ਜੀਵਨ ਸੰਘਰਸ਼ ਦਾ ਜੁਝਾਰੂ ਯੋਧਾ ਸੀ ਸਵਾਮੀ ਅਗਨੀਵੇਸ਼

ਜੀਵਨ ਸੰਘਰਸ਼ ਦਾ ਜੁਝਾਰੂ ਯੋਧਾ ਸੀ ਸਵਾਮੀ ਅਗਨੀਵੇਸ਼

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਝਾਰੂ ਸ਼ਖ਼ਸੀਅਤ ਦੇ ਮਾਲਕ ਸਵਾਮੀ ਅਗਨੀਵੇਸ਼ ਹੁਣ ਨਹੀਂ ਰਹੇ। ਸਵਾਮੀ ਅਗਨੀਵੇਸ਼ ਅਸਲ ਵਿਚ ਭਾਰਤੀ ਸਮਾਜ ਵਿਚ ਬਰਾਬਰੀ ਲਈ ਭਾਈਚਾਰੇ ਤੇ ਧਰਮ, ਜਾਤੀ ਤੋਂ ਪਾਰ ਅਜਿਹੀ ਆਵਾਜ਼ ਸੀ ਜਿਸ ਨੇ ਭਾਰਤੀ ਦੇ ਸਮਾਜਿਕ ਸਰੋਕਾਰਾਂ ਲਈ ਆਪਣੀ ਅੰਤਿਮ ਸਮੇਂ ਦੀ ਯਾਤਰਾ ਤਕ ਸੰਘਰਸ਼ ਕੀਤੀ।

ਸਵਾਮੀ ਅਗਨੀਵੇਸ਼ ਬੇਹੱਦ ਨਿਮਰ ਤੇ ਬੇਹੱਦ ਸਾਧਾਰਨ ਵਿਅਕਤੀ ਸੀ ਜਿਸ ਨੇ ਭਾਰਤ ਵਿਚ ‘ਬੰਧੂਆ ਮੁਕਤੀ ਅੰਦੋਲਨ’ ਦੀ ਨੀਂਹ ਰੱਖੀ ਤੇ ਸਮੁੱਚੇ ਭਾਰਤ ਵਿਚ ਬੰਧੂਆ ਮਜ਼ਦੂਰਾਂ ਬਾਰੇ ਸੰਘਰਸ਼ ਦੀ ਅਲਖ ਜਗਾਈ। ਸਰਬ ਧਰਮ ਸੰਸਦ ਦੇ ਨੇਤਾ ਦੇ ਰੂਪ ਵਿਚ ਉਨ੍ਹਾਂ ਨੂੰ ਯੂ.ਐੱਨ.ਓ. ਨੇ ਵੀ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਲੋਕ ਸੇਵਾ ਲਈ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਅਲਟਰਨੇਟਿਵ ਨੋਬੇਲ ਪੁਰਸਕਾਰ 2004 ਵੀ ਦਿੱਤਾ ਗਿਆ।

ਉਨ੍ਹਾਂ ਨੇ 28 ਸਾਲਾਂ ਦੀ ਉਮਰ ਵਿਚ ਆਪਣੀ ਨੌਕਰੀ ਤੇ ਵਧੀਆ ਕਰੀਅਰ ਛੱਡਣ ਵਾਲੇ ਸਵਾਮੀ ਅਗਨੀਵੇਸ਼ ਆਪਣੇ ਆਪ ਨੂੰ ਭਗਵੇਂ ਕੱਪੜਿਆਂ ਵਿਚ ਇੱਕ ਆਦਮੀ ਕਹਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਭਾਰਤੀ ਸਮਾਜ ਵਿਚ ਨਾਬਰਾਬਰੀ ਤੇ ਨਾਉਮੀਦੀ ਭਰੀ ਹੋਈ ਹੈ। ਊਨ੍ਹਾਂ ਨੇ ਕਿਹਾ ਕਿ ਇਸ ਦੇਸ਼ ਵਿਚ ਵਿੱਦਿਆ ਦੀ ਦੇਵੀ ਦੀ ਪੂਜਾ ਹੁੰਦੀ ਹੈ, ਪਰ ਇੱਥੇ ਹੀ ਜ਼ਿਆਦਾ ਅਨਪੜ੍ਹਤਾ ਹੈ। ਇੱਥੇ ਹੀ ਦੁਨੀਆ ’ਚ ਸਭ ਤੋਂ ਜ਼ਿਆਦਾ ਮੰਦਰ, ਮਸਜਿਦਾਂ ਹਨ, ਪਰ ਇੱਥੇ ਹੀ ਧਰਮ ਦੇ ਨਾਂ ’ਤੇ ਦੰਗੇ ਹੁੰਦੇ ਹਨ। ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਲੜਾਈਆਂ ਲੜੀਆਂ ਤੇ ਆਪਣੇ ਸਾਰੇ ਸਰੋਤਾਂ ਤੇ ਤਾਕਤ ਨਾਲ ਲੋਕਾਂ ਲਈ ਸੰਘਰਸ਼ ਦੀ ਆਵਾਜ਼ ਬਣੇ। ਬੰਧੂਆ ਮੁਕਤੀ ਮੋਰਚਾ ਤੇ ਮਜ਼ਦੂਰਾਂ ਦਾ ਸ਼ੋਸ਼ਣ ਮੁਕਤੀ ਅਭਿਆਨ ਉਨ੍ਹਾਂ ਦੀਆਂ ਬਿਹਤਰ ਸਮਾਜ ਦੀ ਉਸਾਰੀ ਹਿੱਤ ਕੀਤੀਆਂ ਕੋਸ਼ਿਸ਼ਾਂ ’ਚ ਸ਼ਾਮਿਲ ਹੈ।

ਸਵਾਮੀ ਅਗਨੀਵੇਸ਼ ਅਸਲ ਵਿਚ ਮੁਕਤ ਸਮਾਜ ਤੇ ਹਰ ਹੱਥ ਨੂੰ ਰੋਟੀ ਤੇ ਮਕਾਨ ਲਈ ਸੰਘਰਸ਼ਸੀਲ ਰਹੇ। ਉਹ ਭਾਵੇਂ ਆਪ ਆਰੀਆ ਸਮਾਜ ਨਾਲ ਜੁੜੇ, ਪਰ ਉਹ ਖੁੱਲ੍ਹੇ ਮੰਚ ’ਤੇ ਹੁਣ ਦੇ ਆਰੀਆ ਸਮਾਜ ਪ੍ਰਬੰਧਨ ਖ਼ਿਲਾਫ਼ ਲੜਦੇ ਰਹੇ। ਧਰਮ, ਰਾਜਨੀਤੀ, ਔਰਤਾਂ ਤੇ ਬਰਾਬਰੀ ਦੇ ਹੱਕ, ਖੇਤ ਤੇ ਭੱਠਾ ਮਜ਼ਦੂਰਾਂ ਦੀ ਮੁਕਤੀ ਦੇ ਅੰਦੋਲਨ ਆਦਿ ਸਬੰਧੀ ਉਨ੍ਹਾਂ ਦੀਆਂ ਸਰਗਰਮੀਆਂ ਇਹ ਦਰਸਾਉਂਦੀਆਂ ਹਨ ਕਿ ਸਵਾਮੀ ਅਗਨੀਵੇਸ਼ ਲੋਕਾਂ ਦੀ ਆਵਾਜ਼ ਸਨ।

ਮਿਹਨਤ ਤੇ ਲਗਨ ਨਾਲ ਕਾਨੂੰਨ ਤੇ ਮੈਨੇਜਮੈਂਟ ਦੇ ਪ੍ਰੋਫ਼ੈਸਰ ਵਜੋਂ ਉਨ੍ਹਾਂ ਨੇ ਕਲਕੱਤਾ ਸੇਂਟ ਜ਼ੇਵੀਅਰ ਵਰਗੇ ਕਾਲਜਾਂ ਵਿਚ ਪੰਜ ਸਾਲ ਪੜ੍ਹਾਇਆ। ਫਿਰ ਅਚਾਨਕ ਉਨ੍ਹਾਂ ਨੇ ਭਗਵਾਂ ਰੰਗ ਅਪਨਾਇਆ ਜਿਸ ਬਾਰੇ ਉਹ ਦੱਸਦੇ ਸਨ: ‘‘ਇਹ ਜ਼ਿੰਦਗੀ ਦੀ ਪਵਿੱਤਰਤਾ ਤੇ ਊਰਜਾ ਦਾ ਰੰਗ ਹੈ।’’ ਬਾਅਦ ਵਿਚ ਇਹ ਪਹਿਰਾਵਾ ਇਸ ਸ਼ਖ਼ਸ ਦੀ ਪਛਾਣ ਬਣ ਗਿਆ।

ਮੇਰਾ ਸਵਾਮੀ ਜੀ ਨਾਲ ਨਿੱਜੀ ਰਾਬਤਾ ਲਗਪਗ ਤੀਹ ਵਰ੍ਹੇ ਪੁਰਾਣਾ ਰਿਹਾ ਹੈ। ਊਨ੍ਹਾਂ ਦੇ 7 ਜੰਤਰ-ਮੰਤਰ ਵਿਚਲੇ ਦਫ਼ਤਰ ਤੇ ਰਿਹਾਇਸ਼ ਤੋਂ ਲੈ ਕੇ ਊਨ੍ਹਾਂ ਨਾਲ ਕਈ ਯਾਤਰਾਵਾਂ ਦਾ ਸੁਭਾਗ ਵੀ ਮਿਲਿਆ। ਜੈਪੁਰ, ਦਿੱਲੀ, ਕਲਕੱਤਾ ਤੇ ਦੇਹਰਾਦੂਨ ਦੀਆਂ ਕਈ ਮਿਲਣੀਆਂ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਕਦੇ ਵੀ ਉਦਾਸ ਤੇ ਨਿਰਾਸ਼ ਨਹੀਂ ਹੁੰਦੇ ਕਿਉਂਕਿ ਜਦੋਂ ਤੋਂ ਉਨ੍ਹਾਂ ਨੇ ਸੰਨਿਆਸ ਲਿਆ ਹੈ ਉਦੋਂ ਤੋਂ ਸੰਘਰਸ਼ ਹੀ ਜ਼ਿੰਦਗੀ ਦਾ ਹਿੱਸਾ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਲਈ ਸਮਰਪਿਤ ਕਰ ਦਿੱਤਾ ਹੈ।

ਸਵਾਮੀ ਅਗਨੀਵੇਸ਼ 2004 ਵਿਚ ਵਰਲਡ ਕੌਂਸਲ ਆਫ਼ ਆਰੀਆ ਸਮਾਜ ਦੇ ਪ੍ਰਧਾਨ ਵੀ ਰਹੇ। ਬਾਅਦ ਵਿਚ ਉਨ੍ਹਾਂ ਦਾ ਆਰੀਆ ਸਮਾਜ ਤੋਂ ਮੋਹ-ਭੰਗ ਹੋ ਗਿਆ ਕਿਉਂਕਿ ਉਹ ਹਮੇਸ਼ਾ ਕਹਿੰਦੇ ਸਨ ਕਿ ਮੈਨੂੰ ਕਾਰਲ ਮਾਰਕਸ, ਮਹਾਤਮਾ ਗਾਂਧੀ, ਡਾ. ਅੰਬੇਦਕਰ, ਮਾਰਟਿਨ ਲੂਬਰ ਕਿੰਗ, ਨੈਲਸਨ, ਮੰਡੇਲਾ ਆਦਿ ਵੀ ਓਨੇ ਹੀ ਪ੍ਰਭਾਵਿਤ ਕਰਦੇ ਹਨ, ਜਿੰਨਾ ਸਵਾਮੀ ਦਇਆਨੰਦ ਕਿਉਂਕਿ ਇਨ੍ਹਾਂ ਸਭ ਨੇ ਮੱਨੁਖੀ ਭਾਈਚਾਰੇ ਲਈ ਸੰਘਰਸ਼ ਕੀਤਾ ਤੇ ਬਰਾਬਰੀ ਦਾ ਸਮਾਜ ਸਿਰਜਣ ਖ਼ਾਤਰ ਗ਼ੁਲਾਮੀ ਵਿਰੁੱਧ ਆਵਾਜ਼ ਉਠਾਈ।

ਆਪਣੇ ਨਾਂ ਬਾਰੇ ਮੈਨੂੰ ਦੱਸਿਆ ਸੀ, ‘‘ਮੇਰੇ ਅੰਦਰ ਜੋ ਅੱਗ ਦਾ ਦਰਿਆ ਹੈ ਉਸ ਨੇ ਹੀ ਮੈਨੂੰ, ਮੇਰਾ ਨਾਂ, ਧਰਮ ਤੇ ਜਾਤੀ, ਕੱਪੜਿਆਂ ਤਕ ਬਦਲ ਕੇ ਰੱਖ ਦਿੱਤਾ ਹੈ।’’ 21 ਸਤੰਬਰ 1939 ਨੂੰ ਸ੍ਰੀਕੁਲਮ, ਆਂਧਰਾ ਪ੍ਰਦੇਸ਼ (ਉਦੋਂ ਮਦਰਾਸ ਪ੍ਰੈਜੀਡੈਂਸੀ) ਵਿਚ ਪੈਦਾ ਹੋਣ ਵਾਲੇ ਸਵਾਮੀ ਬ੍ਰਾਹਮਣ ਪਰਿਵਾਰ ’ਚੋਂ ਸਨ। ਘਰ ਦਾ ਮੁੱਢਲਾ ਨਾਂ ਸੀ- ਵੇਪਾ ਸਵਾਮੀ ਰਾਓ।

ਸਵਾਮੀ ਜੀ ਨੇ ਬੰਧੂਆ ਮੁਕਤੀ ਅੰਦੋਲਨ, ਅੰਨ੍ਹਾ ਹਜ਼ਾਰੇ ਨਾਲ ਦਿੱਲੀ ਦਾ ਸੰਘਰਸ਼ ਜਾਗਰਣ ਅਭਿਆਨ ਅਤੇ ਫਿਰ ਹੋਰ ਕਈ ਸਮਾਜਿਕ ਲਹਿਰਾਂ ਦੀ ਅਗਵਾਈ ਕੀਤੀ। ਅਸਲ ਵਿਚ ਉਹ ਐਨੇ ਖੁੱਲ੍ਹੇ ਵਿਚਾਰਾਂ ਦੇ ਸਨ ਕਿ ਉਹ ਧਰਮ, ਜਾਤੀ ਤੇ ਗ਼ੁਲਾਮੀ, ਨਾਬਰਾਬਰੀ ਨੂੰ ਇਸ ਦੇਸ਼ ਲਈ ਕੁਸ਼ਟ ਰੋਗ ਤੋਂ ਵੀ ਵੱਡਾ ਰੋਗ (ਬਿਮਾਰੀ) ਦੱਸਦੇ ਸਨ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਇਕ ਵੱਡੇ ਵਿਚਾਰਕ ਤੇ ਲੇਖਕ ਵੀ ਸਨ। ਅਸਲ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦੀਆਂ ਕਈ ਪਰਤਾਂ ਤੇ ਭੇਦ ਸਨ ਜੋ ਉਨ੍ਹਾਂ ਦੀ ਮਿੱਤਰ ਮੰਡਲੀ ਦੇ ਲੋਕ ਹੀ ਜਾਣਦੇ ਸਨ, ਪਰ ਉਨ੍ਹਾਂ ਦੀਆਂ ਪੁਸਤਕਾਂ ਦੇਸ਼ ਵਿਦੇਸ਼ ਵਿਚ ਕਈ ਯੂਨੀਵਰਸਿਟੀਆਂ ਅਤੇ ਧਰਮ ਸੰਸਦ ਦੀ ਵਿਰਾਸਤ ਵੀ ਮੰਨੀਆਂ ਗਈਆਂ ਹਨ ਤਾਂ ਹੀ ਉਨ੍ਹਾਂ ਦੀ ਮੌਤ ’ਤੇ ਇਤਿਹਾਸਕਾਰ ਤੇ ਲੇਖਕ ਰਾਮਚੰਦਰ ਗੁਹਾ ਨੇ ਕਿਹਾ ਕਿ ਅੱਜ ਦੇਸ਼ ਸਭ ਤੋਂ ਬੁਲੰਦ ਆਵਾਜ਼ ਤੋਂ ਵਿਰਵਾ ਹੋ ਗਿਆ ਹੈ। 1974 ਵਿਚ ਛਪੀ ਇਤਿਹਾਸਕ ਕਿਤਾਬ ਵੈਦਿਕ ਸਮਾਜਵਾਦ ਉਨ੍ਹਾਂ ਦੀ ਸਮਾਜਿਕ ਨਿਆਂ, ਸਮਾਜਿਕ ਸਦਭਾਵਨਾ ਤੇ ਸਮਾਜਵਾਦ ਦੇ ਮੁੱਦਿਆਂ ’ਤੇ ਅਨੋਖੀ ਤਰ੍ਹਾਂ ਦੀ ਪੁਸਤਕ ਹੈ। ਆਪਣੀਆਂ ਲਿਖੀਆਂ ਸਾਰੀਆਂ ਪੁਸਤਕਾਂ ਵਿਚ ਉਹ ਅਜਿਹੇ ਵਿਚਾਰਕ ਦੇ ਤੌਰ ’ਤੇ ਸਾਹਮਣੇ ਆਉਂਦੇ ਹਨ ਜੋ ਭਾਰਤ ਵਿਚ ਸੰਪੂਰਨ ਇਨਕਲਾਬੀ ਬਦਲਾਅ ਚਾਹੁੰਦਾ ਹੈ ਅਰਥਾਤ ਜ਼ਮੀਨ ’ਤੇ ਸੰਪੂਰਨ ਕ੍ਰਾਂਤੀ ਦੀ ਜਵਾਲਾ ਜਿਸ ਵਿਚ ਸਭ ਬਰਾਬਰ ਹੋਣ। ਉਨ੍ਹਾਂ ਨੇ ਦੋ ਰਸਾਲਿਆਂ ਦਾ ਸੰਪਾਦਨ ਲੰਮਾ ਸਮਾਂ ਕੀਤਾ ਜਿਸ ਵਿਚ ‘ਰਾਜਧਰਮ’ (ਪੰਦਰਵਾੜਾ) ਤੇ ‘ਕ੍ਰਾਂਤੀ ਧਰਮੀ’ (ਮਾਸਿਕ) ਛਪਦਾ ਰਿਹਾ ਹੈ।

ਉਹ ਥੋੜ੍ਹੇ ਸਮੇਂ ਲਈ ਰਾਜਨੀਤੀ ਵਿਚ ਵੀ ਆਏ ਅਤੇ 1977 ਵਿਚ ਐਮਰਜੈਂਸੀ ਤੋਂ ਬਾਅਦ ਹਰਿਆਣਾ ਤੋਂ ਵਿਧਾਇਕ ਚੁਣੇ ਗਏ ਅਤੇ ਹਰਿਆਣਾ ਦੇ ਸਿੱਖਿਆ ਮੰਤਰੀ ਵੀ ਰਹੇ। 2011 ਵਿਚ ਸਵਾਮੀ ਅਗਨੀਵੇਸ਼ ਨੇ ਮਾਓਵਾਦੀਆਂ ਨਾਲ ਵਿਚੋਲਗੀ ਕੀਤੀ ਤੇ ਪੁਲੀਸ ਵਾਲਿਆਂ ਨੂੰ ਮੁਕਤ ਕਰਵਾਇਆ। ਉਨ੍ਹਾਂ ਸ਼ਾਂਤੀ ਲਈ ਕਸ਼ਮੀਰ ਵਿਚ ਆਪਣਾ ਅਭਿਆਨ ਚਲਾਇਆ, ਪਰ ਸਫ਼ਲ ਨਹੀਂ ਹੋ ਸਕੇ। ਬਾਅਦ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਸ਼ਮੀਰ ਸਮੱਸਿਆ ਹੱਲ ਹੋਵੇ ਕਿਉਂਕਿ ਰਾਜਨੀਤੀ ਦੀ ਫ਼ਸਲ ਤੇ ਰਾਜਨੀਤੀ ਦਾ ਜਸ਼ਨ ਸ਼ਰ੍ਹੇਆਮ ਹੁੰਦਾ ਹੈ। ਅੰਤਰ-ਧਰਮ ਸੰਵਾਦ ਲਈ ਉਨ੍ਹਾਂ ਨੇ ਕੰਮ ਕੀਤਾ ਤੇ ਆਖ਼ਰੀ ਅਭਿਆਨ ਵਜੋਂ ਉਨ੍ਹਾਂ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਬਰਸੀ ’ਤੇ ‘ਰਾਜ ਭਵਨ ਚਲੋ’ ਰੈਲੀ ਦੀ ਅਗਵਾਈ ਕੀਤੀ ਸੀ।

25 ਮਾਰਚ 1970 ਤੋਂ ਲੈ ਕੇ 50 ਸਾਲਾਂ ਦਾ ਲੰਬਾ ਸਮਾਂ ਅਰਥਾਤ ਸੰਨਿਆਸੀ ਦੀ ਲੰਬੀ ਯਾਤਰਾ ’ਚ ਸਵਾਮੀ ਅਗਨੀਵੇਸ਼ ਨੇ ਸਤੀ ਤੇ ਔਰਤਾਂ ਬਾਰੇ ਖੁੱਲ੍ਹ ਕੇ ਲਿਖਿਆ ਤੇ ਆਪਣੀਆਂ ਮੀਟਿੰਗਾਂ ’ਚ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਦੋਂ ਸਾਡੀਆਂ ਬੇਟੀਆਂ ਆਪਣੀ ਮਰਜ਼ੀ ਨਾਲ ਪ੍ਰੇਮ-ਵਿਆਹ ਵਰਗੀਆਂ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਵਾਲੀਆਂ ਕੋਸ਼ਿਸ਼ਾਂ ਜਾਰੀ ਰੱਖਣ ਸ਼ਾਇਦ ਸਮਾਜ ਬਦਲ ਜਾਵੇਗਾ।

ਸਾਰੀਆਂ ਮੁਲਾਕਾਤਾਂ ਵਿਚ ਮੈਨੂੰ ਹਰ ਵਾਰੀ ਲੱਗਿਆ ਕਿ ਸਿੱਖਿਆ ਨੂੰ ਲੈ ਕੇ ਉਨ੍ਹਾਂ ਦੇ ਮਨ ’ਚ ਹਮੇਸ਼ਾ ਇਕ ਪ੍ਰਸ਼ਨ ਰਹਿੰਦਾ ਸੀ। ਉਨ੍ਹਾਂ ਦਾ ਮੱਤ ਸੀ ਕਿ ਇਹ ਸਿੱਖਿਆ ਜੋ ਅਸੀਂ ਹੁਣ ਆਪਣੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਦੇ ਰਹੇ ਹਾਂ, ਉਹ ਜਿਸ ਤਰ੍ਹਾਂ ਦਾ ਦੇਸ਼ ਨਿਰਮਾਣ ਕਰ ਰਹੀ ਹੈ, ਇਹ ਸਾਡੀ ਵਿਰਾਸਤ ਤੇ ਭਵਿੱਖ ਦਾ ਭਾਰਤ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆਤਮਾ ਗ਼ੁਲਾਮੀ ਸਵੀਕਾਰ ਨਹੀਂ ਕਰ ਸਕਦੀ, ਪਰ ਭਾਰਤ ਵਿਚ ਇਹ ਸਭ ਕੁਝ ਕਿਉਂ ਹੈ? ਇਕ ਲਗਾਤਾਰ ਅੱਗ ਉਨ੍ਹਾਂ ਦੇ ਅੰਦਰ ਸੀ। ਮੈਨੂੰ ਯਾਦ ਹੈ ਇਕ ਵਾਰੀ ਮੇਰੀ ਕਿਤਾਬ ‘ਬ੍ਰੇਕਿੰਗ ਨਿਊਜ਼’ ਦਾ ਵਿਮੋਚਨ ਕਰਨ ਉਹ ਜੈਪੁਰ ਮੇਰੇ ਸੱਦੇ ’ਤੇ ਆਏ ਸਨ। ਇਹ ਉਨ੍ਹਾਂ ਦਾ ਵਡੱਪਣ ਸੀ- ਉਨ੍ਹਾਂ ਕਿਹਾ, ਕਿਤਾਬ ਤੋਂ ਬਿਨਾਂ ਜੋ ਕੁਝ ਬੋਲਣਾ ਹੈ, ਉਹ ਮੈਨੂੰ ਦੱਸ ਦਿਓ। ਅਸਲ ਵਿਚ ਉਹ ਖੁੱਲ੍ਹੇ ਮਨ ਤੇ ਮਿਜ਼ਾਜ ਵਾਲੇ ਸਨ। ਆਮ ਜਨਤਾ ਲਈ ਉਨ੍ਹਾਂ ਦੇ ਦਿਲ ਵਿਚ ਹਮੇਸ਼ਾ ਇਕ ਅੱਗ ਮਘਦੀ ਰਹੀ।

ਅਸਲ ਵਿਚ ਉਨ੍ਹਾਂ ਦੀ ਜ਼ਿੰਦਗੀ ’ਚ ਲੋਕ ਸੰਘਰਸ਼ ਤੇ ਸੱਤਾ ਬਦਲਾਓ ਦੀ ਇਕ ਚੇਤਨਾ ਦੀ ਨਵੀਂ ਚਾਹਤ ਸੀ ਜੋ ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ’ਚੋਂ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਬੁਲੰਦ ਆਵਾਜ਼ ਨੂੰ ਕਦੀ ਵੀ ਕੋਈ ਦਬਾ ਨਹੀਂ ਸਕਿਆ।

ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All