ਸਟੈਪਨੀ
ਭਤੀਜਾ ਹੁਣ ਜਦੋਂ ਕੋਈ ਗੱਲ ਕਰਦਾ ਤਾਂ ਠਰ੍ਹੰਮੇ ਨਾਲ ਕਰਦਾ। ਕਈ ਵਾਰ ਤਾਂ ਸਿਆਣੀਆਂ ਗੱਲਾਂ ਕਰਨ ਲੱਗ ਜਾਂਦਾ। ਗੱਲ ਕਰਨ ਦਾ ਲਹਿਜਾ ਵੀ ਬਦਲ ਗਿਆ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦਾ ਹੈ। ਅਕਸਰ ਜਦੋਂ ਪੜ੍ਹਾਈ ਲਿਖਾਈ ਜਾਂ ਕੰਮ ਵਿੱਚੋਂ...
ਭਤੀਜਾ ਹੁਣ ਜਦੋਂ ਕੋਈ ਗੱਲ ਕਰਦਾ ਤਾਂ ਠਰ੍ਹੰਮੇ ਨਾਲ ਕਰਦਾ। ਕਈ ਵਾਰ ਤਾਂ ਸਿਆਣੀਆਂ ਗੱਲਾਂ ਕਰਨ ਲੱਗ ਜਾਂਦਾ। ਗੱਲ ਕਰਨ ਦਾ ਲਹਿਜਾ ਵੀ ਬਦਲ ਗਿਆ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦਾ ਹੈ। ਅਕਸਰ ਜਦੋਂ ਪੜ੍ਹਾਈ ਲਿਖਾਈ ਜਾਂ ਕੰਮ ਵਿੱਚੋਂ ਵਿਹਲ ਮਿਲਦੀ ਤਾਂ ਮੇਰੇ ਨਾਲ ਫੋਨ ’ਤੇ ਗੱਲਾਂ ਕਰਨ ਲੱਗ ਜਾਂਦਾ। ਪਹਿਲਾਂ ਤਾਂ ਉਹ ਖਰਚੇ ਦੀ ਪਰਵਾਹ ਨਹੀਂ ਸੀ ਕਰਦਾ ਪਰ ਹੁਣ ਇਸ ਪੱਖੋਂ ਉਹ ਕਾਫ਼ੀ ਸੰਕੋਚ ਕਰਨ ਲੱਗ ਪਿਆ। ਵਧੀਆ ਕਾਰ ਲੈ ਲਈ ਉਸ ਨੇ ਅਤੇ ਕਿਸ਼ਤਾਂ ਤਾਰਨ ਲਈ ਕਈ ਵਾਰ ਦੋ-ਦੋ ਸ਼ਿਫਟਾਂ ਵੀ ਕੰਮ ਕਰਦਾ। ਮੈਂ ਅਕਸਰ ਆਖ ਦਿੰਦਾ, ‘ਇੱਥੋਂ ਥੋੜ੍ਹੇ ਪੈਸੇ ਭੇਜ ਦੇਨਾ, ਤੂੰ ਔਖਾ ਨਾ ਹੋ।’ ਉਹ ਅੱਗੋਂ ਆਖਦਾ, ‘ਬੜੇ ਪਾਪਾ ਹੁਣ ਤਾਂ ਜ਼ਿੰਦਗੀ ਦਾ ਸਵਾਦ ਆਉਣ ਲੱਗਿਐ। ਆਪਣੀ ਕਮਾਈ ਦਾ ਆਨੰਦ ਕੁਝ ਵੱਖਰਾ ਹੀ ਹੁੰਦੈ। ਤੁਸੀਂ ਫਿਕਰ ਨਾ ਕਰੋ ਮੈਂ ਗੱਡੀ ਦੀਆਂ ਕਿਸ਼ਤਾਂ ਤਾਰ ਦੇਣੀਆਂ ਨੇ। ਜੇ ਲੋੜ ਪਈ ਤਾਂ ਤੁਹਾਥੋਂ ਮੰਗ ਲਵਾਂਗਾ।’ ਉਹ ਹੁਣ ਕਦੇ ਕਦਾਈਂ ਰਾਤ ਨੂੰ ਸਕਿਉਰਿਟੀ ਦਾ ਕੰਮ ਕਰ ਲੈਂਦੈ। ਇਸ ਕੰਮ ਦੌਰਾਨ ਉਸ ਨਾਲ ਵਡੇਰੀ ਉਮਰ ਦੇ ਵਿਅਕਤੀ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ ਕੋਈ ਪੰਜਾਬ, ਹਰਿਆਣਾ ਦਿੱਲੀ ਅਤੇ ਨੇਪਾਲ ਦਾ ਰਹਿਣ ਵਾਲਾ ਸੀ। ਉਹ ਇਨ੍ਹਾਂ ਬਾਰੇ ਮੇਰੇ ਨਾਲ ਫੋਨ ’ਤੇ ਗੱਲ ਕਰਦਾ ਰਹਿੰਦੈ।
ਕਈ ਵਾਰ ਉਸ ’ਤੇ ਤਰਸ ਆਉਂਦੈ ਕਿ ਛੋਟੀ ਉਮਰ ਵਿੱਚ ਉਹ ਪੜ੍ਹਾਈ ਦੇ ਨਾਲ-ਨਾਲ ਕਈ ਕੰਮ ਕਰ ਰਿਹੈ। ਬਜ਼ੁਰਗਾਂ ਦੀ ਸੰਗਤ ਕਾਰਨ ਉਸ ਵਿੱਚ ਕਾਫ਼ੀ ਬਦਲਾਅ ਆ ਗਿਆ ਸੀ। ਵਿਹਲੇ ਸਮੇਂ ਉਹ ਊਬਰ ਚਲਾਉਂਦੈ। ਕਦੇ ਪੀਜ਼ਾ ਹੱਟ ’ਤੇ ਚਲਿਆ ਜਾਂਦੈ। ਕਈ ਵਾਰ ਮੈਂ ਆਖ ਦਿੰਦਾ ਹਾਂ, ‘ਤੂੰ ਆਰਾਮ ਤੇ ਪੜ੍ਹਾਈ ਕਿਹੜੇ ਵੇਲੇ ਕਰਦੈਂ?’ ਉਹ ਅੱਗੋਂ ਹੱਸ ਕੇ ਟਾਲਦਾ ਹੋਇਆ ਆਖਦੈ, ‘ਜਿੰਨਾ ਸਰੀਰ ਨੂੰ ਵਾਹ ਲਵਾਂਗੇ ਓਨਾ ਚੰਗਾ ਹੈ।’ ਜਦੋਂ ਮੈਂ ਅਜਿਹੇ ਬੋਲ ਉਸ ਦੇ ਮੂੰਹੋਂ ਸੁਣਦਾਂ ਤਾਂ ਹੈਰਾਨੀ ਵੀ ਹੁੰਦੀ ਹੈ ਤੇ ਖੁਸ਼ੀ ਵੀ। ਅਕਸਰ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਇੱਕ ਦਿਨ ਉਹ ਆਖਣ ਲੱਗਿਆ, ‘ਬੜੇ ਪਾਪਾ ਅੱਜ ਜਿਹੜਾ ਮੁੰਡਾ ਮੇਰੇ ਨਾਲ ਡਿਊਟੀ ਕਰ ਰਿਹੈ, ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਦੋਂ ਉਹ ਵਿਆਹ ਕਰਵਾ ਕੇ ਘਰਵਾਲੀ ਨਾਲ ਬਰੈਂਪਟਨ ਆਇਆ ਤਾਂ ਮੁੰਡੇ ਉਸ ਨੂੰ ਸਟੈਪਨੀ ਆਖਣ ਲੱਗ ਪਏ। ਇਸ ਗੱਲੋਂ ਤੰਗ ਹੋ ਕੇ ਉਹ ਤੇ ਉਸ ਦੀ ਘਰਵਾਲੀ ਸਰੀ ਆਪਣੀ ਭੈਣ ਕੋਲ ਆ ਗਏ।’
ਹੁਣ ਜਦੋਂ ਉਸ ਦਾ ਫੋਨ ਆਉਂਦੈ ਤਾਂ ਮੈਂ ਕਈ ਵਾਰ ਪੁੱਛਦਾ ਹਾਂ, ‘ਅੱਜ ਕੌਣ ਹੈ ਤੇਰੇ ਨਾਲ ਡਿਊਟੀ ’ਤੇ। ਸਟੈਪਨੀ, ਨੇਪਾਲੀ ਜਾਂ ਫੇਰ ਕੋਈ ਅੜ੍ਹਬ ਬਾਬਾ।’ ਸਟੈਪਨੀ ਦਾ ਨਾਮ ਸੁਣ ਕੇ ਉਹ ਕਾਫ਼ੀ ਖੁਸ਼ ਹੁੰਦੈ। ਸਟੈਪਨੀ ਦੀ ਗੱਲ ਕਰਦਿਆਂ ਇੱਕ ਦਿਨ ਮੈਨੂੰ ਸਾਲ 1991 ਯਾਦ ਆ ਗਿਆ। ਮੈਂ 12ਵੀਂ ਕਰਕੇ ਗੌਰਮਿੰਟ ਕਾਲਜ ਸੈਕਟਰ-11 ਚੰਡੀਗੜ੍ਹ ਵਿੱਚ ਦਾਖ਼ਲਾ ਲੈ ਲਿਆ। ਪਹਿਲਾਂ ਤਾਂ ਕਾਲਜ ਸਾਈਕਲ ’ਤੇ ਆਉਂਦਾ ਰਿਹਾ। ਫੇਰ ਮਾਪਿਆਂ ਨੇ ਬਜਾਜ ਚੇਤਕ ਸਕੂਟਰ ਲੈ ਦਿੱਤਾ। ਟੌਹਰ ਬਣਾਉਣ ਲਈ ਸਕੂਟਰ ਦੀ ਸਟੈਪਨੀ ਖੋਲ੍ਹ ਦਿੱਤੀ। ਮਾਂ ਨੇ ਬਥੇਰਾ ਕਿਹਾ, ‘ਰੋਡੇ ਭੋਡੇ ਸਕੂਟਰ ’ਤੇ ਕਿਤੇ ਮੈਂ ਪਿੱਛੇ ਨੂੰ ਹੀ ਨਾ ਡਿੱਗ ਜਾਵਾਂ।’ ਇੱਕ ਦਿਨ ਮੈਂ ਤੇ ਮੇਰਾ ਦੋਸਤ ਸਕੂਟਰ ’ਤੇ ਖਰੜ ਵੱਲ ਜਾ ਰਹੇ ਸਾਂ। ਕਿਲ੍ਹੇ ਕੋਲ ਅੱਗੇ ਇੱਕ ਸਕੂਟਰ ਸਾਡੇ ਵਰਗਾ ਹੀ ਜਾ ਰਿਹਾ ਸੀ। ਮੁੰਡੇ ਦੇ ਪਿੱਛੇ ਬਜ਼ੁਰਗ ਔਰਤ ਬੈਠੀ ਸੀ। ਜਦੋਂ ਮੁੰਡੇ ਨੇ ਸਾਈਕਲ ਵਾਲੇ ਕੋਲੋਂ ਸਕੂਟਰ ਕੱਢਿਆ ਤਾਂ ਔਰਤ ਦੇ ਪੈਰ ਸਾਈਕਲ ਨਾਲ ਟਕਰਾ ਗਏ। ਐਨੇ ਵਿੱਚ ਉਹ ਸੰਭਲ ਨਾ ਸਕੀ ਤੇ ਧੜੱਮ ਕਰਦੀ ਸੜਕ ’ਤੇ ਡਿੱਗ ਪਈ। ਅਸੀਂ ਬੜੀ ਮੁਸ਼ਕਲ ਨਾਲ ਬਰੇਕਾਂ ਲਾਈਆਂ। ਅਸੀਂ ਸਕੂਟਰ ਖੜ੍ਹਾ ਕਰ ਕੇ ਔਰਤ ਨੂੰ ਚੁੱਕਿਆ ਤੇ ਸੜਕ ਦੇ ਇੱਕ ਪਾਸੇ ਕੱਚੇ ’ਤੇ ਲੈ ਆਏ। ਘਟਨਾ ਕਾਰਨ ਉਹ ਸਹਿਮ ਗਈ ਸੀ। ਇੱਕ ਦੁਕਾਨਦਾਰ ਨੇ ਉਸ ਨੂੰ ਪਾਣੀ ਪਿਲਾਇਆ। ਥੋੜ੍ਹੀ ਦੇਰ ਬਾਅਦ ਉਸ ਨੂੰ ਕੁਝ ਸੋਝੀ ਆਈ ਤਾਂ ਆਖਣ ਲੱਗੀ, ‘ਮੇਰਾ ਕਰਮਾ ਕਿੱਥੇ ਹੈ?’ ਉਹ ਉੱਚੀ-ਉੱਚੀ ਕਰਮੇ ਨੂੰ ਅਵਾਜ਼ਾਂ ਮਾਰਨ ਲੱਗੀ। ਐਨੇ ਨੂੰ ਸਕੂਟਰ ਚਲਾਉਣ ਵਾਲਾ ਮੁੰਡਾ ਬੋਲ ਪਿਆ, ‘ਬੀਬੀ ਮੈਂ ਠੀਕ ਹਾਂ, ਤੂੰ ਠੀਕ ਏਂ?’ ਔਰਤ ਨੇ ਕਰਮੇ ਨੂੰ ਘੁੱਟ ਕੇ ਆਪਣੇ ਕਲਾਵੇ ਵਿੱਚ ਲੈ ਲਿਆ। ਇੱਕ ਦੁਕਾਨਦਾਰ ਔਰਤ ਲਈ ਕੁਰਸੀ ਲੈ ਆਇਆ। ਔਰਤ ਨੂੰ ਪਹਿਲਾਂ ਲੋਕਾਂ ਨੇ ਫੜ ਕੇ ਤੋਰਿਆ। ਉਸ ਦੀਆਂ ਲੱਤਾਂ, ਬਾਹਾਂ ਛਿੱਲੀਆਂ ਗਈਆਂ ਸਨ। ਮੁੰਡਾ ਆਖਣ ਲੱਗਿਆ, ‘ਬੀਬੀ, ਜੇ ਠੀਕ ਏਂ ਤਾਂ ਘਰ ਚੱਲੀਏ, ਨਹੀਂ ਤਾਂ ਡਾਕਟਰ ਕੋਲ ਚੱਲੀਏ।’ ਬੀਬੀ ਆਖਣ ਲੱਗੀ, ‘ਭਾਈ ਮੈਂ ਆਪਣੇ ਇਸ ਮੁੰਡੇ ਖਾਤਰ ਕੁੜੀ ਦੇਖਣ ਚੱਲੀ ਸੀ।’ ਉਹ ਹੌਲੀ-ਹੌਲੀ ਗੋਡੇ ਨੂੰ ਫੜਦੀ ਹੋਈ ਸਕੂਟਰ ’ਤੇ ਬੈਠ ਗਈ। ਕੋਈ ਬੋਲਿਆ, ‘ਕਾਕਾ ਜੇ ਪਿੱਛੇ ਸਟੈਪਨੀ ਲਾਈ ਹੁੰਦੀ ਤਾਂ ਤੇਰੀ ਮਾਤਾ ਨਾ ਡਿੱਗਦੀ। ਹੁਣ ਦੇਖ ਕੇ ਚਲਾਈਂ।’ ਮੁੰਡਾ ਬੋਲਿਆ, ‘ਹੁਣ ਤਾਂ ਹੌਲੀ-ਹੌਲੀ ਜਾਵਾਂਗੇ।’ ਅਸੀਂ ਵੀ ਆਪਣੀ ਮੰਜ਼ਿਲ ਵੱਲ ਤੁਰ ਪਏ। ਘਰ ਆ ਕੇ ਪਹਿਲਾਂ ਮੈਂ ਸਕੂਟਰ ਨੂੰ ਸਟੈਪਨੀ ਲਾਈ। ਉਸ ਘਟਨਾ ਕਾਰਨ ਮੈਂ ਅੰਦਰੋਂ ਡਰ ਗਿਆ ਸੀ। ਮਾਂ ਵੀ ਹੈਰਾਨ ਸੀ। ਜਦੋਂ ਦੂਜੇ ਦਿਨ ਗਿਆ ਤਾਂ ਦੋਸਤ ਵੀ ਸਕੂਟਰ ਨੂੰ ਵਾਰ-ਵਾਰ ਦੇਖਣ। ਕੋਈ ਕੁੱਝ ਕਹੇ ਤੇ ਕੋਈ ਕੁੱਝ। ਆਪਾਂ ਪਰਵਾਹ ਨਹੀਂ ਕੀਤੀ। ਜਦੋਂ ਮਾਂ ਸਕੂਟਰ ’ਤੇ ਮੇਰੇ ਪਿੱਛੇ ਬੈਠਦੀ ਤਾਂ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ। ਹੁਣ ਭਾਵੇਂ ਮਾਪੇ ਨਹੀਂ ਰਹੇ ਪਰ ਜਦੋਂ ਭਤੀਜੇ ਦਾ ਫੋਨ ਆਉਂਦੈ ਤਾਂ ‘ਸਟੈਪਨੀ’ ਦੇ ਜ਼ਿਕਰ ਕਰਕੇ ਮਾਂ ਜ਼ਰੂਰ ਯਾਦ ਆ ਜਾਂਦੀ ਹੈ।
ਸੰਪਰਕ: 98152-33232

