DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਦੇ ਵਿਆਹ ਤੇ ਸਾਦੇ ਭੋਗ.......

ਗੱਲ ਦਸ ਕੁ ਵਰ੍ਹੇ ਪਹਿਲਾਂ ਦੀ ਹੈ। ਮਾਮੀ ਜੀ ਦਾ ਫੋਨ ਆਇਆ। ਉਨ੍ਹਾਂ ਦੇ ਪੁੱਤਰ ਦੀ ਮੰਗਣੀ ਸੀ ਤੇ ਇਹ ਫੋਨ ਮੰਗਣੀ ਸਮਾਗਮ ’ਤੇ ਪਹੁੰਚਣ ਦਾ ਸੱਦਾ ਸੀ। ਮੈਂ ਸਮਾਗਮ ਵਿੱਚ ਪਹੁੰਚਣ ਅਤੇ ਮਾਮੀ ਜੀ ਦੇ ਕਹੇ ਅਨੁਸਾਰ ਆਪਣੀ ਕਾਰ...

  • fb
  • twitter
  • whatsapp
  • whatsapp
Advertisement

ਗੱਲ ਦਸ ਕੁ ਵਰ੍ਹੇ ਪਹਿਲਾਂ ਦੀ ਹੈ। ਮਾਮੀ ਜੀ ਦਾ ਫੋਨ ਆਇਆ। ਉਨ੍ਹਾਂ ਦੇ ਪੁੱਤਰ ਦੀ ਮੰਗਣੀ ਸੀ ਤੇ ਇਹ ਫੋਨ ਮੰਗਣੀ ਸਮਾਗਮ ’ਤੇ ਪਹੁੰਚਣ ਦਾ ਸੱਦਾ ਸੀ। ਮੈਂ ਸਮਾਗਮ ਵਿੱਚ ਪਹੁੰਚਣ ਅਤੇ ਮਾਮੀ ਜੀ ਦੇ ਕਹੇ ਅਨੁਸਾਰ ਆਪਣੀ ਕਾਰ ਲਿਆਉਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਬਸ ਠੀਕ ਠੀਕ ਹੀ ਸੀ ਅਤੇ ਮੋਟੇ ਤੌਰ ’ਤੇ ਘਰ ਦੀ ਲਾਣੇਦਾਰੀ ਮਾਮੀ ਜੀ ਕੋਲ ਹੀ ਸੀ।

ਨਿਸਚਿਤ ਦਿਨ ਮੈਂ ਆਪਣੇ ਦੂਜੇ ਭਰਾਵਾਂ ਨਾਲ ਨਾਨਕੇ ਘਰ ਜਾ ਪੁੱਜਿਆ। ਬਾਕੀ ਪਰਿਵਾਰਾਂ ਨੂੰ ਨਾਲ ਲਿਆਉਣ ਤੋਂ ਅਸੀ ਇਹ ਸੋਚ ਕੇ ਗੁਰੇਜ਼ ਕੀਤਾ ਕਿ ਮੰਗਣੀ ਵਰਗੇ ਨਿੱਕੇ ਜਿਹੇ ਸਮਾਗਮ ਵਿੱਚ ਤਿੰਨਾਂ ਪਰਿਵਾਰਾਂ ਨੂੰ ਲਿਜਾਣਾ ਠੀਕ ਨਹੀਂ। ਪਰ ਉਥੇ ਪਹੁੰਚ ਕੇ ਸਾਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਉੱਥੇ ਵਾਹਵਾ ਇਕੱਠ ਸੀ। ਦਸ ਬਾਰਾਂ ਗੱਡੀਆਂ, ਸਕੇ ਸਬੰਧੀ, ਸ਼ਰੀਕਾ ਕਬੀਲਾ। ਜਦੋਂ ਤੁਰੇ ਇੰਝ ਲੱਗਦਾ ਸੀ ਜਿਵੇਂ ਬਰਾਤ ਹੀ ਚੱਲੀ ਹੋਵੇ। ਚਲੋ, ਜਿਵੇਂ ਮਾਮੇ-ਮਾਮੀ ਨੂੰ ਠੀਕ ਲੱਗਿਆ, ਮੇਰੇ ਨਾਲ ਮਾਮੀ ਜ਼ਰੂਰ ਨਾਰਾਜ਼ ਹੋਈ ਕਿ ਅਸੀਂ ਆਪਣੇ ਜਵਾਕਾਂ ਨੂੰ ਨਾਲ ਕਿਉਂ ਨ੍ਹੀਂ ਲੈ ਕੇ ਆਏ। ਮੈਨੂੰ ਇਹ ਠੀਕ ਜਿਹਾ ਨਾ ਲੱਗਿਆ। ਇਹ ਸਭ ਘਰ ਦੀ ਪੁੱਜਤ ਅਨੁਸਾਰ ਨਹੀਂ ਸੀ ਲੱਗ ਰਿਹਾ। ਖ਼ੈਰ, ਮੈਂ ਚੁੱਪ ਵੱਟ ਲਈ ।

Advertisement

ਜਦੋਂ ਅਸੀਂ ਕੁੜੀ ਵਾਲਿਆਂ ਦੇ ਘਰ ਗਏ, ਮੈਨੂੰ ਉਦੋਂ ਹੋਰ ਵੀ ਧੱਕਾ ਲੱਗਾ। ਉਹਨਾਂ ਦਾ ਗਰੀਬ ਜਿਹਾ ਪਰਿਵਾਰ, ਛੋਟਾ ਜਿਹਾ ਘਰ। ਮਾਤਾ ਪਿਤਾ ਵੀ ਬਿਰਧ ਜਿਹੇ ਲੱਗੇ ਅਤੇ ਪਤਾ ਲੱਗਿਆ ਕਿ ਪਿਤਾ ਜੀ ਨੂੰ ਚੰਗੀ ਤਰ੍ਹਾਂ ਦਿੱਸਦਾ ਵੀ ਨਹੀਂ ਸੀ। ਮੈਂ ਸੋਚਾਂ ਵਿੱਚ ਪੈ ਗਿਆ ਕਿ ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊ। ਮੈਂ ਵਿਚੋਲੇ ਨੂੰ ਇੱਕ ਪਾਸੇ ਕਰਕੇ ਪੁੱਛਿਆ,‘‘ ਵੀਰ, ਪਰਿਵਾਰ ਤਾਂ ਮੈਨੂੰ ਠੀਕ ਠੀਕ ਹੀ ਲੱਗ ਰਿਹਾ, ਪਰ ਤੁਹਾਨੂੰ ਵਿੱਚ ਵਾਲਿਆਂ ਨੂੰ ਵੱਧ ਪਤਾ ਹੋਊ।’’

Advertisement

‘‘ਹਾਂ ਵੀਰ, ਪਰਿਵਾਰ ਤਾਂ ਵਿਚਾਰਾ ਬਹੁਤ ਗ਼ਰੀਬ ਹੈ, ਦੋ ਲੜਕੀਆਂ ਹੀ ਹਨ ਬਜ਼ੁਰਗ ਦੇ, ਮੈਂ ਤਾਂ ਭੈਣ ਜੀ ਨੂੰ ਕਿਹਾ ਸੀ ਕਿ ਚੁੰਨੀ ਚੜ੍ਹਾਵਾ ਹੀ ਕਰਨਾ, ਪਰ ਭੈਣ ਜੀ ਨ੍ਹੀਂ ਮੰਨੇ, ਤੁਹਾਡਾ ਮਾਮਾ ਤਾਂ ਕਹਿੰਦਾ ਸੀ, ਬਈ ਠੀਕ ਆ।’’ ਵਿਚੋਲੇ ਨੇ ਆਪਣੀ ਬੇਵੱਸੀ ਜ਼ਾਹਰ ਕੀਤੀ। ਮੈਂ ਸਾਰੀ ਗੱਲ ਸਮਝ ਗਿਆ ਕਿਉਂਕਿ ਪਰਿਵਾਰ ਦੀ ਹਾਲਤ ਦੇਖ ਕੇ ਮੈਂ ਤਾਂ ਖ਼ੁਦ ਇਸ ਹੱਕ ਵਿੱਚ ਸੀ ਕਿ ਚੁੰਨੀ ਚੜ੍ਹਾਵਾ ਹੀ ਹੋਣਾ ਚਾਹੀਦਾ। ਮੈਂ ਆਪਣੇ ਵੱਡੇ ਭਰਾ ਨੂੰ ਨਾਲ ਲੈ ਕੇ ਮਾਮਾ ਜੀ ਤੇ ਮਾਮੀ ਜੀ ਨੂੰ ਇਕ ਪਾਸੇ ਬੁਲਾਇਆ ਤੇ ‘ਚੁੰਨੀ ਚੜ੍ਹਾਵਾ’ ਕਰ ਕੇ ਅੱਜ ਹੀ ਵਿਆਹ ਦਾ ਕਾਰਜ ਕਰਨ ਦੀ ਸਲਾਹ ਦਿੱਤੀ। ਮਾਮਾ ਜੀ ਨੂੰ ਮੇਰੀ ਸਲਾਹ ਇੱਕਦਮ ਜਚ ਗਈ ਪਰ ਉਮੀਦ ਅਨੁਸਾਰ ਮਾਮੀ ਪੈਰਾਂ ’ਤੇ ਪਾਣੀ ਨਾ ਪੈਣ ਦੇਵੇ। ‘‘ਐਵੇਂ ਕਿਵੇਂ ਕੰਮ ਮੁਕਾ ਲਈਏ ? ਸ਼ਰੀਕਾ ਕਬੀਲਾ ਕੀ ਆਖੂ! ਪਹਿਲਾ ਵਿਆਹ ਐ। ਨਾਲੇ ਆਪਾਂ ਕਿਹੜਾ ਵਿਆਹ ਵਾਲੀ ਕੋਈ ਤਿਆਰੀ ਕਰ ਕੇ ਆਏ ਆਂ। ਬਾਕੀ ਅਗਲਿਆਂ ਦਾ ਕੀ ਪਤੈ, ਮੰਨਣ ਜਾ ਨਾ ਮੰਨਣ।’’

ਮੈਨੂੰ ਮਾਮੀ ਦੀਆਂ ਗੱਲਾਂ ’ਚੋਂ ਨੀਮ ਰਜ਼ਾਮੰਦੀ ਜਿਹੀ ਨਜ਼ਰ ਆਈ। ਪਰ ਫਿਰ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਕਰਨ ਹਿੱਤ ਆਖਿਆ,‘‘ਦੇਖੋ ਮਾਮੀ ਜੀ, ਸਾਰਾ ਸ਼ਰੀਕਾ ਕਬੀਲਾ ਤਾਂ ਅੱਜ ਨਾਲ ਲੈ ਆਏ ਹਾਂ। ਬਾਕੀ ਇਸ ਪਰਿਵਾਰ ਵੱਲ ਦੇਖੋ। ਵਿਆਹ ’ਚ ਖਰਚ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਹੋਣੈ। ਇਹ ਵਿਚਾਰੇ ਤਾਂ ਸਾਰੀ ਉਮਰ ਲਈ ਕਰਜ਼ਾਈ ਹੋ ਜਾਣਗੇ ਤੇ ਨਾਲੇ ਆਪਣਾ ਪਰਿਵਾਰ ਵੀ ਹੋ ਜਾਊ ।

ਮੇਰੀ ਗੱਲ ਦਾ ਮਾਮੀ ਜੀ ’ਤੇ ਅਸਰ ਹੋ ਗਿਆ ਲਗਦਾ ਸੀ। ਮਾਮੀ ਜੀ ਨੇ ਕਿਹਾ,‘‘ ਦੇਖ ਲਓ, ਜੇ ਅਗਲੇ ਮੰਨਦੇ ਨੇ.... ਪਰ ਆਪਾਂ ਵਿਆਹ ਵਾਲੀ ਤਿਆਰੀ ਕੋਈ ਨ੍ਹੀਂ ਕਰ ਕੇ ਆਏ।’’ ਮਾਮੀ ਨੇ ਹਾਂ-ਪੱਖੀ ਹੁੰਗਾਰਾ ਭਰ ਦਿੱਤਾ। ‘‘ਮਾਮੀ ਜੀ, ਤੁਸੀਂ ਉਸ ਦੀ ਚਿੰਤਾ ਨਾ ਕਰੋ, ਅਸੀਂ ਸਾਰਾ ਇੰਤਜ਼ਾਮ ਹੁਣੇ ਕਰ ਲੈਨੇ ਆਂ।’’ ਮੈਂ ਉਤਸ਼ਾਹਿਤ ਹੁੰਦਿਆਂ ਮਾਮੀ ਜੀ ਨੂੰ ਭਰੋਸਾ ਦਿੱਤਾ।

ਮੁੰਡੇ ਦੇ ਮਾਮੇ ਨੂੰ ਭਰੋਸੇ ਵਿੱਚ ਲੈ ਕੇ ਮੈਂ ਤੇ ਮੇਰੇ ਭਰਾ ਨੇ ਸਾਰੀ ਗੱਲ ਵਿਚੋਲੇ ਨੂੰ ਦੱਸ ਦਿੱਤੀ। ਵਿਚੋਲੇ ਨੇ ਕੁੜੀ ਦੇ ਮਾਮੇ ਨਾਲ ਗੱਲ ਸਾਂਝੀ ਕੀਤੀ। ਅਸੀਂ ਛੇਤੀ ਹੀ ਨੇੜਲੇ ਸ਼ਹਿਰ ਤੋਂ ਜ਼ਰੂਰੀ ਕੱਪੜੇ ਲੀੜੇ ਅਤੇ ਹੋਰ ਜ਼ਰੂਰੀ ਸਾਮਾਨ ਲੈ ਆਏ। ਸਾਡੇ ਵਾਪਸ ਆਉਣ ਤੱਕ ਆਨੰਦ-ਕਾਰਜ ਦੀ ਤਿਆਰੀ ਹੋ ਚੁੱਕੀ ਸੀ। ਚਾਰ ਲਾਵਾਂ ਦਾ ਪਾਠ ਹੋਇਆ ਅਤੇ ਬਾਬਾ ਜੀ ਨੇ ‘ਵੀਆਹ ਹੋਇਆ ਮੇਰੇ ਬਾਬੁਲਾ’ ਦਾ ਸ਼ਬਦ ਪੜ੍ਹਿਆ। ਜੇ ਸਾਰੇ ਵਿਆਹ ਇਸੇ ਤਰ੍ਹਾਂ ਦੇ ਹੋਣ ਲੱਗ ਜਾਣ ਤਾਂ ਸਾਰੇ ਬਾਬਲ ਕਿੰਨੇ ਸੌਖੇ ਹੋ ਜਾਣਗੇ। ਅੱਜ ਅਸੀਂ ਮੈਰਿਜ ਪੈਲੇਸਾਂ ਜਾਂ ਘਰਾਂ ਵਿੱਚ ਧੂਮ ਧੜੱਕੇ ਵਾਲੇ ਵਿਆਹ ਦੇਖਦੇ ਹਾਂ। ਹੋ ਸਕਦੈ, ਉਹ ਆਪਣੀ ਹੈਸੀਅਤ ਅਨੁਸਾਰ ਠੀਕ ਹੋਣ ਪਰ ਬਹੁਤੇ ਵਿਆਹ ਅਤੇ ਭੋਗ ਕਰਜ਼ੇ ਦੀ ਮਾਰ ਹੇਠ ਹੀ ਹੁੰਦੇ ਹਨ। ਸਾਦੇ ਵਿਆਹਾਂ ਮੰਗਣੀਆਂ ਨੂੰ ਲੋਕ ਆਪਣੀ ਹੇਠੀ ਸਮਝਦੇ ਹਨ। ਇਸ ਵਿੱਚ ਮੱਧ ਵਰਗੀ ਪਰਿਵਾਰ ਜ਼ਿਆਦਾ ਪਿਸ ਰਹੇ ਹਨ, ਜੋ ਰਿਸ਼ਤਿਆਂ ਵਿੱਚ ਕਈ ਵਾਰ ਕੁੜੱਤਣ ਦਾ ਕਾਰਨ ਵੀ ਬਣਦੇ ਹਨ। ਅੱਜ ਜਦੋਂ ਨਾਨਕੇ ਜਾਂਦਾ ਹਾਂ ਤੇ ਮਾਮੀ ਜੀ ਦੇ ਪਰਿਵਾਰ ਨੂੰ ਰੰਗੀ ਵਸਦਾ ਦੇਖਦਾ ਹਾਂ ਤਾਂ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ। ਮਾਮੀ ਜੀ ਮੈਨੂੰ ਅਕਸਰ ਆਖਦੇ ਹਨ ,‘‘ਪੁੱਤ, ਤੂੰ ਬਚਾ ਲਏ। ਨਹੀਂ ਤਾਂ ਪਤਾ ਨਹੀਂ ਸਾਨੂੰ ਵੀ ਕਿੰਨਾ ਕਰਜ਼ਾ ਚੁੱਕਣਾ ਪੈਂਦਾ ਤੇ ਅੱਜ ਤਾਈਂ ਕਰਜ਼ਾ ਹੀ ਲਾਹੁੰਦੇ ਰਹਿੰਦੇ। ਸਿਆਣੇ ਸਹੀ ਕਹਿੰਦੇ ਨੇ, ‘‘ਸਾਦੇ ਵਿਆਹ ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ।’’

ਸੰਪਰਕ: 94176-61708

Advertisement
×