DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਹ ਦੀਆਂ ਚੁਸਕੀਆਂ

ਸਿਆਣੇ ਆਖਦੇ ਨੇ ਵੈਲ ਤਾਂ ਚਾਹ ਦਾ ਵੀ ਮਾੜਾ ਹੁੰਦੈ। ਕਈਆਂ ਦਾ ਮੱਤ ਐ ਕਿ ਚਾਹ ਵਿੱਚ ਕੋਈ ਨਸ਼ਾ ਹੁੰਦੈ। ਖ਼ੈਰ ਮੈਨੂੰ ਇਸ ਗੱਲ ਵਿੱਚ ਕੋਈ ਸਚਾਈ ਨ੍ਹੀਂ ਲੱਗਦੀ ਕਿਉਂਕਿ ਪੂਰਾ ਜੱਗ ਭਰ ਕੇ ਪੀਣ ਪਿੱਛੋਂ ਵੀ ਮੈਂ ਕਦੇ ‘ਆਊਟ’...

  • fb
  • twitter
  • whatsapp
  • whatsapp
Advertisement

ਸਿਆਣੇ ਆਖਦੇ ਨੇ ਵੈਲ ਤਾਂ ਚਾਹ ਦਾ ਵੀ ਮਾੜਾ ਹੁੰਦੈ। ਕਈਆਂ ਦਾ ਮੱਤ ਐ ਕਿ ਚਾਹ ਵਿੱਚ ਕੋਈ ਨਸ਼ਾ ਹੁੰਦੈ। ਖ਼ੈਰ ਮੈਨੂੰ ਇਸ ਗੱਲ ਵਿੱਚ ਕੋਈ ਸਚਾਈ ਨ੍ਹੀਂ ਲੱਗਦੀ ਕਿਉਂਕਿ ਪੂਰਾ ਜੱਗ ਭਰ ਕੇ ਪੀਣ ਪਿੱਛੋਂ ਵੀ ਮੈਂ ਕਦੇ ‘ਆਊਟ’ ਨ੍ਹੀਂ ਹੋਇਆ। ਜੇ ਬਾਹਲੀ ਤਫ਼ਸੀਲ ਨਾਲ ਜਾਣਕਾਰੀ ਹਾਸਲ ਕਰਨੀ ਐ ਤਾਂ ਕਿਸੇ ਫੁੱਫੜ ਤੋਂ ਪੁੱਛ ਲੈਣਾ ਜੀਹਨੂੰ ਰਾਤ ਨੂੰ ਭਾਵੇਂ ਪੂਰਾ ਟੱਲੀ ਕਰ ਕੇ ਮੰਜੇ ’ਤੇ ਪਵਾਇਆ ਹੋਵੇ ਪਰ ਸਵੇਰੇ ਜਾਗਣ ਤੋਂ ਪਹਿਲਾਂ ਉਹਦੇ ਸਰ੍ਹਾਣੇ ਚਾਹ ਦੀ ਭਰੀ ਗੜਵੀ ਜਾਂ ਕੰਗਣੀ ਵਾਲਾ ਗਲਾਸ ਜ਼ਰੂਰ ਰੱਖਿਆ ਹੁੰਦੈ। ਦੇਖੋ, ਕਿਵੇਂ ਚੰਗਿਆੜੇ ਕੱਢਦੈ ਫਿਰ। ਪੰਜਾਬੀ ਅਤੇ ਚਾਹ ਤਾਂ ਜਿਊਂਦੇ ਹੀ ਇੱਕ ਦੂਜੇ ਦੇ ਸਿਰ ’ਤੇ ਨੇ। ਪਤੀਲਾ ਚੱਤੋ ਪਹਿਰ ਚੁੱਲ੍ਹੇ ’ਤੇ ਚੜ੍ਹਿਆ ਰਹਿੰਦੈ। ਸੁੱਖ ਨਾਲ ਚਾਹ ਪਾਣੀ ਤੋਂ ਬਿਨਾਂ ਕੋਈ ਮਹਿਮਾਨ ਕਿਉਂ ਮੁੜੇ? ‘ਸਾਊ! ਘਰ ਨ੍ਹੀਂ ਫੁਕਦੇ ਹੁੰਦੇ ਤੱਤੇ ਪਾਣੀਆਂ ਨਾਲ।’

ਪੁਰਾਣੇ ਬਾਬੇ ਗੋਰਿਆਂ ਨੂੰ ਹਾਲੇ ਵੀ ਚੰਗੀਆਂ ਰਹੁ-ਰੀਤਾਂ ਦੇਣ ਕਰ ਕੇ ਯਾਦ ਕਰਦੇ ਨੇ, ਪਰ ਨਵੀਂ ਪਨੀਰੀ ਉਨ੍ਹਾਂ ਨੂੰ ਭੰਡਦੀ ਨ੍ਹੀਂ ਥੱਕਦੀ। ਅਖੇ: ਅੰਗਰੇਜ਼ ਚਲੇ ਗਏ ਸਾਨੂੰ ਕੀ ਦੇ ਗਏ/ ਇੱਕ ਭੈੜੀ ਨਿਸ਼ਾਨੀ ਸਾਨੂੰ ‘ਟੀ’ ਦੇ ਗਏ।

Advertisement

ਕੋਈ ਕੁੱਛ ਕਹੇ, ਪਰ ਚਾਹ ਦੀ ਫੱਬਤ ਹੈ ਅਨੋਖੀ! ਇਹਤੋਂ ਬਿਨਾਂ ਤਾਂ ਅੱਖ ਨ੍ਹੀਂ ਖੁੱਲ੍ਹਦੀ। ਜਪਾਨ ਦੇ ਸ਼ਾਇਰ ਤੇ ਫ਼ਿਲਾਸਫਰ ਕਾਕੂਜ਼ੋ ਓਕਾਕੁਰਾ ਨੂੰ ਚਾਹ ਦਾ ਐਸਾ ਭੁੱਸ ਪਿਆ ਕਿ ਉਹ ਨੇ ਚਾਹ ਉੱਤੇ ਕਿਤਾਬ ਲਿਖ ਧਰੀ ‘ਬੁੱਕ ਆਫ ਟੀ’। ਚਾਹ ਦੇ ਵੀ ਕਈ ਰੂਪ ਹੁੰਦੇ ਨੇ। ਬਹੁਤੀ ਸੇਵਾ ਕਰਨੀ ਹੋਵੇ ਤਾਂ ਦੁੱਧ ਪੱਤੀ, ਨਹੀਂ ਤਾਂ ਮੁੱਛ ਮਰੋੜ: ਦੁੱਧ, ਮਿੱਠਾ ਰੋਕ ਕੇ, ਚਾਹ ਪੱਤੀ ਠੋਕ ਕੇ! ਨਾਮਧਾਰੀ ਵੈਸੇ ਜ਼ਿਆਦਾ ‘ਚਾਹਟਾ’ ਈ ਛਕਦੇ ਨੇ। ਪੜ੍ਹੇ ਲਿਖਿਆਂ ਵਿੱਚ ‘ਡਿੱਪ ਟੀ’ ਦਾ ਵਾਹਵਾ ਰਿਵਾਜ ਐ। ਪਰ ਬੰਦੇ ਨੂੰ ਕਈ ਵਾਰ ਭਸੂੜੀ ਜਿਹੀ ਪੈ ਜਾਂਦੀ ਹੈ ਕਿ ਇਸ ਦੀ ਗੁਥਲੀ ਜਿਹੀ ਨੂੰ ਹੁਣ ਕੱਪ ’ਚੋਂ ਕੱਢ ਕੇ ਸੁੱਟੇ ਕਿੱਥੇ? ਨਹੀਂ ਤਾਂ ਥੋੜ੍ਹੀ ਜਿਹੀ ਭੁੱਲ ਪੂਰਾ ਨੱਕ ਲਬੇੜ ਧਰਦੀ ਐ।

Advertisement

ਤਕਰੀਬਨ ਚਾਰ ਦਹਾਕੇ ਬੀਤਣ ’ਤੇ ਵੀ ਮੈਨੂੰ ਅਨਾਰਦਾਣਾ ਚੌਕ ਵਾਲੀ ਚਾਹ ਦਾ ਸੁਆਦ ਯਾਦ ਹੈ, ਜਿਵੇਂ ਹਾਲੇ ਕੱਲ੍ਹ ਹੀ ਪੀ ਕੇ ਆਇਆ ਹੋਵਾਂ। ਪੰਜਾਬੀ ਯੂਨੀਵਰਸਿਟੀ ਤੋਂ ਬੱਸ ਫੜ ਕੇ ਕੋਤਵਾਲੀ ਚੌਕ, ਅਦਾਲਤ ਬਾਜ਼ਾਰ ਗਾਹੁੰਦੇ-ਗਾਹੁੰਦੇ ਮਲਹੋਤਰਾ ਸਵੀਟ ਕਾਰਨਰ ’ਤੇ ਪਹੁੰਚ ਜਾਣਾ। ਜਲੇਬੀਆਂ ਪਕੌੜੇ ਉੱਥੋਂ ਛਕਣੇ, ਪਰ ਚਾਹ ਦੀਆਂ ਚੁਸਕੀਆਂ ਦਾ ਸੁਆਦ ਸਾਹਮਣੇ ਖੜ੍ਹੀ ਰੇਹੜੀ ਤੋਂ ਹੀ ਆਉਂਦਾ। ਘਸਿਆ ਜਿਹਾ ਫੱਟਾ ਲੱਗਿਆ ਹੁੰਦਾ: ‘ਸਾਡੇ ਉਹੀ ਪੁਰਾਣੇ ਰੇਟ ਚਾਹ ਦੇ।’ ਚੁਆਨੀ ’ਚ ਹੱਥ ਦਾ ਗਲਾਸ ਭਰ ਕੇ, ਪੀ ਕੇ ਤਸੱਲੀ ਹੋ ਜਾਂਦੀ ਸੀ। ਹੁਣ ਕਿੱਥੇ ਉਹ ਚਾਹ ਤੇ ਚਾਹਾਂ ਪੀਣ ਵਾਲੇ!

ਭਾ’ਜੀ ਜਸਮੇਰ ਸਿੰਘ ਢੱਟ ਦਾ ਬੁਲਾਵਾ ਆਇਆ, “ਆ ਜੋ ਚਾਹ ਦਾ ਪਿਆਲਾ ਸਾਂਝਾ ਕਰੀਏ।” ਚਾਹ ਦੀ ਤਲਬ ਵੀ ਬੜੀ ਸੀ ਉਸ ਦਿਨ। ਪਹੁੰਚਣ ਸਾਰ ਭੈਣ ਜੀ ਡਾ. ਦਵਿੰਦਰ ਕੌਰ ਨੇ ਡਰਾਈ ਫ਼ਰੂਟ ਅਤੇ ਜੂਸ ਦੇ ਭਰੇ ਗਲਾਸ ਮੂਹਰੇ ਧਰ ’ਤੇ। ਅਜੇ ਗੱਲਾਂ ਸ਼ੁਰੂ ਹੀ ਹੋਈਆਂ ਸਨ ਤਾਂ ਕਈ ਤਰ੍ਹਾਂ ਦੇ ਫਲਾਂ ਨਾਲ ਟਰੇਅ ਸਜ ਕੇ ਹਾਜ਼ਰ ਹੋ ਗਈ। ਦਿਨ ਥੋੜ੍ਹਾ ਜਿਹਾ ਢਲਿਆ ਤਾਂ ਸਿੱਧੇ ਖਾਣੇ ਦੀ ਮੇਜ਼ ’ਤੇ ਬੈਠਣ ਦਾ ਹੁਕਮ ਹੋਇਆ। ਡਿਨਰ ਤਿਆਰ ਸੀ। ਬਥੇਰੀ ਨਾਂਹ-ਨੁੱਕਰ ਕੀਤੀ ਪਰ...। ‘ਓ ਮੇਰਿਆ ਰੱਬਾ, ਇੰਨਾ ਕੁੱਝ ਕਿਵੇਂ ਹਜ਼ਮ ਕਰਾਂਗੇ?’ ਖ਼ੈਰ ਔਖੇ ਸੌਖੇ ਕਹਿਣਾ ਮੰਨਿਆ। ਢਿੱਡ ’ਚ ਉਂਗਲ ਨਾ ਖੁੱਭੇ। ਸੱਚੀਓਂ, ਨਾਨਕ ਸਿੰਘ ਦੀ ਕਹਾਣੀ ‘ਭੂਆ’ ਯਾਦ ਕਰਾ ’ਤੀ। ਡਿੱਗਦੇ ਢਹਿੰਦੇ ਵਿਦਾਈ ਲੈਣ ਲੱਗੇ ਤਾਂ ਢੱਟ ਸਾਹਿਬ ਬੋਲੇ, “ਰੁਕ ਜੋ, ਚਾਹ ਪੀ ਕੇ ਜਾਇਓ...ਫੇਰ ਕਹੋਗੇ, ਘਰ ਆਇਆਂ ਨੂੰ ਚਾਹ ਵੀ ਨ੍ਹੀਂ ਪੁੱਛੀ!” ਸਾਨੂੰ ਕੋਈ ਜਵਾਬ ਨਾ ਅਹੁੜੇ।

ਚਾਹ-ਪਾਣੀ ਸਾਡੇ ਸੱਭਿਆਚਾਰ ਦਾ ਅਨਿੱਖੜ ਅੰਗ ਹੈ, ਖ਼ਾਸ ਕਰ ਦਫ਼ਤਰੀ ਮਹਿਕਮੇ ਦਾ। ਚਾਹ-ਪਾਣੀ ਤੋਂ ਬਿਨਾਂ ਕੋਈ ਵੀ ਸੇਵਾ ਉੱਤਮ ਨਹੀਂ ਸਮਝੀ ਜਾਂਦੀ ‘ਜਿੱਥੇ ਚਾਹ, ਉੱਥੇ ਰਾਹ।’ ਚਾਹ ਪਾਣੀ ਦਾ ਨਸ਼ਾ ਹੀ ਐਨਾ ਹੁੰਦੈ ਕਿ ਕੰਮ ਭੱਜਣ ਲੱਗਦੇ ਨੇ। ਸਾਡੇ ਮੁੱਖ ਮੰਤਰੀ ਸਾਹਿਬ ਦਾ ਟੋਟਕਾ: ‘‘ਨੇਤਾ ਜੀ ਨੇ ਦੌਰੇ ’ਤੇ ਆਉਣਾ ਹੁੰਦੈ, ਪੁਲੀਸ ਵਾਲਿਆਂ ਨੂੰ ਡੰਡੇ ਫੜਾ ਕੇ ਸੜਕਾਂ ’ਤੇ ਖੜ੍ਹਾ ਦਿੰਦੇ ਨੇ। ਸਾਰਾ ਦਿਨ ਵਿਚਾਰੇ ਭੁੱਖੇ-ਤਿਹਾਏ ਦੇਖਦੇ ਰਹਿੰਦੇ ਨੇ। ਆਥਣੇ ਪਤਾ ਲੱਗਦੈ, ਮੰਤਰੀ ਜੀ ਤਾਂ ਹਵਾਈ ਜਹਾਜ਼ ’ਚੋਂ ਟਾਟਾ ਕਰ ਕੇ ਨਿਕਲ ਗਏ। ਨਾ ਮੁਲਾਜ਼ਮਾਂ ਲਈ ਚਾਹ ਦਾ ਪ੍ਰਬੰਧ, ਨਾ ਪਾਣੀ ਦਾ। ਜੇ ਪੁਲੀਸ ਆਪਣੇ ਚਾਹ ਪਾਣੀ ਦਾ ਇੰਤਜ਼ਾਮ ਆਪ ਕਰਦੀ ਐ ਤਾਂ ਲੋਕ ਕਹਿੰਦੇ ਨੇ ਪੁਲੀਸ ਪੈਸੇ ਖਾਂਦੀ ਆ।’ ਹੈ ਨਾ ਲੋਹੜਾ ! ਦੱਸੋ ਹੁਣ ਵਿਚਾਰੀ ਬੀਬੋ ਭੂਆ ਕੀ ਕਰੇ?’’

ਕਈ ਵਾਰ ਚਾਹ ਪਚਾਉਣੀ ਔਖੀ ਵੀ ਹੋ ਜਾਂਦੀ ਹੈ। ਪੁੱਡਾ ਦਫ਼ਤਰ, ਵੱਡੇ ਬਾਊ ਜੀ ਦਫ਼ਤਰੀ ਸਿੰਘਾਸਣ ’ਤੇ ਬਿਰਾਜਮਾਨ, ਲੱਤ ’ਤੇ ਲੱਤ ਧਰੀ ਹੋਈ। ਅਖੇ, ਚਾਹ-ਪਾਣੀ ਤੋਂ ਬਿਨਾਂ ਤਾਂ ਉਬਾਸੀਆਂ ਆਉਂਦੀਆਂ ਰਹਿੰਦੀਆਂ। ਵਿਜੀਲੈਂਸ ਵਾਲਿਆਂ ਨੇ ‘ਪਾਣੀ’ ਦੇ ਛਿੱਟੇ ਮੂੰਹ ’ਤੇ ਮਾਰੇ ਤੇ ਸੁਸਤੀ ਲਾਹ ਦਿੱਤੀ! ਬਾਊ ਜੀ ਵਾੜ ’ਚ ਫਸੇ ਬਿੱਲੇ ਵਾਂਗੂੰ ਝਾਕਣ। ਉੱਦਣ ਪਤਾ ਲੱਗਿਆ ਕਿ ਚਾਹ ਵੀ ਕਦੇ ਕਦੇ ‘ਆਊਟ’ ਕਰ ਦਿੰਦੀ ਆ। ਐਵੇਂ ਨ੍ਹੀਂ ਨਿਹੰਗ ਸਿੰਘ ਇਹਨੂੰ ‘ਢਿੱਡ ਫੂਕਣੀ’ ਕਹਿੰਦੇ!

ਸੰਪਰਕ: 89684-33500

Advertisement
×