ਛੋਟੀ ਜ਼ਿੰਮੇਵਾਰੀ ਵੱਡਾ ਫਲਸਫ਼ਾ
ਗੱਲ ਉਦੋਂ ਦੀ ਹੈ ਜਦੋਂ ਕਾਲਜ ਦੀ ਪੜ੍ਹਾਈ ਦੇ ਪਹਿਲੇ ਹੀ ਸਾਲ ਕੌਮੀ ਸੇਵਾ ਯੋਜਨਾ (ਐੱਨ ਐੱਸ ਐੱਸ) ਕੈਂਪ ਵਿੱਚ ਹਿੱਸਾ ਲੈਣ ਦਾ ਸਬੱਬ ਬਣਿਆ। ਕਾਲਜ ਦੇ ਸੈਂਕੜੇ ਵਿਦਿਆਰਥੀ ਇਸ ਕੈਂਪ ਵਿੱਚ ਭਾਗ ਲੈ ਰਹੇ ਸਨ। ਉਦੋਂ ਪੰਜਾਬ ਦੇ ਹਾਲਾਤ...
ਗੱਲ ਉਦੋਂ ਦੀ ਹੈ ਜਦੋਂ ਕਾਲਜ ਦੀ ਪੜ੍ਹਾਈ ਦੇ ਪਹਿਲੇ ਹੀ ਸਾਲ ਕੌਮੀ ਸੇਵਾ ਯੋਜਨਾ (ਐੱਨ ਐੱਸ ਐੱਸ) ਕੈਂਪ ਵਿੱਚ ਹਿੱਸਾ ਲੈਣ ਦਾ ਸਬੱਬ ਬਣਿਆ। ਕਾਲਜ ਦੇ ਸੈਂਕੜੇ ਵਿਦਿਆਰਥੀ ਇਸ ਕੈਂਪ ਵਿੱਚ ਭਾਗ ਲੈ ਰਹੇ ਸਨ। ਉਦੋਂ ਪੰਜਾਬ ਦੇ ਹਾਲਾਤ ਕੁਝ ਅਜਿਹੇ ਸਨ ਕਿ ਕੈਂਪ ਕਿਤੇ ਬਾਹਰ ਲਗਾਉਣ ਦੀ ਥਾਂ ਕਾਲਜ ਵਿੱਚ ਹੀ ਲਗਾਇਆ ਗਿਆ। ਸਾਰੀਆਂ ਸਰਗਰਮੀਆਂ ਕਾਲਜ ਕੈਂਪਸ ਵਿੱਚ ਹੀ ਹੋਈਆਂ। ਛੁੱਟੀਆਂ ਦੌਰਾਨ ਲੱਗੇ ਇਸ ਕੈਂਪ ਵਿੱਚ ਰੋਜ਼ਾਨਾ ਹੀ ਕਾਲਜ ਕੈਂਪ ਵਿੱਚ ਸਫ਼ਾਈ, ਮੈਦਾਨ ਪੱਧਰਾ ਕਰਨ, ਕਿਆਰੀਆਂ ਤੇ ਬੂਟਿਆਂ ਦੀ ਸੰਭਾਲ ਅਤੇ ਕਾਲਜ ਦੀ ਦਿੱਖ ਨੂੰ ਸੰਵਾਰਨ ਤੋਂ ਲੈ ਕੇ ਕਈ ਤਰ੍ਹਾਂ ਦੀ ਸੇਵਾ ਚੱਲਦੀ ਰਹੀ। ਇਨ੍ਹਾਂ ਤੋਂ ਇਲਾਵਾ ਹਰ ਰੋਜ਼ ਅੰਤ ਵਿੱਚ ਕੁਝ ਸਮਾਂ ਸੱਭਿਆਚਾਰਕ ਗਤੀਵਿਧੀਆਂ ਲਈ ਰੱਖਿਆ ਜਾਂਦਾ। ਕੈਂਪ ਵਿੱਚ ਰੋਜ਼ਾਨਾ ਹੀ ਕੁਝ ਵਿਦਿਆਰਥੀਆਂ ਦੀਆਂ ਖਾਣਾ ਬਣਾਉਣ, ਪਾਣੀ ਤੇ ਲੰਗਰ ਛਕਾਉਣ ਦੀ ਸੇਵਾ ਆਦਿ ਡਿਊਟੀਆਂ ਵਿਸ਼ੇਸ਼ ਤੌਰ ’ਤੇ ਲਗਦੀਆਂ ਅਤੇ ਬਾਕੀ ਦਿਨ ਦੇ ਪ੍ਰੋਗਰਾਮ ਅਨੁਸਾਰ ਕੈਂਪ ਵਿੱਚ ਹਿੱਸਾ ਲੈਂਦੇ।
ਕੈਂਪ ਨੂੰ ਰੌਚਕ ਬਣਾਉਣ ਲਈ ਰੋਜ਼ਾਨਾ ਇੱਕ ਡਿਊਟੀ ਅਜਿਹੀ ਵੀ ਲੱਗਦੀ ਸੀ, ਜੋ ਉਸ ਸਮੇਂ ਸਾਡੇ ਲਈ ਸਭ ਤੋਂ ਵੱਖਰੀ ਅਤੇ ਬਿਲਕੁਲ ਨਵੀਂ ਸੀ। ਇਹ ਡਿਊਟੀ ਕੈਂਪ ਦੀ ਗੁਪਤ ਤੌਰ ’ਤੇ ਪੱਤਰਕਾਰੀ ਕਰਨ ਦੀ ਸੀ। ਇਸ ਡਿਊਟੀ ਵਾਲੇ ਵਿਦਿਆਰਥੀ ਦੀ ਪਛਾਣ ਗੁਪਤ ਰੱਖੀ ਜਾਂਦੀ ਸੀ। ਕੈਂਪ ਦੇ ਇੰਚਾਰਜ ਪ੍ਰੋਫੈਸਰ ਰੋਜ਼ਾਨਾ ਖ਼ੁਦ ਇਸ ਦੀ ਜ਼ਿੰਮੇਵਾਰੀ ਵਿਦਿਆਰਥੀ ਨੂੰ ਸੌਂਪਦੇ, ਪਰ ਕੈਂਪ ਵਿੱਚ ਭਾਗ ਲੈਣ ਵਾਲੇ ਹੋਰ ਕਿਸੇ ਵੀ ਵਿਦਿਆਰਥੀ ਨੂੰ ਇਸ ਬਾਰੇ ਭਿਣਕ ਤੱਕ ਨਾ ਲੱਗਦੀ। ਇਸ ਡਿਊਟੀ ਵਾਲਾ ਵਿਦਿਆਰਥੀ ਗੁਪਤ ਤੌਰ ’ਤੇ ਕੈਂਪ ਵਿੱਚ ਚੱਲ ਰਹੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਅਤੇ ਆਪਣੀ ਸੋਚ ਅਨੁਸਾਰ ਇਕੱਤਰ ਕੀਤੀਆਂ ਖ਼ਬਰਾਂ ਇੱਕ ਬੋਰਡ ਉੱਤੇ ਲਿਖਦਾ।
ਮੈਂ ਵੀ ਇੰਚਾਰਜ ਪ੍ਰੋਫੈਸਰ ਅੱਗੇ ਇੱਛਾ ਪ੍ਰਗਟਾਈ ਕਿ ਮੈਨੂੰ ਵੀ ਖ਼ਬਰਾਂ ਵਾਲੀ ਇਹ ਡਿਊਟੀ ਦਿੱਤੀ ਜਾਵੇ। ਕਈ ਦਿਨਾਂ ਦੀ ਉਡੀਕ ਮਗਰੋਂ ਮੇਰੇ ਹਿੱਸੇ ਇਹ ਡਿਊਟੀ ਆਖ਼ਰ ਆ ਹੀ ਗਈ। ਡਿਊਟੀ ਵਾਲੇ ਦਿਨ ਕੈਂਪ ਸ਼ੁਰੂ ਹੋਇਆ ਤਾਂ ਇਸ ਨਵੀਂ ਜ਼ਿੰਮੇਵਾਰੀ ਲਈ ਮੈਂ ਪੱਬਾਂ ਭਾਰ ਹੋ ਗਿਆ। ਗੁਪਤ ਤੌਰ ’ਤੇ ਕੈਂਪ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਵਾਚਿਆ ਅਤੇ ਦਿਨ ਦੀ ਸਮਾਪਤੀ ਮੌਕੇ ਬੋਰਡ ’ਤੇ ਖ਼ਬਰਾਂ ਦੇ ਰੂਪ ਵਿੱਚ ਲਿਖ ਦਿੱਤਾ। ਇਨ੍ਹਾਂ ਵਿੱਚ ਇੱਕ ਸੁਰਖ਼ੀ ਇਹ ਬਣੀ ਕਿ ‘ਪ੍ਰੋ. ਅਸ਼ਵਨੀ ਨੇ ਮੈੱਸ ਵਿੱਚ ਦਾਖ਼ਲ ਹੋ ਕੇ ਚੋਰੀ ਚੋਰੀ ਚੀਨੀ ਖਾਧੀ।’ ਪ੍ਰੋਫੈਸਰ ਅਸ਼ਵਨੀ ਹੀ ਕੈਂਪ ਦੇ ਇੰਚਾਰਜ ਸਨ। ਇਹ ਖ਼ਬਰ ਬੋਰਡ ’ਤੇ ਲਿਖਣ ਦੀ ਦੇਰ ਸੀ ਕਿ ਸਾਥੀਆਂ ਨੇ ਮੈਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਖ਼ਬਰ ਨਹੀਂ ਲਿਖਣੀ ਚਾਹੀਦੀ। ਕਈਆਂ ਨੇ ਪ੍ਰੋਫੈਸਰ ਸਾਹਿਬ ਦੇ ਗੁੱਸੇ ਹੋ ਜਾਣ ਦਾ ਹਵਾਲਾ ਵੀ ਦਿੱਤਾ, ਪਰ ਮੈਂ ਖ਼ਬਰ ਬੋਰਡ ’ਤੇ ਲਿਖ ਚੁੱਕਿਆ ਸੀ ਅਤੇ ਲਿਖੀ ਖ਼ਬਰ ਮਿਟਾਉਣ ਲਈ ਤਿਆਰ ਨਹੀਂ ਸੀ। ਕੁਝ ਸਮੇਂ ਦੀ ਦੁਬਿਧਾ ਦੇ ਬਾਵਜੂਦ ਮੈਂ ਨਿਰਣਾ ਲਿਆ ਕਿ ਇਹ ਖ਼ਬਰ ਹੁਣ ਬੋਰਡ ’ਤੇ ਲਿਖੀ ਰਹੇਗੀ, ਜੋ ਹੋਵੇਗਾ ਦੇਖਿਆ ਜਾਵੇਗਾ।
ਉਸ ਦਿਨ ਦਾ ਕੈਂਪ ਖ਼ਤਮ ਹੋਇਆ ਤਾਂ ਸਾਰੇ ਸੱਭਿਆਚਾਰਕ ਗਤੀਵਿਧੀਆਂ ਲਈ ਨਿਰਧਾਰਿਤ ਥਾਂ ’ਤੇ ਇਕੱਤਰ ਹੋ ਗਏ। ਉੱਥੇ ਹੀ ਖ਼ਬਰਾਂ ਵਾਲਾ ਬੋਰਡ ਪਿਆ ਸੀ। ਪ੍ਰੋਫੈਸਰ ਸਾਹਿਬ ਵਾਲੀ ਖ਼ਬਰ ਪੜ੍ਹ ਕੇ ਵਧੇਰੇ ਵਿਦਿਆਰਥੀ ਮੁਸਕਰਾ ਰਹੇ ਸਨ ਜਦਕਿ ਕੁਝ ਇਸ ਖ਼ਬਰ ਬਾਰੇ ਪ੍ਰੋਫੈਸਰ ਸਾਹਿਬ ਦੀ ਪ੍ਰਤੀਕਿਰਿਆ ਦੀ ਉਡੀਕ ਵਿੱਚ ਸਨ। ਸਮਾਪਤੀ ਵੇਲੇ ਜਿਉਂ ਜਿਉਂ ਪ੍ਰੋਫੈਸਰ ਸਾਹਿਬ ਦੇ ਬੋਲਣ ਦੀ ਵਾਰੀ ਨੇੜੇ ਆਉਂਦੀ ਗਈ ਤਿਉਂ ਤਿਉਂ ਮੇਰੀ ਬੇਚੈਨੀ ਵੀ ਵਧਦੀ ਗਈ। ਮੈਂ ਮਨ ਹੀ ਮਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। ਅਖੀਰ ਨੂੰ ਪ੍ਰੋਫੈਸਰ ਸਾਹਿਬ ਬੋਲਣ ਲਈ ਉੱਠ ਖੜ੍ਹੇ ਹੋਏ, ਪਰ ਮੈਂ ਨੀਵੀਂ ਪਾ ਕੇ ਬੈਠਾ ਰਿਹਾ। ਮੇਰੀ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਦੀ ਵੀ ਹਿੰਮਤ ਨਾ ਹੋਈ। ਪ੍ਰੋਫੈਸਰ ਸਾਹਿਬ ਨੇ ਸਾਰੇ ਦਿਨ ਦੀ ਰਿਪੋਰਟ ਪੇਸ਼ ਕੀਤੀ ਤੇ ਅਖੀਰ ਵਿੱਚ ਉਸ ਦਿਨ ਦੀਆਂ ਖ਼ਬਰਾਂ ’ਤੇ ਟਿੱਪਣੀ ਦੀ ਵਾਰੀ ਆਈ। ਆਪਣੀ ਚੀਨੀ ਖਾਣ ਵਾਲੀ ਖ਼ਬਰ ’ਤੇ ਟਿੱਪਣੀ ਕਰਦਿਆਂ ਉਹ ਪਹਿਲਾਂ ਖੂਬ ਹੱਸੇ ਅਤੇ ਚੀਨੀ ਖਾਣ ਦੀ ਸਾਰੀ ਘਟਨਾ ਖ਼ੁਦ ਆਪਣੇ ਸ਼ਬਦਾਂ ਵਿੱਚ ਸਟੇਜ ਤੋਂ ਸਾਂਝੀ ਕੀਤੀ। ਇਹੋ ਨਹੀਂ, ਉਨ੍ਹਾਂ ਨੇ ਫਰਾਖ਼ਦਿਲੀ ਦਿਖਾਉਂਦਿਆਂ ਚੀਨੀ ਖਾਣ ਵਾਲੀ ਘਟਨਾ ’ਤੇ ਨਜ਼ਰ ਰੱਖਣ ਅਤੇ ਬੋਰਡ ’ਤੇ ਲਿਖਣ ਲਈ ਦਿਖਾਈ ਹਿੰਮਤ ਦੀ ਸ਼ਲਾਘਾ ਵੀ ਕੀਤੀ। ਉਸ ਦਿਨ ਤੋਂ ਪ੍ਰੋਫੈਸਰ ਅਸ਼ਵਨੀ ਲਈ ਮੇਰੇ ਮਨ ਵਿੱਚ ਸਤਿਕਾਰ ਹੋਰ ਵੀ ਕਈ ਗੁਣਾ ਵਧ ਗਿਆ। ਇਸ ਘਟਨਾ ਨਾਲ ਜੀਵਨ ਵਿੱਚ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਮੁਕਤ ਰਹਿਣ ਦਾ ਰਾਹ ਪੱਧਰਾ ਹੋਇਆ। ਅੱਜ ਵੀ ਮੇਰੇ ਜੀਵਨ ਦਾ ਇਹੋ ਫਲਸਫ਼ਾ ਹੈ।
ਸੰਪਰਕ: 98140-44995

