ਪੁਰਸਕਾਰ ਦੇ ਦਿੱਤਾ ਜਾਵੇ ਜਾਂ ਨਹੀਂ?
ਸਭ ਤੋਂ ਸ਼ਕਤੀਸ਼ਾਲੀ ਮੁਲਕ ਦੇ ਰਾਸ਼ਟਰਪਤੀ ਲਈ ਤਾਂ ਕਿਸੇ ਪੁਰਸਕਾਰ ਦੀ ਪ੍ਰਾਪਤੀ ਦਾ ਕੋਈ ਅਰਥ ਨਹੀਂ ਰਹਿ ਜਾਣਾ ਚਾਹੀਦਾ ਫਿਰ ਵੀ ਉਨ੍ਹਾਂ ਸ਼ਾਂਤੀ ਲਈ ਨੋਬੇਲ ਪੁਰਸਕਾਰ ਦੀ ਮੰਗ ਅੰਤਰ-ਰਾਸ਼ਟਰੀ ਮੰਚਾਂ ’ਤੇ ਜ਼ੋਰ-ਸ਼ੋਰ ਨਾਲ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਦੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਦਸ ਮਹੀਨਿਆਂ ਵਿੱਚ ਭਾਰਤ-ਪਾਕਿਸਤਾਨ ਜੰਗ ਸਮੇਤ ਅੱਠ ਯੁੱਧ ਸਮਾਪਤ ਕਰਵਾਏ ਹਨ ਤੇ ਸ਼ਾਂਤੀ ਲਈ ਕੀਤੇ ਯਤਨਾਂ ਦੇ ਬਦਲੇ ਨੋਬੇਲ ਪੁਰਸਕਾਰ ਦਿੱਤਾ ਜਾਵੇ ਤਾਂ ਅਜਿਹੇ ਬਿਆਨ ਸਾਹਮਣੇ ਆਉਣ ’ਤੇ ਮੇਰੇ ਮਨ ’ਚ ਦੋ ਵਿਰੋਧੀ ਵਿਚਾਰ ਆਏ। ਇੱਕ ਤਾਂ ਨੋਬੇਲ ਪੁਰਸਕਾਰ ਦੇਣ ਦੇ ਹੱਕ ਵਿੱਚ ਤੇ ਦੂਜਾ ਵਿਰੋਧ ਵਿੱਚ। ਦੋਵਾਂ ਵਿਰੋਧੀ ਵਿਚਾਰਾਂ ਦਾ ਆਪੋ-ਆਪਣਾ ਤਰਕ ਮੰਨਿਆ ਜਾ ਸਕਦਾ ਹੈ। ਦਰਅਸਲ ਦੋ ਤਸਵੀਰਾਂ ਰਾਹੀਂ ਤਰਕ ਮੇਰੇ ਸਾਹਮਣੇ ਰੂਪਮਾਨ ਹੋ ਜਾਂਦਾ ਹੈ: ਇੱਕ ਵਾਰ ਜਦੋਂ ਮੁਹਾਲੀ ਗਿਆ ਤਾਂ ਆਪਣੇ ਭਤੀਜੇ ਉਦੈ ਨੂੰ ਸਕੂਲੀ ਕਾਪੀਆਂ ਦਿਖਾਉਣ ਲਈ ਕਿਹਾ। ਉਸ ਦਾ ਵਤੀਰਾ ਪਹਿਲਾਂ ਨਾਲੋਂ ਉਲਟ ਸੀ। ਕਦੇ ਉਹ ਬੜੇ ਸ਼ੌਕ ਨਾਲ ਆਪਣੀਆਂ ਕਾਪੀਆਂ ’ਤੇ ਮਿਲਿਆ ‘ਵੈਰੀ ਗੁੱਡ’ ਤੇ ‘ਐਕਸੀਲੈਂਟ’ ਦਿਖਾਉਂਦਾ ਹੁੰਦਾ ਸੀ। ਹੁਣ ਉਹ ਆਪਣੀ ਬੇਰੁਖ਼ੀ ਦਾ ਪ੍ਰਦਰਸ਼ਨ ਕਰ ਰਿਹਾ ਸੀ। ਦੁਬਾਰਾ ਕਹਿਣ ’ਤੇ ਕਹਿੰਦਾ, ‘‘ਹੁਣ ਮੈਡਮਾਂ ‘ਗੁੱਡ’ ਨਹੀਂ ਦਿੰਦੀਆਂ। ਉਨ੍ਹਾਂ ਕੋਲ ਟਾਈਮ ਹੀ ਨਹੀਂ ‘ਗੁੱਡ’ ਲਿਖਣ ਦਾ।’’ ਜਦੋਂ ਉਹ ਅਣਮੰਨੇ ਜਿਹੇ ਢੰਗ ਨਾਲ ਕਾਪੀ ਲੈ ਆਇਆ ਤਾਂ ਉਸ ਦੀ ਲਿਖਾਈ ਵਿੱਚ ਜੇ ਸੁਧਾਰ ਨਹੀਂ ਸੀ ਤਾਂ ਪਹਿਲਾਂ ਨਾਲੋਂ ਮਾੜੀ ਵੀ ਨਹੀਂ ਸੀ। ਇੱਕ ਵਾਰ ਜਿਵੇਂ ਮੈਂ ‘ਗੁੱਡ’ ਨਾ ਮਿਲਣ ਦੇ ਵਿਰੋਧ ਵਜੋਂ ਕੀਤਾ ਸੀ ਤੇ ਨਿਰਮਲ ਮੈਡਮ ਨੇ ਕਾਪੀ ਮੇਜ਼ ’ਤੇ ਪਟਕਾਉਂਦਿਆਂ ਗੁੱਸੇ ਵਿੱਚ ਆਖਿਆ ਸੀ, ‘‘ਕਿੰਨੀ ਭੈੜੀ ਲਿਖਾਈ ਹੈ!’’ ਤੇ ਨਾਲ ਹੀ ਦਲਜੀਤ ਮੈਡਮ, ਜੋ ਮੇਰੇ ਮਾਸੀ ਜੀ ਸਨ ਤੇ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ, ਨੂੰ ਦੱਸਣ ਦੀ ਧਮਕੀ ਦਿੱਤੀ। ਉਨ੍ਹਾਂ ਨੂੰ ਦੱਸਣ ਦਾ ਮਤਲਬ ਸੀ ਕਿ ਮੇਰੀ ਘਰ ਜਾਂਦਿਆਂ ਨੂੰ ਫਿਰ ‘ਗਤ’ ਬਣਾਈ ਜਾਵੇਗੀ। ਘਰੇ ਹੋਈ ਆਪਣੀ ਪੁੱਛ-ਪੜਤਾਲ ਦੀ ਸਫ਼ਾਈ ਵਿੱਚ ਮੈਂ ਦੱਸਿਆ ਕਿ ਹਿੰਦੀ ਦੀ ਕੀਤੀ ਸੋਹਣੀ ਲਿਖਾਈ ਲਈ ਉਨ੍ਹਾਂ ਨੇ ਕਿਹੜਾ ‘ਗੁੱਡ’ ਦੇ ਦਿੱਤਾ, ਏਨਾ ਔਖਾ ਹੋ ਕੇ ਦੋ ਦਿਨ ਲਿਖਾਈ ਕਰਦਾ ਰਿਹਾ ਸੀ। ‘ਗੁੱਡ’ ਲੈਣ ਦਾ ਚਾਹਵਾਨ ਹੋਣ ਦਾ ਸਿੱਧਾ ਇਜ਼ਹਾਰ ਕਰਨਾ ਤਾਂ ਉਦੋਂ ਵੀ ਮੇਰੇ ਬਾਲ ਮਨ ਨੂੰ ਚੰਗਾ ਨਹੀਂ ਸੀ ਲੱਗਾ, ਪਰ ਆਪਣੇ ਅਧਿਆਪਨ ਸਫ਼ਰ ਦੌਰਾਨ ਇਹ ਯਤਨ ਰਿਹਾ ਕਿ ਜੋ ਵਿਦਿਆਰਥੀ ਕਾਪੀਆਂ ’ਤੇ ਮਿਹਨਤ ਨਾਲ ਕੁਝ ਚੰਗਾ ਕਰਨ ਦਾ ਯਤਨ ਕਰਦੇ ਹਨ ਉਨ੍ਹਾਂ ਨੂੰ ‘ਗੁੱਡ’ ਜ਼ਰੂਰ ਦਿੱਤੀ ਜਾਵੇ। ਨਹੀਂ ਤਾਂ ਮੇਰੇ ਵਾਂਗ ਨਕਾਰਾਤਮਕ ਸੋਚ ’ਚ ਹੋਰ ਮਾੜਾ ਕਰਨ ਵੱਲ ਨਾ ਚਲੇ ਜਾਣ। ਅਜਿਹੀ ਸੋਚ ਆਖਦੀ ਹੈ ਕਿ ਜਿਹੋ ਜਿਹਾ ਟਰੰਪ ਦਾ ਸੁਭਾਅ ਹੈ ਉਸ ਨੂੰ ਨੋਬੇਲ ਪੁਰਸਕਾਰ ਦੇ ਦਿੱਤਾ ਜਾਣਾ ਚਾਹੀਦਾ ਸੀ। ਦੋ ਧਿਰਾਂ ਲੜਦੀਆਂ ਲੜਦੀਆਂ ਆਪਣੇ ਆਪ ਤਾਂ ਲੜਾਈ ਬੰਦ ਨਹੀਂ ਕਰਦੀਆਂ। ਕੋਈ ਤੀਜੀ ਧਿਰ ਤਾਂ ਹੁੰਦੀ ਹੀ ਹੈ ਜਿਸ ਦੇ ਪ੍ਰਭਾਵ ਕਰਕੇ ਦੋਵੇਂ ਧਿਰਾਂ ਜੰਗਬੰਦੀ ਲਈ ਸਹਿਮਤ ਹੁੰਦੀਆਂ ਹਨ।
ਦੂਜੀ ਤਸਵੀਰ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ ਜਦੋਂ ਬਤੌਰ ਪ੍ਰਿੰਸੀਪਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਇੱਕ ਅਧਿਆਪਕਾ ਨੇ ਗਿਲਾ/ਸ਼ਿਕਵਾ ਕਰਨਾ ਕਿ ਤੁਸੀਂ ਮੇਰੇ ਕੰਮਾਂ ਦੀ ਕਦੇ ਪ੍ਰਸ਼ੰਸਾ ਹੀ ਨਹੀਂ ਕੀਤੀ। ਉਸ ਵੱਲੋਂ ਸਕੂਲ ’ਚ ਸਹਿਯੋਗ ਨਾ ਕਰਨ ਵਾਲਿਆਂ ਨਾਲ ਸਾਂਝ ਵਧਾ ਕੇ ਉਨ੍ਹਾਂ ਨੂੰ ‘ਪਰਵਾਹ ਨਾ ਕਰਨ’ ਦੀ ਸਲਾਹ ਕਿਸੇ ਨਾ ਕਿਸੇ ਢੰਗ ਨਾਲ ਦਿੱਤੀ ਜਾਂਦੀ ਰਹੀ ਸੀ। ਪਿੰਡ ਵਾਲਿਆਂ ਨੂੰ ਵੀ ਉਸ ਦੀ ਭੂਮਿਕਾ ਉਕਸਾਉਣ ਵਾਲੀ ਹੁੰਦੀ ਸੀ। ਉਸ ਦਾ ਅਧਿਆਪਨ ਕਾਰਜ ਤਸੱਲੀਬਖਸ਼ ਹੋਣ ਦੇ ਬਾਵਜੂਦ ਪ੍ਰਸ਼ੰਸਾ ਦੇ ਲਫ਼ਜ਼ ਕਹਿਣਾ ਹੋਰ ਅਧਿਆਪਕਾਂ ਪ੍ਰਤੀ ਅਨਿਆਂ ਜਾਪਦਾ, ਜੋ ਆਪਣੇ ਕੰਮ ਨੂੰ ਤਨੋਂ-ਮਨੋਂ ਕਰਦੇ ਸਨ। ਉਂਜ, ਚੰਗੇਰੇ ਅਧਿਆਪਕਾਂ ਦੇ ਗੁਣਾਂ ਦਾ ਗੁਣ-ਗਾਣ ਕਰਨਾ ਮੇਰਾ ਹਮੇਸ਼ਾ ਹੀ ਅਕਾਦਮਿਕ ਧਰਮ ਰਿਹਾ ਹੈ।
ਅਧਿਆਪਕ ਦਿਵਸ ਦੇ ਮੌਕੇ ਕੁਝ ਕੁ ਅਜਿਹੇ ਅਧਿਆਪਕ ਵੀ ਹੁੰਦੇ, ਜੋ ਹੱਕਦਾਰ ਨਾ ਹੋਣ ਦੇ ਬਾਵਜੂਦ ਰਾਜ ਪੱਧਰੀ ਪੁਰਸਕਾਰ ਲੈਣ ਵਿੱਚ ਕਾਮਯਾਬ ਹੋ ਜਾਂਦੇ। ਇਨ੍ਹਾਂ ਇਨਾਮਾਂ ਲਈ ਆਪਣੀਆਂ ਪ੍ਰਾਪਤੀਆਂ ਦੀ ਫਾਈਲ ਤਿਆਰ ਕਰ ਕੇ ਦੇਣੀ ਪੈਂਦੀ ਹੈ। ਬਹੁਤ ਵਧੀਆ ਕਾਰਗੁਜ਼ਾਰੀ ਵਾਲੇ ਚੰਗੇ ਅਧਿਆਪਕਾਂ ਨੂੰ ਇਨਾਮ ਮੰਗ ਕੇ ਲੈਣਾ ਆਪਣੀ ਹੱਤਕ ਜਾਪਦਾ ਹੈ। ਇਹ ਵੀ ਹੈ ਕਿ ਜੋ ਬੰਦਾ ਜਿਸ ਚੀਜ਼ ਦੇ ਕਾਬਲ ਨਹੀਂ ਉਹ ਉਸ ਨੂੰ ਦੇ ਦਿੱਤੀ ਜਾਵੇ ਤਾਂ ਇਸ ਤੋਂ ਮਾੜੀ ਗੱਲ ਹੋਰ ਕੋਈ ਹੋ ਨਹੀਂ ਸਕਦੀ।
ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਦੇ ਰਾਸ਼ਟਰਪਤੀ ਲਈ ਤਾਂ ਕਿਸੇ ਪੁਰਸਕਾਰ ਦੀ ਪ੍ਰਾਪਤੀ ਦਾ ਕੋਈ ਅਰਥ ਨਹੀਂ ਰਹਿ ਜਾਣਾ ਚਾਹੀਦਾ ਫਿਰ ਵੀ ਉਨ੍ਹਾਂ ਸ਼ਾਂਤੀ ਲਈ ਨੋਬੇਲ ਪੁਰਸਕਾਰ ਦੀ ਮੰਗ ਅੰਤਰ-ਰਾਸ਼ਟਰੀ ਮੰਚਾਂ ’ਤੇ ਜ਼ੋਰ-ਸ਼ੋਰ ਨਾਲ ਕੀਤੀ। ਜੇ ਕਿਸੇ ਦੀ ਭੂਮਿਕਾ ਦੇਸ਼ਾਂ ਨੂੰ ਹਥਿਆਰ ਸਪਲਾਈ ਕਰਵਾਉਣ ਦੀ ਹੋਵੇ ਤੇ ਜਿਸ ਨੇ ਆਪਣੇ ਦੇਸ਼ ਦੇ ‘ਸੁਰੱਖਿਆ ਵਿਭਾਗ’ ਦਾ ਨਾਂ ‘ਯੁੱਧ ਵਿਭਾਗ’ ਕਰ ਦਿੱਤਾ ਹੋਵੇ ਤਾਂ ਉਸ ਦੀ ਨੀਤੀ ਤੇ ਨੀਅਤ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦਾ।
ਫਿਰ ਵੀ ਦੋਵੇਂ ਤਸਵੀਰਾਂ ਦੇ ਮੱਦੇਨਜ਼ਰ ਤੁਹਾਡੇ ਮਨ ਵਿੱਚ ਕੀ ਆਉਂਦਾ ਹੈ ਕਿ ਡੋਨਲਡ ਟਰੰਪ ਨੂੰ ਇਸ ਵਾਰ ਨਹੀਂ ਤਾਂ ਕੀ ਅਗਲੀ ਵਾਰ ਸ਼ਾਂਤੀ ਦਾ ਨੋਬੇਲ ਪੁਰਸਕਾਰ ਮਿਲ ਜਾਣਾ ਚਾਹੀਦਾ ਹੈ ਕਿਉਂਕਿ ਇਸ ਪੁਰਸਕਾਰ ਲਈ ਦਾਅਵਾ ਤਾਂ ਸ਼ਾਇਦ ਉਹ ਅਗਲੀ ਵਾਰ ਵੀ ਤਿਆਰ ਕਰ ਲੈਣਗੇ।
ਸੰਪਰਕ: 98760-64576

