ਹੁਨਰ ਦੀ ਪਛਾਣ
ਸਮਾਂ ਬਹੁਤ ਬਲਵਾਨ ਹੈ। ਕੁਝ ਦਿਨ ਪਹਿਲਾਂ ਮੇਰੇ ਕੋਲ ਦਫ਼ਤਰ ਵਿੱਚ ਰੁਟੀਨ ਅਨੁਸਾਰ ਆਪਣੇ ਬੱਚਿਆਂ ਦੀ ਸ਼ਿਕਾਇਤ ਸਬੰਧੀ ਆਉਂਦੇ ਮਾਪਿਆਂ ਵਾਂਗ ਇੱਕ ਵਿਅਕਤੀ ਆਇਆ। ਜਦੋਂ ਗੱਲਾਂ ਹੋਈਆਂ ਤਾਂ ਉਹ ਮੇਰਾ ਪ੍ਰਾਇਮਰੀ ਸਕੂਲ ਦਾ ਜਮਾਤੀ ਨਿਕਲਿਆ। ਮੈਂ ਕਿਹਾ, ‘‘ਯਾਰ, ਤੂੰ ਤਾਂ...
ਸਮਾਂ ਬਹੁਤ ਬਲਵਾਨ ਹੈ। ਕੁਝ ਦਿਨ ਪਹਿਲਾਂ ਮੇਰੇ ਕੋਲ ਦਫ਼ਤਰ ਵਿੱਚ ਰੁਟੀਨ ਅਨੁਸਾਰ ਆਪਣੇ ਬੱਚਿਆਂ ਦੀ ਸ਼ਿਕਾਇਤ ਸਬੰਧੀ ਆਉਂਦੇ ਮਾਪਿਆਂ ਵਾਂਗ ਇੱਕ ਵਿਅਕਤੀ ਆਇਆ। ਜਦੋਂ ਗੱਲਾਂ ਹੋਈਆਂ ਤਾਂ ਉਹ ਮੇਰਾ ਪ੍ਰਾਇਮਰੀ ਸਕੂਲ ਦਾ ਜਮਾਤੀ ਨਿਕਲਿਆ। ਮੈਂ ਕਿਹਾ, ‘‘ਯਾਰ, ਤੂੰ ਤਾਂ ਬਿੰਦਰ ਹੈਂ, ਮੇਰੇ ਪਿੰਡ ਵਾਲਾ।’’ ਤੇ ਮੇਰਾ ਮਨ ਸਾਲ 1992-93 ’ਚ ਚਲਾ ਗਿਆ। ਸੱਚਮੁੱਚ ਬਚਪਨ ਦੇ ਸਾਥੀ ਕਦੇ ਵੀ ਨਹੀਂ ਭੁੱਲਦੇ। ਪੰਜਵੀਂ ਜਮਾਤ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਮੇਰੇ ਚੇਤੇ ਹੈ ਕਿ ਦਸ ਬਾਰਾਂ ਦੇ ਕਰੀਬ ਹੀ ਹੁੰਦੀ ਸੀ, ਪਰ ਬਿੰਦਰ ਸਾਰੀ ਕਲਾਸ ਵਿੱਚੋਂ ਸ਼ਰੀਫ਼ ਬੱਚਾ ਸੀ। ਘੱਟ ਬੋਲਣਾ, ਚੁੱਪ ਰਹਿਣਾ ਉਸ ਦੀ ਆਦਤ ਹੁੰਦੀ ਸੀ। ਪੜ੍ਹਾਈ ਵਿੱਚ ਉਹ ਬਹੁਤ ਕਮਜ਼ੋਰ ਹੁੰਦਾ ਸੀ। ਜਦੋਂ ਸਾਡੇ ਅਧਿਆਪਕ ਬੋਰਡ ਉੱਤੇ ਸਵਾਲ ਲਿਖਦੇ ਤਾਂ ਬਿੰਦਰ ਤੋਂ ਸੌਖਾ ਸਵਾਲ ਵੀ ਹੱਲ ਨਾ ਹੁੰਦਾ। ਅਧਿਆਪਕ ਕਹਿੰਦੇ, ‘‘ਬਿੰਦਰ, ਤੇਰਾ ਕੀ ਬਣੂਗਾ?’’ ਪਰ ਬਿੰਦਰ ਵਿਚਾਰੇ ਨੇ ਮੂੰਹੋਂ ਕੁਝ ਨਾ ਬੋਲਣਾ ਅਤੇ ਡੰਡੇ ਖਾਣ ਲਈ ਹੱਥ ਚੁੱਪਚਾਪ ਅੱਗੇ ਕਰ ਦੇਣੇ। ਮੈਨੂੰ ਬਹੁਤ ਤਰਸ ਆਉਂਦਾ, ਪਰ ਬਿੰਦਰ ਅੰਦਰ ਕੁਝ ਹੋਰ ਕਰਨ ਦੀ ਚਿਣਗ ਸੀ। ਜਿਵੇਂ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਅੰਦਰ ਕੋਈ ਨਾ ਕੋਈ ਗੁਣ ਹੁੰਦਾ ਹੈ, ਪਰ ਉਹ ਗੁਣ ਪਛਾਣਨ ਦੀ ਸ਼ਕਤੀ ਪਰਮਾਤਮਾ ਵਿਅਕਤੀ ਨੂੰ ਖ਼ੁਦ ਬਖ਼ਸ਼ਦਾ ਹੈ। ਜੋ ਵਿਅਕਤੀ ਆਪਣੇ ਗੁਣ ਪਛਾਣ ਕੇ ਉਸ ਅਨੁਸਾਰ ਮੰਜ਼ਿਲ ਮਿਥ ਕੇ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਨਾਕਾਮ ਨਹੀਂ ਹੁੰਦਾ। ਸਾਡੀ ਪੁਰਾਣੀ ਸਿੱਖਿਆ ਪ੍ਰਣਾਲੀ ਵੀ ਬਹੁਤ ਵਧੀਆ ਸੀ ਕਿ ਪੰਜਵੀਂ ਜਮਾਤ ’ਚੋਂ ਫੇਲ੍ਹ ਵਿਦਿਆਰਥੀ ਵੀ ਬਹੁਤ ਵਧੀਆ ਕਿੱਤਾਕਾਰ ਬਣੇ ਜਾਂ ਅੱਠਵੀਂ ਦਸਵੀਂ ਵਿੱਚ ਅਜਿਹਾ ਝਾਰਨਾ ਲੱਗਦਾ ਕਿ ਪੱਕੇ ਬੇਰ ਹੀ ਰਹਿ ਜਾਂਦੇ, ਬਾਕੀ ਸਾਰੇ ਝੜ ਕੇ ਆਪਣੇ ਪਿਤਾ ਪੁਰਖੀ ਕੰਮਾਂ ’ਤੇ ਲੱਗ ਜਾਂਦੇ ਅਤੇ ਜ਼ਿੰਦਗੀ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ।
ਜਦੋਂ ਮੈਂ ਸਵਾਲ ਕੀਤਾ, ‘‘ਬਿੰਦਰ ਯਾਰ, ਤੂੰ ਅੱਜਕੱਲ੍ਹ ਕੀ ਕਰ ਰਿਹਾ ਹੈਂ?’’ ਉਸ ਦੇ ਜਵਾਬ ਨੇ ਮੇਰੀ ਰੂਹ ਖ਼ੁਸ਼ ਕਰ ਦਿੱਤੀ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਫੁਲਵਾੜੀ ਵਿੱਚੋਂ ਹੋ ਕੇ ਰਾਜਗਿਰੀ ਵਿੱਚ ਝੰਡਾ ਗੱਡਣਾ ਕੋਈ ਛੋਟੀ ਗੱਲ ਨਹੀਂ। ਉਸ ਨੇ ਕਿਹਾ, ‘‘ਹਰਸੰਤ ਬਾਈ ਜੀ, ਕਾਲਬੰਜਾਰੇ ਵਾਲੇ ਛੱਜੂ ਪ੍ਰਧਾਨ ਦੀ ਕੋਠੀ ਮੈਂ ਪਾਈ ਹੈ।’’ ਮੈਂ ਕਿਹਾ, ‘‘ਬਿੰਦਰ, ਉਸ ਨੂੰ ਕੋਠੀ ਨਾ ਕਹਿ। ਉਹ ਤਾਂ ਹਵੇਲੀ ਹੈ।’’
ਲਸਣ ਦੀ ਗੰਢੀ ਵਾਂਗ ਹਰ ਇੱਕ ਮਨੁੱਖ ਵਿੱਚ ਕੋਈ ਨਾ ਕੋਈ ਵਿਸ਼ੇਸ਼ ਗੁਣ ਹੁੰਦਾ ਹੈ, ਪਰ ਉਸ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਬਿੰਦਰ ਨੇ ਆਪਣਾ ਗੁਣ ਪਛਾਣਿਆ ਤਾਂ ਅੱਜ ਉਹ ਆਪਣੇ ਕਿੱਤੇ ਵਿੱਚ ਵੱਡਾ ਨਾਂ ਬਣਾ ਚੁੱਕਿਆ ਹੈ। ਉਸ ਨੇ ਪੂਰੇ ਹੌਸਲੇ ਨਾਲ ਸਮਾਰਟ ਫੋਨ ਉੱਤੇ ਵੱਡੀਆਂ ਵੱਡੀਆਂ ਕੋਠੀਆਂ ਦਿਖਾਈਆਂ, ਜੋ ਉਸ ਨੇ ਤਿਆਰ ਕੀਤੀਆਂ ਹਨ। ਉਹ ਕਹਿਣ ਲੱਗਿਆ, ‘‘ਬਾਈ ਜੀ, ਮੇਰੇ ਕੋਲ ਇੰਨਾ ਕੰਮ ਹੈ ਕਿ ਮੈਥੋਂ ਸਾਂਭਿਆ ਨਹੀਂ ਜਾਂਦਾ।’’ ਇਉਂ ਬਿੰਦਰ ਨੂੰ ਮਿਲ ਕੇ ਮੇਰਾ ਦਿਲ ਬਹੁਤ ਖ਼ੁਸ਼ ਹੋਇਆ।
ਸਾਡਾ ਪਿੰਡ ਵਿਦਿਅਕ ਤੌਰ ’ਤੇ ਭਾਵੇਂ ਬਹੁਤ ਪੱਛੜਿਆ ਰਿਹਾ, ਪਰ ਹੋਰ ਕੰਮਾਂ ਵਿੱਚ ਸਾਡੇ ਪਿੰਡ ਦੇ ਵਿਅਕਤੀਆਂ ਨੇ ਬਹੁਤ ਤਰੱਕੀ ਕੀਤੀ, ਨਾਮ ਕਮਾਇਆ। ਸੁਨਾਮ ਵਿੱਚ ਮਾਰੂਤੀ ਕਾਰ ਦੀ ਪਾਣੀ ਵਾਲੀ ਟੈਂਕੀ ਬਣਾਉਣ ਵਾਲਾ ਸਾਡੇ ਪਿੰਡ ਦਾ ਵਾਲਮੀਕ ਦੀ ਫੁਲਵਾੜੀ ਵਿੱਚੋਂ ਸ. ਬਲਵੀਰ ਸਿੰਘ ਰੋਡਾ ਸੀ। ਸੁਨਾਮ ਵਿੱਚ ਸਭ ਤੋਂ ਪਹਿਲਾਂ ਵਿਕਰਮ ਹੋਟਲ ਵੀ ਉਸੇ ਨੇ ਹੀ ਬਣਾਇਆ।
ਮੈਨੂੰ ਇੱਕ ਮਰਹੂਮ ਆਗੂ ਦੀ ਗੱਲ ਚੇਤੇ ਆ ਗਈ। ਉਨ੍ਹਾਂ ਇੱਕ ਵਾਰ ਕਿਹਾ ਸੀ ਕਿ ਅੱਜ ਵਿਦਿਆਰਥੀਆਂ ਨੂੰ ਹੁਨਰ ਪੈਦਾ ਕਰਨ ਦੀ ਜ਼ਰੂਰਤ ਹੈ; ਜਿਸ ਵਿੱਚ ਹੁਨਰ ਹੈ, ਉਹ ਕਦੇ ਵੀ ਭੁੱਖਾ ਨਹੀਂ ਮਰੇਗਾ। ਉਨ੍ਹਾਂ ਕਿਹਾ ਕਿ ਇੱਕ ਪਲੰਬਰ ਵੀ ਡਿਪਟੀ ਕਮਿਸ਼ਨਰ ਨਾਲੋਂ ਵੱਧ ਪੈਸੇ ਕਮਾ ਲੈਂਦਾ ਹੈ। ਗੱਲ ਹੁਨਰ ਦੀ ਹੈ। ਉਨ੍ਹਾਂ ਕਿਹਾ ਕਿ ਅੱਜ ਬੜਾ ਅਫ਼ਸੋਸ ਹੈ ਕਿ ਗ੍ਰੈਜੂਏਸ਼ਨ ਪਾਸ ਕਈ ਵਿਦਿਆਰਥੀਆਂ ਨੂੰ ਵੀ ਪੰਜਾਬੀ ਵਿੱਚ ਅਰਜ਼ੀ ਲਿਖਣੀ ਨਹੀਂ ਆਉਂਦੀ।
ਦਿਨੋ-ਦਿਨ ਵਧ ਰਹੀ ਬੇਰੁਜ਼ਗਾਰੀ ਦੇ ਦੌਰ ਵਿੱਚ ਸਾਨੂੰ ਆਪਣਾ ਹੁਨਰ ਪਛਾਣ ਕੇ ਮਿਹਨਤ ਕਰਨੀ ਚਾਹੀਦੀ ਹੈ। ਜਿਹੜਾ ਵਿਦਿਆਰਥੀ ਹੁਨਰ ਅਨੁਸਾਰ ਮਿਹਨਤ ਕਰੇਗਾ, ਉਹ ਜ਼ਿੰਦਗੀ ਵਿੱਚ ਕਦੇ ਵੀ ਨਾਕਾਮ ਨਹੀਂ ਹੋਵੇਗਾ। ਸੂਫ਼ੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਦੇ ਬੋਲ ਯਾਦ ਆ ਗਏ :
ਚੜ੍ਹਦੇ ਸੂਰਜ ਢਲਦੇ ਦੇਖੇ
ਬੁਝਦੇ ਦੀਵੇ ਬਲਦੇ ਵੇਖੇ
ਜਿਨ੍ਹਾਂ ਦਾ ਨਾ ਜੱਗ ’ਤੇ ਕੋਈ
ਉਹ ਵੀ ਪੁੱਤਰ ਪਲਦੇ ਦੇਖੇ
ਉਸ ਦੀ ਰਹਿਮਤ ਨਾਲ ਬੰਦੇ
ਪਾਣੀ ਉੱਤੇ ਚਲਦੇ ਦੇਖੇ
ਲੋਕੀ ਕਹਿੰਦੇ ਦਾਲ ਨੀ ਗਲਦੀ
ਮੈਂ ਤਾਂ ਪੱਥਰ ਗਲਦੇ ਦੇਖੇ
ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ
ਬੁੱਲ੍ਹਿਆ ਹੱਥ ਖਾਲੀ ਉਹ ਮਲਦੇ ਦੇਖੇ...।
ਸੰਪਰਕ: 98781-97000

