DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏ ਆਈ ਦੇ ਯੁੱਗ ’ਚ ਅਧਿਆਪਕ ਦੀ ਜ਼ਿੰਮੇਵਾਰੀ

ਪਿਛਲੇ ਦਿਨੀਂ ਸਾਡੇ ਸਕੂਲ ਦੇ ਇੱਕ ਅਧਿਆਪਕ ਮੇਰੇ ਦਫ਼ਤਰ ਵਿੱਚ ਇੱਕ ਕਾਪੀ ਲੈ ਕੇ ਆਏ। ਉਨ੍ਹਾਂ ਮੈਨੂੰ ਦਸਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਕਾਪੀ ਦਿਖਾਈ। ਇਹ ਇੱਕ ਲੇਖ ਸੀ। ਲਿਖਤ ਸਾਫ਼, ਸ਼ਬਦ-ਜੋੜ ਦਰੁਸਤ, ਵਾਕਾਂ ਦੀ ਬਣਤਰ ਸੁਲਝੀ ਹੋਈ ਅਤੇ ਵਿਆਕਰਨ...

  • fb
  • twitter
  • whatsapp
  • whatsapp
Advertisement

ਪਿਛਲੇ ਦਿਨੀਂ ਸਾਡੇ ਸਕੂਲ ਦੇ ਇੱਕ ਅਧਿਆਪਕ ਮੇਰੇ ਦਫ਼ਤਰ ਵਿੱਚ ਇੱਕ ਕਾਪੀ ਲੈ ਕੇ ਆਏ। ਉਨ੍ਹਾਂ ਮੈਨੂੰ ਦਸਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਕਾਪੀ ਦਿਖਾਈ। ਇਹ ਇੱਕ ਲੇਖ ਸੀ। ਲਿਖਤ ਸਾਫ਼, ਸ਼ਬਦ-ਜੋੜ ਦਰੁਸਤ, ਵਾਕਾਂ ਦੀ ਬਣਤਰ ਸੁਲਝੀ ਹੋਈ ਅਤੇ ਵਿਆਕਰਨ ਦੀ ਕੋਈ ਗ਼ਲਤੀ ਨਹੀਂ ਸੀ, ਪਰ ਪੜ੍ਹਦਿਆਂ ਹੀ ਇੱਕ ਗੱਲ ਦਿਲ ਵਿੱਚ ਚੁਭ ਗਈ। ਉਹ ਸ਼ਬਦ ਉਸ ਬੱਚੇ ਦੇ ਆਪਣੇ ਨਹੀਂ ਸਨ। ਅਧਿਆਪਕ ਨੇ ਸਿਰਫ਼ ਇੰਨਾ ਹੀ ਕਿਹਾ, ‘‘ਮੈਡਮ ਜੀ, ਲੇਖ ਤਾਂ ਬਹੁਤ ਸੋਹਣਾ ਹੈ, ਪਰ ਇਹ ਸੋਚ ਕਿਸੇ ਹੋਰ ਦੀ ਹੈ।’’ ਅਗਲੇ ਦਿਨ ਜਦੋਂ ਮੈਂ ਉਸ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਉਸੇ ਵਿਸ਼ੇ ’ਤੇ ਦੋ ਸਤਰਾਂ ਆਪਣੇ ਵੱਲੋਂ ਬੋਲਣ ਲਈ ਕਿਹਾ ਤਾਂ ਉਸ ਦੀਆਂ ਨਜ਼ਰਾਂ ਝੁਕ ਗਈਆਂ ਤੇ ਉਹ ਚੁੱਪ ਕਰਕੇ ਖੜ੍ਹਾ ਰਿਹਾ।

ਉਸ ਪਲ ਅਹਿਸਾਸ ਹੋਇਆ ਕਿ ਸਾਡੇ ਸਕੂਲਾਂ ਦੇ ਬੂਹਿਆਂ ’ਤੇ ਪਹੁੰਚੀ ਏ ਆਈ ਨਾਂ ਦੀ ਨਵੀਂ ਤਕਨੀਕ ਨੇ ਸਾਡੀ ਹੋਂਦ ਅੱਗੇ ਇੱਕ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ। ਜੇ ਮੋਬਾਈਲ ਦੀ ਸਕਰੀਨ ਛੋਹਣ ’ਤੇ ਹਰ ਸਵਾਲ ਦਾ ਬਣਿਆ-ਬਣਾਇਆ ਜਵਾਬ ਪਲਾਂ ਵਿੱਚ ਮਿਲ ਜਾਂਦਾ ਹੈ ਤਾਂ ਫਿਰ ਕਲਾਸਰੂਮ ਵਿੱਚ ਖੜ੍ਹੇ ਜਿਊਂਦੇ-ਜਾਗਦੇ ਅਧਿਆਪਕ ਦੀ ਕੀ ਲੋੜ ਹੈ? ਅੱਜ ਦੁਨੀਆ ਭਰ ਵਿੱਚ ਇਹ ਖ਼ੌਫ਼ ਫੈਲਾਇਆ ਜਾ ਰਿਹਾ ਹੈ ਕਿ ਮਨਸੂਈ ਬੁੱਧੀ ਅਧਿਆਪਕਾਂ ਦੇ ਵਜੂਦ ਲਈ ਖ਼ਤਰਾ ਹੈ, ਪਰ ਸੱਚ ਪੁੱਛੋ ਤਾਂ ਇਹ ਡਰ ਅਧਿਆਪਨ ਦੇ ਮੂਲ ਨੂੰ ਨਾ ਸਮਝਣ ਕਰਕੇ ਹੈ। ਮਹਿਜ਼ ਸਿਲੇਬਸ ਮੁਕਾਉਣ ਜਾਂ ਰਟੀ ਰਟਾਈ ਜਾਣਕਾਰੀ ਵੰਡਣ ਵਾਲੇ ਅਧਿਆਪਕਾਂ ਦੀ ਥਾਂ ਜੇਕਰ ਏ ਆਈ ਲੈ ਵੀ ਲਵੇਗੀ ਤਾਂ ਕੋਈ ਘਾਟਾ ਨਹੀਂ, ਪਰ ਸਾਡੀ ਪੰਜਾਬੀ ਅਤੇ ਗੁਰਮਤਿ ਵਿਰਾਸਤ ਨੇ ਗੁਰੂ ਨੂੰ ਕਦੇ ਸਿਰਫ਼ ਤੱਥਾਂ ਦਾ ਵਪਾਰੀ ਨਹੀਂ ਮੰਨਿਆ। ਸਾਡੇ ਵਿਰਸੇ ਵਿੱਚ ਗਿਆਨ ਨਾਲੋਂ ਵੱਡਾ ਦਰਜਾ ‘ਵਿਵੇਕ’ ਦਾ ਹੈ। ਜਾਣਕਾਰੀ ਸਿਰਫ਼ ਇਹ ਦੱਸਦੀ ਹੈ ਕਿ ਕੋਈ ਚੀਜ਼ ਜਾਂ ਤੱਥ ਕੀ ਹੈ, ਪਰ ਵਿਵੇਕ ਇਹ ਤੈਅ ਕਰਦਾ ਹੈ ਕਿ ਉਸ ਜਾਣਕਾਰੀ ਵਿੱਚੋਂ ਸਾਡੇ ਲਈ ਕੀ ਸਹੀ ਤੇ ਕੀ ਗ਼ਲਤ ਹੈ। ਤੱਥ ਤੇ ਜਾਣਕਾਰੀਆਂ ਐਲਗੋਰਿਦਮ ਵਿੱਚ ਬੇਸ਼ੁਮਾਰ ਪਈਆਂ ਹਨ, ਪਰ ਵਿਵੇਕ ਨਾਲ ਉਸ ਜਾਣਕਾਰੀ ਦੀ ਵਰਤੋਂ ਕਰਨ ਦਾ ਹੁਨਰ ਸਿਰਫ਼ ਮਨੁੱਖੀ ਦਿਮਾਗ਼ ਕੋਲ ਹੈ। ਗੁਰੂ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਨ ਵੇਲੇ ਕੋਈ ਲਿਖਤੀ ਇਮਤਿਹਾਨ ਨਹੀਂ ਸੀ ਲਿਆ। ਉਨ੍ਹਾਂ ਇਹ ਨਹੀਂ ਸੀ ਪਰਖਿਆ ਕਿ ਭਾਈ ਲਹਿਣਾ ਜੀ ਨੂੰ ਕਿੰਨੇ ਅੱਖਰ ਯਾਦ ਹਨ। ਉੱਥੇ ਪਰਖ ਸੇਵਾ, ਸਿਦਕ, ਸਹਿਣਸ਼ੀਲਤਾ ਅਤੇ ਨਿਮਰਤਾ ਤੇ ਵਿਵੇਕ ਦੀ ਹੀ ਹੋਈ ਸੀ। ਇਮਤਿਹਾਨ ਦਿਮਾਗ਼ ਦੇ ਰੱਟੇ ਦਾ ਨਹੀਂ, ਰੂਹ ਦੇ ਕਿਰਦਾਰ ਦਾ ਸੀ। ਜਦੋਂ ਭਾਈ ਲਹਿਣਾ ਜੀ ਹਰ ਇਮਤਿਹਾਨ ਵਿੱਚ ਪੂਰੇ ਉਤਰੇ ਤਾਂ ਗੁਰੂ ਨੇ ਉਨ੍ਹਾਂ ਨੂੰ ਵੱਖਰਾ ਨਹੀਂ ਰੱਖਿਆ ਸਗੋਂ ਆਪਣਾ ਹੀ ਅੰਗ ਆਖ ਕੇ ‘ਅੰਗਦ’ ਨਾਂ ਬਖ਼ਸ਼ਿਆ ਅਤੇ ਆਪਣੇ ਬਰਾਬਰ ਆਸਣ ’ਤੇ ਬਿਠਾਇਆ। ਸਿੱਖਿਆ ਦਾ ਅਸਲ ਮਕਸਦ ਸਿੱਖਣ ਵਾਲੇ ਨੂੰ ਨਿਰਭਰ ਨਹੀਂ ਸਗੋਂ ਹਾਣੀ ਤੇ ਬਰਾਬਰ ਬਣਾਉਣਾ ਹੈ। ਇਸ ਦੇ ਉਲਟ ਮਸ਼ੀਨ ਦਿਨੋ-ਦਿਨ ਮਨੁੱਖ ਨੂੰ ਸਿਰਫ਼ ਖ਼ੁਦ ’ਤੇ ਨਿਰਭਰ ਕਰਨ ਦਾ ਕੰਮ ਕਰ ਰਹੀ ਹੈ।ਕੋਈ ਵੀ ਸੌਫਟਵੇਅਰ ਇਹ ਮਹਿਸੂਸ ਨਹੀਂ ਕਰ ਸਕਦਾ ਕਿ ਕੱਲ੍ਹ ਤੱਕ ਹੱਸਣ-ਖੇਡਣ ਵਾਲੀ ਬੱਚੀ ਅੱਜ ਕਲਾਸ ’ਚ ਇੱਕ ਨੁੱਕਰੇ ਚੁੱਪ-ਚਾਪ ਕਿਉਂ ਬੈਠੀ ਹੈ। ਕਿਸੇ ਐਲਗੋਰਿਦਮ ਨੂੰ ਇਹ ਨਹੀਂ ਦਿਸਦਾ ਕਿ ਡੈਸਕ ’ਤੇ ਸਿਰ ਸੁੱਟੀ ਬੈਠੇ ਵਿਦਿਆਰਥੀ ਦੇ ਮਨ ਅੰਦਰ ਅਸਫ਼ਲਤਾ ਦਾ ਕਿਹੜਾ ਅਣਕਿਹਾ ਡਰ ਜਾਂ ਖ਼ਾਮੋਸ਼ ਤੂਫ਼ਾਨ ਚੱਲ ਰਿਹਾ ਹੈ। ਇਹ ਅਣਕਹੀ ਪੀੜ ਸਿਰਫ਼ ਉਹੀ ਅੱਖ ਪਛਾਣ ਸਕਦੀ ਹੈ, ਜਿਸ ਅੱਖ ਦੇ ਪਿੱਛੇ ਧੜਕਦਾ ਹੋਇਆ ਸੰਵੇਦਨਸ਼ੀਲ ਦਿਲ ਹੋਵੇ।

Advertisement

ਫਾਰਮੂਲੇ ਕਿਤਾਬ ਜਾਂ ਕੰਪਿਊਟਰ ਤੋਂ ਲੱਭ ਜਾਣਗੇ, ਪਰ ਢਹਿ-ਢੇਰੀ ਹੋਏ ਹੌਸਲੇ ਨੂੰ ਮੁੜ ਖੜ੍ਹੇ ਕਰਨ ਦੀ ਤਾਕਤ ਸਿਰਫ਼ ਇੱਕ ਜਿਊਂਦੇ-ਜਾਗਦੇ ਇਨਸਾਨ ਦੀ ਹੱਲਾਸ਼ੇਰੀ ਵਿੱਚੋਂ ਮਿਲਦੀ ਹੈ। ਇਸ ਤੋਂ ਇਲਾਵਾ ਮਸ਼ੀਨ ਝੂਠ ਬੋਲ ਕੇ ਵੀ ਕਦੇ ਸ਼ਰਮਿੰਦਾ ਨਹੀਂ ਹੁੰਦੀ, ਪਰ ਅਧਿਆਪਕ ਜ਼ਿੰਦਗੀ ਵਿੱਚ ਮਗਰੋਂ ਵੀ ਆਪਣੇ ਵਿਦਿਆਰਥੀਆਂ ਦੇ ਸਨਮੁੱਖ ਹੁੰਦਾ ਹੈ। ਇਹ ਨੈਤਿਕ ਜਵਾਬਦੇਹੀ ਹੀ ਸਿੱਖਿਆ ਨੂੰ ਜ਼ਿੰਦਾ ਰੱਖਦੀ ਹੈ।

Advertisement

ਫਿਰ ਅੱਜ ਦੇ ਦੌਰ ਵਿੱਚ ਸਾਡਾ ਅਸਲ ਫ਼ਰਜ਼ ਕੀ ਬਚਿਆ? ਸਾਡਾ ਕੰਮ ਹੁਣ ਬਣੇ-ਬਣਾਏ ਜਵਾਬ ਰਟਾਉਣਾ ਨਹੀਂ ਸਗੋਂ ਬੱਚੇ ਅੰਦਰ ਸਹੀ ਸਵਾਲ ਪੁੱਛਣ ਦੀ ਦਲੇਰੀ ਪੈਦਾ ਕਰਨਾ ਹੈ। ਜਿਸ ਯੁੱਗ ਵਿੱਚ ਜਵਾਬ ਮੁਫ਼ਤ ਅਤੇ ਥੋਕ ਦੇ ਭਾਅ ਮਿਲ ਰਹੇ ਹੋਣ, ਉੱਥੇ ਬੱਚੇ ਦੀ ਸਭ ਤੋਂ ਵੱਡੀ ਕਾਬਲੀਅਤ ਇਹ ਪਰਖਣਾ ਹੋਵੇਗੀ ਕਿ ਜੋ ਜਵਾਬ ਸਕਰੀਨ ’ਤੇ ਦਿਸ ਰਿਹਾ ਹੈ, ਕੀ ਉਹ ਸੱਚ ਹੈ ਜਾਂ ਕਿਸੇ ਦੇ ਮੁਨਾਫ਼ੇ ਲਈ ਘੜਿਆ ਗਿਆ ਭਰਮ?

ਤਕਨਾਲੋਜੀ ਸਿਰਫ਼ ਇੱਕ ਸਹਾਇਕ ਸਾਧਨ ਰਹੇ, ਸਾਡੀ ਸੋਚ ਦੀ ਮਾਲਕ ਨਾ ਬਣੇ। ਇਹ ਬਾਰੀਕ ਲਕੀਰ ਸਮਝਾਉਣਾ ਹੀ ਅੱਜ ਦੀ ਅਧਿਆਪਨ ਕਲਾ ਹੈ। ਇਸ ਲਈ ਇਸ ਅਧਿਆਪਕ ਦਿਵਸ ’ਤੇ ਸਾਨੂੰ ਇਹ ਸਪੱਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਦਿਨ ਤੋਂ ਜਾਣਕਾਰੀ ਮੁਫ਼ਤ ਹੋਈ ਹੈ, ਅਧਿਆਪਕ ਬੇਲੋੜਾ ਨਹੀਂ ਹੋਇਆ ਸਗੋਂ ਪਹਿਲਾਂ ਨਾਲੋਂ ਕਿਤੇ ਵੱਧ ਜ਼ਰੂਰੀ ਹੋ ਗਿਆ ਹੈ। ਹੁਣ ਸਾਡੇ ਜ਼ਿੰਮੇ ਸਿਰਫ਼ ਉਹ ਕੰਮ ਬਚਿਆ ਹੈ ਜੋ ਦੁਨੀਆ ਦਾ ਕੋਈ ਕੰਪਿਊਟਰ ਨਹੀਂ ਕਰ ਸਕਦਾ- ਬੱਚੇ ਅੰਦਰ ਇਨਸਾਨੀਅਤ ਅਤੇ ਵਿਵੇਕ ਜਗਾਉਣਾ। ਮਸ਼ੀਨ ਕੋਲ ਸਾਰੇ ਜਵਾਬ ਹੋ ਸਕਦੇ ਹਨ, ਪਰ ਜਿਸ ਬੱਚੇ ਨੂੰ ਇਹ ਹੀ ਨਹੀਂ ਪਤਾ ਕਿ ਜ਼ਿੰਦਗੀ ਵਿੱਚ ਹੱਕ ਅਤੇ ਸੱਚ ਲਈ ਕਿਵੇਂ ਖੜ੍ਹਨਾ ਹੈ, ਉਸ ਲਈ ਇਹ ਸਾਰੇ ਜਵਾਬ ਬਿਲਕੁਲ ਅਰਥਹੀਣ ਹਨ। ਜਵਾਬ ਬੇਸ਼ੱਕ ਮਸ਼ੀਨਾਂ ਵੀ ਦਿੰਦੀਆਂ ਹਨ, ਪਰ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਵਾਲਾ ਸਿਰਫ਼ ਤੇ ਸਿਰਫ਼ ਅਧਿਆਪਕ ਹੀ ਹੁੰਦਾ ਹੈ।

Advertisement
×