਪਣੇ ਅਧਿਆਪਕਾਂ ਦਾ ਪੇਸ਼ੇ ਪ੍ਰਤੀ ਸਮਰਪਣ ਵੇਖ ਕੇ ਹੀ ਮੈਨੂੰ ਅਧਿਆਪਕ ਬਣਨ ਦੀ ਪ੍ਰੇਰਣਾ ਮਿਲੀ। ਦੂਜਾ, ਮੈਂ ਸਜ਼ਾ ਦੇਣ ਵਾਲੇ ਜਿਨ੍ਹਾਂ ਸਖ਼ਤ ਅਧਿਆਪਕਾਂ ਨੂੰ ਉਦੋਂ ਚੰਗਾ ਨਹੀਂ ਸਾਂ ਸਮਝਦਾ, ਹੁਣ ਉਨ੍ਹਾਂ ਨੂੰ ਹੀ ਮੈਂ ਸਭ ਤੋਂ ਵੱਧ ਯਾਦ ਕਰਦਾ ਹਾਂ ਤੇ ਉਹ ਅਧਿਆਪਕ ਹੀ ਮੇਰੇ ਆਦਰਸ਼ ਵੀ ਹਨ।
ਪਿਛਲੇ ਦਿਨੀਂ ਮੇਰੇ ਇੱਕ ਜਮਾਤੀ ਨੇ ਆਪਣੀ ਕੁੜੀ ਦੇ ਵਿਆਹ ’ਚ ਦਸਵੀਂ ਜਮਾਤ ਦੇ ਸਾਰੇ ਜਮਾਤੀਆਂ ਨੂੰ ਲੱਭ-ਲੱਭ ਕੇ ਵਿਆਹ ਦਾ ਸੱਦਾ ਦਿੱਤਾ। ਅਸੀਂ ਕਾਫ਼ੀ ਜਣੇ ਉਸ ਵਿਆਹ ਵਿੱਚ ਇਕੱਠੇ ਹੋਏ।
ਅਸੀਂ ਸਭ ਨੇ ਆਪੋ ਆਪਣੀ ਜ਼ਿੰਦਗੀ ਨਾਲ ਜੁੜੇ ਤਜਰਬੇ, ਯਾਦਾਂ ਤੇ ਸ਼ਰਾਰਤਾਂ ਸਾਂਝੀਆਂ ਕੀਤੀਆਂ। ਸੁਭਾਵਕ ਤੌਰ ’ਤੇ ਹੀ ਗੱਲਬਾਤ ਸਾਡੇ ਪੁਰਾਣੇ ਅਧਿਆਪਕਾਂ ’ਤੇ ਜਾ ਕੇਂਦਰਿਤ ਹੋਈ। ਹਰ ਮਿੱਤਰ ਆਪਣੇ ਮਨਪਸੰਦ ਤੇ ਨਾਪਸੰਦ ਅਧਿਆਪਕ ਬਾਰੇ ਦੱਸ ਰਿਹਾ ਸੀ। ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਸੀ ਕਿ ਅਸੀਂ ਲਗਪਗ ਸਾਰੇ ਹੀ ਉਨ੍ਹਾਂ ਸਖ਼ਤ ਸੁਭਾਅ ਵਾਲੇ ਅਧਿਆਪਕਾਂ ਲਈ ਹੁਣ ਬਹੁਤ ਆਦਰ ਤੇ ਸਨਮਾਨ ਨਾਲ ਭਰੇ ਹੋਏ ਸਾਂ, ਜਿਨ੍ਹਾਂ ਨਾਲ ਅਸੀਂ ਪੜ੍ਹਾਈ ਦੇ ਦਿਨਾਂ ਦੌਰਾਨ ਔਖਾ ਮਹਿਸੂਸ ਕਰਦੇ ਸੀ। ਹਰ ਸਾਥੀ ਦੀ ਜ਼ੁਬਾਨ ’ਤੇ ਸਖ਼ਤੀ ਨਾਲ ਪੜ੍ਹਾਉਣ ਵਾਲੇ ਅਧਿਆਪਕ ਦਾ ਜ਼ਿਕਰ ਸੀ। ਹਾਲਾਂਕਿ ਉਸ ਵੇਲੇ ਸਾਨੂੰ ਉਹ ਅਧਿਆਪਕ ਵਧੇਰੇ ਚੰਗੇ ਲਗਦੇ ਸਨ, ਜੋ ਪੀਰੀਅਡ ਦੌਰਾਨ ਬਹੁਤਾ ਸਮਾਂ ਸਾਡੇ ਨਾਲ ਗੱਲਾਂ ਕਰਕੇ ਜਾਂ ਹੋਰ ਹਾਸੇ-ਮਜ਼ਾਕ ਵਾਲਾ ਮਾਹੌਲ ਸਿਰਜ ਕੇ ਸਾਡਾ ਦਿਲ ਲਾਈ ਰੱਖਦੇ ਸਨ। ਪਰ ਅੱਜ ਕਿਸੇ ਦੀ ਵੀ ਜ਼ੁਬਾਨ ’ਤੇ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਸੀ।
ਮੈਂ ਉਸ ਮਿਲਣੀ ਵਿਚ ਆਪਣੇ ਜਮਾਤੀਆਂ ਨਾਲ ਆਪਣੀਆਂ ਦੋ ਯਾਦਾਂ ਸਾਂਝੀਆਂ ਕੀਤੀਆਂ ਇੱਕ ਯਾਦ ਆਪਣੇ ਸਰੀਰਕ ਸਿੱਖਿਆ ਅਧਿਆਪਕ ਸਰਦਾਰ ਸੰਗਤ ਸਿੰਘ ਦੀ ਸੀ, ਜਿਨ੍ਹਾਂ ਮੈਨੂੰ ਕਈ ਵਾਰ ਫਿਲਮੀ ਅਦਾਕਾਰਾਂ ਵਾਂਗੂ ਵਾਲ ਰੱਖਣ ਤੋਂ ਰੋਕਿਆ ਸੀ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੀ ਮੰਨੀ। ਇੱਕ ਦਿਨ ਉਨ੍ਹਾਂ ਨੇ ਸਵੇਰ ਦੀ ਪ੍ਰਾਰਥਨਾ ਸਭਾ ’ਚ ਮੈਨੂੰ ਸਾਰੇ ਬੱਚਿਆਂ ਸਾਹਮਣੇ ਸਜ਼ਾ ਦਿੱਤੀ ਸੀ। ਉਸ ਦਿਨ ਤੋਂ ਬਾਅਦ ਮੈਂ ਕਦੇ ਲੰਮੇ ਵਾਲ ਨਹੀਂ ਰੱਖੇ। ਦਸਵੀਂ ਜਮਾਤ ਪਾਸ ਕਰਨ ਤੱਕ ਤਾਂ ਮੈਂ ਉਸ ਅਧਿਆਪਕ ਨੂੰ ਚੰਗਾ ਨਹੀਂ ਸੀ ਸਮਝਦਾ ਪਰ ਹੁਣ ਸਮਝ ਆਉਂਦਾ ਹੈ ਕਿ ਉਨ੍ਹਾਂ ਦੀ ਸਖ਼ਤੀ ਨੇ ਮੈਨੂੰ ਸ਼ੁਰੂ ਵਿੱਚ ਹੀ ਗ਼ਲਤ ਰਾਹ ਪੈਣ ਤੋਂ ਰੋਕ ਲਿਆ ਸੀ।
ਮੇਰੀ ਦੂਜੀ ਯਾਦ ਵਿਗਿਆਨ ਵਿਸ਼ੇ ਦੇ ਅਧਿਆਪਕ ਨਾਲ ਜੁੜੀ ਸੀ। ਸਾਡੇ ਵਿਗਿਆਨ ਵਿਸ਼ੇ ਦੇ ਅਧਿਆਪਕ ਬਹੁਤ ਸਖ਼ਤ ਸੁਭਾਅ ਵਾਲੇ ਸਨ। ਉਨ੍ਹਾਂ ਦੀ ਸਜ਼ਾ ਤੋਂ ਅਸੀਂ ਇੰਨਾ ਡਰਦੇ ਸਾਂ ਕਿ ਰੋਟੀ ਖਾਣਾ ਬੇਸ਼ੱਕ ਭੁੱਲ ਜਾਂਦੇ ਪਰ ਉਨ੍ਹਾਂ ਦਾ ਦਿੱਤਾ ਕੰਮ ਕਰਨਾ ਤੇ ਟੈਸਟ ਦੀ ਤਿਆਰੀ ਕਰਨਾ ਨਹੀਂ ਸੀ ਭੁੱਲਦੇ। ਉਨ੍ਹਾਂ ਦੀ ਸਜ਼ਾ ਤੋਂ ਡਰਦਿਆਂ ਮੈਂ ਆਪਣਾ ਸੈਕਸ਼ਨ ਬਦਲਣ ਦਾ ਮਨ ਬਣਾ ਲਿਆ ਸੀ ਪਰ ਪਿਤਾ ਜੀ ਨੇ ਮੈਨੂੰ ਸੈਕਸ਼ਨ ਬਦਲਣ ਨਹੀਂ ਸੀ ਦਿੱਤਾ। ਮੈਨੂੰ ਬੇਸ਼ਕ ਉਹ ਅਧਿਆਪਕ ਚੰਗੇ ਨਹੀਂ ਸੀ ਲਗਦੇ ਪਰ ਜਦੋਂ ਦਸਵੀਂ ਵਿੱਚ ਮੇਰੇ ਸਭ ਤੋਂ ਵੱਧ ਅੰਕ ਸਾਇੰਸ ਵਿੱਚ ਆਏ ਤਾਂ ਮੈਨੂੰ ਸਮਝ ਲੱਗੀ ਕਿ ਸਖ਼ਤੀ ਵਰਤ ਕੇ ਸਾਨੂੰ ਹਰ ਨੁਕਤਾ ਗਹਿਰਾਈ ਨਾਲ ਸਮਝਾਉਣ ਵਾਲਾ ਉਹ ਅਧਿਆਪਕ ਅਸਲ ਵਿੱਚ ਕਿੰਨਾ ਚੰਗਾ ਸੀ।
ਮੇਰੇ ਜਮਾਤੀਆਂ ਵਿੱਚੋਂ ਕਈਆਂ ਨੇ ਅੱਗੇ ਚੱਲ ਕੇ ਸਾਇੰਸ ਗਰੁੱਪ ਦੇ ਵਿਸ਼ਿਆਂ ਦੀ ਪੜ੍ਹਾਈ ਕੀਤੀ ਤੇ ਅੱਜ ਸਫ਼ਲ ਅਧਿਆਪਕ, ਅਧਿਕਾਰੀ ਤੇ ਸਾਇੰਸਦਾਨ ਬਣੇ ਹਨ। ਹਿੰਦੀ ਦੇ ਅਧਿਆਪਕ ਸ਼ਾਸਤਰੀ ਰਾਮ ਸਰੂਪਦੀ ਸਖ਼ਤੀ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪੜ੍ਹਾਏ ਗਏ ਹਿੰਦੀ ਵਿਸ਼ੇ ਦੇ ਢੰਗ ਦੀ ਵੀ ਸਾਰਿਆਂ ਨੇ ਬਹੁਤ ਸ਼ਲਾਘਾ ਕੀਤੀ। ਪ੍ਰਾਇਮਰੀ ਅਧਿਆਪਕਾ ਜਯੋਤੀ ਸਰੂਪ ਦੀ ਸਖ਼ਤੀ ਤੋਂ ਹਰ ਬੱਚਾ ਬਹੁਤ ਡਰਦਾ ਸੀ ਪਰ ਪੰਜਵੀਂ ਜਮਾਤ ਵਿੱਚ ਸਭ ਤੋਂ ਵੱਧ ਵਜ਼ੀਫੇ ਉਨ੍ਹਾਂ ਦੀ ਜਮਾਤ ਦੇ ਹੀ ਆਉਂਦੇ ਸਨ। ਉਸ ਮਿਲਣੀ ਵਿੱਚ ਮੌਜੂਦ ਹਰ ਜਮਾਤੀ ਨੇ ਸਖ਼ਤ ਸੁਭਾਅ ਵਾਲੇ ਸਾਡੇ ਅਧਿਆਪਕਾਂ ਨੂੰ ਦਿਲੋਂ ਯਾਦ ਕੀਤਾ। ਜੇ ਉਹ ਸਖ਼ਤੀ ਨਾ ਕਰਦੇ ਤਾਂ ਅਸੀਂ ਪੜ੍ਹਨ ’ਤੇ ਇੰਨਾ ਧਿਆਨ ਨਾ ਦਿੰਦੇ ਅਤੇ ਅਸੀਂ ਜ਼ਿੰਦਗੀ ’ਚ ਜੋ ਵੀ ਮੁਕਾਮ ਹਾਸਲ ਕੀਤਾ, ਉਹ ਇਨ੍ਹਾਂ ਦੀ ਹੀ ਬਦੌਲਤ ਹੈ। ਸਾਰੇ ਅਧਿਆਪਕਾਂ ਨੂੰ ਬਹੁਤ ਬਹੁਤ ਸਤਿਕਾਰ।
ਸੰਪਰਕ: 98726-27136

