DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਚੋਰੀ ਵਾਲੇ ਪਪੀਤੇ

ਸਾਡੇ ਘਰ ਨੇੜੇ ਹੀ ਖੇਤੀਬਾੜੀ ਯੂਨੀਵਰਸਿਟੀ ਸੀ। ਯੂਨੀਵਰਸਿਟੀ ਕਾਹਦੀ, ਸਮਝੋ ਸਾਡੇ ਲਈ ਤਾਂ ਉਹ ਬਾਹਰਲਾ ਘਰ ਹੀ ਸੀ। ਅਸੀਂ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਤੋਂ ਲੈ ਕੇ ਗੇਟ ਨੰਬਰ ਛੇ ਤੱਕ, ਉਸ ਦੇ ਕੋਨੇ-ਕੋਨੇ ਤੋਂ ਵਾਕਿਫ਼ ਹਾਂ। ਸਾਡਾ ਸਾਰਾ ਬਚਪਨ...

  • fb
  • twitter
  • whatsapp
  • whatsapp
Advertisement

ਸਾਡੇ ਘਰ ਨੇੜੇ ਹੀ ਖੇਤੀਬਾੜੀ ਯੂਨੀਵਰਸਿਟੀ ਸੀ। ਯੂਨੀਵਰਸਿਟੀ ਕਾਹਦੀ, ਸਮਝੋ ਸਾਡੇ ਲਈ ਤਾਂ ਉਹ ਬਾਹਰਲਾ ਘਰ ਹੀ ਸੀ। ਅਸੀਂ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਤੋਂ ਲੈ ਕੇ ਗੇਟ ਨੰਬਰ ਛੇ ਤੱਕ, ਉਸ ਦੇ ਕੋਨੇ-ਕੋਨੇ ਤੋਂ ਵਾਕਿਫ਼ ਹਾਂ। ਸਾਡਾ ਸਾਰਾ ਬਚਪਨ ਅਕਸਰ ਉੱਥੇ ਹੀ ਹੱਸਦਿਆਂ-ਖੇਡਦਿਆਂ ਬੀਤਿਆ। ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਣ ਕਰਕੇ, ਇਸ ਖੇਤੀਬਾੜੀ ਯੂਨੀਵਰਸਿਟੀ ਦਾ ਸਾਡੇ ਜੀਵਨ ਵਿੱਚ ਇੱਕ ਵੱਖਰਾ ਹੀ ਮਹੱਤਵ ਹੈ। ਬਚਪਨ ਵਿੱਚ ਸ਼ਾਮ ਵੇਲੇ ਉੱਥੇ ਜਾ ਕੇ ਝੂਲੇ ਝੂਲਣਾ ਅਤੇ ਫ਼ਰਵਰੀ ਮਹੀਨੇ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਦੀਆਂ ਅਹਿਮ ਯਾਦਾਂ ਅੱਜ ਵੀ ਤਾਜ਼ਾ ਹਨ, ਜੋ ਅੱਜ-ਕੱਲ੍ਹ ਦੇ ਬੱਚਿਆਂ ਦੇ ਬਚਪਨ ਦੇ ਮੁਕਾਬਲੇ ਬਹੁਤ ਹੀ ਰੋਚਕ ਅਤੇ ਰੰਗੀਨ ਪ੍ਰਤੀਤ ਹੁੰਦੀਆਂ ਹਨ। ਉੱਥੇ ਹਰ ਸਾਲ ਫ਼ਰਵਰੀ ਦੇ ਤੀਜੇ ਜਾਂ ਚੌਥੇ ਹਫ਼ਤੇ ਕਿਸਾਨ ਮੇਲਾ ਲੱਗਦਾ ਸੀ, ਜਿਸ ਦਾ ਸਾਨੂੰ ਬਹੁਤ ਚਾਅ ਹੁੰਦਾ ਸੀ। ਅਸੀਂ ਕਈ ਦਿਨ ਪਹਿਲਾਂ ਹੀ ਇਸ ਦੀ ਉਡੀਕ ਕਰਨੀ ਸ਼ੁਰੂ ਕਰ ਦਿੰਦੇ। ਜਦੋਂ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਚੱਲ ਰਿਹਾ ਹੁੰਦਾ ਤਾਂ ਅੰਦਰ ਹੁੰਦੇ ਪ੍ਰੋਗਰਾਮਾਂ ਦੀਆਂ ਆਵਾਜ਼ਾਂ ਲਾਊਡ ਸਪੀਕਰਾਂ ਰਾਹੀਂ ਸਾਡੇ ਘਰ ਤੱਕ ਸਾਫ਼ ਸੁਣਾਈ ਦਿੰਦੀਆਂ, ਜਿਸ ਦਾ ਅਸੀਂ ਭਰਪੂਰ ਆਨੰਦ ਮਾਣਦੇ। ਉਦੋਂ ਆਹ ਸਕੂਟਰਾਂ, ਕਾਰਾਂ ਅਤੇ ਗੱਡੀਆਂ ਦੇ ਹਾਰਨਾਂ ਦੀ ਕਾਵਾਂ-ਰੌਲੀ ਨਹੀਂ ਸੀ ਹੁੰਦੀ। ਉਦੋਂ ਲੋਕ ਲਾਊਡ ਸਪੀਕਰਾਂ ਦਾ ਵਿਰੋਧ ਵੀ ਨਹੀਂ ਸਨ ਕਰਦੇ। ਨਾ ਹੀ ਇਨ੍ਹਾਂ ਦੀ ਉੱਚੀ ਆਵਾਜ਼ ’ਤੇ ਕੋਈ ਟੀਕਾ-ਟਿੱਪਣੀ ਹੁੰਦੀ ਸੀ ਅਤੇ ਨਾ ਹੀ ਅਦਾਲਤਾਂ ਵੱਲੋਂ ਕੋਈ ਸਖ਼ਤ ਕਾਨੂੰਨੀ ਨੋਟਿਸ ਜਾਰੀ ਕੀਤੇ ਜਾਂਦੇ ਸਨ। ਮੇਲਾ ਤਾਂ ਹੁਣ ਵੀ ਲੱਗਦਾ ਹੈ, ਪਰ ਦਿਲਾਂ ਨੂੰ ਖੇੜਾ ਦੇਣ ਵਾਲੀਆਂ ਲਾਊਡ ਸਪੀਕਰਾਂ ਦੀਆਂ ਉਹ ਆਵਾਜ਼ਾਂ ਹੁਣ ਜਾਂ ਤਾਂ ਟ੍ਰੈਫਿਕ ਦੇ ਸ਼ੋਰ ਹੇਠ ਦੱਬ ਕੇ ਰਹਿ ਗਈਆਂ ਹਨ ਜਾਂ ਫਿਰ ਕਾਨੂੰਨੀ ਕਾਰਵਾਈਆਂ ਦੇ ਡਰ ਕਾਰਨ ਲਾਊਡ ਸਪੀਕਰ ਘੱਟ ਆਵਾਜ਼ ਵਿੱਚ ਹੀ ਲਗਾਏ ਜਾਂਦੇ ਹੋਣਗੇ। ਉਦੋਂ ਅਕਸਰ ਅਸੀਂ ਦੋ-ਤਿੰਨ ਘਰਾਂ ਦੇ ਬੱਚੇ ਤਿਆਰ ਹੋ ਕੇ ਆਪਣੀਆਂ ਮਾਵਾਂ ਨਾਲ ਪੈਦਲ ਹੀ ਕਿਸਾਨ ਮੇਲਾ ਦੇਖਣ ਜਾਇਆ ਕਰਦੇ ਸੀ। ਉੱਥੇ ਜਾ ਕੇ ਸਾਰਾ ਮੇਲਾ ਘੁੰਮਣਾ ਅਤੇ ਫਿਰ ਲਾਇਬ੍ਰੇਰੀ ਵਾਲੀ ਸੜਕ ’ਤੇ ਖਾਣ-ਪੀਣ ਦੀਆਂ ਰੇਹੜੀਆਂ ਤੋਂ ਟਿੱਕੀਆਂ, ਗੋਲਗੱਪੇ ਜਾਂ ਸਮੋਸੇ ਵਗੈਰਾ ਖਾ ਕੇ ਪੂਰੇ ਆਨੰਦ ਨਾਲ ਖੁਸ਼ੀ-ਖੁਸ਼ੀ ਘਰ ਪਰਤਦੇ। ਇੱਕ ਵਾਰ ਦੀ ਗੱਲ ਹੈ ਕਿ ਸਾਡੇ ਵੱਡੇ ਭਰਾ ਅਤੇ ਉਸ ਦੇ ਤਿੰਨ-ਚਾਰ ਆੜੀਆਂ ਨੇ ਇਕੱਠੇ ਹੋ ਕੇ ਮੇਲਾ ਦੇਖਣ ਦਾ ਪ੍ਰੋਗਰਾਮ ਬਣਾਇਆ। ਮਾਵਾਂ ਨੇ ਕਿਹਾ ਕਿ ਛੋਟੇ ਜਵਾਕਾਂ ਨੂੰ ਵੀ ਨਾਲ ਹੀ ਲੈ ਜਾਓ ਤੇ ਅਸੀਂ ਵੀ ਉਨ੍ਹਾਂ ਦੇ ਮਗਰ ਹੀ ਮੇਲਾ ਦੇਖਣ ਤੁਰ ਪਏ। ਅਸੀਂ ਸਾਰੇ ਪੰਜ-ਛੇ ਸਾਲ ਤੋਂ ਲੈ ਕੇ ਪੰਦਰਾਂ-ਸੋਲਾਂ ਸਾਲ ਦੀ ਉਮਰ ਤੱਕ ਦੇ ਕੋਈ ਦਸ-ਬਾਰਾਂ ਜਵਾਕ ਸੀ। ਚਾਈਂ-ਚਾਈਂ ਛਾਲਾਂ ਮਾਰਦੇ ਹੋਏ ਅਸੀਂ ਕਦੋਂ ਮੇਲੇ ਪਹੁੰਚ ਗਏ, ਪਤਾ ਹੀ ਨਹੀਂ ਲੱਗਿਆ। ਘੁੰਮਦੇ-ਘੁੰਮਦੇ ਜਦੋਂ ਅਸੀਂ ਕਨਾਤਾਂ ਦੇ ਓਹਲੇ ਪਿਛਲੇ ਪਾਸੇ ਜਾਣ ਵਾਲੇ ਰਸਤੇ ਕੋਲ ਲੱਗੇ ਅਖੀਰਲੇ ਮੇਜ਼ਾਂ ਕੋਲ ਪਹੁੰਚੇ ਤਾਂ ਉੱਥੇ ਨੁਮਾਇਸ਼ ਵਿੱਚ ਇੱਕ ਬਹੁਤ ਵੱਡਾ ਪੀਲਾ ਪਪੀਤਾ ਪਿਆ ਦੇਖਿਆ। ਉੱਥੇ ਉਸ ਦੀ ਨਿਗਰਾਨੀ ਕਰਨ ਵਾਲਾ ਕੋਈ ਵੀ ਮੌਜੂਦ ਨਹੀਂ ਸੀ। ਅਚਾਨਕ ਸਭ ਤੋਂ ਵੱਡੇ, ਮਾਣੇ ਨਾਂ ਦੇ ਮੁੰਡੇ ਦੇ ਮਨ ਵਿੱਚ ਪਤਾ ਨਹੀਂ ਕੀ ਆਈ, ਉਹ ਪਪੀਤਾ ਚੁੱਕ ਕੇ ਭੱਜ ਲਿਆ, ਅਸੀਂ ਦਸ-ਬਾਰਾਂ ਜਵਾਕ ਉਸ ਦੇ ਮਗਰੇ ਨੱਠ ਲਏ। ਲਾਇਬ੍ਰੇਰੀ ਦੇ ਸਾਹਮਣੇ ਬਣੇ ਤਲਾਅ ਦੇ ਕਿਨਾਰੇ ਆ ਕੇ ਅਸੀਂ ਸਾਰੇ ਜਾਣੇ ਸਾਹੋ-ਸਾਹ ਹੋਏ ਘੇਰਾ ਬਣਾ ਕੇ ਬੈਠ ਗਏ। ਸਾਡਾ ਕਿਸੇ ਨੇ ਪਿੱਛਾ ਵੀ ਨਹੀਂ ਕੀਤਾ ਸੀ। ਵੱਡੇ ਮੁੰਡੇ ਨੇ ਦੋਵਾਂ ਹੱਥਾਂ ਦੀ ਹਥੌੜੀ ਬਣਾ ਕੇ ਪਪੀਤੇ ਉੱਤੇ ਮਾਰੀ, ਉਹ ਦੋ-ਤਿੰਨ ਫਾੜ ਹੋ ਗਿਆ। ਉਸ ਨੇ ‘ਸਿਆਣੇ’ ਹੋਣ ਦੇ ਨਾਤੇ ਸਾਰੇ ਜਵਾਕਾਂ ਨੂੰ ਇਸੇ ਤਰ੍ਹਾਂ ਉਂਗਲਾਂ ਨਾਲ ਤੋੜ-ਤੋੜ ਫਾੜੀਆਂ ਬਣਾ ਕੇ ਖਾਣ ਨੂੰ ਦਿੱਤੀਆਂ। ਪੀਲੇ-ਪੀਲੇ ਵੱਡੇ ਸਾਰੇ ‘ਚੋਰੀ ਵਾਲੇ ਪਪੀਤੇ’ ਦੀ ਸ਼ਕਲ ਮੇਰੇ ਖਿਆਲਾਂ ਵਿੱਚ ਅੱਜ ਵੀ ਹੂ-ਬ-ਹੂ ਤਰੋ-ਤਾਜ਼ਾ ਹੈ ਅਤੇ ਉਸ ਦਾ ਸਵਾਦ ਅੱਜ ਵੀ ਮੇਰੇ ਮੂੰਹ ਵਿੱਚ ਪਾਣੀ ਭਰ ਦਿੰਦਾ ਹੈ। ਅਸੀਂ ਸਾਰਿਆਂ ਨੇ ਰੱਜ ਕੇ ਖਾਧਾ ਤੇ ਬਚਿਆ ਹੋਇਆ ਤਲਾਅ ਵਿੱਚ ਵਗਾਹ ਕੇ ਮਾਰਿਆ। ਅਸੀਂ ਸਾਰੇ ਮੇਲੇ ਦਾ ਆਨੰਦ ਮਾਣ ਕੇ ਘਰ ਨੂੰ ਇੰਝ ਮੁੜੇ ਆ ਰਹੇ ਸੀ ਜਿਵੇਂ ਕੋਈ ਫ਼ੌਜ ਦੀ ਟੁਕੜੀ ਬਾਰਡਰ ਤੋਂ ਲੜਾਈ ਜਿੱਤ ਕੇ ਮੁੜ ਰਹੀ ਹੋਵੇ। ਸਾਰੇ ਆਪੋ-ਆਪਣੇ ਘਰੀਂ ਚਲੇ ਗਏ, ਅਸੀਂ ਵੀ ਅੰਦਰ ਵੜਦਿਆਂ ਹੀ ਆਪਣੀ ਬਹਾਦਰੀ ਦੀ ਕਹਾਣੀ ਆਪਣੀ ਮਾਂ ਨੂੰ ਸਾਰੇ ਜਣੇ ਵਾਰੋ-ਵਾਰੀ ਬੋਲ-ਬੋਲ ਕੇ ਦੱਸ ਰਹੇ ਸੀ। ਮਾਂ ਨੇ ਸੁਣਦੇ ਹੀ ਆਖਿਆ “ਦੁਰ ਫਿੱਟੇ ਮੂੰਹ ਤੁਹਾਡੇ ਐਹੋ ਜਿਹਿਆਂ ਦੇ, ਇਹਦੇ ’ਚ ਕਿਹੜੀ ਬਹਾਦਰੀ ਵਾਲੀ ਗੱਲ ਆ, ਖਸਮਾਂ ਨੂੰ ਖਾਣਿਓ! ਜੇ ਤੁਹਾਨੂੰ ਕੋਈ ਫੜ ਲੈਂਦਾ... ਕੁੱਟ-ਕੁੱਟ ਕੇ ਤੁਹਾਡਾ ਦੂੰਬੜ ਬਣਾ ਦੇਣਾ ਸੀ, ਸਾਡੀ ਮਾਪਿਆਂ ਦੀ ਬਦਨਾਮੀ ਅੱਡ ਕਰਾਉਣੀ ਸੀ, ਆਏਂ ਦੱਸਣ ਲੱਗੇ ਆ ਜਿਵੇਂ ਕੋਈ ਇਨਾਮ ਜਿੱਤ ਕੇ ਲਿਆਏ ਹੁੰਦੇ ਆ, ਆਹ ਜਿਹੜੇ ਪੈਸੇ ਦਿੱਤੇ ਸੀ, ਮੇਲੇ ਵਿੱਚ ਇਨ੍ਹਾਂ ਨਾਲ ਕੁਛ ਖਰੀਦ ਕੇ ਖਾ ਲੈਣਾ ਸੀ!”

ਬੱਸ, ਮਾਂ ਦੀ ਐਨੀ ਗੱਲ ਆਖਣ ਦੀ ਦੇਰ ਸੀ ਕਿ ਆ ਗਿਆ ਸਿਰ ਦੋਵਾਂ ਕੰਨਾਂ ਦੇ ਵਿਚਾਲੇ। ਅੱਗੇ ਤੋਂ ਪ੍ਰਣ ਕੀਤਾ ਕਿ ਇਹੋ ਜਿਹੀ ਗ਼ਲਤੀ ਮੁੜ ਕੇ ਨਹੀਂ ਕਰਨੀ। ਪਰ ਇਹ ਗ਼ਲਤੀ ਐਨੀ ਮਿੱਠੀ ਤੇ ਪਿਆਰੀ ਜਿਹੀ ਸੀ ਕਿ ਅੱਜ ਵੀ ‘ਚੋਰੀ ਵਾਲੇ ਪਪੀਤੇ’ ਦੀ ਕਹਾਣੀ ਯਾਦ ਆਉਂਦਿਆਂ ਹੀ ਇਹ ਚਿਹਰੇ ’ਤੇ ਕੁਝ ਪਲਾਂ ਲਈ ਮੁਸਕੁਰਾਹਟ ਲਿਆ ਦਿੰਦੀ ਹੈ। ਅਕਸਰ ਬੰਦਾ ਹੈ ਤਾਂ ਗ਼ਲਤੀਆਂ ਦਾ ਪੁਤਲਾ, ਗ਼ਲਤੀ ਕਰਕੇ ਹੀ ਤਾਂ ਜੀਵਨ-ਜਾਚ ਸਿੱਖਦਾ ਹੈ, ਉਸ ਤੋਂ ਵੀ ਵੱਧ ਜਿਹੜੀ ਗ਼ਲਤੀ ਬੁੱਲ੍ਹਾਂ ’ਤੇ ਆਪ-ਮੁਹਾਰੇ ਮੁਸਕੁਰਾਹਟ ਭਰ ਦੇਵੇ, ਫਿਰ ਉਹ ਗ਼ਲਤੀ ਨਹੀਂ ਬਲਕਿ ਮਿੱਠੀ ਯਾਦ ਬਣ ਜਾਂਦੀ ਹੈ।

Advertisement

ਸੰਪਰਕ: 99889-01324

Advertisement

Advertisement
×