ਹੱਥ ਪੈਰ ਮਾਰਦਿਆਂ...

ਹੱਥ ਪੈਰ ਮਾਰਦਿਆਂ...

ਜਗਦੀਪ ਸਿੱਧੂ

ਰੀਬ, ਨਿਮਨ ਮੱਧ ਵਰਗ ਪਰਿਵਾਰਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜ਼ਿੰਦਗੀ ਦੀ ਕਹਾਣੀ ਕੀ ਹੈ। ਮਾਂ ਪਿਓ ਇਕ ਸਕੂਲ ਵਿਚ ਪੜ੍ਹਨ ਲਾਉਂਦੇ, ਕਿਸੇ ਦੇ ਕਹੇ ਹਟਾ ਕੇ ਦੂਜੇ ਵਿਚ ਲਗਾ ਦਿੰਦੇ। ਉੱਚ ਮੱਧ ਵਰਗ ਪਰਿਵਾਰ ਚੇਤੰਨ ਹੁੰਦੇ ਕਿ ਬੱਚੇ ਨੂੰ ਆਹ ਪੜ੍ਹਾਉਣਾ, ਵੱਡੇ ਹੋ ਕੇ ਆਹ ਵਿਸ਼ੇ ਦਿਵਾਉਣੇ। ਫਲਾਣੀ ਖੇਡ ਖਿਡਾਉਣੀ। ਸਪੋਰਟਸ ਕੋਟੇ ਵਿਚ ਅਫ਼ਸਰ ਲੱਗ ਜੂ, ਫਲਾਣਾ ਫਲਾਣਾ।

ਦੁਨੀਆਂ ਵਿਚ ਸਭ ਤੋਂ ਵੱਧ ਫੁੱਟਬਾਲ ਦੀ ਖੇਡ ਖੇਡੀ ਜਾਂਦੀ ਹੈ। ਸਾਡੀ ਪੀੜ੍ਹੀ ਦੇ ਅੱਸੀ ਫ਼ੀਸਦ ਮੁੰਡਿਆਂ ਨੇ ਆਪਣੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਫੁੱਟਬਾਲ ਜ਼ਰੂਰ ਖੇਡੀ ਹੁੰਦੀ ਹੈ, ਚਾਹੇ ਕਾਗਜ਼ਾਂ ਜਾਂ ਲੀਰਾਂ ਦੀ ਖਿੱਦੋ ਨਾਲ ਹੀ ਕਿਉਂ ਨਾ ਖੇਡੀ ਹੋਵੇ! ਕਦੇ ਕਦੇ ਮੈਨੂੰ ਲੱਗਦਾ, ਇਸ ਦੇ ਆਰਥਿਕ ਕਾਰਨ ਵੀ ਹੁੰਦੇ ਸਨ (ਹਨ)। ਇਕ ਫੁੱਟਬਾਲ ਨਾਲ ਕਿੰਨੇ ਜਣੇ ਖੇਡ ਲੈਂਦੇ, ਸਸਤੀ ਜੋ ਪੈਂਦੀ।

ਅਮੀਰ ਦੇਸ਼ਾਂ ਵਿਚ ਵੀ ਇਹ ਖੇਡ ਜ਼ਿਆਦਾਤਰ ਗ਼ਰੀਬ ਬੱਚੇ ਹੀ ਖੇਡਦੇ ਨੇ, ਚਾਹੇ ਬਾਅਦ ਵਿਚ ਉਹ ਵੱਡੇ ਖਿਡਾਰੀ ਬਣ ਕੇ ਪੈਸੇ ਵਿਚ ਖੇਡਣ। ਗ਼ਰੀਬ ਮੁਲਕਾਂ ਨੇ ਇਸ ਖੇਡ ਵਿਚ ਸਿਖ਼ਰ ਛੂਹੀ ਹੈ। ਕੈਮਰੂਨ, ਨਾਇਜੀਰੀਆ, ਬ੍ਰਾਜ਼ੀਲ, ਪੇਰੂ, ਚਿੱਲੀ ਅਰਜਨਟਾਈਨਾ, ਮੈਕਸੀਕੋ, ਉਰੂਗੁਏ ਆਦਿ। ਕਈ ਦੇਸ਼ਾਂ ਦੇ ਕਈ ਖਿਡਾਰੀ ਵੀ ਵਿਦੇਸ਼ੀ ਕਲੱਬਾਂ ਵਿਚ ਖੇਡਦੇ ਹਨ ਜਿਨ੍ਹਾਂ ਨੇ ਵਿਦੇਸ਼ੀ ਪੂੰਜੀ ਲਿਆ ਕੇ ਆਪਣੀ ਆਰਥਿਕਤਾ ਨੂੰ ਥੋੜ੍ਹਾ ਪੈਰਾਂ ਸਿਰ ਕੀਤਾ ਹੈ; ਜਿਵੇਂ ਗ਼ਰੀਬੀ ਨੂੰ ਕਿੱਕ ਮਾਰੀ ਹੋਵੇ।

ਮੈਂ ਸਵੇਰੇ ਫੁੱਟਬਾਲ, ਆਥਣੇ ਕ੍ਰਿਕਟ ਖੇਡ ਲੈਂਦਾ ਸੀ। ਇਕੋ ਖੇਡ ਵੱਲ ਧਿਆਨ ਦੇਣਾ ਚਾਹੀਦਾ ਸੀ। ਬਹੁਤ ਸ਼ਾਨਦਾਰ ਵਕਤ ਇੰਝ ਹੀ ਜਾਇਆ ਹੋ ਗਿਆ। ਫਿਰ ਪਤਾ ਨਹੀਂ ਫੁੱਟਬਾਲ ਨੇ ਕਿਵੇਂ ਸਾਰੇ ਵਜੂਦ ਨੂੰ ਛੂਹ ਲਿਆ। ਇਹ ‘ਫੁੱਟਬਾਲ’ ਦੇ ਬਾਵਜੂਦ ਸਾਰੇ ਵਜੂਦ ਨੂੰ ਛੂੰਹਦੀ ਵੀ ਸੀ। ਸਿਰ, ਛਾਤੀ ਤੇ ਕਈ ਵਾਰ ਹੱਥਾਂ ਨਾਲ ਛੂਹ ਸਕਦੇ ਸਾਂ।

100 ਗੁਣਾ 75 ਦਾ ਮੈਦਾਨ। ਗੋਲ ਪੋਸਟਾਂ ਵਾਂਗ ਮੰਜ਼ਿਲ ਵੀ ਦੂਰ ਹੀ ਲੱਗਦੀ ਸੀ ਤਦ। ਵੱਡਾ ਚਾਅ ਹੁੰਦਾ ਸੀ। ਤਦ ਮਨ ਵੀ ਹੋਰ ਤਰ੍ਹਾਂ ਦੇ ਹੁੰਦੇ ਸਨ। ਹਵਾ ਭਰੇ ਬਿਨਾਂ ਜਿਵੇਂ ਫੁੱਟਬਾਲ ਨਹੀਂ ਸੀ ਤੁਰਦੀ, ਉਂਵੇ ਹੀ ਸਾਡੇ ਚਾਹੁਣ ਵਾਲ਼ੇ, ਫੂਕ ਛਕਾ ਕੇ ਖੇਡਣ ਵੱਲ ਤੋਰੀ ਰੱਖਦੇ। ਹੱਲਾਸ਼ੇਰੀਆਂ ਦਾ ਸਮਾਂ ਸੀ, “ਚੱਕ ਦੇ ਸ਼ੇਰਾ, ਤੇਰੇ ਵਰਗਾ ਕੋਈ ਨੀ।”

ਪਹਿਲੀ ਵਾਰ ਅਗਰਤਲਾ (ਤ੍ਰਿਪੁਰਾ) ਸਬ ਜੂਨੀਅਰ ਨੈਸ਼ਨਲ ਖੇਡਣ ਗਿਆ। ਇਹ ਹੁਣ ਤਦ ਚੇਤੇ ਆਇਆ, ਜਦ ਉਸੇ ਉੱਤਰ-ਪੂਰਵ ਵੱਲ ਇੰਫਾਲ (ਮਨੀਪੁਰ) ਭਾਰਤੀ ਸਾਹਿਤ ਅਕਾਦਮੀ ਵੱਲੋਂ ਸਰਵ ਭਾਰਤੀ ਕਵਿਤਾ ਉਤਸਵ ਵਿਚ ਕਵਿਤਾ ਪੜ੍ਹਨ ਗਿਆ। ਤਦ ਪੈਰਾਂ ਵਿਚ ਫੁੱਟਬਾਲ ਸੀ, ਹੁਣ ਹੱਥਾਂ ਵਿਚ ਕਲਮ ਹੈ।

ਫਿਰ ਅੱਗੇ ਜਾ ਕੇ ਮੈਨੂੰ ਇਹ ਵੀ ਪਤਾ ਲੱਗਣਾ ਸੀ ਕਿ ਜਿਸ ਸਮੇਂ ਮੈਂ ਫੁੱਟਬਾਲ ਖੇਡ ਰਿਹਾ ਸੀ, ਮੇਰੀ ਪਤਨੀ ਉਸ ਸਮੇਂ ਫੈਂਸਿੰਗ (ਤਲਵਾਰਬਾਜ਼ੀ) ਖੇਡ ਰਹੀ ਸੀ। ਸੰਘਰਸ਼ ਤਦ ਤੋਂ ਹੀ ਸ਼ੁਰੂ ਹੋ ਗਿਆ ਸੀ ਜਿਸ ਨੇ ਅੱਗੇ ਜਾ ਕੇ ਸਾਡੇ ਪੈਰ ਲਗਾਉਣੇ ਸਨ। ਅਸੀਂ ਆਪਣੀ ਖੇਡ ਵਿਚ ਸੋਨਾ ਚਾਂਦੀ (ਮੈਡਲ) ਜਿੱਤ ਰਹੇ ਸਾਂ ਤੇ ਭਵਿੱਖ ਵਿਚ ਇਹ ਸਬੱਬ ਬਣਨਾ ਸੀ, ਇਕ ਦਿਨ ਅਜਿਹਾ ਮੁਕਰਰ ਹੋਣਾ ਸੀ, ਜਦ ਸਾਡੇ ਸੋਨਾ ਚਾਂਦੀ ਪੈਣਾ ਸੀ, ਸਾਡਾ ਵਿਆਹ ਹੋਣਾ ਸੀ। 100 ਗੁਣਾ 75 ਦੇ ਖੇਡ ਮੈਦਾਨ ਨੇ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਵਾਇਆ। ਕਿੱਥੇ ਕਿੱਥੇ ਖੇਡੇ ਅਸੀਂ। ਦੋ ਵਿਰੋਧੀ ਖੇਡਾਂ ਤੇ ਹੋਰ ਬਹੁਤ ਗੱਲਾਂ ਵਿਰੋਧੀ ਹੋਣ ਦੇ ਬਾਵਜੂਦ ਅਸੀਂ ਮਿਲੇ। ਵਿਆਹ ਹੋਇਆ। ਅਸੀਂ ਸੁਭਾਅ, ਆਦਤਾਂ ਕਰ ਕੇ ਇਕੋ ਜਿਹੇ ਨਹੀਂ ਸਾਂ ਪਰ ਇਕ ਦੂਜੇ ਦੀ ਜ਼ਰੂਰਤ ਸਾਂ। ਜਿਉਂ ਮੇਜ਼ ਕੁਰਸੀਆਂ, ਖਿੜਕੀਆਂ ਪਰਦੇ ਅਲੱਗ ਅਲੱਗ ਹੁੰਦੇ ਪਰ ਇਕ ਦੂਜੇ ਦੀ ਲੋੜ ਹੁੰਦੇ। ਜਿੰਨੀ ਫੁੱਟਬਾਲ ਖੇਡ ਸਕਿਆ, ਖੇਡਿਆ। ਫਿਰ ਕੰਮੀਂ ਰੁਝ ਗਿਆ। ਪਤਨੀ ਨੇ ਫੈਂਸਿੰਗ (ਤਲਵਾਰਬਾਜ਼ੀ) ਛੱਡੀ ਪਰ ਹਥਿਆਰ ਨਹੀਂ ਸੁੱਟੇ। ਉਸ ਨੇ ਐੱਨਆਈਐੱਸ ਪਟਿਆਲੇ ਤੋਂ ਕੋਚਿੰਗ ਦਾ ਡਿਪਲੋਮਾ, ਗੋਲਡ ਮੈਡਲ ਏ ਗਰੇਡ ਨਾਲ ਪਾਸ ਕੀਤਾ। ਫਿਰ ਆਧਿਆਪਕ ਲੱਗ ਕੇ ਗ਼ਰੀਬ ਬੱਚਿਆਂ ਨੂੰ ਕੋਚਿੰਗ ਦੇ ਕੇ ਕੌਮੀ, ਕੌਮਾਂਤਰੀ ਪੱਧਰ ਤੇ ਖਿਡਾਇਆ। ਪਿੱਛੇ ਜਿਹੇ ਪੰਜਾਬ ਪਬਲਿਕ ਸਰਵਿਸ ਕਮੀਸ਼ਨ ਵੱਲੋਂ 6 ਅਸਾਮੀਆਂ ਲਈ ਲਏ ਟੈਸਟ ਵਿਚ ਚੋਣ ਹੋਈ। ਜ਼ਿਲ੍ਹਾ ਖੇਡ ਅਧਿਕਾਰੀ ਲੱਗੀ। ਫੁੱਟਬਾਲ, ਫੈਂਸਿੰਗ ਵਿਚ ਹੱਥ ਪੈਰ ਮਾਰੇ ਸਾਡੇ ਕੰਮ ਆਏ।
ਸੰਪਰਕ: 82838-26876

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All