ਜਦੋੋਂ ਪੈਸੇ ਗੁੰਮ ਹੋਏ...!
ਰਾਹ ਕਾਫ਼ੀ ਪੁਰਾਣੀ ਗੱਲ ਹੈ। ਸਾਡੇ ਇੱਕ ਰਿਸ਼ਤੇਦਾਰ ਨੇ ਆਪਣੀ ਜ਼ਮੀਨ ਵੇਚੀ ਤਾਂ ਉਨ੍ਹਾਂ ਨੂੰ ਕਾਫ਼ੀ ਵੱਡੀ ਰਕਮ ਮਿਲੀ ਸੀ। ਅਗਲੇ ਦਿਨ ਸਵੇਰੇ ਮੇਰੇ ਭਰਾ ਅਤੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਕਾਰ ’ਚ ਛੱਡਣ ਜਾਣਾ ਸੀ। ਇਸ ਲਈ ਸਾਰੇ ਜਣੇ...
ਰਾਹ ਕਾਫ਼ੀ ਪੁਰਾਣੀ ਗੱਲ ਹੈ। ਸਾਡੇ ਇੱਕ ਰਿਸ਼ਤੇਦਾਰ ਨੇ ਆਪਣੀ ਜ਼ਮੀਨ ਵੇਚੀ ਤਾਂ ਉਨ੍ਹਾਂ ਨੂੰ ਕਾਫ਼ੀ ਵੱਡੀ ਰਕਮ ਮਿਲੀ ਸੀ। ਅਗਲੇ ਦਿਨ ਸਵੇਰੇ ਮੇਰੇ ਭਰਾ ਅਤੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਕਾਰ ’ਚ ਛੱਡਣ ਜਾਣਾ ਸੀ। ਇਸ ਲਈ ਸਾਰੇ ਜਣੇ ਰਾਤ ਨੂੰ ਸਮੇਂ ਸਿਰ ਖਾਣਾ ਖਾ ਕੇ ਸੌਂ ਗਏ। ਰਾਤ ਸ਼ਾਂਤੀ ਨਾਲ ਬੀਤ ਗਈ।
ਘਰ ਦੇ ਸਾਰੇ ਮੈਂਬਰ ਬੇਫਿਕਰ ਸਨ ਕਿਉਂਕਿ ਘਰ ’ਚ ਸਾਰੇ ਆਪਣੇ ਹੀ ਸਨ। ਤੜਕੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ। ਨਾਸ਼ਤਾ ਕਰਕੇ ਚੱਲਣ ਤੋਂ ਪਹਿਲਾਂ ਰਿਸ਼ਤੇਦਾਰ ਨੇ ਸੋਚਿਆ ਕਿ ਇੱਕ ਵਾਰ ਪੈਸੇ ਗਿਣ ਲਏ ਜਾਣ। ਜਦੋਂ ਪੈਸੇ ਗਿਣੇ ਗਏ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਨੋਟਾਂ ਦੀ ਇੱਕ ਥੱਬੀ ਘੱਟ ਸੀ। ਦੁਬਾਰਾ ਗਿਣਤੀ ਕੀਤੀ, ਪਰ ਨਤੀਜਾ ਫਿਰ ਉਹੀ ਰਿਹਾ। ਤੀਜੀ ਵਾਰ ਵੀ ਗਿਣਤੀ ਕੀਤੀ, ਪਰ ਥੱਬੀ ਫਿਰ ਵੀ ਘੱਟ ਹੀ ਸੀ। ਕੁਝ ਪਲ ਲਈ ਘਰ ਵਿੱਚ ਚੁੱਪ ਛਾ ਗਈ। ਸਭ ਦੇ ਚਿਹਰਿਆਂ ’ਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ। ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ! ਘਰ ਵਿੱਚ ਤਾਂ ਸਾਰੇ ਆਪਣੇ ਹੀ ਸਨ, ਫਿਰ ਪੈਸੇ ਕਿੱਥੇ ਗਏ?
ਮੇਰੇ ਭਰਾ ਨੇ ਕਿਹਾ, ‘‘ਇੱਕ ਵਾਰ ਬੈਗ ਨੂੰ ਚੰਗੀ ਤਰ੍ਹਾਂ ਝਾੜ ਕੇ ਦੇਖ ਲਈਏ।’’ ਉਸ ਨੇ ਬੈਗ ਨੂੰ ਚੁੱਕ ਕੇ ਉਲਟਾਇਆ ਅਤੇ ਚੰਗੀ ਤਰ੍ਹਾਂ ਝਾੜਿਆ। ਅਚਾਨਕ ਬੈਗ ’ਚੋਂ ਨੋਟਾਂ ਦੀ ਥੱਬੀ ਬਾਹਰ ਆ ਡਿੱਗੀ। ਅਸਲ ਵਿੱਚ ਥੱਬੀ ਗੱਤੇ ਦੇ ਹੇਠਾਂ ਫਸ ਗਈ ਸੀ ਅਤੇ ਗਿਣਤੀ ਵੇਲੇ ਨਜ਼ਰ ਨਹੀਂ ਸੀ ਆਈ। ਮੁੜ ਪੈਸੇ ਗਿਣੇ ਤਾਂ ਹੁਣ ਗਿਣਤੀ ਪੂਰੀ ਸੀ। ਇਹ ਦੇਖ ਕੇ ਸਭ ਨੇ ਸੁਖ ਦਾ ਸਾਹ ਲਿਆ। ਚਿੰਤਾ ਦੇ ਬੱਦਲ ਇੱਕ ਪਲ ਵਿੱਚ ਹੀ ਦੂਰ ਹੋ ਗਏ ਅਤੇ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਾਨ ਵਾਪਸ ਆ ਗਈ।
ਇਸ ਘਟਨਾ ਨੇ ਮੈਨੂੰ ਜੀਵਨ ਦੀ ਇੱਕ ਵੱਡੀ ਸਿੱਖਿਆ ਦਿੱਤੀ ਕਿ ਕਿਸੇ ਵੀ ਗੱਲ ਦੀ ਬਿਨਾਂ ਪੂਰੀ ਜਾਂਚ-ਪੜਤਾਲ ਕੀਤਿਆਂ ਕਿਸੇ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ। ਕਈ ਵਾਰ ਸਮੱਸਿਆ ਦਾ ਕਾਰਨ ਬਹੁਤ ਹੀ ਸਾਧਾਰਨ ਹੁੰਦਾ ਹੈ, ਪਰ ਘਬਰਾਹਟ ਕਾਰਨ ਉਹ ਸਾਨੂੰ ਸਮਝ ਨਹੀਂ ਆਉਂਦਾ।
ਸੰਪਰਕ: 94177-28580

