ਕੋਈ ਮੋੜ ਲਿਆਵੋ...
ਅੱਜ ਵੀ ਮੈਨੂੰ ਯਾਦ ਹੈ ਜਦੋਂ 1985 ਵਿੱਚ ਪਿੰਡ ਸਾਡੇ ਗੁਆਂਢ ਵਿੱਚ ਲੜਕੀ ਦਾ ਵਿਆਹ ਸੀ ਤੇ ਮੈਂ ਉਸ ਘਰ ਵਿੱਚ ਪਿੰਡ ਦੇ ਹੋਰ ਸਾਥੀਆਂ ਨਾਲ ਵਿਆਹ ਦੇ ਕੰਮਕਾਜ ਕਰਵਾਉਣ ਗਿਆ ਸੀ। ਹਲਵਾਈ ਨੇ ਘਰ ਵਿੱਚ ਹੀ ਸਾਰੀ ਮਠਿਆਈ ਬਣਾਈ...
ਅੱਜ ਵੀ ਮੈਨੂੰ ਯਾਦ ਹੈ ਜਦੋਂ 1985 ਵਿੱਚ ਪਿੰਡ ਸਾਡੇ ਗੁਆਂਢ ਵਿੱਚ ਲੜਕੀ ਦਾ ਵਿਆਹ ਸੀ ਤੇ ਮੈਂ ਉਸ ਘਰ ਵਿੱਚ ਪਿੰਡ ਦੇ ਹੋਰ ਸਾਥੀਆਂ ਨਾਲ ਵਿਆਹ ਦੇ ਕੰਮਕਾਜ ਕਰਵਾਉਣ ਗਿਆ ਸੀ। ਹਲਵਾਈ ਨੇ ਘਰ ਵਿੱਚ ਹੀ ਸਾਰੀ ਮਠਿਆਈ ਬਣਾਈ ਸੀ। ਨੇੜੇ ਦੇ ਸਾਰੇ ਰਿਸ਼ਤੇਦਾਰ ਵਿਆਹ ਵਿੱਚ ਆਏ ਸਨ। ਰਿਸ਼ਤੇਦਾਰ ਭੂਆ, ਭੈਣਾਂ, ਨਾਨਕੇ ਅਤੇ ਮਾਸੀਆਂ ਤੱਕ ਸੀਮਿਤ ਹੁੰਦੇ ਸੀ। ਪਿੰਡ ਵਿੱਚ ਬੱਸ ਸੀਮਤ ਘਰਾਂ ਵਿੱਚ ਹੀ ਕਾਰਡ ਵੰਡੇ ਗਏ ਸਨ।
ਨੇੜੇ ਦੇ ਘਰ ਸਵੇਰੇ ਸ਼ਾਮ ਦੁੱਧ ਪਹੁੰਚਾ ਦਿੰਦੇ। ਦੁੱਧ, ਖੋਆ ਤੇ ਪਨੀਰ ਬਾਜ਼ਾਰ ਵਿੱਚੋਂ ਮੁੱਲ ਨਹੀਂ ਲੈਣਾ ਪਿਆ। ਸਾਰਾ ਕੰਮ ਪਿੰਡ ਵਿੱਚੋਂ ਆਏ ਦੁੱਧ ਨਾਲ ਸਰ ਗਿਆ ਸੀ। ਨ੍ਹਾਈ ਧੋਈ ਤੇ ਮਹਿੰਦੀ ਦੀ ਰਸਮ ਉੱਤੇ ਮੁਹੱਲੇ ਦੀਆਂ ਔਰਤਾਂ ਅਤੇ ਰਿਸ਼ਤੇਦਾਰ ਆਏ ਸਨ। ਔਰਤਾਂ ਨੇ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਜ਼ਿੰਦਗੀ ਦਾ ਖੇੜਾ ਆਪਣੇ ਰੰਗ ਦਿਖਾ ਰਿਹਾ ਸੀ। ਬਿਨਾਂ ਬਹੁਤੇ ਸ਼ੋਰ ਸ਼ਰਾਬੇ ਤੋਂ ਵਿਆਹ ਦਾ ਆਨੰਦ ਆ ਰਿਹਾ ਸੀ। ਰਸਮਾਂ ਮਗਰੋਂ ਸਭ ਨੇ ਲੱਡੂ ਜਲੇਬੀਆਂ ਨਾਲ ਚਾਹ ਪੀਤੀ। ਵਿਆਹ ਵਾਲੇ ਦਿਨ 40-50 ਬੰਦੇ ਬਾਰਾਤ ਦੇ ਆਏ ਸਨ। ਪਿੰਡ ਦੇ ਘਰਾਂ ਵਿੱਚੋਂ ਇੱਕ ਇੱਕ ਬੰਦਾ ਵਿਆਹ ਆਇਆ ਸੀ ਤੇ ਸ਼ਗਨ ਦੇ ਕੇ ਚਾਹ ਪੀ ਕੇ ਚਲੇ ਗਏ।
ਬਾਰਾਤੀਆਂ ਲਈ ਘਰ ਦੇ ਬਾਹਰ ਟੈਂਟ ਲੱਗਿਆ ਸੀ ਅਤੇ ਬਾਰਾਤ ਦਾ ਠਹਿਰਾਅ ਧਰਮਸ਼ਾਲਾ ਵਿੱਚ ਕੀਤਾ ਗਿਆ ਸੀ। ਮੰਜੇ ਬਿਸਤਰੇ ਪਿੰਡ ਵਿੱਚੋਂ ਇਕੱਠੇ ਕੀਤੇ ਗਏ ਸਨ। ਬਾਰਾਤ ਦੇ ਖਾਣ-ਪੀਣ ਦਾ ਸਾਰਾ ਸਾਮਾਨ ਹਲਵਾਈ ਨੇ ਘਰ ਹੀ ਤਿਆਰ ਕੀਤਾ ਸੀ। ਅਸੀਂ ਪਿੰਡ ਦੇ ਮੁੰਡਿਆਂ ਨੇ ਬਾਰਾਤ ਦੀ ਸੇਵਾ ਕੀਤੀ। ਬਾਰਾਤ ਦੇ ਚਾਹ ਪਾਣੀ ਅਤੇ ਰੋਟੀ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਅਤੇ ਹੋਰ ਸੱਜਣਾਂ ਨੇ ਚਾਹ ਪੀਤੀ ਅਤੇ ਰੋਟੀ ਖਾਧੀ ਸੀ। ਉਸੇ ਟੈਂਟ ਵਿੱਚ ਆਨੰਦ ਕਾਰਜ ਦੀ ਰਸਮ ਕੀਤੀ ਗਈ ਅਤੇ ਲੜਕੀ ਨੂੰ ਸ਼ਾਮ ਨੂੰ ਵਿਦਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਰਾ ਸਾਮਾਨ ਸਾਂਭ ਦਿੱਤਾ ਗਿਆ। ਸ਼ਾਮ ਨੂੰ ਘਰ ਦੀਆਂ ਔਰਤਾਂ, ਰਿਸ਼ਤੇਦਾਰਾਂ ਤੇ ਮੁਹੱਲੇ ਦੀਆਂ ਔਰਤਾਂ ਨੇ ਗਿੱਧਾ ਪਾਇਆ।
ਅੱਜਕੱਲ੍ਹ ਤਾਂ ਜੇਕਰ ਕਿਸੇ ਘਰ ਲੜਕਾ ਜੰਮ ਪਵੇ ਤਾਂ 30-40 ਜਣੇ ਤਾਂ ਪੰਜੀਰੀ ਦੇਣ ਲਈ ਹੀ ਇਕੱਠੇ ਹੋ ਜਾਂਦੇ ਹਨ। ਨਿੰਮ ਬੰਨ੍ਹਣ ਦੀ ਰਸਮ ਲਈ 60-70 ਦਾ ਇਕੱਠ ਕਰ ਲੈਂਦੇ ਨੇ। ਮਿਲਣੀ ਤਾਂ ਕੁੜਮਾਂ ਦੀ ਹੋਣੀ ਹੁੰਦੀ ਹੈ ਪਰ ਨਾਲ 40-50 ਹੋਰ ਰਿਸ਼ਤੇਦਾਰ ਲਿਜਾਏ ਜਾਂਦੇ ਹਨ। ਵਿਆਹ ਵੇਲੇ ਵੀ ਬਹੁਤ ਵੱਡੇ ਵੱਡੇ ਮੈਰਿਜ ਪੈਲੇਸ, ਵੱਡਾ ਇਕੱਠ, ਖਾਣਿਆਂ ਦੀਆਂ ਵੰਨ-ਸੁਵੰਨੀਆਂ ਆਈਟਮਾਂ, ਵਿਦੇਸ਼ੀ ਫਲਾਂ ਦੀਆਂ ਚਾਟਾਂ, ਫੋਟੋਗ੍ਰਾਫਰ, ਬੈਰੇ, ਲੱਖਾਂ ਰੁਪਏ ਦੀ ਸਜਾਵਟ ਤੇ ਹੋਰ ਪਤਾ ਨਹੀਂ ਕੀ ਕੀ ਹੁੰਦਾ ਹੈ। ਸਾਲਾਂ ਦੀ ਕਮਾਈ ਚਾਰ ਘੰਟਿਆਂ ਵਿੱਚ ਖਰਚ ਹੋ ਜਾਂਦੀ ਹੈ।
ਕਿਸੇ ਇੱਕ ਪਰਿਵਾਰ ਵੱਲੋਂ ਕੀਤਾ ਗਿਆ ਖਰਚ ਹੋਰਨਾਂ ਲਈ ਵੀ ਆਪਣੀ ਸਾਖ਼ ਬਚਾਉਣ ਲਈ ਜ਼ਰੂਰੀ ਹੋ ਨਿੱਬੜਦਾ ਹੈ ਤੇ ਦੇਖਦੇ ਹੀ ਦੇਖਦੇ ਅਸੀਂ ਸਾਰੇ ਇਸ ਭੇਡ-ਚਾਲ ਵਿੱਚ ਸ਼ਾਮਲ ਹੋ ਗਏ ਹਾਂ। ਨਾ ਚਾਹੁੰਦੇ ਹੋਏ ਵੀ ਲੜਕੀ ਦੇ ਪਰਿਵਾਰ ਵੱਲੋਂ ਖਰਚਾ ਕੀਤਾ ਜਾਂਦਾ ਹੈ। ਕਈ ਵਾਰ ਤਾਂ ਦੋਵੇਂ ਹੀ ਪਰਿਵਾਰ ਵਿਆਜ ’ਤੇ ਪੈਸਾ ਫੜ ਕੇ ਇਹ ਖਰਚੇ ਕਰਦੇ ਹਨ। ਕੁਝ ਕੁ ਘੰਟਿਆਂ ਦੀ ਰੌਣਕ ਲਈ ਇੰਨੀ ਵੱਡੀ ਰਕਮ ਲਾ ਦਿੱਤੀ ਜਾਂਦੀ ਹੈ।
ਕਾਸ਼! ਉਹ ਪਹਿਲਾਂ ਵਾਲਾ ਸਾਦਗੀ ਦਾ ਸਮਾਂ ਮੁੜ ਆਵੇ ਤੇ ਅਸੀਂ ਬਿਨਾਂ ਚਮਕ-ਦਮਕ ਦੇ ਪਿੱਛੇ ਭੱਜਿਆਂ ਚਾਅ ਨਾਲ ਵਿਆਹ-ਸ਼ਾਦੀਆਂ ਦਾ ਆਨੰਦ ਮਾਣੀਏ।
ਸੰਪਰਕ: 99103-72972

