ਉਂਜ ਤਾਂ ਸਾਰੇ ਮਾਪਿਆਂ ਨੂੰ ਆਪਣੇ ਬੱਚੇ ਸਭ ਤੋਂ ਸੁੰਦਰ ਲੱਗਦੇ ਹਨ ਅਤੇ ਬੱਚਿਆਂ ਨੂੰ ਆਪਣੇ ਮਾਪੇ ਸਤਿਕਾਰਯੋਗ ਪਰ ਗੱਲ ਵਧਾ-ਚੜ੍ਹਾ ਕੇ ਨਾ ਵੀ ਕਰਾਂ ਤਾਂ ਵੀ ਮੇਰੇ ਬੇਬੇ-ਬਾਪੂ ਜੀ ਸਾਧਾਰਨ ਨਹੀਂ ਸਨ। ਉਨ੍ਹਾਂ ਦਾ ਅਨੁਸ਼ਾਸਨ ਵਿਚ ਰਹਿਣ ਦਾ ਸਲੀਕਾ ਅਜੇ ਵੀ ਉਦਾਹਰਨ ਹੈ। ਦੋਹਾਂ ਦਾ ਆਪਣੇ ਪਰਿਵਾਰ ਨੂੰ ਵੀ ‘ਅਸਾਧਾਰਨ’ ਬਣਾਉਣ ਦਾ ਸੁਪਨਾ ਸੀ। ਮੇਰੇ ਦਾਦਾ ਜੀ ਦੀ ਅਖ਼ੀਰਲੇ ਸਮੇਂ ਵਿਚ ਕੀਤੀ ਸੇਵਾ ਦੀ ਸਾਡੇ ਸਾਰਿਆਂ ਦੇ ਮਨਾਂ ਤੇ ਡੂੰਘੀ ਛਾਪ ਹੈ।
ਬਾਪੂ ਜੀ ਕਹਿਣੀ ਅਤੇ ਕਰਨੀ ਦੇ ਪਰਪੱਕ ਸਨ। ਕੀਤੇ ਵਾਅਦੇ ਤੋਂ ਨਾ ਮੁੱਕਰਨਾ, ਦਿੱਤੇ ਸਮੇਂ ਤੋਂ ਲੇਟ ਨਾ ਹੋਣਾ, ਗ਼ਰੀਬ-ਗੁਰਬੇ ਦੀ ਮਦਦ; ਗੱਲ ਕੀ, ਰੱਬ ਦੀ ਰਜ਼ਾ ਵਿਚ ਰਹਿ ਕੇ ਜੀਵਨ ਬਸਰ ਕਰਨਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਸੀ। ਵਿਆਹ ਮਗਰੋਂ ਬੇਬੇ ਨੇ ਬਾਪੂ ਜੀ ਨੂੰ ਆਪਣਾ ਆਦਰਸ਼ ਤਾਂ ਮੰਨਿਆ ਹੀ, ਨਾਲ ਸੱਸ-ਸਹੁਰੇ ਦੇ ਪੈਰਾਂ ਥੱਲੇ ਵੀ ਤਲੀਆਂ ਵਿਛਾਈਆਂ। ਦਾਦਾ ਸੰਤ ਸੁਭਾਅ ਪਰ ਦਾਦੀ ਅੱਛਰੋ ਓਨੀ ਹੀ ਕੁਪੱਤੀ। ਬਾਵਜੂਦ ਇਸ ਦੇ ਦਾਦਾ ਤੇ ਦਾਦੀ ਵਿਚਕਾਰ ਕਦੇ ਤਕਰਾਰ ਨਹੀਂ ਹੋਇਆ। ਦਾਦੀ ਅੱਛਰੋ ਨੇ ਭਾਵੇਂ ਬੇਬੇ ਜੀ ਨੂੰ ਸੱਸ ਵਾਲਾ ਰੂਪ ਦਿਖਾਇਆ ਪਰ ਬੇਬੇ ਬਗ਼ੈਰ ਮੱਥੇ ਵੱਟ ਪਾਇਆਂ ਬੱਸ ਪੂਜਾ ਕਰਦੇ ਰਹੇ।
ਮੇਰੇ ਵੱਡੇ ਭਰਾ ਨੇ ਪਿੱਛੇ ਜਿਹੇ ਇਹ ਭੇਤ ਖੋਲ੍ਹਿਆ ਕਿ ਦਾਦੀ ਅਤੇ ਬੇਬੇ ਵਿਚਕਾਰ ਫਸੇ ਭਾਈਆ ਜੀ ਕਦੇ ਕਦੇ ਆਪਣੀ ਮਾਂ ਦੇ ਹੱਕ ਵਿਚ ਭੁਗਤ ਜਾਂਦੇ ਸਨ ਪਰ ਬੇਬੇ ਨੇ ਫਿਰ ਵੀ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਇੱਕ ਅੱਧ ਵਾਰ ਮਾਂ ਨੂੰ ਸ਼ਾਂਤ ਕਰਨ ਲਈ ਭਾਈਆ ਜੀ ਨੇ ਬੇਬੇ ਤੇ ਹੱਥ ਵੀ ਚੁੱਕਿਆ ਹੋ ਸਕਦਾ ਹੈ ਪਰ ਇਸ ਦੇ ਉਲਟ ਜਿਹੜੀ ਇੱਕ ਗੱਲ ਅਸੀਂ ਦੇਖਦੇ ਅਤੇ ਕੰਨੀਂ ਸੁਣਦੇ ਰਹੇ ਹਾਂ, ਉਹ ਇਹ ਕਿ ਭਾਈਆ ਜੀ ਨੇ ਬੇਬੇ ਨੂੰ ਕਦੇ ‘ਤੂੰ’ ਨਹੀਂ ਸੀ ਕਿਹਾ। ਉਹ ਹਮੇਸ਼ਾ ਨਾਂ ਲੈ ਕੇ ਆਵਾਜ਼ ਦਿੰਦੇ ਅਤੇ ਫਿਰ ‘ਤੁਸੀਂ’ ਕਹਿ ਕੇ ਗੱਲ ਅੱਗੇ ਤੋਰਦੇ। ਉਨ੍ਹਾਂ ਸਾਨੂੰ ਵੀ ਸਦਾ ਇਹੋ ਸਿੱਖਿਆ ਦਿੱਤੀ ਕਿ ਔਰਤ ਮਾਂ ਹੋਵੇ, ਭੈਣ ਜਾਂ ਧੀ, ਉਸ ਦਾ ਦਰਜਾ ਪੁਰਸ਼ਾਂ ਨਾਲੋਂ ਵੱਡਾ ਹੁੰਦਾ ਹੈ। ਉਹ ਬਹੁਤ ਵਾਰ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਵੀ ਦਿੰਦੇ। ਉਨ੍ਹਾਂ ਇਹੀ ਸਿੱਖਿਆ ਦਿੱਤੀ ਕਿ ਮਾਂ ਪਹਿਲਾਂ ਤੇ ਬਾਪ ਬਾਅਦ ਵਿਚ ਆਉਂਦਾ ਹੈ।
ਪਿਤਾ ਜੀ ਅੱਠਵੀਂ ਪਾਸ ਸਨ ਅਤੇ ਬੇਬੇ ਜੀ ਪੰਜਵੀਂ। ਇੱਕ ਹੋਰ ਹੈਰਾਨੀ ਦੀ ਗੱਲ ਇਹ ਕਿ ਉਦੋਂ ਮਿਡਲ ਪਾਸ ਦੀ ਇੰਨੀ ਵੁਕਅਤ ਹੁੰਦੀ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਬਾਪੂ ਜੀ ਲਈ ਅਧਿਆਪਕ ਦੀ ਨੌਕਰੀ ਦੀ ਪੇਸ਼ਕਸ਼ ਲੈ ਕੇ ਘਰ ਆਇਆ। ਦਾਦਾ ਜੀ ਜ਼ਿਮੀਂਦਾਰ ਸਨ, ਹਾਮੀ ਨਾ ਭਰੀ। ਮੇਰੇ ਲਈ ਅਜੇ ਵੀ ਇਹ ਅਸਚਰਜ ਬਣਿਆ ਹੋਇਆ ਹੈ ਕਿ ਜਿਨ੍ਹਾਂ ਸਮਿਆਂ ਵਿਚ ਔਰਤਾਂ ਨੂੰ ਪਰਦੇ ਪਿੱਛੇ ਲੁਕੋ ਕੇ ਰੱਖਿਆ ਜਾਂਦਾ ਸੀ, ਉਸ ਵੇਲੇ ਭਾਈਆ ਜੀ ਬੇਬੇ ਜੀ ਨੂੰ ਆਪਣੇ ਤੋਂ ਉੱਪਰ ਮੰਨਦੇ ਸਨ। ਅੱਜ ਜਦੋਂ ਸਮਾਜ ਇੰਨਾ ਪੜ੍ਹ-ਲਿਖ ਕੇ ਚਿਹਰੇ ਤੇ ਆਧੁਨਿਕਤਾ ਦੀ ਝਾਲ ਲਾਈ ਫਿਰਦਾ ਹੈ ਪਰ ਪਤਨੀ ਨੂੰ ‘ਤੁਸੀਂ’ ਕਹਿਣ ਤੇ ਪਤੀ ਉੱਤੇ ਵਿਅੰਗ ਕੱਸੇ ਜਾਂਦੇ ਹਨ, ਬਾਪੂ ਜੀ ਨੂੰ ਉਨ੍ਹਾਂ ਸਮਿਆਂ ਵਿਚ ਲੋਕਾਂ ਦੇ ਮਜ਼ਾਕ ਸੁਣਨੇ ਪਏ ਹੋਣ ਤਾਂ ਪਤਾ ਨਹੀਂ ਪਰ ਇੱਕ ਗੱਲ ਪੱਕੀ ਹੈ ਕਿ ਇਸੇ ਵਜ੍ਹਾ ਕਰ ਕੇ ਹੀ ਭਾਈਆ ਜੀ ਦੀ ਆਮ ਨਾਲੋਂ ਵਧੇਰੇ ਕਦਰ ਹੁੰਦੀ ਦੇਖੀ ਹੈ। ਸਾਡੀਆਂ ਤਿੰਨ ਪੀੜ੍ਹੀਆਂ ਵਿਚ ਕਈ ਜਣੇ ਭਾਈਆ ਜੀ ਦੀ ਰੀਸੇ ਆਪਣੀਆਂ ਪਤਨੀਆਂ ਨੂੰ ਤੂੰ ਕਹਿਣ ਤੋਂ ਰੁਕ ਗਏ।
ਬਾਪੂ ਜੀ ਨੂੰ ਸਾਡੇ ਕੋਲੋਂ ਵਿਛੜਿਆਂ ਪੰਜ ਸਾਲ ਹੋ ਗਏ ਅਤੇ ਬੇਬੇ ਜੀ ਨੂੰ ਚਾਰ ਸਾਲ ਤੋਂ ਇੱਕ ਮਹੀਨਾ ਘੱਟ। ਦੋਵੇਂ 95 ਤੋਂ ਉੱਪਰ ਹੋ ਕੇ ਗਏ। ਬਾਪੂ ਜੀ ਦੇ ਜਾਣ ਵੇਲੇ ਬੇਬੇ ਜੀ ਸਦਮੇ ਵਿਚ ਸਨ। ਇੱਕ ਦਿਨ ਕਹਿਣ ਲੱਗੇ, “ਮੇਰੀ ਹੁਣ ਜਿਊਣ ਦੀ ਇੱਛਾ ਨਹੀਂ ਰਹੀ।” ਸਾਡੇ ਸਾਰਿਆਂ ਦੇ ਸਾਹ ਰੁਕ ਗਏ। ਫਿਰ ਉਹ ਆਪਣੇ ਆਪ ਨੂੰ ਥੋੜ੍ਹਾ ਤਕੜਿਆਂ ਕਰ ਕੇ ਬੋਲੇ, “ਚਲੋ, ਤੁਹਾਡੇ ਬਾਪੂ ਜੀ ਦੀ ਪਹਿਲੀ ਬਰਸੀ ਬਾਅਦ ਰੱਬ ਛੇਤੀ ਦੇਣੀ ਚੁੱਕ ਲਵੇ।” ਗਿਆਰਾਂ ਮਹੀਨੇ ਬਾਅਦ ਬਾਪੂ ਜੀ ਦੀ ਬਰਸੀ ਮੌਕੇ ਸਾਧਾਰਨ ਪਾਠ ਰੱਖਿਆ ਸੀ। ਬੇਬੇ ਜੀ ਉਨ੍ਹੀਂ ਦਿਨੀਂ ਕਾਫ਼ੀ ਬਿਮਾਰ ਸਨ। ਭੋਗ ਦੇ ਦਿਨ ਉਹ ਚਾਰ ਵਜੇ ਉੱਠੇ, ਨਿਤਨੇਮ ਕੀਤਾ। ਵੱਡੇ ਭਾਈ ਰਸੋਈ ਵਿਚ ਚਾਹ ਲੈਣ ਗਏ ਹੋਏ ਸਨ ਤਾਂ ਪਿੱਛੋਂ ਬੇਬੇ ਜੀ ਦੀ ਸੇਵਾ ਲਈ ਅਕਸਰ ਕੋਲ ਰਹਿ ਰਹੇ ਤਾਏ ਦੇ ਲੜਕੇ ਨੇ ਆਵਾਜ਼ ਮਾਰੀ, “ਮੈਨੂੰ ਲੱਗਦੈ, ਬੇਬੇ ਜੀ ਵੀ ਗਏ।” ਫਿਰ ਬੇਬੇ ਜੀ ਦੀ ਅੰਤਿਮ ਅਰਦਾਸ ਅਤੇ ਭਾਈਆ ਜੀ ਦੀ ਬਰਸੀ ਦਾ ਭੋਗ ਦਸੀਂ ਦਿਨੀਂ ਇੱਕੋ ਵੇਲੇ ਪਾਇਆ ਗਿਆ।
ਵੱਡੇ ਭਾਈ ਜੋ ਸਾਡੇ ਪੰਜਾਂ ਭਰਾਵਾਂ ਵਿਚੋਂ ਸਭ ਤੋਂ ਵੱਡੇ ਹਨ, ਦੀ ਬੇਬੇ ਜੀ ਸਾਂਝ ਨਾਲ ਸ਼ੁਰੂ ਤੋਂ ਹੀ ਵਧੇਰੇ ਰਹੀ ਹੈ। ਬੇਬੇ ਜੀ ਦਾ ਕੋਈ ਭਰਾ ਨਹੀਂ ਸੀ। ਸ਼ਾਇਦ ਇਸੇ ਕਰ ਕੇ ਉਹ ਵੱਡੇ ਭਾਈ ਨੂੰ ਕਈ ਵਾਰ ਵੀਰਾ ਕਹਿ ਕੇ ਹਾਕ ਮਾਰਦੇ। ਖ਼ੈਰ! ਭੋਗ ਤੋਂ ਤੀਜੇ ਦਿਨ ਅਸੀਂ ਸਾਰੇ ਭਰਾ ਆਪੋ-ਆਪਣੇ ਘਰਾਂ ਨੂੰ ਮੁੜ ਆਏ। ਅਗਲੇ ਦਿਨ ਵੱਡੇ ਭਾਜੀ ਦਾ ਫ਼ੋਨ ਆਇਆ, ਆਵਾਜ਼ ਥੋੜ੍ਹੀ ਭਾਰੀ ਸੀ, ਕਹਿਣ ਲੱਗੇ, “ਚੰਡੀਗੜ੍ਹ ਆਇਆ ਹੋਇਆਂ, ਅੱਜ ਤੇਰੇ ਨਾਲ ਚਾਹ ਪੀਣ ਦਾ ਦਿਲ ਹੈ।” ਅਸੀਂ ਇੱਕ ਰੈਸਟੋਰੈਂਟ ਵਿਚ ਬੈਠ ਗਏ। ਥੋੜ੍ਹਾ ਚਿਰ ਚੁੱਪ ਛਾਈ ਰਹੀ। ਮੈਂ ਹੀ ਚੁੱਪ ਤੋੜੀ, “ਅੱਜ ਪਹਿਲੀ ਵਾਰ ਹੈ, ਜਦੋਂ ਮਾਪਿਆਂ ਦਾ ਸਾਇਆ ਸਿਰ ਤੋਂ ਉਠ ਜਾਣ ਤੋਂ ਬਾਅਦ ਮਿਲ ਰਹੇ ਹਾਂ।” ਮੇਜ਼ ਦੇ ਦੂਜੇ ਪਾਸੇ ਬੈਠਿਆਂ ਵੱਡੇ ਭਾਈ ਨੇ ਮੇਰੇ ਸਿਰ ਤੇ ਹੱਥ ਰੱਖਿਆ, “ਵੱਡਾ ਭਰਾ ਪਿਉ ਹੁੰਦਾ।” ਅਗਲੇ ਪਲ਼ ਬੋਲੇ, “ਸਾਡੇ ਮਾਪੇ ਸਾਧਾਰਨ ਨਹੀਂ ਸਨ।” ਉਨ੍ਹਾਂ ਦੇ ਅਸਾਧਾਰਨ ਮਨੁੱਖ ਹੋਣ ਦੇ ਹਵਾਲੇ ਨਾਲ ਭਾਈ ਨੇ ਇਹ ਗੱਲ ਦੱਸੀ: ਬੇਬੇ ਜੀ ਦੱਸਦੇ ਸਨ ਕਿ ਬਾਪੂ ਜੀ ਨੇ ਕਈ ਸਾਲ ਪਹਿਲਾਂ ਉਨ੍ਹਾਂ ਦੀ ਮਾਂ (ਸਾਡੀ ਦਾਦੀ) ਨੇ ਬੇਬੇ ਨਾਲ ਕੀਤੀ ਸਖ਼ਤਾਈ ਅਤੇ ਉਨ੍ਹਾਂ ਦੀ ਜ਼ਿਆਦਤੀ ਲਈ ਮੁਆਫ਼ੀ ਮੰਗੀ ਸੀ: ਨਾਂ ਲੈ ਕੇ ਕਹਿੰਦੇ- “ਮੈਨੂੰ ਮੁਆਫ਼ ਕਰੀਂ।”
“ਮੈਨੂੰ ਮੁਆਫ਼ ਕਰੀਂ” ਵਾਲੇ ਸ਼ਬਦ ਯਾਦ ਕਰ ਕੇ ਅੱਖਾਂ ਭਰ ਆਈਆਂ ਅਤੇ ਜੀਭ ਤਾਲੂ ਨਾਲ ਲੱਗ ਚੁੱਕੀ ਸੀ। ਉਥੋਂ ਹੀ ਅਸੀਂ ਇੱਕ ਦੂਜੇ ਤੋਂ ਵਿਦਾ ਲਈ। ਕਾਰ ਵਿਚ ਬੈਠਾ ਤਾਂ ਸੀਟ ਉੱਤੇ ਪਈ ਅਖ਼ਬਾਰ ਵੱਲ ਨਜ਼ਰ ਚਲੀ ਗਈ: ਇਕ ਖਬਰ ਦਾ ਸਿਰਲੇਖ ਦੱਸ ਰਿਹਾ ਸੀ ਕਿ ਦਸ ਵਿਚੋਂ ਸੱਤ ਕੁੜੀਆਂ ਦੇ ਘਰ ਟੁੱਟ ਰਹੇ ਹਨ। ਕੁੜੀ ਆਪਣੀ ਸੱਸ ਨੂੰ ਮਾਂ ਅਤੇ ਸੱਸ ਆਪਣੀ ਨੂੰਹ ਨੂੰ ਧੀ ਸਮਝਣ ਤੋਂ ਇਨਕਾਰੀ ਹੈ। ਹੇਠਾਂ ਇੱਕ ਮਨੋਵਿਗਿਆਨੀ ਦੀ ਟਿੱਪਣੀ ਸੀ: ‘ਮੁਆਫ਼ੀ ਮੰਗਣ ਵਾਲੇ ਨਾਲੋਂ ਮੁਆਫ਼ ਕਰਨ ਵਾਲਾ ਵੱਡਾ ਹੁੰਦਾ ਹੈ।’
ਅਖ਼ਬਾਰ ਤੋਂ ਧਿਆਨ ਹਟਿਆ ਤਾਂ ਰੇਡੀਓ ਤੇ ਅਣਬਣ ਵਾਲੇ ਜੋੜਿਆਂ ਨੂੰ ਨੇੜੇ ਲਿਆਉਣ ਲਈ ਚੱਲ ਰਹੀ ਸੁਲ੍ਹਾ-ਸਫ਼ਾਈ ਦੌਰਾਨ ‘ਮਾਂ-ਭੈਣ…’ ਸ਼ਬਦ ਕੰਨੀਂ ਪੈਣ ਲੱਗੇ। “ਮੁਆਫ਼ ਕਰੀਂ” ਵਾਲੇ ਸ਼ਬਦ ਮੁੜ ਚੇਤੇ ਅੰਦਰ ਉੱਭਰੇ, ਰੇਡੀਓ ਰੇਂਜ ਖ਼ਤਮ ਹੋਣ ਕਾਰਨ ਪ੍ਰੋਗਰਾਮ ਵਿਚਾਲੇ ਹੀ ਰੁਕ ਗਿਆ। ਮੈਂ ਕਾਰ ਪਾਸੇ ਰੋਕ ਕੇ ਹੰਝੂ ਪੂੰਝ ਰਿਹਾ ਸਾਂ।
ਸੰਪਰਕ: 98147-34035