DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਬਰ ਜਨਾਹ ਤੋਂ ਬਾਅਦ ਸਮਝੌਤੇ

ਜਬਰ ਜਨਾਹ ਦੇ ਮਾਮਲਿਆਂ ਅਤੇ ਆਪਸੀ ਸਮਝੌਤਿਆਂ ਬਾਰੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਇੱਕ ਅਜਿਹੀ ਗੱਲ ਯਾਦ ਕਰਵਾਉਂਦੀਆਂ ਹਨ ਕਿ ਇਨਸਾਫ਼ ਨੂੰ ਬੰਦ ਕਮਰਿਆਂ ਵਿੱਚ ਸੌਦੇਬਾਜ਼ੀ ਰਾਹੀਂ ਤੈਅ ਨਹੀਂ ਕੀਤਾ ਜਾ ਸਕਦਾ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ...

  • fb
  • twitter
  • whatsapp
  • whatsapp
featured-img featured-img
ਸੁਪਰੀਮ ਕੋਰਟ। ਫਾਈਲ ਫੋਟੋ
Advertisement

ਜਬਰ ਜਨਾਹ ਦੇ ਮਾਮਲਿਆਂ ਅਤੇ ਆਪਸੀ ਸਮਝੌਤਿਆਂ ਬਾਰੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਇੱਕ ਅਜਿਹੀ ਗੱਲ ਯਾਦ ਕਰਵਾਉਂਦੀਆਂ ਹਨ ਕਿ ਇਨਸਾਫ਼ ਨੂੰ ਬੰਦ ਕਮਰਿਆਂ ਵਿੱਚ ਸੌਦੇਬਾਜ਼ੀ ਰਾਹੀਂ ਤੈਅ ਨਹੀਂ ਕੀਤਾ ਜਾ ਸਕਦਾ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਦਿਆਂ, ਜਿਸ ਵਿੱਚ ਸਮਝੌਤੇ ਤੋਂ ਬਾਅਦ ਜਬਰ ਜਨਾਹ ਦੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਗਿਆ ਸੀ, ਸਿਖਰਲੀ ਅਦਾਲਤ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਗੰਭੀਰ ਅਪਰਾਧਿਕ ਮਾਮਲਿਆਂ ਨੂੰ ਵਿੱਤੀ ਸੌਦਿਆਂ ਰਾਹੀਂ ਨਿਬੇੜੇ ਜਾਣ ਵਾਲੇ ਵਿਵਾਦ ਨਹੀਂ ਸਮਝਿਆ ਜਾ ਸਕਦਾ। ਇਹ ਮਾਮਲਾ ਦੋ ਬੇਹੱਦ ਚਿੰਤਾਜਨਕ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ। ਪਹਿਲਾ, ਪੈਸੇ ਵਸੂਲਣ ਦੇ ਲਾਲਚ ਵਿੱਚ ਲਾਏ ਗਏ ਝੂਠੇ ਦੋਸ਼ ਅਤੇ ਦੂਜਾ ਦਬਾਅ ਜਾਂ ਜ਼ੋਰ-ਜ਼ਬਰਦਸਤੀ ਹੇਠ ਵਾਪਸ ਲਈਆਂ ਗਈਆਂ ਅਸਲ ਸ਼ਿਕਾਇਤਾਂ।

ਸੁਪਰੀਮ ਕੋਰਟ ਵਿੱਚ ਸ਼ਿਕਾਇਤਕਰਤਾ ਦਾ ਇਹ ਬਿਆਨ ਕਿ ਉਸ ਨੂੰ ਸਮਝੌਤਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਇਸ ਗੱਲ ਨੂੰ ਸਾਹਮਣੇ ਲਿਆਉਂਦਾ ਹੈ ਕਿ ਅਦਾਲਤਾਂ ਨੂੰ ਅਪਰਾਧਿਕ ਕਾਰਵਾਈਆਂ ਨੂੰ ਖ਼ਤਮ ਕਰਨ ਤੋਂ ਪਹਿਲਾਂ ਕਿਉਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਹਾਲਾਂਕਿ, ਇਸ ਸਾਵਧਾਨੀ ਨੂੰ ਅਦਾਲਤ ਦੀ ਇੱਕ ਹੋਰ ਅਹਿਮ ਚਿੰਤਾ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ। ਇੱਕ ਵੱਖਰੇ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਸਹਿਮਤੀ ਨਾਲ ਬਣਿਆ ਸਰੀਰਕ ਸਬੰਧ ਸਿਰਫ਼ ਇਸ ਲਈ ਜਬਰ ਜਨਾਹ ਨਹੀਂ ਬਣ ਸਕਦਾ ਕਿਉਂਕਿ ਬਾਅਦ ਵਿੱਚ ਰਿਸ਼ਤਾ ਵਿਗੜ ਗਿਆ ਹੈ।

Advertisement

ਕਿਸੇ ਰਿਸ਼ਤੇ ਦੇ ਟੁੱਟਣ ਤੋਂ ਬਾਅਦ ਅਪਰਾਧਿਕ ਕਾਨੂੰਨ ਨੂੰ ਬਦਲਾ ਲੈਣ, ਤੰਗ-ਪ੍ਰੇਸ਼ਾਨ ਕਰਨ ਜਾਂ ਜ਼ੋਰ-ਜ਼ਬਰਦਸਤੀ ਦਾ ਹਥਿਆਰ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਇਹ ਦੋਵੇਂ ਫ਼ੈਸਲੇ ਭਾਵੇਂ ਵੱਖ-ਵੱਖ ਹਾਲਾਤ ਵਿੱਚ ਆਏ ਹੋਣ, ਪਰ ਇਨ੍ਹਾਂ ਦਾ ਮੂਲ ਸਿਧਾਂਤ ਇੱਕੋ ਹੈ ਕਿ ਅਦਾਲਤਾਂ ਨੂੰ ਅੰਦਾਜ਼ਿਆਂ ਜਾਂ ਧਾਰਨਾਵਾਂ ’ਤੇ ਚੱਲਣ ਦੀ ਬਜਾਏ ਤੱਥਾਂ, ਸਹਿਮਤੀ ਅਤੇ ਸਥਿਤੀ ਦੀ ਡੂੰਘਾਈ ਨਾਲ ਪੜਤਾਲ ਕਰਨੀ ਚਾਹੀਦੀ ਹੈ। ਜਬਰ ਜਨਾਹ ਦੇ ਹਰ ਦੋਸ਼ ਨੂੰ ਬਿਨਾਂ ਜਾਂਚ ਤੋਂ ਹੀ ਸੱਚ ਨਹੀਂ ਮੰਨ ਲਿਆ ਜਾਣਾ ਚਾਹੀਦਾ।

Advertisement

ਇਸੇ ਤਰ੍ਹਾਂ ਕੇਸ ਵਿੱਚ ਸਮਝੌਤਾ ਕਰਨ ਦੇ ਸ਼ਿਕਾਇਤਕਰਤਾ ਦੇ ਫ਼ੈਸਲੇ ਨੂੰ ਵੀ ਆਪਣੇ ਆਪ ਵਿੱਚ ਉਸ ਦੀ ਆਪਣੀ ਮਰਜ਼ੀ ਨਹੀਂ ਮੰਨ ਲੈਣਾ ਚਾਹੀਦਾ। ਜਬਰ ਜਨਾਹ ਇੱਕ ਘਿਣਾਉਣਾ ਤੇ ਗੰਭੀਰ ਅਪਰਾਧ ਹੈ, ਜੋ ਔਰਤਾਂ ਦੇ ਸਨਮਾਨ, ਸਰੀਰਕ ਖ਼ੁਦਮੁਖ਼ਤਿਆਰੀ ਅਤੇ ਮੌਲਿਕ ਅਧਿਕਾਰਾਂ ਦਾ ਘਾਣ ਕਰਦਾ ਹੈ। ਇਸ ਦੇ ਨਾਲ ਹੀ ਝੂਠੇ ਦੋਸ਼ ਕਿਸੇ ਦੀ ਸਾਖ਼ ਨੂੰ ਦਾਗ਼ਦਾਰ ਕਰ ਸਕਦੇ ਹਨ ਅਤੇ ਨਿਆਂ ਪ੍ਰਣਾਲੀ ਵਿੱਚੋਂ ਲੋਕਾਂ ਦਾ ਭਰੋਸਾ ਘਟਾ ਸਕਦੇ ਹਨ। ਨਿਆਂਪਾਲਿਕਾ ਦੀ ਜ਼ਿੰਮੇਵਾਰੀ ਦੂਹਰੀ ਹੈ, ਇੱਕ ਪਾਸੇ ਅਸਲ ਪੀੜਤਾਂ ਨੂੰ ਡਰ ਤੇ ਧਮਕੀਆਂ ਤੋਂ ਬਚਾਉਣਾ ਅਤੇ ਦੂਜੇ ਪਾਸੇ ਇਹ ਯਕੀਨੀ ਬਣਾਉਣਾ ਕਿ ਇਸ ਕਾਨੂੰਨ ਦੀ ਅਪਰਾਧਿਕ ਪ੍ਰਕਿਰਿਆ ਦੀ ਦੁਰਵਰਤੋਂ ਨਾ ਹੋਵੇ। ਇਨਸਾਫ਼ ਲਈ ਸਬੂਤਾਂ ’ਤੇ ਆਧਾਰਿਤ ਨਿਰਪੱਖ ਸੁਣਵਾਈ ਜ਼ਰੂਰੀ ਹੈ। ਫ਼ੈਸਲਾ ਕਿਸੇ ਸਮਝੌਤੇ ਜਾਂ ਸਮਾਜਿਕ ਦਬਾਅ ਤਹਿਤ ਨਹੀਂ ਸਗੋਂ ਸਚਾਈ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।

Advertisement
×