ਸਸਾਂਕਾ ਪਰੇਰਾ
ਕਈ ਮਹੀਨਿਆਂ ਤੋਂ ਸ੍ਰੀਲੰਕਾ ਦੀ ਜਨਤਾ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਨਹੀਂ ਮਿਲ ਰਹੀਆਂ। ਰਸੋਈ ਗੈਸ ਤੇ ਸੁੱਕੇ ਦੁੱਧ ਦੀ ਭਾਰੀ ਕਿੱਲਤ ਹੈ। ਜਿਹੜੀਆਂ ਚੀਜ਼ਾਂ ਮਿਲ ਵੀ ਰਹੀਆਂ ਹਨ, ਉਨ੍ਹਾਂ ਦੀਆਂ ਕੀਮਤਾਂ ਅਸਮਾਨੀਂ ਜਾ ਚੜ੍ਹੀਆਂ ਹਨ ਜਿਸ ਕਰ ਕੇ ਬਹੁਗਿਣਤੀ ਲੋਕਾਂ ਲਈ ਦੋ ਵਕਤ ਦਾ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ। ਹਸਪਤਾਲਾਂ ਵਿਚ ਬਹੁਤ ਸਾਰੀਆਂ ਸਰਜਰੀਆਂ ਮੁਲਤਵੀ ਕਰ ਦਿੱਤੀਆਂ, ਜਨਤਕ ਖੇਤਰ ਦੇ ਬਹੁਤ ਸਾਰੇ ਡਾਕਟਰ ਆਪਣੇ ਹਸਪਤਾਲ ਚਲਾਉਣ ਲਈ ਸਿੱਧੇ ਰੂਪ ਵਿਚ ਜਨਤਾ ਤੋਂ ਇਮਦਾਦ ਮੰਗ ਰਹੇ ਹਨ। ਇਸ ਵੇਲੇ ਸ੍ਰੀਲੰਕਾ ਅਸਫ਼ਲ ਸਟੇਟ/ਰਿਆਸਤ ਦੀ ਹੌਲਨਾਕ ਮਿਸਾਲ ਬਣ ਗਿਆ ਹੈ।
ਸ੍ਰੀਲੰਕਾ ਦੀ ਚਲੰਤ ਆਰਥਿਕ ਉਥਲ-ਪੁਥਲ ਕਈ ਕਿਸਮ ਦੇ ਹਾਲਾਤ ਨਾਲ ਜੁੜੀ ਹੋਈ ਹੈ। ਇਹ ਅਜਿਹਾ ਮੁਲਕ ਹੈ ਜੋ ਦਵਾਈਆਂ ਤੋਂ ਲੈ ਕੇ ਖੁਰਾਕ ਤੇ ਈਂਧਨ ਤੱਕ, ਹਰ ਚੀਜ਼ ਲਈ ਦਰਾਮਦਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਇਸ ਦੇ ਡਿੱਗਦੇ ਵਿਦੇਸ਼ੀ ਮੁਦਰਾ ਭੰਡਾਰ ਵਰਤਮਾਨ ਹਾਲਾਤ ਦਾ ਮੁੱਖ ਕਾਰਨ ਹਨ। ਇਸ ਤੋਂ ਇਲਾਵਾ 2019 ਵਿਚ ਈਸਟਰ ਤਿਓਹਾਰ ਮੌਕੇ ਹੋਏ ਬੰਬ ਧਮਾਕਿਆਂ ਤੋਂ ਲੈ ਕੇ ਸੈਰ-ਸਪਾਟੇ ਵਿਚ ਕਮੀ ਆ ਗਈ ਜੋ ਇਸ ਦੀ ਵਿਦੇਸ਼ੀ ਮੁਦਰਾ ਕਮਾਉਣ ਦਾ ਮੁੱਖ ਸਰੋਤ ਰਿਹਾ ਹੈ। ਫਿਰ ਕੋਵਿਡ-19 ਨਾਲ ਸੈਰ-ਸਪਾਟਾ ਲਗਭਗ ਠੱਪ ਹੋ ਗਿਆ। ਕਈ ਸਾਲਾਂ ਤੋਂ ਕੌਮਾਂਤਰੀ ਮੰਡੀ ਚੋਂ ਬੇਰੋਕ ਸਰਕਾਰੀ ਕਰਜ਼ੇ ਹਾਸਲ ਕੀਤੇ ਗਏ ਜਿਨ੍ਹਾਂ ਦੀ ਅਦਾਇਗੀ ਲਈ ਕੋਈ ਢੁਕਵੀਂ ਨੀਤੀ ਨਹੀਂ ਅਪਣਾਈ।
ਪਿਛਲੀ ਰਾਜਪਕਸਾ ਹਕੂਮਤ ਦੇ ਕਾਰਜਕਾਲ ਵੇਲੇ ਚੀਨੀ ਕਰਜ਼ਿਆਂ ਨਾਲ ਕਈ ਅਜਿਹੇ ਪ੍ਰਾਜੈਕਟ ਸ਼ੁਰੂ ਕਰ ਦਿੱਤੇ ਗਏ ਜੋ ਚਿੱਟੇ ਹਾਥੀ ਸਾਬਿਤ ਹੋਏ। ਮਟਾਲਾ ਵਿਚ ਰਾਜਪਕਸਾ ਇੰਟਰਨੈਸ਼ਨਲ ਏਅਰਪੋਰਟ ਆਵਾਜਾਈ ਪੱਖੋਂ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਧ ਸੁੰਨਾ ਹਵਾਈ ਅੱਡਾ ਗਿਣਿਆ ਜਾਂਦਾ ਹੈ ਅਤੇ ਹੰਬਨਟੋਟਾ ਬੰਦਰਗਾਹ ਚੀਨ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਨੂੰ 99 ਸਾਲਾਂ ਦੇ ਪੱਟੇ ’ਤੇ ਦੇ ਦਿੱਤੀ ਹੈ। ਰਾਜਧਾਨੀ ਕੋਲੰਬੋ ਵਿਚ ਬਣਿਆ ਲੋਟਸ ਟਾਵਰ ਜਿਸ ਨੂੰ ਏਸ਼ੀਆ ਦੀ ਸਭ ਤੋਂ ਉੱਚੀ ਇਮਾਰਤ ਆਖਿਆ ਜਾਂਦਾ ਹੈ, ਅਜੇ ਤੱਕ ਚਾਲੂ ਨਹੀਂ ਹੋ ਸਕਿਆ ਜਿਸ ਦੀ ਸਿਖਰਲੀ ਮੰਜ਼ਲ ’ਤੇ ਘੁੰਮਣਸ਼ੀਲ (ਰਿਵਾਲਵਿੰਗ) ਰੈਸਤਰਾਂ ਬਣਾਇਆ ਗਿਆ ਹੈ। ਇਹੀ ਨਹੀਂ, ਰਾਸ਼ਟਰਪਤੀ ਰਾਜਪਕਸਾ ਨੇ ਜੈਵਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਦੇ ਨਾਂ ’ਤੇ ਅਚਨਚੇਤ ਰਸਾਇਣਕ ਖਾਦਾਂ ਦੀ ਦਰਾਮਦ ਉੱਤੇ ਰੋਕ ਲਗਾ ਦਿੱਤੀ ਜਿਸ ਨਾਲ ਖੇਤੀਬਾੜੀ ਪੈਦਾਵਾਰ ਵਿਚ ਕਮੀ ਆ ਗਈ।
ਦੋ ਮਹੀਨੇ ਪਹਿਲਾਂ ਮੁਜ਼ਾਹਰੇ ਸ਼ੁਰੂ ਹੋਏ ਜਿਨ੍ਹਾਂ ਵਿਚ ਸ਼ਾਮ ਨੂੰ ਕੁਝ ਸ਼ਹਿਰੀ ਖੇਤਰਾਂ ’ਚ ਕੁਝ ਲੋਕ ਇਕੱਤਰ ਹੋ ਕੇ ਰੋਸ ਪ੍ਰਗਟ ਕਰਦੇ ਸਨ। ਉਹ ਸਰਕਾਰ ਨੂੰ ਅਰਜੋਈਆਂ ਕਰਦੇ ਕਿ ਉਹ ਉਨ੍ਹਾਂ ਦਾ ਜੀਵਨ ਮੁੜ ਲੀਹ ’ਤੇ ਲੈ ਕੇ ਆਵੇ। ਚਾਰ ਹਫ਼ਤੇ ਪਹਿਲਾਂ ਇਹ ਰੋਸ ਮੁਜ਼ਾਹਰੇ ਵਧੇਰੇ ਠੋਸ ਰੂਪ, ਜ਼ੋਰਦਾਰ, ਪੁਰਜ਼ੋਰ ਤੇ ਇਕਾਗਰ ਹੋਣ ਲੱਗ ਪਏ ਤੇ ‘ਗੋਟਾ ਗੋ ਹੋਮ’ (ਗੋਟਾ ਵਾਪਸ ਘਰ ਜਾਓ) ਦੇ ਨਾਅਰੇ ਗੂੰਜਣ ਲੱਗ ਪਏ। ਲੋਕਾਂ ਦੀ ਮੁੱਖ ਮੰਗ ਇਹ ਬਣ ਗਈ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਅਸਤੀਫ਼ਾ ਦੇਣ।
ਰਾਸ਼ਟਰਪਤੀ ਦੇ ਸਕੱਤਰੇਤ ਅਤੇ ਗਾਲੇ ਫੇਸ ਗਰੀਨ ਦੇ ਨੇੜੇ ਮੁਜ਼ਾਹਰਾਕਾਰੀਆਂ ਦਾ ਪੱਕਾ ਮੋਰਚਾ ਲੱਗ ਗਿਆ ਜਿਸ ਦਾ ਨਾਂ ਹੀ ‘ਗੋਟਾ ਗੋ ਗਾਮਾ’ (ਗੋਟਾ ਦਫ਼ਾ ਹੋ ਜਾਓ) ਪੈ ਗਿਆ। ਮੁਜ਼ਾਹਰਾਕਾਰੀਆਂ ਵਿਚ ਸਰਗਰਮ ਸਾਂਝ ਪੈਦਾ ਹੋ ਗਈ ਜਿੱਥੇ ਟੀਅਰ ਗੈਸ ਸਿਨੇਮਾ ਨੇ ਮੂਵੀ ਥੀਏਟਰ, ਦਾਨ ਦੀਆਂ ਕਿਤਾਬਾਂ ਦੀ ਲਾਇਬ੍ਰੇਰੀ, ਮੈਡੀਕਲ ਕੇਂਦਰ, ਕਾਨੂੰਨੀ ਸਹਾਇਤਾ ਕੇਂਦਰ, ਕਲਾਕਾਰਾਂ ਲਈ ਮੰਚ, ਪੀਪਲਜ਼ ਯੂਨੀਵਰਸਿਟੀ ਦੇ ਰੂਪ ਵਿਚ ਵਕਤਾ ਮੰਚ, ਲੰਗਰ ਹਾਲ ਅਤੇ ਸਰਕਾਰ ਦੇ ਵੱਡੇ ਝੋਲੀਚੁੱਕਾਂ ਦੇ ਨਾਂ ’ਤੇ ਵੱਡਾ ਜਨਤਕ ਗੁਸਲ/ਮਲਖ਼ਾਨਾ ਆਦਿ ਖੋਲ੍ਹਣ ਦਾ ਇੰਤਜ਼ਾਮ ਕਰ ਦਿੱਤਾ। ਇਸ ਵਿਸ਼ਾਲ ਬੁਨਿਆਦੀ ਢਾਂਚੇ ਤੋਂ ਹੀ ਮੁਜ਼ਾਹਰਾਕਾਰੀਆਂ ਦੇ ਅਹਿਦ ਦਾ ਪਤਾ ਲੱਗ ਗਿਆ ਸੀ ਕਿ ਹੁਣ ਉਹ ਇਸ ਹਕੂਮਤ ਦਾ ਫ਼ਸਤਾ ਵੱਢੇ ਬਗ਼ੈਰ ਘਰਾਂ ਨੂੰ ਨਹੀਂ ਪਰਤਣਗੇ।
‘ਗੋਟਾ ਗੋ ਗਾਮਾ’ ਬੈਨਰ ਹੇਠ ਟਾਪੂ ਦੀਆਂ ਹੋਰ ਬਹੁਤ ਸਾਰੀਆਂ ਥਾਵਾਂ ’ਤੇ ਲੋਕ ਲਾਮਬੰਦੀ ਹੋਣ ਲੱਗ ਪਈ ਪਰ ਇਨ੍ਹਾਂ ਦੀਆਂ ਤਿੰਨ ਸ਼ਰਤਾਂ ਬਾਦਸਤੂਰ ਕਾਇਮ ਰਹੀਆਂ: ਰੋਸ ਮੁਜ਼ਾਹਰੇ ਅਹਿੰਸਕ ਰਹਿਣਗੇ, ਮੌਜੂਦਾ ਸਿਆਸੀ ਪਾਰਟੀਆਂ ਨੂੰ ਮੁਜ਼ਾਹਰਿਆਂ ਦੇ ਨੇੜੇ ਨਹੀਂ ਢੁਕਣ ਦਿੱਤਾ ਜਾਵੇਗਾ ਅਤੇ ਰੋਸ ਮੁਜ਼ਾਹਰੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਸਤੀਫ਼ੇ ਦੇ ਕੇ ਮੌਜੂਦਾ ਸੰਕਟ ਨਾਲ ਸਿੱਝਣ ਦੇ ਕਾਬਿਲ ਨਵੀਂ ਸਰਕਾਰ ਕਾਇਮ ਨਹੀ ਕਰ ਦਿੱਤੀ ਜਾਂਦੀ।
ਸ਼ੁਰੂ ਤੋਂ ਹੀ ਰੋਸ ਮੁਜ਼ਾਹਰਿਆਂ ਦੇ ਮੁੱਖ ਪੰਡਾਲ ਸਮਾਨਤਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਏ ਜਿੱਥੇ ਈਸਾਈ, ਬੋਧੀ, ਮੁਸਲਮਾਨ ਤੇ ਹਿੰਦੂ ਧਰਮਾਂ ਦੇ ਲੋਕ ਸ਼ਾਮਲ ਹੋ ਕੇ ਪੂਜਾ ਅਰਚਨਾ ਕਰਦੇ ਅਤੇ ਬਿਨਾਂ ਕਿਸੇ ਟਕਰਾਅ ਤੋਂ ਇਕ ਦੂਜੇ ਨਾਲ ਬੈਠਦੇ-ਉੱਠਦੇ। ਸ੍ਰੀਲੰਕਾ ਦੀ ਵੰਡਪਾਊ ਸਿਆਸਤ ਲਈ ਇਹ ਅਜਬ ਨਜ਼ਾਰਾ ਸੀ। ਜਿਨ੍ਹਾਂ ਨੌਜਵਾਨ ਮੁਜ਼ਾਹਰਾਕਾਰੀਆ ਨੇ ਇਹ ਨਜ਼ਾਰਾ ਬੰਨ੍ਹਿਆ, ਉਹ ਭਵਿੱਖ ਦੇ ਸ੍ਰੀਲੰਕਾ ਲਈ ਆਦਰਸ਼ ਹੈ। ਇਹ ਗੱਲ ਵੀ ਅਹਿਮ ਹੈ ਕਿ ਰੋਸ ਮੁਜ਼ਾਹਰਿਆਂ ਵਿਚ ਹਰ ਰੋਜ਼ ਭਾਰੀ ਸੰਖਿਆ ਵਿਚ ਲੋਕ ਜੁੜਦੇ ਹਨ ਅਤੇ ਸ਼ਾਂਤਮਈ, ਸਭਿਅਕ ਤੇ ਰਚਨਾਤਮਿਕ ਢੰਗਾਂ ਰਾਹੀਂ ਆਪਣਾ ਸੰਵਾਦ ਰਚਾ ਰਹੇ ਹਨ।
9 ਮਈ, 2022 ਨੂੰ ਰਾਸ਼ਟਰਪਤੀ ਦੇ ਵੱਡੇ ਭਰਾ ਮਹਿੰਦਾ ਰਾਜਪਕਸਾ ਦੇ ਹਮਾਇਤੀ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਟੈਂਪਲ ਟਰੀਜ਼ ’ਤੇ ਪਹੁੰਚ ਗਏ ਅਤੇ ਉਨ੍ਹਾਂ ਬੇਕਾਬੂ ਹੋ ਕੇ ਮੁਜ਼ਾਹਰਾਕਾਰੀਆਂ ’ਤੇ ਹਮਲਾ ਬੋਲ ਦਿੱਤਾ, ਉਨ੍ਹਾਂ ਦੇ ਪੰਡਾਲ ਪੁੱਟਣੇ ਸ਼ੁਰੂ ਕਰ ਦਿੱਤੇ। ਇਕ ਪਾਸੇ ਉਸ ਉਚ ਸੁਰੱਖਿਅਤ ਖੇਤਰ ਵਿਚ ਐਮਰਜੈਂਸੀ ਲੱਗੀ ਹੋਈ ਸੀ, ਦੂਜੇ ਪਾਸੇ ਪੁਲੀਸ ਤੇ ਫ਼ੌਜ ਦੀ ਮੌਜੂਦਗੀ ਵਿਚ ਸਰਕਾਰ ਦੇ ਹਮਾਇਤੀ ਬਿਨਾਂ ਕਿਸੇ ਭੜਕਾਹਟ ਤੋਂ ਹਿੰਸਾ ਦਾ ਨੰਗਾ ਨਾਚ ਕਰ ਰਹੇ ਸਨ। ਰਾਜਪਕਸਿਆਂ ਦਾ ਇਹ ਵਾਰ ਪੁੱਠਾ ਪੈ ਗਿਆ ਤੇ ਜਲਦੀ ਹੀ ਆਮ ਨਾਗਰਿਕ ਪੀੜਤ ਮੁਜ਼ਾਹਰਾਕਾਰੀਆਂ ਦੀ ਪਿੱਠ ’ਤੇ ਆ ਗਏ। ਸ਼ਾਮ ਢਲਣ ਤੱਕ ਹਮਲਾਵਰਾਂ ਨੂੰ ਢੋਣ ਲਈ ਵਰਤੀਆਂ ਬਹੁਤ ਸਾਰੀਆਂ ਗੱਡੀਆਂ ਸਾੜ ਦਿੱਤੀਆਂ, ਸੱਤਾਧਾਰੀ ਪਾਰਟੀ ਨਾਲ ਸਬੰਧਿਤ ਬਹੁਤ ਸਾਰੇ ਕਾਨੂੰਨਸਾਜ਼ਾਂ ਦੇ 60 ਤੋਂ ਜ਼ਿਆਦਾ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਵਿਚ ਮਹਿੰਦਾ ਰਾਜਪਕਸਾ ਦਾ ਜ਼ੱਦੀ ਘਰ ਵੀ ਸ਼ਾਮਲ ਸੀ; ਇਸ ਦੌਰਾਨ ਨੌਂ ਲੋਕ ਮਾਰੇ ਗਏ। ਉਸੇ ਸ਼ਾਮ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਨੇ ਅਸਤੀਫ਼ਾ ਦੇ ਦਿੱਤਾ ਅਤੇ ਅਗਲੇ ਦਿਨ ਉਨ੍ਹਾਂ ਨੂੰ ਤ੍ਰਿੰਕੋਮਾਲੀ ਵਿਚ ਬਖ਼ਤਰਬੰਦ ਜਲ ਸੈਨਾ ਦੇ ਅੱਡੇ ’ਤੇ ਸ਼ਰਨ ਲੈਣੀ ਪਈ। ਰਾਸ਼ਟਰਪਤੀ ਨੇ ਬਚਾਓ ਦਾ ਰਾਹ ਕੱਢਦਿਆਂ 12 ਮਈ ਨੂੰ ਰਨਿਲ ਵਿਕਰਮਾਸਿੰਘੇ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। 2020 ਦੀਆਂ ਆਮ ਚੋਣਾਂ ਵਿਚ ਰਨਿਲ ਵਿਕਰਮਾਸਿੰਘੇ ਦੀ ਪਾਰਟੀ ਦੀ ਹਾਰ ਹੋਈ ਸੀ ਜਿਸ ਨੂੰ ਪਾਰਲੀਮੈਂਟ ਦੀ ਮਸਾਂ ਇਕ ਸੀਟ ਮਿਲੀ ਸੀ। ਮੁਜ਼ਾਹਰਾਕਾਰੀਆਂ ਦੀ ਨਜ਼ਰ ਵਿਚ ਰਾਜਪਕਸਿਆਂ ਵਾਂਗ ਵਿਕਰਮਸਿੰਘੇ ਦੀ ਵੀ ਕੋਈ ਖ਼ਾਸ ਇੱਜ਼ਤ ਨਹੀਂ ਕਿਉਂਕਿ ਉਹ ਵੀ 1990ਵਿਆਂ ਦੀ ਸਿਆਸੀ ਹਿੰਸਾ, 2015 ਵਿਚ ਆਪਣੀ ਸਰਕਾਰ ਵੇਲੇ ਭ੍ਰਿਸ਼ਟ ਸਿਆਸਤਦਾਨਾਂ ਦੇ ਬਚਾਓ ਵਿਚ ਸ਼ਾਮਲ ਰਹੇ ਸਨ। ਅਜਿਹੀ ਹਾਲਤ ਵਿਚ ਵਿਕਰਮਾਸਿੰਘੇ ਦੀ ਨਿਯੁਕਤੀ ਨਾ ਕੇਵਲ ਅਨੈਤਿਕ ਹੈ ਸਗੋਂ ਗ਼ੈਰ-ਜਮਹੂਰੀ ਵੀ ਹੈ। ਇਸ ਕਦਮ ਨੂੰ ਮੁਲਕ ਨੂੰ ਸੰਕਟ ਤੋਂ ਬਚਾਉਣ ਦੀ ਬਜਾਇ ਰਾਜਪਕਸਾ ਪਰਿਵਾਰ ਦੇ ਸਿਰੋਂ ਮੁਸੀਬਤ ਟਾਲਣ ਦੇ ਯਤਨ ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਵਿਕਰਮਸਿੰਘੇ ਦੀ ਪਿਛਲੀ ਹਕੂਮਤ ਵੇਲੇ ਰਾਜਪਕਸਾ ਭਰਾਵਾਂ ਖਿਲਾਫ਼ ਕੇਸਾਂ ਨੂੰ ਕਦੇ ਵੀ ਅਦਾਲਤ ਵਿਚ ਨਹੀਂ ਲਿਜਾਇਆ ਗਿਆ ਸੀ।
ਅਫ਼ਸੋਸ, 225 ਮੈਂਬਰੀ ਪਾਰਲੀਮੈਂਟ ਵਿਚੋਂ ਭਰੋਸੇਮੰਦ ਲੀਡਰਸ਼ਿਪ ਦਾ ਕੋਈ ਅਜਿਹਾ ਗੰਭੀਰ ਸਿਆਸੀ ਬਦਲ ਨਜ਼ਰੀਂ ਨਹੀਂ ਪੈਂਦਾ। ਇਸ ਲਈ ਆਰਥਿਕ ਸੰਕਟ ਹੱਲ ਹੋਣ ਦੇ ਅਜੇ ਕੋਈ ਆਸਾਰ ਨਹੀਂ ਦਿਸ ਰਹੇ। ਰਾਜਪਕਸਿਆਂ ਨੇ ਮੁੜ ਪੈਰਾਂ ’ਤੇ ਖੜ੍ਹੇ ਹੋਣਾ ਸ਼ੁਰੂ ਕਰ ਦਿੱਤਾ ਹੈ।
ਸ੍ਰੀਲੰਕਾ ਇਸ ਵੇਲੇ ਤਬਾਹੀ ਕੰਢੇ ਪੁੱਜ ਗਿਆ ਹੈ।
*ਲੇਖਕ ਸਾਊਥ ਏਸ਼ੀਅਨ ਯੂਨੀਵਰਸਿਟੀ ਨਵੀਂ ਦਿੱਲੀ
ਦੇ ਡੀਨ (ਸੋਸ਼ਲ ਸਾਇੰਸਜ਼) ਹਨ।