ਮੈਂ ਮੁੜ ਏਥੇ ਨ੍ਹੀਂ ਆਉਣਾ
ਨੌਵੀਂ ਤੇ ਦਸਵੀਂ ਜਮਾਤ ’ਚ ਪੰਜਾਬੀ ਸਾਨੂੰ ਡਾ. ਮਨਮੋਹਨ ਸਿੰਘ ਤੀਰ ਹੁਰਾਂ ਨੇ ਪੜ੍ਹਾਈ। ਡਾ. ਤੀਰ ਸਾਡੇ ਸਾਰੇ ਵਿਦਿਆਰਥੀਆਂ ਦੇ ਪਸੰਦੀਦਾ ਅਧਿਆਪਕ ਰਹੇ। ਅਸਾਂ ਕਦੇ ਉਨ੍ਹਾਂ ਦੇ ਹੱਥ ’ਚ ਡੰਡਾ ਨ੍ਹੀਂ ਦੇਖਿਆ। ਇੱਕ ਜਮਾਤ ਤੋਂ ਦੂਜੀ ਜਮਾਤ ਵਿੱਚ ਜਾਂਦਿਆਂ ਨਿੱਤ...
ਨੌਵੀਂ ਤੇ ਦਸਵੀਂ ਜਮਾਤ ’ਚ ਪੰਜਾਬੀ ਸਾਨੂੰ ਡਾ. ਮਨਮੋਹਨ ਸਿੰਘ ਤੀਰ ਹੁਰਾਂ ਨੇ ਪੜ੍ਹਾਈ। ਡਾ. ਤੀਰ ਸਾਡੇ ਸਾਰੇ ਵਿਦਿਆਰਥੀਆਂ ਦੇ ਪਸੰਦੀਦਾ ਅਧਿਆਪਕ ਰਹੇ। ਅਸਾਂ ਕਦੇ ਉਨ੍ਹਾਂ ਦੇ ਹੱਥ ’ਚ ਡੰਡਾ ਨ੍ਹੀਂ ਦੇਖਿਆ। ਇੱਕ ਜਮਾਤ ਤੋਂ ਦੂਜੀ ਜਮਾਤ ਵਿੱਚ ਜਾਂਦਿਆਂ ਨਿੱਤ ਉਨ੍ਹਾਂ ਦੇ ਹੱਥ ਵਿੱਚ ਕੋਈ ਨਾ ਕੋਈ ਕਿਤਾਬ ਹੁੰਦੀ। ਵਿਹਲੇ ਪੀਰੀਅਡ ’ਚ ਸਕੂਲ ਦੀ ਕਿਸੇ ਸ਼ਾਂਤ ਨੁਕਰੇ ਬੈਠ ਉਹ ਕਿਤਾਬ ਨਾਲ ਸਾਂਝ ਪਾ ਲੈਂਦੇ।
ਕਿਤਾਬਾਂ ਨਾਲ ਇਸ਼ਕ ਕਰਨ ਦਾ ਵਣਜ, ਸਾਹਿਤ ਤੇ ਸਟੇਜ ਦੀ ਚੇਟਕ ਅਤੇ ਸ਼ੋਰ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਣਾ ਕਰਨ ਦੀ ਜਾਗ ਸਾਨੂੰ ਡਾ. ਤੀਰ ਹੁਰਾਂ ਨੇ ਹੀ ਲਾਈ। ਪਿਛਲੇ ਦਿਨੀਂ ਜਦੋਂ ਡਾ. ਤੀਰ ਹੁਰਾਂ ਦੀ ਸਿਹਤ ਨਾਸਾਜ਼ ਹੋਣ ਬਾਰੇ ਸੁਣਿਆ ਤਾਂ ਮੇਰਾ ਤ੍ਰਾਹ ਨਿਕਲ ਗਿਆ। ਮੈਂ ਉਸੇ ਸ਼ਾਮ ਇੱਕ ਸਾਹਿਤਕ ਦੋਸਤ ਨੂੰ ਨਾਲ਼ ਲੈ ਕੇ ਡਾ. ਤੀਰ ਹੁਰਾਂ ਦੇ ਘਰ ਪਹੁੰਚ ਗਿਆ। ਸਿਆਲ ਦੀ ਕੋਸੀ-ਕੋਸੀ ਧੁੱਪ ਦਾ ਨਿੱਘ ਮਾਣ ਰਹੇ ਡਾ. ਤੀਰ ਹੁਰਾਂ ਦੇ ਉਦਾਸੇ ਚਿਹਰੇ ’ਤੇ ਸਾਨੂੰ ਦੇਖਦਿਆਂ ਹੀ ਖ਼ੁਸ਼ੀ ਫੈਲ ਗਈ।
ਮੈਂ ਪੈਰੀਂ ਹੱਥ ਲਾਉਂਦਿਆਂ ਪੁੱਛਿਆ,‘‘ਸਰ ਕਿਵੇਂ ਹੋ ਤੁਸੀਂ?’’ ‘‘ਸਿਹਤ ਕਾਫ਼ੀ ਡਾਵਾਂਡੋਲ ਹੋ ਗਈ ਸੀ ਪਰ ਹੁਣ ਮੈਂ ਠੀਕ ਹਾਂ।’’ ਇਹ ਕਹਿੰਦਿਆਂ ਉਨ੍ਹਾਂ ਮੈਨੂੰ ਘੁਟ ਕੇ ਛਾਤੀ ਨਾਲ਼ ਲਾ ਲਿਆ। ਧੀਆਂ ਪੁੱਤਰਾਂ ਤੋਂ ਵੀ ਗੂੜ੍ਹੀ ਅਧਿਆਪਕ-ਵਿਦਿਆਰਥੀ ਦੀ ਸਾਂਝ ਦੀ ਗਵਾਹੀ ਉਨ੍ਹਾਂ ਦੀਆਂ ਅੱਖਾਂ ’ਚ ਉਤਰੀ ਮੁਹੱਬਤੀ ਨਮੀ ਬਿਆਨ ਕਰ ਰਹੀ ਸੀ। ਫਿਰ ਬੈਠਿਆਂ-ਬੈਠਿਆਂ ਜ਼ਹਿਰੀਲੇ ਖਾਣੇ, ਬਿਮਾਰੀਆਂ, ਦਵਾਈਆਂ, ਡਾਕਟਰਾਂ ਤੇ ਹਸਪਤਾਲਾਂ ਬਾਰੇ ਗੱਲਾਂ ਚੱਲ ਪਈਆਂ। ਆਸਟਰੇਲੀਆ ਤੋਂ ਆਈ ਡਾ. ਤੀਰ ਹੁਰਾਂ ਦੀ ਬੇਟੀ ਨੇ ਸਾਨੂੰ ਚਾਹ-ਪਾਣੀ ਪਿਆਇਆ। ਜਦੋਂ ਡਾ. ਤੀਰ ਹੁਰਾਂ ਦੀ 6-7 ਸਾਲ ਦੀ ਦੋਹਤੀ ਖੇਡਦੀ ਹੋਈ ਅੰਦਰੋਂ ਬਾਹਰ ਵੱਲ ਦੌੜੀ ਤਾਂ ਮੈਂ ਉਸ ਨੂੰ ਡਿੱਗਣੋਂ ਬਚਾਉਂਦਿਆਂ ਦੁਲਾਰਦਿਆਂ ਸਵਾਲ ਪੁੱਛਿਆ,‘‘ਹੈਲੋ, ਬੱਚੂ? ਆਸਟਰੇਲੀਆ ਨਾਲੋਂ ਕਿਵੇਂ ਲੱਗ ਰਿਹਾ ਇੰਡੀਆ ਤੁਹਾਨੂੰ?’’ ਮੇਰੇ ਇੰਝ ਪੁੱਛਦਿਆਂ ਹੀ ਬੱਚੀ ਦੇ ਚਿਹਰੇ ’ਤੇ ਖ਼ੁਸ਼ੀ ਦੀ ਥਾਂ ਗੁੱਸੇ ਨੇ ਮੱਲ ਲਈ। ਉਸ ਨੇ ਕਿਹਾ, ‘‘ਗੰਦਾ, ਮੈਂ ਮੁੜ ਏਥੇ ਨ੍ਹੀਂ ਆਉਣਾ।’’
ਬੱਚੀ ਦਾ ਦੋ ਟੁੱਕ ਜਵਾਬ ਸੁਣ ਕੇ ਸਾਡੀ ਪਿਛਲੇ ਇੱਕ ਘੰਟੇ ਤੋਂ ਚੱਲ ਰਹੀ ਗੱਲਬਾਤ ਨੂੰ ਚੁੱਪ ਖਾਣ ਲੱਗੀ। ਇਸ ਚੁੱਪ ਨੂੰ ਤੋੜਦਿਆਂ ਡਾ. ਤੀਰ ਹੁਰਾਂ ਨੇ ਕਿਹਾ, ‘‘ਇਹ ਬੱਚੀ ਇੱਥੋਂ ਦੇ ਸ਼ੋਰ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੈ। ਪਿਛਲੇ ਸਾਲ ਵੀ ਇਹ ਇਸ ਪ੍ਰੇਸ਼ਾਨੀ ਤੋਂ ਚਿੜਦੀ ਰਹੀ ਪਰ ਛੋਟੀ ਹੋਣ ਕਰਕੇ ਕੋਈ ਪ੍ਰਤੀਕਿਰਿਆ ਨਹੀਂ ਸੀ ਦਿੱਤੀ। ਇਨ੍ਹਾਂ ਨੂੰ ਆਇਆਂ ਅਜੇ ਹਫ਼ਤਾ ਨ੍ਹੀਂ ਹੋਇਆ। ਸਫ਼ਰ ਦੇ ਭੰਨੇ ਜਦੋਂ ਆਏ ਤਾਂ ਮਿਲ-ਗਿਲ ਕੇ ਛੇਤੀ ਹੀ ਖਾਣਾ ਖਾ ਕੇ ਸੌਂ ਗਏ। ਅੱਧੀ ਰਾਤ ਨੂੰ ਸਾਡੀ ਗਲੀ ’ਚ 8-10 ਕੁੱਤੇ ਲੜਨ ਲੱਗੇ। ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਇਹਦੀ ਅੱਖ ਖੁੱਲ੍ਹ ਗਈ। ‘ਕਹਿੰਦੀ ਨਾਨੂ ਡੋਗੀਆਂ ਨੂੰ ਚੁੱਪ ਕਰਵਾਓ। ਮੈਂ ਸੌਂ ਨ੍ਹੀਂ ਸਕਦੀ।’ ਮੈਂ ਉੱਠਿਆ, ਬਾਹਰ ਦੀ ਬੱਤੀ ਜਗਾਈ। ਸੋਟੀ ਖੜਕਾਉਂਦਿਆਂ ਕੁੱਤਿਆਂ ਨੂੰ ਬੜੀ ਮੁਸ਼ਕਿਲ ਨਾਲ਼ ਭਜਾਇਆ, ਫੇਰ ਕਿਤੇ ਜਾ ਕੇ ਇਹਦੀ ਅੱਖ ਲੱਗੀ।’’ ਆਖ਼ਰ ਕੌਣ ਬੋਲੂ ਇਸ ਖ਼ਿਲਾਫ਼? ਸਾਡੇ ’ਚ ਫਿਰ ਚੁੱਪ ਵਰਤ ਗਈ।
ਇਸ ਵਾਰ ਵੀ ਡਾ. ਤੀਰ ਨੇ ਚੁੱਪ ਤੋੜਦਿਆਂ ਕਿਹਾ, ‘ਕਲਮ’, ਕਲਮ ਬੋਲੂਗੀ ਇਸ ਵਰਤਾਰੇ ਖ਼ਿਲਾਫ਼। ਚਲੋ ਕੱਲ੍ਹ ਸਾਹਿਤ ਸਭਾ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮਤਾ ਪਾ ਕੇ ਮਿਲੀਏ।’’ ਡਾ. ਤੀਰ ਹੁਰਾਂ ਦੇ ਬੋਲਾਂ ਨੇ ਸਾਡਾ ਹੌਸਲਾ ਬੰਨ੍ਹਾਇਆ। ਮੈਨੂੰ ਲੱਗਦਾ ਹਰ ਸੁਹਿਰਦ ਸ਼ਖ਼ਸ ਨੂੰ ਇਸ ਆਵਾਜ਼ ਦਾ ਹਿੱਸਾ ਬਣਨਾ ਚਾਹੀਦੈ। ਨਹੀਂ ਤਾਂ ਉਸ ਬੱਚੀ ਦੇ ਸ਼ਬਦ ਸਾਨੂੰ ਸ਼ੀਸ਼ਾ ਦਿਖਾਉਂਦੇ ਰਹਿਣਗੇ।
ਸੰਪਰਕ: 98158-25999

