ਕਮਲਜੀਤ ਸਿੰਘ ਬਨਵੈਤ
ਪੁੱਤਰ ਪੰਜਾਬ ਯੂਨੀਵਰਸਿਟੀ ਵਿਚ ਸੀਨੀਅਰ ਰਿਸਰਚ ਫੈਲੋ ਹੈ। ਆਮ ਮੁਲਾਜ਼ਮਾਂ ਦੀ ਤਨਖਾਹ ਨਾਲੋਂ ਉਹਦੇ ਵਜ਼ੀਫ਼ੇ ਦੀ ਰਕਮ ਵੱਧ ਹੈ। ਘਰ ਵਿਚ ਕਾਰ ਹੈ ਪਰ ਉਹ ਯੂਨੀਵਰਸਿਟੀ ਬੁਲੇਟ ‘ਤੇ ਜਾਂਦਾ ਹੈ। ਨੌਜਵਾਨਾਂ ਵਿਚ ਬੁਲੇਟ ਦਾ ਫੈਸ਼ਨ ਤਾਂ ਹੈ ਹੀ ਪਰ ਉਹਦਾ ਚੰਡੀਗੜ੍ਹ ਦੀਆਂ ਸੜਕਾਂ ‘ਤੇ ਵਧੇਰੇ ਟਰੈਫਿਕ ਹੈਣ ਦਾ ਬਹਾਨਾ ਸਾਡੀਆਂ ਦਲੀਲਾਂ ਕੱਟ ਜਾਂਦਾ ਹੈ। ਯੂਨੀਵਰਸਿਟੀ ਵਿਚ ਖੋਜ ਦਾ ਕੰਮ ਦਿਨੇ ਹੀ ਹੁੰਦਾ ਹੈ ਪਰ ਇਕ ਦਿਨ ਉਹ ਵਾਹਵਾ ਲੇਟ ਹੋ ਗਿਆ। ਉਂਝ ਉਸ ਨੇ ਦੇਰੀ ਦੀ ਵਜ੍ਹਾ ਫੋਨ ਕਰ ਕੇ ਪਹਿਲਾਂ ਹੀ ਦੱਸ ਦਿੱਤੀ ਸੀ।
ਅਸੀਂ ਉਸ ਦੇ ਕਹਿਣ ਮੁਤਾਬਕ ਬਾਹਰਲੇ ਦਰਵਾਜ਼ੇ ਨੂੰ ਜੰਦਰਾ ਮਾਰ ਕੇ ਸੌਂ ਗਏ। ਜਦੋਂ ਉਸ ਨੇ ਦੇਰ ਨਾਲ ਘਰ ਆਉਣਾ ਹੁੰਦਾ ਹੈ ਤਾਂ ਉਹ ਆਪਣੀ ਕੁੰਜੀ ਨਾਲ ਬਾਹਰੋਂ ਦਰਵਾਜ਼ਾ ਖੋਲ੍ਹ ਕੇ ਸਾਨੂੰ ਬਗੈਰ ਜਗਾਏ, ਚੁੱਪ-ਚਾਪ ਉੱਪਰ ਆਪਣੇ ਕਮਰੇ ਵਿਚ ਚਲੇ ਜਾਂਦਾ ਹੈ। ਉਸ ਦਿਨ ਰਾਤ ਨੂੰ 12 ਕੁ ਵਜੇ ਜਾਗ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਉਹ ਅਜੇ ਤੱਕ ਆਇਆ ਨਹੀਂ ਸੀ। ਅੰਦਰੋ-ਅੰਦਰੀ ਫਿ਼ਕਰ ਜਿਹਾ ਵੀ ਹੋਇਆ। ਕੁਝ ਸਮੇਂ ਬਾਅਦ ਦੇਖਿਆ ਤਾਂ ਘਰ ਦੀ ਘੰਟੀ ਵੱਜੀ ਤੇ ਨਾਲ ਹੀ ਡਰ ਗਿਆ। ਰਸੋਈ ਦੀ ਤਾਕੀ ਰਾਹੀਂ ਦੇਖਿਆ ਤਾਂ ਤਿੰਨ ਚਾਰ ਬੰਦੇ ਗੇਟ ਦੇ ਬਾਹਰ ਖੜ੍ਹੇ ਸਨ। ਪੁੱਤਰ ਦੇ ਸਿਰ ਦੇ ਕੇਸ ਖੁੱਲ੍ਹੇ ਹੋਏ ਸਨ। ਬਾਹਰ ਰੱਖੀ ਕੁਰਸੀ ‘ਤੇ ਉਹ ਅੱਧ ਲੇਟਿਆ ਪਿਆ ਸੀ। ਉਸ ਦੀ ਮਾਂ ਦੀਆਂ ਤਾਂ ਉੱਥੇ ਹੀ ਲੱਤਾਂ ਥਿੜਕਣ ਲੱਗ ਪਈਆਂ। ਮੈਂ ਹੌਸਲਾ ਕਰ ਕੇ ਬੂਹਾ ਖੋਲ੍ਹਿਆ। ਪੁੱਤਰ ਦੀਆਂ ਲੱਤਾਂ ਅਤੇ ਬਾਹਾਂ ਉੱਤੇ ਕਈ ਥਾਂ ਡੂੰਘੇ ਜ਼ਖ਼ਮ ਸਨ ਪਰ ਉਹ ਗੋਡੇ ਦੀ ਸੱਟ ਨਾਲ ਜਿ਼ਆਦਾ ਤੜਫ ਰਿਹਾ ਸੀ। ਅਸੀਂ ਉਸੇ ਵੇਲੇ ਘਰ ਦੇ ਨੇੜੇ ਪੈਂਦੇ ਪ੍ਰਾਈਵੇਟ ਹਸਪਤਾਲ ਲੈ ਗਏ। ਡਾਕਟਰਾਂ ਨੇ ਉਹਨੂੰ ਐਮਰਜੈਂਸੀ ਵਾਰਡ ਵਿਚ ਦਾਖਲ ਕਰ ਕੇ ਪਹਿਲਾਂ ਮੱਲ੍ਹਮ-ਪੱਟੀ ਕਰ ਦਿੱਤੀ ਅਤੇ ਫਿਰ ਗੋਡੇ ਦੇ ਐਕਸ-ਰੇਅ ਸਮੇਤ ਐੱਮਆਰਆਈ ਅਤੇ ਸੀਟੀ ਸਕੈਨ ਵੀ ਕੀਤਾ। ਅੱਧੇ ਘੰਟੇ ਦਾ ਬਿੱਲ 27000 ਤੋਂ ਵੀ ਵੱਧ ਬਣਾ ਦਿੱਤਾ। ਅਗਲੇ ਦਿਨ ਹੱਡੀਆਂ ਦੇ ਮਾਹਿਰ ਨੂੰ ਮਿਲਣ ਦਾ ਸਮਾਂ ਤੈਅ ਕਰ ਦਿੱਤਾ ਗਿਆ ਤੇ ਹੱਡੀਆਂ ਦੇ ਮਾਹਿਰ ਡਾਕਟਰ ਨੇ ਅਪਰੇਸ਼ਨ ਦੀ ਸਲਾਹ ਦਿੰਦਿਆਂ ਇਕ ਹਫਤੇ ਤੱਕ ਲੱਤ ਨੂੰ ਬਰੇਸ ਲਾ ਕੇ ਰੱਖਣ ਅਤੇ ਨਾਲ ਹੀ ਸੋਜਾ ਘਟਾਉਣ ਲਈ ਦਵਾਈਆਂ ਲਿਖ ਦਿੱਤੀਆਂ। ਬਰੇਸ ਤਾਂ ਘਰ ਆ ਕੇ ਕਿਸੇ ਵੀ ਕੰਮ ਨਾ ਆਇਆ।
ਅੱਜ ਕੱਲ੍ਹ ਇਹ ਚਰਚਾ ਆਮ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਡਾਕਟਰ ਲਾਲਚੀ ਹੋ ਰਹੇ ਹਨ ਤਾਂ ਹੀ ਤਾਂ ਮਹਿੰਗੇ ਟੈਸਟ ਕਰਵਾ ਲਏ ਸਨ; ਇਸ ਲਈ ਇਕ ਹੋਰ ਡਾਕਟਰ ਦੀ ਸਲਾਹ ਲੈਣ ਲਈ ਅਗਲੇ ਦਿਨ ਇਕ ਹੋਰ ਡਾਕਟਰ ਕੋਲ ਚਲੇ ਗਏ। ਉਸ ਨੇ ਐੱਮਆਰਆਈ ਅਤੇ ਸੀਟੀ ਸਕੈਨ ਸਮੇਤ ਐਕਸ-ਰੇਅ ਇਹ ਕਹਿ ਕੇ ਆਪਣੇ ਹਸਪਤਾਲ ਵਿਚੋਂ ਕਰਵਾਏ ਕਿ ਉਸ ਨੂੰ ਦੂਜਿਆਂ ‘ਤੇ ਵਿਸ਼ਵਾਸ ਹੀ ਨਹੀਂ ਹੈ। ਉਹ ਵੀ ਅਪਰੇਸ਼ਨ ਦੇ ਹੱਕ ਵਿਚ ਭੁਗਤਿਆ। ਉਸ ਨੇ ਗੋਡੇ ਦੀ ਸੋਜਿ਼ਸ਼ ਉਤਰਨ ਤੱਕ ਉਡੀਕ ਕਰਨ ਦੀ ਵੀ ਲੋੜ ਨਾ ਸਮਝੀ, ਉਸ ਨੇ ਤਿੰਨ ਦਿਨਾਂ ਬਾਅਦ ਕਿਧਰੇ ਬਾਹਰ ਜਾਣਾ ਸੀ। ਉਂਝ, ਦੋਨੋਂ ਡਾਕਟਰ ਇੱਕ ਹੋਰ ਸਲਾਹ ਵੀ ਦੇ ਰਹੇ ਸਨ ਕਿ ਕੰਮ ਪਲਸਤਰ ਨਾਲ ਵੀ ਸਰ ਸਕਦਾ ਹੈ ਅਤੇ ਸਮਾਂ ਪਾ ਕੇ ਲਿਗਾਮੈਂਟ ਦੇ ਖੁਦ ਜੁੜਨ ਦੇ ਚਾਂਸ ਵੀ ਹੁੰਦੇ ਹਨ।
ਅਸੀਂ ਘਰੇ ਸਲਾਹ ਕਰ ਕੇ ਪੁੱਤਰ ਨੂੰ ਸ਼ਹਿਰ ਦੇ ਵੱਡੇ ਹਸਪਤਾਲ ‘ਚ ਦਿਖਾਉਣ ਦਾ ਮਨ ਬਣਾ ਲਿਆ। ਹਸਪਤਾਲ ਦੇ ਹੱਡੀ ਰੋਗ ਵਿਭਾਗ ਦੇ ਡਾਕਟਰਾਂ ਨੇ ਐੱਮਆਰਆਈ, ਸੀਟੀ ਸਕੈਨ ਅਤੇ ਐਕਸ-ਰੇਅ ਤੇ ਨਜ਼ਰ ਮਾਰਦਿਆਂ ਹੀ ਕਹਿ ਦਿੱਤਾ ਕਿ ਲਿਗਾਮੈਂਟ ਨਾਲ ਚੱਪਣੀ ਦੇ ਪਿੱਛੇ ਵੀ ਫਰੈਕਚਰ ਹੈ ਜਿਹੜਾ ਪਹਿਲੇ ਦੋਵੇਂ ਡਾਕਟਰਾਂ ਦੇ ਨਜ਼ਰੀਂ ਹੀ ਨਹੀਂ ਪਿਆ। ਉਨ੍ਹਾਂ ਪਲਸਤਰ ਲਾਉਣ ਦੀ ਸਲਾਹ ਦੇ ਦਿੱਤੀ।
ਪਲਸਤਰ ਲਾਉਣ ਵਾਲੇ ਵਿਸ਼ੇਸ਼ ਕਮਰੇ ਵਿਚ ਗਏ ਤਾਂ ਡਾਕਟਰ ਸਾਹਿਬ ਨੇ ਦਵਾਈਆਂ ਦੀ ਦੁਕਾਨ ਤੋਂ ਸਾਮਾਨ ਲਿਆਉਣ ਦੀ ਲੰਮੀ ਲਿਸਟ ਫੜਾ ਦਿੱਤੀ। ਮੈਂ ਅਜੇ ਦਵਾਈਆਂ ਵਾਲੀ ਦੁਕਾਨ ਬਾਰੇ ਪੁੱਛਣ ਹੀ ਲੱਗਾ ਸੀ ਕਿ ਉਸ ਨੇ ਖੁਦ ਹੀ ਸਮਾਨ ਹਸਪਤਾਲ ਵਿਚ ਪੁੱਜਦਾ ਕਰਨ ਦੀ ਸਲਾਹ ਦੇ ਦਿੱਤੀ। ਉਸ ਦਾ ਕਹਿਣਾ ਸੀ ਕਿ ਉਹ ਆਪਣੇ ਖ਼ਾਸ ਬੰਦਿਆਂ ਨੂੰ ਦਵਾਈਆਂ ਇਥੇ ਹੀ ਮੰਗਵਾ ਦਿੰਦਾ ਹੈ। ਉਹਨੇ ਮੈਨੂੰ ਆਪਣੇ ਫੋਨ ਤੋਂ ਇੱਕ ਨੰਬਰ ਮਿਲਾਉਣ ਲਈ ਕਿਹਾ। ਉਹ ਕਹਿ ਰਿਹਾ ਸੀ: ਉਹ ਇਹ ਕਹਿ ਕੇ ਸਾਡੇ ਲਈ ਸਮਾਨ ਸਸਤਾ ਮੰਗਵਾ ਲਵੇਗਾ ਕਿ ਅਸੀਂ ਉਸ ਦੇ ਖਾਸ ਬੰਦੇ ਹਾਂ।… ਖ਼ੈਰ! ਮੈਡੀਕਲ ਸਟੋਰ ਦਾ ਕਰਿੰਦਾ ਦਵਾਈਆਂ ਵਾਲਾ ਲਿਫਾਫਾ ਲੈ ਕੇ ਮਿੰਟਾਂ ਵਿਚ ਹਾਜ਼ਰ ਹੋ ਗਿਆ ਸੀ। ਪਲਸਤਰ ਕਰਨ ਵਾਲਾ ਤਕਨੀਸ਼ੀਅਨ ਜਿਹੜਾ ਆਪਣੇ ਆਪ ਨੂੰ ਡਾਕਟਰ ਕਹਾ ਕੇ ਖੁਸ਼ ਹੁੰਦਾ ਹੈ, ਨੇ ਦੋ ਵਾਰ ਹੋਰ ਸਮਾਨ ਮੰਗਵਾਇਆ; ਅਖੇ, ਪਹਿਲਾਂ ਵਾਲਾ ਥੁੜ੍ਹ ਗਿਆ ਹੈ।
ਹਫ਼ਤੇ ਬਾਅਦ ਪੁੱਤਰ ਦੇ ਗੋਡੇ ਦਾ ਐਕਸ-ਰੇਅ ਕਰਵਾ ਕੇ ਹੱਡੀ ਰੋਗ ਮਾਹਿਰ ਡਾਕਟਰ ਨੂੰ ਦੁਬਾਰਾ ਦਿਖਾਉਣ ਗਏ ਤਾਂ ਉਸ ਨੇ ਇਹ ਕਹਿ ਕੇ ਦੁਬਾਰਾ ਪਲਸਤਰ ਲਾਉਣ ਦੀ ਸਲਾਹ ਦੇ ਦਿੱਤੀ ਕਿ ਉਸ ਨੇ ਪਲਸਤਰ ਤਾਂ ਲੱਤ ਸਿੱਧੀ ਕਰ ਕੇ ਲਾਉਣ ਲਈ ਕਿਹਾ ਸੀ। ਪਲਸਤਰ ਲਈ ਫਿਰ ਤੋਂ ਫਿਰ ਉਹੀ ਸਮਾਨ ਮੰਗਵਾਇਆ ਗਿਆ। ਫਸੀ ਨੂੰ ਫਟਕਣ ਕੀ? ਦਿਲ ਅੰਦਰੋਂ ਹਿਰਖ ਉੱਠਣ ਦੇ ਬਾਵਜੂਦ ਡਾਕਟਰ ਨਾਲ ਖਿੜੇ ਮੱਥੇ ਗੱਲ ਕਰਨੀ ਪਈ। ਪੁੱਤਰ ਨੂੰ ਪਹਿਲਾਂ ਨਾਲੋਂ ਵੀ ਵੱਧ ਪੀੜ ਵਿਚੋਂ ਲੰਘਣਾ ਪਿਆ। ਉਹ ਥੱਕ ਚੁੱਕਾ ਸੀ। ਮੈਂ ਉਸ ਨੂੰ ਨਾਲ ਦੇ ਕਮਰੇ ਵਿਚ ਸਟਰੈਚਰ ‘ਤੇ ਲਿਟਾ ਕੇ ਆਪ ਬਾਹਰ ਆ ਕੇ ਬੈਂਚ ਉੱਤੇ ਬੈਠ ਗਿਆ।
ਜਦੋਂ ਮੈਂ ਪਲਸਤਰ ਵਾਲੇ ਕਮਰੇ ਅੱਗਿਓਂ ਲੰਘ ਰਿਹਾ ਸੀ ਤਾਂ ਮੁੜ ਉਹੀ ਆਵਾਜ਼ ਕੰਨੀਂ ਪਈ। ਡਾਕਟਰ ਸਾਹਿਬ ਕਿਸੇ ਹੋਰ ਮਰੀਜ਼ ਨੂੰ ਕਹਿ ਕਰ ਰਹੇ ਸਨ: ਪਲਸਤਰ ਦਾ ਸਮਾਨ ਇੱਥੇ ਹੀ ਮੰਗਵਾ ਦਿੰਦਾ ਹਾਂ; ਬੱਸ ਮੈਡੀਕਲ ਸਟੋਰ ਵਾਲੇ ਨੂੰ ਫੋਨ ‘ਤੇ ਇੰਨਾ ਹੀ ਕਹਿਣ ਦੀ ਲੋੜ ਹੁੰਦੀ ਹੈ ਕਿ ਮਰੀਜ਼ ਮੇਰਾ ਖਾਸ ਬੰਦਾ ਹੈ। ਸਮਾਨ ਸਸਤਾ ਵੀ ਮਿਲ ਜੂ ਨਾਲੇ ਵਧੀਆ ਕੁਆਲਿਟੀ ਦਾ ਹੋਵੇਗਾ।…
ਇੰਨੇ ਨੂੰ ਪਲਸਤਰ ਵਾਲੇ ਕਮਰੇ ਵਿਚੋਂ ਇਕ ਹੋਰ ਔਰਤ ਬਾਹਰ ਨਿਕਲਦੀ ਹੈ, ਉਹ ਨਾਲ ਪਏ ਬੈਂਚ ‘ਤੇ ਲੇਟੇ ਆਪਣੇ ਮਰੀਜ਼ ਨੂੰ ਕਹਿ ਰਹੀ ਹੈ ਕਿ ਡਾਕਟਰ ਸਾਹਿਬ ਸਾਡੇ ਵਾਸਤੇ ਮੈਡੀਕਲ ਸਟੋਰ ਵਾਲੇ ਨੂੰ ਆਪਣਾ ਖਾਸ ਬੰਦਾ ਦੱਸ ਕੇ ਦਵਾਈਆਂ ਸਸਤੀਆਂ ਅਤੇ ਵਧੀਆ ਮੰਗਵਾ ਦੇਣਗੇ…।
ਪੁੱਤਰ ਨੇ ਅੰਦਰੋਂ ਘਰ ਨੂੰ ਜਾਣ ਦੀ ਆਵਾਜ਼ ਦਿੱਤੀ। ਮੈਂ ਉਹਦੇ ਕੋਲ ਜਾਣ ਤੋਂ ਪਹਿਲਾਂ ਹੀ ਪਲਸਤਰ ਵਾਲੇ ਕਮਰੇ ਵਿਚ ਜਾ ਕੇ ਡਾਕਟਰ ਸਾਹਿਬ ਤੋਂ ਘਰ ਜਾਣ ਦੀ ਆਗਿਆ ਲੈ ਲੈਣੀ ਠੀਕ ਸਮਝੀ। ਮੈਂ ਬੂਹਾ ਖੋਲ੍ਹਿਆ ਤਾਂ ਪਲਸਤਰ ਲਾਉਣ ਲਈ ਸਮਾਂ ਦੇਣ ਵਾਲਾ ਬੰਦਾ ਡਾਕਟਰ ਦੇ ਹੱਥ ਨੋਟ ਫੜਾ ਰਿਹਾ ਸੀ…। ਡਾਕਟਰ ਨੇ ਮੈਨੂੰ ਦੇਖਦਿਆਂ ਹੀ ਇਹ ਕਹਿੰਦਿਆਂ ਮੂੰਹ ਘੁੱਟ ਲਿਆ: ਹਿਸਾਬ ਤਾਂ ਨਾਲੋ-ਨਾਲ ਠੀਕ ਰਹਿੰਦਾ।… ਮੇਰੀਆਂ ਅੱਖਾਂ ਅੱਗੇ ਇੱਕ ਮਿੱਤਰ ਡਾਕਟਰ ਦੇ ਮੇਜ਼ ‘ਤੇ ਪਏ ਡਾਇਗਨੌਸਟਿਕ ਸੈਂਟਰਾਂ ਦੇ ਲਿਫਾਫੇ ਘੁੰਮ ਗਏ।
ਸੰਪਰਕ: 98147-34035